ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਸਾਰੀਆਂ ਭਾਰਤੀ ਭਾਸ਼ਾਵਾਂ ਦਾ ਬਰਾਬਰ ਸਤਿਕਾਰ ਕਰਨ ਦਾ ਸੱਦਾ ਦਿੱਤਾ
ਸਾਨੂੰ ਆਪਣੀ ਭਾਸ਼ਾ ਦੀ ਵਿਭਿੰਨਤਾ ਦੀ ਸਮ੍ਰਿੱਧੀ ’ਤੇ ਮਾਣ ਹੋਣਾ ਚਾਹੀਦਾ ਹੈ - ਉਪ ਰਾਸ਼ਟਰਪਤੀ
ਉਨ੍ਹਾਂ ਨੇ ਕਿਹਾ ਕਿ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਨੂੰ ਇੱਕ ਦੂਜੇ ਦੇ ਪੂਰਕ ਵਜੋਂ ਦੇਖਿਆ ਜਾਣਾ ਚਾਹੀਦਾ ਹੈ
ਕਿਸੇ ਵੀ ਭਾਸ਼ਾ ਨੂੰ ਥੋਪਣ ਜਾਂ ਉਸ ਦਾ ਵਿਰੋਧ ਨਹੀਂ ਹੋਣਾ ਚਾਹੀਦਾ- ਉਪ ਰਾਸ਼ਟਰਪਤੀ

ਸਕੂਲ ਸਿੱਖਿਆ ਮਾਂ ਬੋਲੀ ਵਿੱਚ ਪ੍ਰਦਾਨ ਕਰਨ ਦਾ ਸੱਦਾ

ਪ੍ਰਕਾਸ਼ਕਾਂ ਅਤੇ ਅਧਿਆਪਕਾਂ ਨੂੰ ਸਾਡੀਆਂ ਭਾਸ਼ਾਵਾਂ ਦਰਮਿਆਨ ਸੰਵਾਦ ਵਧਾਉਣ ਲਈ ਕੰਮ ਕਰਨਾ ਚਾਹੀਦਾ ਹੈ

ਹਿੰਦੀ ਦਿਵਸ -2020 ’ਤੇ ਵੈਬੀਨਾਰ ਨੂੰ ਸੰਬੋਧਨ ਕੀਤਾ

Posted On: 14 SEP 2020 1:54PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਸਾਰੀਆਂ ਭਾਸ਼ਾਵਾਂ ਦੇ ਬਰਾਬਰ ਸਤਿਕਾਰ ਦਾ ਸੱਦਾ
ਦਿੱਤਾ ਅਤੇ ਜ਼ੋਰ ਦਿੱਤਾ ਕਿ ਕਿਸੇ ਵੀ ਭਾਸ਼ਾ ਨੂੰ ਥੋਪਿਆ ਨਹੀਂ ਜਾਣਾ ਚਾਹੀਦਾ ਤੇ ਨਾ ਹੀ ਕਿਸੇ ਭਾਸ਼ਾ ਦਾ ਵਿਰੋਧ ਕੀਤਾ
ਜਾਣਾ ਚਾਹੀਦਾ ਹੈ।
ਮਧੂਬਨ ਐਜੂਕੇਸ਼ਨਲ ਬੁਕਸ ਦੁਆਰਾ ਹਿੰਦੀ ਦਿਵਸ -2020 ਦੇ ਮੌਕੇ ਆਯੋਜਿਤ ਇੱਕ ਔਨਲਾਈਨ ਪ੍ਰੋਗਰਾਮ ਨੂੰ ਸੰਬੋਧਨ
ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਡੀਆਂ ਸਾਰੀਆਂ ਭਾਸ਼ਾਵਾਂ ਦਾ ਸਮ੍ਰਿੱਧ ਇਤਿਹਾਸ ਹੈ ਅਤੇ ਸਾਨੂੰ ਆਪਣੀ
ਭਾਸ਼ਾ ਦੀ ਵਿਭਿੰਨਤਾ ਅਤੇ ਸੱਭਿਆਚਾਰਕ ਵਿਰਾਸਤ ’ਤੇ ਮਾਣ ਹੋਣਾ ਚਾਹੀਦਾ ਹੈ।
ਇਹ ਜ਼ਿਕਰ ਕਰਦਿਆਂ ਕਿ ਮਹਾਤਮਾ ਗਾਂਧੀ ਨੂੰ 1918 ਵਿੱਚ ਦੱਖਣ ਭਾਰਤ ਹਿੰਦੀ ਪ੍ਰਚਾਰ ਸਭਾ ਮਿਲੀ ਸੀ, ਉਪ
ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਨੂੰ ਇੱਕ ਦੂਸਰੇ ਦੇ ਪੂਰਕ ਵਜੋਂ ਦੇਖਿਆ ਜਾਣਾ
ਚਾਹੀਦਾ ਹੈ।
ਨਾਗਰਿਕਾਂ ਵਿੱਚ ਸਦਭਾਵਨਾ, ਪਿਆਰ ਅਤੇ ਪਿਆਰ ਵਧਾਉਣ ਲਈ ਸ੍ਰੀ ਨਾਇਡੂ ਨੇ ਸੁਝਾਅ ਦਿੱਤਾ ਕਿ ਗ਼ੈਰ ਹਿੰਦੀ ਭਾਸ਼ੀ
ਰਾਜਾਂ ਦੇ ਵਿਦਿਆਰਥੀਆਂ ਨੂੰ ਹਿੰਦੀ ਸਿੱਖਣੀ ਚਾਹੀਦੀ ਹੈ ਅਤੇ ਹਿੰਦੀ ਭਾਸ਼ੀ ਰਾਜਾਂ ਦੇ ਵਿਦਿਆਰਥੀਆਂ ਨੂੰ ਇੱਕ ਹੋਰ
ਭਾਰਤੀ ਭਾਸ਼ਾ ਜਿਵੇਂ ਤਮਿਲ, ਤੇਲੁਗੂ, ਕੰਨੜ ਆਦਿ ਸਿੱਖਣੀ ਚਾਹੀਦੀ ਹੈ।
ਐੱਨਈਪੀ-2020 ਵਿੱਚ ਮਾਂ ਬੋਲੀ ਨੂੰ ਦਿੱਤੀ ਮਹੱਤਤਾ ’ਤੇ ਖੁਸ਼ੀ ਜ਼ਾਹਰ ਕਰਦਿਆਂ ਉਪ ਰਾਸ਼ਟਰਪਤੀ ਨੇ ਸਭ ਨੂੰ ਸ਼ਾਮਲ
ਕਰਨ ਵਾਲੀ ਸਿੱਖਿਆ ਲਈ ਮਾਂ-ਬੋਲੀ ਵਿੱਚ ਸਿੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ "ਇਸ ਨਾਲ

ਬੱਚਿਆਂ ਨੂੰ ਵਿਸ਼ੇ ਨੂੰ ਬਿਹਤਰ ਢੰਗ ਨਾਲ ਸਿੱਖਣ ਅਤੇ ਸਮਝਣ ਵਿੱਚ ਸਹਾਇਤਾ ਮਿਲਦੀ ਹੈ ਅਤੇ ਉਹ ਆਪਣੇ ਆਪ ਨੂੰ
ਬਿਹਤਰ ਢੰਗ ਨਾਲ ਜ਼ਾਹਰ ਕਰਨ ਦੇ ਯੋਗ ਹੁੰਦੇ ਹਨ।’’
ਉਪ ਰਾਸ਼ਟਰਪਤੀ ਨੇ ਕਿਹਾ ਕਿ ਮਾਂ-ਬੋਲੀ ਦੀ ਸਿੱਖਿਆ ਲਈ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਚੰਗੀਆਂ
ਕਿਤਾਬਾਂ ਦੀ ਅਸਾਨ ਉਪਲੱਬਧਤਾ ਦੀ ਲੋੜ ਹੋਵੇਗੀ, ਇਸ ਵਿੱਚ ਪ੍ਰਕਾਸ਼ਨ ਘਰਾਂ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ।
ਸਾਰੀਆਂ ਭਾਰਤੀ ਭਾਸ਼ਾਵਾਂ ਦੇ ਇਕੱਠੇ ਹੋਣ ਦੀ ਲੋੜ ਜ਼ਾਹਰ ਕਰਦਿਆਂ ਸ੍ਰੀ ਨਾਇਡੂ ਨੇ ਪ੍ਰਕਾਸ਼ਕਾਂ ਅਤੇ ਸਿੱਖਿਅਕਾਂ ਨੂੰ
ਸਾਡੀਆਂ ਭਾਸ਼ਾਵਾਂ ਦਰਮਿਆਨ ਸੰਵਾਦ ਵਧਾਉਣ ਲਈ ਕੰਮ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਮਧੂਬਨ ਐਜੂਕੇਸ਼ਨਲ ਬੁਕਸ ਦੇ ਮੁੱਖ ਕਾਰਜਕਾਰੀ ਅਧਿਕਾਰੀ ( ਸੀਈਓ) ਸ੍ਰੀ ਨਵੀਨ ਰਾਜਲਾਨੀ,
ਐੱਨਸੀਈਆਰਟੀ ਤੋਂ ਪ੍ਰੋਫੈਸਰ ਊਸ਼ਾ ਸ਼ਰਮਾ, ਇੰਦਰਪ੍ਰਸਥ ਯੂਨੀਵਰਸਿਟੀ ਤੋਂ ਪ੍ਰੋਫੈਸਰ ਸਰੋਜ ਸ਼ਰਮਾ ਅਤੇ
ਐੱਨਸੀਈਆਰਟੀ ਤੋਂ ਪ੍ਰੋਫੈਸਰ ਪਵਨ ਸੁਧੀਰ ਹਾਜ਼ਰ ਸਨ।
ਭਾਸ਼ਣ ਦਾ ਮੂਲ ਪਾਠ ਨਿਮਨਲਿਖਤ ਹੈ-

“ਹਿੰਦੀ ਦਿਵਸ ਦੇ ਅਵਸਰ ‘ਤੇ ਭਾਰਤ ਦੇ ਭਵਿੱਖ ਦੇ ਹੋਣਹਾਰ ਨਾਗਰਿਕਾਂ ਨਾਲ ਗੱਲ ਕਰਨ ਦਾ ਸੁਯੋਗ ਮਿਲਿਆ ਹੈ। ਬਹੁਤ ਖੁਸ਼ੀ
ਦਾ ਅਨੁਭਵ ਕਰ ਰਿਹਾ ਹਾਂ। ਇਸ ਅਵਸਰ ਨੂੰ ਆਯੋਜਿਤ ਕਰਨ ਦੇ ਲਈ ਮਧੂਬਨ ਐਜੂਕੇਸ਼ਨਲ ਬੁਕਸ ਦੀ ਸ਼ਲਾਘਾ ਕਰਦਾ ਹਾਂ।
ਮਿੱਤਰੋ,
          
ਅੱਜ ਦੇ ਹੀ ਦਿਨ 1949 ਵਿੱਚ ਸਾਡੀ ਸੰਵਿਧਾਨ ਸਭਾ ਨੇ ਹਿੰਦੀ ਨੂੰ ਰਾਜ ਭਾਸ਼ਾ ਦੇ ਰੂਪ ਵਿੱਚ ਸਵੀਕਾਰ ਕੀਤਾ ਸੀ। ਉਸੇ
ਵਰ੍ਹੇ 26 ਨਵੰਬਰ ਨੂੰ ਸੰਵਿਧਾਨ ਸਭਾ ਵਿੱਚ ਆਪਣੇ ਸਮਾਪਨ ਭਾਸ਼ਣ ਵਿੱਚ ਡਾ: ਰਾਜੇਂਦਰ ਪ੍ਰਸਾਦ ਨੇ ਇਸ ਦੀ ਮਹੱਤਤਾ ਦੱਸਦੇ ਹੋਏ
ਕਿਹਾ ਸੀ ਕਿ ਪੂਰੇ ਦੇਸ਼ ਨੇ ਪਹਿਲੀ ਵਾਰ ਆਪਣੇ ਲਈ ਇੱਕ ਰਾਜ ਭਾਸ਼ਾ ਨੂੰ ਸਵੀਕਾਰ ਕੀਤਾ ਹੈ। ਜਿਨ੍ਹਾਂ ਦੀ ਭਾਸ਼ਾ ਹਿੰਦੀ ਨਹੀਂ ਵੀ
ਹੈ ਉਨ੍ਹਾਂ ਨੇ ਵੀ ਸਵੈ-ਇੱਛਾ ਨਾਲ ਰਾਸ਼ਟਰ ਨਿਰਮਾਣ ਦੇ ਲਈ ਉਸ ਨੂੰ ਰਾਜ ਭਾਸ਼ਾ ਦੇ ਰੂਪ ਵਿੱਚ ਸਵੀਕਾਰ ਕੀਤਾ।

ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ ਖੇਤਰ ਨਾ ਸਿਰਫ ਆਪਣੀ ਭਾਸ਼ਾ ਦਾ ਪ੍ਰਯੋਗ ਕਰਨ ਦੇ ਲਈ ਆਜ਼ਾਦ ਹੋਵੇਗਾ ਬਲਕਿ
ਉਸ ਨੂੰ ਆਪਣੀਆਂ ਪਰੰਪਰਾਵਾਂ ਅਤੇ ਸੰਸਕਾਰਾਂ ਦੀ ਭਾਸ਼ਾ ਨੂੰ ਵਿਕਸਿਤ ਕਰਨ ਦੇ ਲਈ ਹੁਲਾਰਾ ਵੀ ਦਿੱਤਾ ਜਾਵੇਗਾ। ਇਸ ਤੋਂ
ਪਹਿਲਾਂ 1946 ਵਿੱਚ ਹਰੀਜਨ ਵਿੱਚ ਆਪਣੇ ਇੱਕ ਲੇਖ ਵਿੱਚ ਗਾਂਧੀ ਜੀ ਨੇ ਲਿਖਿਆ ਸੀ ਕਿ ਖੇਤਰੀ ਭਾਸ਼ਾਵਾਂ ਦੀ ਨੀਂਹ ਉੱਤੇ ਹੀ
ਰਾਸ਼ਟ੍ਰਭਾਸ਼ਾ ਦੀ ਇੱਕ ਸ਼ਾਨਦਾਰ ਇਮਾਰਤ ਖੜ੍ਹੀ ਹੋਵੇਗੀ। ਰਾਸ਼ਟ੍ਰਭਾਸ਼ਾ ਅਤੇ ਖੇਤਰੀ ਭਾਸ਼ਾਵਾਂ ਇੱਕ ਦੂਸਰੇ ਦੀਆਂ ਪੂਰਕ ਹਨ
ਵਿਰੋਧੀ ਨਹੀਂ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਗਾਂਧੀ ਜੀ ਨੇ 1918 ਵਿੱਚ ਹੀ ਤਤਕਾਲੀਨ ਮਦਰਾਸ ਵਿੱਚ ਦੱਖਣ ਭਾਰਤ
ਹਿੰਦੀ ਪ੍ਰਚਾਰ ਸਭਾ ਦੀ ਸਥਾਪਨਾ ਕੀਤੀ ਸੀ ਅਤੇ ਉਨ੍ਹਾਂ ਦੇ ਪੁੱਤਰ ਦੇਵਦਾਸ ਗਾਂਧੀ ਪਹਿਲੇ ਹਿੰਦੀ ਪ੍ਰਚਾਰਕ ਬਣੇ ।
            

ਮਿੱਤਰੋ, ਮਹਾਤਮਾ ਗਾਂਧੀ ਅਤੇ ਡਾ. ਰਾਜੇਂਦਰ ਪ੍ਰਸਾਦ ਦੁਆਰਾ ਸੁਝਾਇਆ ਮਾਰਗ ਹੀ ਸਾਡੀ ਭਾਸ਼ਾਈ ਏਕਤਾ ਨੂੰ ਮਜ਼ਬੂਤ ​​ਕਰ
ਸਕਦਾ ਹੈ। ਸਾਨੂੰ ਆਪਣੀ ਭਾਸ਼ਾਈ ਵਿਵਿਧਤਾ ‘ਤੇ ਮਾਣ ਹੋਣਾ ਚਾਹੀਦਾ ਹੈ। ਸਾਡੀਆਂ ਸਾਰੀਆਂ ਭਾਸ਼ਾਵਾਂ ਦਾ ਸਮ੍ਰਿੱਧ
ਸਾਹਿਤਿਕ ਇਤਿਹਾਸ ਰਿਹਾ ਹੈ। ਸਾਡੀਆਂ ਭਾਸ਼ਾਵਾਂ ਸਾਡੀਆਂ ਸੱਭਿਆਚਾਰਕ ਵਿਰਾਸਤ ਹਨ।
            
ਮੇਰਾ ਮੰਨਣਾ ਰਿਹਾ ਹੈ ਕਿ ਨਾ ਕੋਈ ਭਾਸ਼ਾ ਥੋਪੀ ਜਾਣੀ ਚਾਹੀਦਾ ਹੈ ਨਾ ਕਿਸੇ ਭਾਸ਼ਾ ਦਾ ਕੋਈ ਵਿਰੋਧ ਹੋਣਾ ਚਾਹੀਦਾ ਹੈ।
ਹਰ ਭਾਸ਼ਾ ਵੰਦਨੀਯ ਹੈ। ਕੋਈ ਵੀ ਭਾਸ਼ਾ ਸਾਡੇ ਸੰਸਕਾਰਾਂ ਦੀ ਤਰ੍ਹਾਂ ਸ਼ੁੱਧ ਹੈ ਅਤੇ ਸਾਡੀਆਂ ਆਸਥਾਵਾਂ ਦੀ ਤਰ੍ਹਾਂ ਪਵਿੱਤਰ ਹੁੰਦੀ ਹੈ।
ਸਮਾਵੇਸ਼ੀ ਅਤੇ ਸਥਾਈ ਵਿਕਾਸ ਦੇ ਲਈ ਸਿੱਖਿਆ ਦਾ ਮਾਧਿਅਮ ਮਾਤ੍ਰਭਾਸ਼ਾ ਹੋਣੀ ਹੀ ਚਾਹੀਦੀ ਹੈ, ਇਸ ਨਾਲ ਬੱਚਿਆਂ
ਨੂੰ ਖ਼ੁਦ ਨੂੰ ਅਭਿਵਿਅਕਤ ਕਰਨ ਵਿੱਚ ਅਤੇ ਵਿਸ਼ੇ ਨੂੰ ਸਮਝਣ ਵਿੱਚ ਅਸਾਨੀ ਹੁੰਦੀ ਹੈ। ਪੜ੍ਹਨ ਵਿੱਚ ਰੁਚੀ ਪੈਦਾ ਹੁੰਦੀ ਹੈ।
ਮੈਨੂੰ ਖੁਸ਼ੀ ਹੈ ਕਿ ਨਵੀਂ ਸਿੱਖਿਆ ਨੀਤੀ 2020 ਵਿੱਚ ਭਾਰਤੀ ਭਾਸ਼ਾਵਾਂ ਅਤੇ ਸੱਭਿਆਚਾਰ ਦੇ ਮਹੱਤਵ ਨੂੰ ਸਵੀਕਾਰ ਕੀਤਾ
ਗਿਆ ਹੈ। ਇਸ ਦੇ ਲਈ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਚੰਗੀਆਂ ਪਾਠ ਪੁਸਤਕਾਂ ਉਪਲਬਧ ਕਰਵਾਉਣੀਆਂ ਹੋਣਗੀਆਂ।
ਇਸ ਦਿਸ਼ਾ ਵਿੱਚ ਤੁਹਾਡੇ ਜਿਹੇ ਪ੍ਰਕਾਸ਼ਨ ਸੰਸਥਾਨਾਂ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ। ਮੈਂ ਸਦਾ ਮੰਨਿਆ ਹੈ ਕਿ ਸਾਰੀਆਂ ਭਾਰਤੀ
ਭਾਸ਼ਾਵਾਂ ਦਾ ਵਿਕਾਸ ਨਾਲ ਹੀ ਹੋ ਸਕਦਾ ਹੈ। ਉਨ੍ਹਾਂ ਦੇ ਦਰਮਿਆਨ ਸੰਵਾਦ ਸਥਾਪਿਤ ਕਰਨ ਵਿੱਚ ਪ੍ਰਕਾਸ਼ਕਾਂ ਅਤੇ ਅਧਿਆਪਕਾਂ
ਦੀ ਮਹੱਤਵਪੂਰਨ ਭੂਮਿਕਾ ਹੋਵੇਗੀ।

ਅਸੀਂ ਹੋਰ ਭਾਰਤੀ ਭਾਸ਼ਾਵਾਂ ਦੇ ਕੁਝ ਨਾ ਕੁਝ ਮੁਹਾਵਰੇ, ਸ਼ਬਦ ਜਾਂ ਗਿਣਤੀ ਜ਼ਰੂਰ ਸਿੱਖੀਏ। ਮੇਰੀ ਤਾਕੀਦ ਹੋਵੇਗੀ ਕਿ ਹਿੰਦੀ ਵਿੱਚ
ਵੀ ਵਿਦਿਆਰਥੀਆਂ ਨੂੰ ਹੋਰ ਭਾਰਤੀ ਭਾਸ਼ਾਵਾਂ ਦੇ ਪ੍ਰਸਿੱਧ ਸਾਹਿਤਕਾਰਾਂ ਦੀ ਜੀਵਨੀ, ਉਨ੍ਹਾਂ ਦੀਆਂ ਰਚਨਾਵਾਂ ਨਾਲ ਜਾਣੂ
ਕਰਵਾਇਆ ਜਾਵੇ ਅਤੇ ਹਿੰਦੀ ਦੇ ਸਾਹਿਤਕਾਰਾਂ, ਉਨ੍ਹਾਂ ਦੀਆਂ ਰਚਨਾਵਾਂ ਨਾਲ ਹੋਰ ਭਾਸ਼ਾਈ ਖੇਤਰਾਂ ਨੂੰ ਜਾਣੂ ਕਰਵਾਇਆ ਜਾਵੇ।
ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਨੂੰ ਸਿੱਖਣਾ ਅਸਾਨ ਹੋਵੇਗਾ ਕਿਉਂਕਿ ਰਾਸ਼ਟਰ ਦੇ ਸੰਸਕਾਰ, ਵਿਚਾਰ ਤਾਂ ਸਮਾਨ ਹੀ ਹਨ।
ਔਨਲਾਈਨ ਭਾਰਤੀ ਭਾਸ਼ਾਵਾਂ ਸਿੱਖਣ ਦੇ ਲਈ ਆਧੁਨਿਕ ਤਕਨੀਕ ਦੀ ਸਹਾਇਤਾ ਲਈ ਜਾ ਸਕਦੀ ਹੈ।

ਮੈਨੂੰ ਇਹ ਜਾਣ ਕੇ ਖੁਸ਼ੀ ਹੈ ਕਿ Madhuban Educational Books ਸਕੂਲਾਂ ਦੇ ਲਈ ਪਾਠ ਪੁਸਤਕਾਂ ਦਾ
ਪ੍ਰਕਾਸ਼ਨ ਕਰਦਾ ਰਿਹਾ ਹੈ। ਇਸ ਕੰਮ ਵਿੱਚ ਤੁਹਾਨੂੰ ਬੁੱਧੀਜੀਵੀ ਲੇਖਕਾਂ ਦਾ ਮਾਰਗਦਰਸ਼ਨ ਵੀ ਮਿਲਦਾ ਰਿਹਾ ਹੈ। ਆਪ ਹਿੰਦੀ
ਦਿਵਸ ਦੇ ਅਵਸਰ ‘ਤੇ ਦੇਸ਼ ਭਰ ਵਿੱਚ ਹਿੰਦੀ ਦੇ ਅਧਿਆਪਨ ਵਿੱਚ ਯੋਗਦਾਨ ਦੇਣ ਵਾਲੇ ਅਧਿਆਪਕਾਂ ਅਤੇ ਹੋਣਹਾਰ
ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋ। ਸਿੱਖਿਆ ਵਿਸ਼ੇਸ਼ ਕਰਕੇ ਹਿੰਦੀ ਸਿੱਖਿਆ ਦੇ ਖੇਤਰ ਵਿੱਚ ਤੁਹਾਡੇ ਪ੍ਰਯਤਨ ਸ਼ਲਾਘਾਯੋਗ
ਹਨ। ਇਸ ਅਵਸਰ ‘ਤੇ ਸਨਮਾਨਿਤ ਅਧਿਆਪਕਾਂ, ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪ੍ਰਯਤਨਾਂ ਦੇ ਲਈ ਸ਼ੁਭਕਾਮਨਾਵਾਂ
ਦਿੰਦਾ ਹਾਂ।
ਮਿੱਤਰੋ,
ਹਿੰਦੀ ਦਿਵਸ ਦੇ ਅਵਸਰ ‘ਤੇ ਆਪ ਸਭ ਹੋਣਹਾਰ ਵਿਦਿਆਰਥੀ-ਵਿਦਿਆਰਥਣਾਂ ਨੂੰ ਮੇਰੀ ਬੇਨਤੀ ਹੋਵੇਗੀ ਕਿ ਉਹ
ਆਪਣੀ ਮਾਂ-ਬੋਲੀ ਦਾ ਸਨਮਾਨ ਕਰਨ, ਰੋਜ਼ਮੱਰਾ ਦੇ ਕੰਮਾਂ ਵਿੱਚ ਉਸ ਦਾ ਪ੍ਰਯੋਗ ਕਰਨ। ਹਿੰਦੀ ਅਤੇ ਦੇਸ਼ ਦੀਆਂ ਭਾਸ਼ਾਵਾਂ ਦਾ
ਸਾਹਿਤ ਪੜ੍ਹੋ, ਉਸ ਵਿੱਚ ਲਿਖੋ। ਤਾਂ ਹੀ ਸਾਡੀਆਂ ਭਾਸ਼ਾਵਾਂ ਦਾ ਵਿਕਾਸ ਹੋਵੇਗਾ, ਉਹ ਸਮ੍ਰਿੱਧ ਹੋਣਗੀਆਂ।
ਹਿੰਦੀ ਦਿਵਸ ‘ਤੇ ਆਪ ਸਭ ਦਾ ਇੱਕ ਵਾਰ ਫਿਰ ਅਭਿਨੰਦਨ ਕਰਦੇ ਹੋਏ ਆਪਣੀ ਗੱਲ ਸਮਾਪਤ ਕਰਦਾ ਹਾਂ।

ਜੈ ਹਿੰਦ। ”

****
 
ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ(Release ID: 1654064) Visitor Counter : 13