ਮੰਤਰੀ ਮੰਡਲ

ਕੈਬਨਿਟ ਨੇ ਦਰਭੰਗਾ, ਬਿਹਾਰ ’ਚ ਨਵੇਂ ‘ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼’ (ਏਮਸ – AIIMS) ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ

Posted On: 15 SEP 2020 2:22PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਦਰਭੰਗਾ, ਬਿਹਾਰ ’ਚ ਇੱਕ ਨਵਾਂ ‘ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼’ (ਏਮਸ – AIIMS) ਸਥਾਪਿਤ ਕੀਤੇ ਜਾਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਦੀ ਸਥਾਪਨਾ ‘ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ’ (PMSSY) ਅਧੀਨ ਕੀਤੀ ਜਾਵੇਗੀ। ਕੈਬਨਿਟ ਨੇ ਉਪਰੋਕਤ AIIMS ਲਈ ਡਾਇਰੈਕਟਰ ਦੀ ਇੱਕ ਅਸਾਮੀ ਸਿਰਜਣ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ, ਜਿਸ ਦੀ ਬੇਸਿਕ ਤਨਖਾਹ ਰੁਪਏ 2,25,000/– ਰੁਪਏ (ਫ਼ਿਕਸਡ) ਜਮ੍ਹਾ NPA (ਤਨਖ਼ਾਹ + NPA 2,37,500 ਰੁਪਏ ਤੋਂ ਵੱਧ ਨਹੀਂ ਹੋਵੇਗਾ) ਹੋਵੇਗੀ।

ਕੁੱਲ ਲਾਗਤ 1,264 ਕਰੋੜ ਰੁਪਏ ਹੋਵੇਗੀ ਤੇ ਇਸ ਦੀ ਉਸਾਰੀ ਭਾਰਤ ਸਰਕਾਰ ਦੀ ਪ੍ਰਵਾਨਗੀ ਦੀ ਮਿਤੀ ਤੋਂ 48 ਮਹੀਨਿਆਂ ਅੰਦਰ ਮੁਕੰਮਲ ਹੋ ਜਾਣ ਦੀ ਸੰਭਾਵਨਾ ਹੈ।

 

ਆਮ ਆਦਮੀ ਨੂੰ ਲਾਭ/ਝਲਕੀਆਂ

• ਨਵੇਂ AIIMS ਨਾਲ 100 UG (MBBS) ਅਤੇ 60 B.Sc (ਨਰਸਿੰਗ) ਸੀਟਾਂ ਜੁੜਨਗੀਆਂ।

• ਨਵੇਂ AIIMS ਵਿੱਚ 15–20 ਸੁਪਰ ਸਪੈਸ਼ਲਿਟੀ ਵਿਭਾਗ ਹੋਣਗੇ।

• ਨਵੇਂ AIIMS ਨਾਲ 750 ਹਸਪਤਾਲ ਬਿਸਤਰੇ ਜੁੜਨਗੇ

• ਮੌਜੂਦਾ ਚਾਲੂ AIIMS ਦੇ ਅੰਕੜਿਆਂ ਅਨੁਸਾਰ, ਇਹ ਸੰਭਾਵਨਾ ਹੈ ਕਿ ਹਰੇਕ ਨਵੇਂ AIIMS ਵਿੱਚ ਰੋਜ਼ਾਨਾ 2,000 ਓਪੀਡੀ (OPD) ਮਰੀਜ਼ ਅਤੇ ਹਰ ਮਹੀਨੇ 1,000 IPD ਮਰੀਜ਼ ਆਉਣਗੇ।

• PG ਅਤੇ DM/M.Ch ਸੁਪਰ–ਸਪੈਸ਼ਲਿਟੀ ਕੋਰਸ ਵੀ ਬਾਅਦ ’ਚ ਸ਼ੁਰੂ ਕੀਤੇ ਜਾਣਗੇ।

 

ਪ੍ਰੋਜੈਕਟ ਦੇ ਵੇਰਵੇ:

ਨਵੇਂ AIIMS ਦੀ ਸਥਾਪਨਾ ਵਿੱਚ ਹਸਪਤਾਲ ਮੈਡੀਕਲ ਤੇ ਨਰਸਿੰਗ ਕੋਰਸਾਂ ਲਈ ਅਧਿਆਪਨ ਬਲਾਕ, ਰਿਹਾਇਸ਼ੀ ਕਪਲੈਕਸ ਦੀ ਉਸਾਰੀ ਤੇ ਵਿਆਪਕ ਤੌਰ ਉੱਤੇ AIIMS, ਨਵੀਂ ਦਿੱਲੀ ਦੀ ਪੱਧਤੀ ਅਨੁਸਾਰ ਸਬੰਧਿਤ ਸੁਵਿਧਾਵਾਂ/ਸੇਵਾਵਾਂ ਸ਼ਾਮਲ ਹਨ ਅਤੇ PMSSY ਦੇ ਗੇੜ–1 ਅਧੀਨ ਛੇ ਹੋਰ ਨਵੇਂ AIIMS ਸਥਾਪਿਤ ਕੀਤੇ ਜਾਣਗੇ। ਇਸ ਦਾ ਉਦੇਸ਼ ਨਵੇਂ AIIMS ਨੂੰ ਰਾਸ਼ਟਰੀ ਮਹੱਤਤਾ ਵਾਲੇ ਸੰਸਥਾਨ ਵਜੋਂ ਸਥਾਪਿਤ ਕਰਨਾ ਹੈ, ਜਿੱਥੇ ਸਬੰਧਿਤ ਖੇਤਰ ਵਿੱਚ ਮਿਆਰੀ ਅਗਾਂਹਵਧੂ ਸਿਹਤ–ਸੰਭਾਲ, ਮੈਡੀਕਲ ਸਿੱਖਿਆ, ਨਰਸਿੰਗ ਸਿੱਖਿਆ ਤੇ ਖੋਜ ਸੇਵਾਵਾਂ ਮੁਹੱਈਆ ਹੋ ਸਕਣ।

ਪ੍ਰਸਤਾਵਿਤ ਸੰਸਥਾਨ ਵਿੱਚ 750 ਬਿਸਤਰਿਆਂ ਦੀ ਸਮਰੱਥਾ ਵਾਲਾ ਇੱਕ ਹਸਪਤਾਲ ਹੋਵੇਗਾ, ਜਿਸ ਵਿੱਚ ਐਮਰਜੈਂਸੀ / ਟ੍ਰੌਮਾ ਬਿਸਤਰੇ, ਆਈਸੀਯੂ ਬਿਸਤਰੇ, ਆਯੁਸ਼ ਬਿਸਤਰੇ, ਨਿਜੀ ਬਿਸਤਰੇ ਤੇ ਸਪੈਸ਼ਲਿਟੀ ਤੇ ਸੁਪਰ ਸਪੈਸ਼ਲਿਟੀ ਬਿਸਤਰੇ ਹੋਣਗੇ। ਇਸ ਤੋਂ ਇਲਾਵਾ ਇੱਕ ਮੈਡੀਕਲ ਕਾਲਜ, ਆਯੁਸ਼ ਬਲਾਕ, ਆਡੀਟੋਰੀਅਮ, ਰੈਨ–ਬਸੇਰਾ, ਗੈਸਟ ਹਾਊਸ, ਹੋਸਟਲ ਤੇ ਰਿਹਾਇਸ਼ੀ ਸੁਵਿਧਾਵਾਂ ਹੋਣਗੀਆਂ। ਨਵੇਂ AIIMS ਦੀ ਸਥਾਪਨਾ ਨਾਲ ਪੂੰਜੀ ਅਸਾਸੇ ਪੈਦਾ ਹੋਣਗੇ, ਜਿਸ ਲਈ ਛੇ ਨਵੇਂ AIIMS ਦੀ ਪੱਧਤੀ ਦੇ ਅਧਾਰ ਉੱਤੇ ਉਨ੍ਹਾਂ ਦੇ ਸੰਚਾਲਨ ਤੇ ਰੱਖ–ਰਖਾਅ ਲਈ ਲੋੜੀਂਦੀ ਵਿਸ਼ਿਸ਼ਟ ਮਾਨਵ–ਸ਼ਕਤੀ ਕਾਇਮ ਹੋਵੇਗੀ। ਇਨ੍ਹਾਂ ਸੰਸਥਾਨਾਂ ਦੀ ਵਾਰ–ਵਾਰ ਹੋਣ ਵਾਲੇ ਖ਼ਰਚੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ PMSSY ਦੇ ਯੋਜਨਾ ਬਜਟ ਹੈੱਡ ਦੁਆਰਾ ਉਨ੍ਹਾਂ ਨੂੰ ਮਿਲਣ ਵਾਲੀ ਅਨੁਦਾਨ ਰਾਸ਼ੀ ਤੋਂ ਪੂਰੇ ਕੀਤੇ ਜਾਣਗੇ।

ਅਸਰ:

ਨਵੇਂ AIIMS ਦੀ ਸਥਾਪਨਾ ਨਾਲ ਨਾ ਸਿਰਫ਼ ਸਿਹਤ ਸਿੱਖਿਆ ਤੇ ਸਿਖਲਾਈ ਦੀ ਕਾਇਆ–ਕਲਪ ਹੋ ਜਾਵੇਗੀ, ਬਲਕਿ ਇਸ ਨਾਲ ਇਸ ਖੇਤਰ ਵਿੱਚ ਸਿਹਤ–ਸੰਭਾਲ ਪ੍ਰੋਫ਼ੈਸ਼ਨਲ ਦੀ ਕਮੀ ਵੀ ਪੂਰੀ ਹੋਵੇਗੀ। ਨਵੇਂ AIIMS ਦੀ ਸਥਾਪਨਾ ਨਾਲ ਲੋਕਾਂ ਨੂੰ ਸੁਪਰ–ਸਪੈਸ਼ਲਿਟੀ ਸਿਹਤ ਸੰਭਾਲ ਸੇਵਾਵਾਂ ਦਾ ਮੰਤਵ ਤਾਂ ਪੂਰਾ ਹੋਵੇਗਾ ਹੀ ਤੇ ਇਸ ਦੇ ਨਾਲ ਇਸ ਖੇਤਰ ਵਿੱਚ ਡਾਕਟਰਾਂ ਤੇ ਹੋਰ ਸਿਹਤ ਕਰਮਚਾਰੀਆਂ ਦਾ ਇੱਕ ਵਿਸ਼ਾਲ ਪੂਲ ਤਿਆਰ ਕਰਨ ਵਿੱਚ ਵੀ ਮਦਦ ਮਿਲੇਗੀ ਜੋ ਬੁਨਿਆਦੀ ਤੇ ਸੈਕੰਡਰੀ ਦਰਜੇ ਦੇ ਉਨ੍ਹਾਂ ਸੰਸਥਾਨਾਂ / ਸੁਵਿਧਾਵਾਂ ਲਈ ਉਪਲਬਧ ਹੋਵੇਗਾ, ਜਿਨ੍ਹਾਂ ਦੀ ਉਸਾਰੀ ‘ਰਾਸ਼ਟਰੀ ਸਿਹਤ ਮਿਸ਼ਨ’ (NHM) ਅਧੀਨ ਕੀਤੀ ਜਾ ਰਹੀ ਹੈ। ਨਵੇਂ AIIMS ਦੇ ਨਿਰਮਾਣ ਨੂੰ ਸਾਰੀ ਵਿੱਤੀ ਸਹਾਇਤਾ ਕੇਂਦਰ ਸਰਕਾਰ ਦੁਆਰਾ ਦਿੱਤੀ ਜਾ ਰਹੀ ਹੈ। ਨਵੇਂ AIIMS ਦੇ ਸੰਚਾਲਨ ਤੇ ਰੱਖ–ਰਖਾਅ ਦੇ ਵੀ ਸਾਰੇ ਖ਼ਰਚੇ ਕੇਂਦਰ ਸਰਕਾਰ ਦੁਆਰਾ ਹੀ ਕੀਤੇ ਜਾਂਦੇ ਹਨ।

 ਰੋਜ਼ਗਾਰ ਦੇ ਮੌਕੇ:

ਰਾਜ ਵਿੱਚ ਨਵੇਂ AIIMS ਨਾਲ ਵਿਭਿੰਨ ਅਧਿਆਪਕ–ਵਰਗਾਂ ਤੇ ਗ਼ੈਰ–ਅਧਿਆਪਕ ਅਸਾਮੀਆਂ ਲਈ ਲਗਭਗ 3,000 ਵਿਅਕਤੀਆਂ ਵਾਸਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਦੇ ਨਾਲ ਹੀ, ਨਵੇਂ AIIMS ਦੇ ਨੇੜੇ ਸ਼ਾਪਿੰਗ ਸੈਂਟਰ, ਕੈਂਟੀਨ ਆਦਿ ਜਿਹੀਆਂ ਸੁਵਿਧਾਵਾਂ ਤੇ ਸੇਵਾਵਾਂ ਨਾਲ ਅਪ੍ਰਤੱਖ ਰੋਜ਼ਗਾਰ ਪੈਦਾ ਹੋਵੇਗਾ।

AIIMS ਦਰਭੰਗਾ ਲਈ ਭੌਤਿਕ ਬੁਨਿਆਦੀ ਢਾਂਚੇ ਦੀ ਸਥਾਪਨਾ ਵਿੱਚ ਨਿਰਮਾਣ ਗਤੀਵਿਧੀ ਦੇ ਸਮੇਂ ਦੌਰਾਨ ਵੀ ਚੋਖਾ ਰੋਜ਼ਗਾਰ ਪੈਦਾ ਹੋਣ ਦੀ ਸੰਭਾਵਨਾ ਹੈ।

ਇਸ ਨਾਲ ਅਗਾਂਹਵਧੂ ਸਿਹਤ–ਸੰਭਾਲ਼ ਬੁਨਿਆਦੀ ਢਾਂਚੇ ਵਿਚਲੇ ਵਕਫ਼ੇ ਭਰਨਗੇ ਤੇ ਨਾਲ ਹੀ ਰਾਜ ਤੇ ਲਾਗਲੇ ਖੇਤਰਾਂ ਨੂੰ ਮਿਆਰੀ ਮੈਡੀਕਲ ਸਿੱਖਿਆ ਸੁਵਿਧਾਵਾਂ ਵੀ ਮਿਲਣਗੀਆਂ। AIIMS ਦੁਆਰਾ ਨਾ ਸਿਰਫ਼ ਬਹੁਤ ਜ਼ਿਆਦਾ ਲੋੜੀਂਦੀਆਂ ਸੁਪਰ–ਸਪੈਸ਼ਲਿਟੀ / ਅਗਾਂਹਵਧੂ ਸਿਹਤ ਸੰਭਾਲ ਸੇਵਾਵਾਂ ਮਿਲਣਗੀਆਂ, ਬਲਕਿ ਇਸ ਨਾਲ ਰਾਸ਼ਟਰੀ ਗ੍ਰਾਮੀਣ ਸਿਹਤ ਮਿਸ਼ਨ / ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੋਰ ਸਿਹਤ ਪ੍ਰੋਗਰਾਮਾਂ ਲਈ ਸਿੱਖਿਅਤ ਮੈਡੀਕਲ ਮਾਨਵ–ਸ਼ਕਤੀ ਵੀ ਉਪਲਬਧ ਹੋਵੇਗੀ। ਇਹ ਸੰਸਥਾਨ ਅਧਿਆਪਨ ਸੰਸਾਧਨਾਂ / ਫੈਕਲਟੀ ਦਾ ਇੱਕ ਸਿੱਖਿਅਤ ਪੂਲ ਵੀ ਸਿਰਜੇਗਾ, ਜਿਸ ਨਾਲ ਮਿਆਰੀ ਮੈਡੀਕਲ ਸਿੱਖਿਆ ਦਿੱਤੀ ਜਾ ਸਕੇਗੀ।

******

ਵੀਆਰਆਰਕੇ



(Release ID: 1654575) Visitor Counter : 154