ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਬਿਮਾਰ ਹੋਏ ਭਾਰਤੀ ਜੂਨੀਅਰ ਫੁੱਟਬਾਲਰ ਰਾਮਾਨੰਦ ਨਿੰਗਥੌਜਮ (Ramananda Ningthoujam) ਲਈ 5 ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ

Posted On: 09 SEP 2020 7:33PM by PIB Chandigarh

ਖੇਡ ਮੰਤਰਾਲਾ ਭਾਰਤੀ ਫੁੱਟਬਾਲਰ ਰਾਮਾਨੰਦ ਨਿੰਗਥੌਜਮ ਨੂੰ ਵਿੱਤੀ ਸਹਾਇਤਾ ਦੇਣ ਲਈ ਅੱਗੇ ਆਇਆ ਹੈ ਜਿਸ ਨੇ ਵਿਭਿੰਨ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ ਅਤੇ ਹੁਣ ਉਸ ਦਾ ਗੁਰਦਾ ਫੇਲ੍ਹ ਹੋ ਗਿਆ ਹੈ। ਰਿਕਸ਼ਾ ਚਾਲਕ ਦੇ ਬੇਟੇ ਦੇ ਇਸ ਪਰਿਵਾਰ ਪਾਸ ਉਸ ਦਾ ਜ਼ਰੂਰੀ ਇਲਾਜ ਕਰਵਾਉਣ ਦੇ ਸੰਸਾਧਨ ਨਹੀਂ ਹਨ। ਇਸ ਸਮੇਂ ਉਹ ਮਣੀਪੁਰ ਦੇ ਸ਼ਿਜਾ ਹਸਪਤਾਲ ਵਿੱਚ ਦਾਖਲ ਹੈ ਅਤੇ ਗੁਰਦੇ ਦੀ ਸਮੱਸਿਆ ਦੇ ਨਾਲ ਨਾਲ ਘੱਟ ਨਜ਼ਰ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ।

 

ਉਸਦੀ ਗੰਭੀਰ ਮੈਡੀਕਲ ਸਥਿਤੀ ਅਤੇ ਪਰਿਵਾਰ ਦੀ ਵਿੱਤੀ ਸਥਿਤੀ ਨੂੰ ਦੇਖਦੇ ਹੋਏ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਖਿਡਾਰੀਆਂ ਲਈ ਪੰਡਿਤ ਦੀਨਦਿਆਲ ਉਪਾਧਿਆਏ ਨੈਸ਼ਨਲ ਵੈਲਫੇਅਰ ਫੰਡ ਅਧੀਨ ਇਸ ਅਥਲੀਟ ਨੂੰ 5 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਰਾਸ਼ੀ ਦੇਣ ਦੀ ਪ੍ਰਵਾਨਗੀ ਦਿੱਤੀ ਹੈ।

 

ਇਸ ਫੈਸਲੇ ਬਾਰੇ ਦੱਸਦਿਆਂ ਖੇਡ ਮੰਤਰੀ ਨੇ ਕਿਹਾ, ‘‘ਸਾਡੇ ਅਥਲੀਟਾਂ ਦਾ ਕਲਿਆਣ ਸਰਕਾਰ ਲਈ ਤਰਜੀਹੀ ਚਿੰਤਾ ਦਾ ਵਿਸ਼ਾ ਹੈ। ਰਾਮਾਨੰਦ ਨੇ ਵਿਭਿੰਨ ਅਵਸਰਾਂ ਤੇ ਦੇਸ਼ ਦੀ ਪ੍ਰਤੀਨਿਧਤਾ ਕੀਤੀ ਹੈ ਅਤੇ ਭਾਰਤੀ ਖੇਡ ਵਿੱਚ ਯੋਗਦਾਨ ਦਿੱਤਾ ਹੈ। ਖੇਡ ਮੈਦਾਨ ਅਤੇ ਮੈਦਾਨ ਤੋਂ ਬਾਹਰ ਸਰਵੋਤਮ ਸੁਵਿਧਾਵਾਂ ਪ੍ਰਦਾਨ ਕਰਨਾ ਦੋਵੇਂ ਮਹੱਤਵਪੂਰਨ ਹਨ ਕਿਉਂਕਿ ਨਾ ਸਿਰਫ਼ ਅਥਲੀਟ ਸਾਡੀ ਰਾਸ਼ਟਰੀ ਸੰਪਤੀ ਹਨ, ਬਲਕਿ ਉਹ ਰਾਸ਼ਟਰੀ ਪ੍ਰਤੀਕ ਵੀ ਹਨ, ਇਸ ਲਈ ਜੇਕਰ ਅਸੀਂ ਉਨ੍ਹਾਂ ਨਹੀ ਗੌਰਵ ਭਰਿਆ ਜੀਵਨ ਯਕੀਨੀ ਨਹੀਂ ਬਣਾ ਸਕਦੇ ਤਾਂ ਖੇਡਾਂ ਪ੍ਰਤੀ ਖਿਡਾਰੀਆਂ ਨੂੰ ਪ੍ਰੇਰਿਤ ਕਰਨਾ ਅਸੰਭਵ ਹੋਵੇਗਾ, ਜਿਨ੍ਹਾਂ ਨੇ ਖੇਡਾਂ ਲਈ ਆਪਣੀ ਜ਼ਿੰਦਗੀ ਦੇ ਸਭ ਤੋਂ ਵਧੀਆ ਸਾਲਾਂ ਦਾ ਤਿਆਗ ਕੀਤਾ ਹੈ।’’

 

ਰਾਮਾਨੰਦ ਜੋ ਪਰਿਵਾਰ ਦਾ ਵੱਡਾ ਪੁੱਤਰ ਵੀ ਹੈ, ਨੇ 2007 ਵਿੱਚ ਗੁਵਾਹਾਟੀ ਵਿੱਚ ਅੰਡਰ-17 ਏਸ਼ੀਆਈ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ, ਨਾਲ ਹੀ 2013 ਵਿੱਚ ਕਲਿਆਣੀ ਵਿੱਚ ਅੰਡਰ-12/ਅੰਡਰ-13 ਨੈਸ਼ਨਲ ਸਬ-ਜੂਨੀਅਰ ਚੈਂਪੀਅਨਸ਼ਿਪ ਅਤੇ 2015 ਵਿੱਚ ਅੰਡਰ-15 ਨੈਸ਼ਨਲ ਚੈਂਪੀਅਨਸ਼ਿਪ ਵਿੱਚ ਵੀ ਪ੍ਰਤੀਨਿਧਤਾ ਕੀਤੀ।

 

ਇਸ ਤੋਂ ਪਹਿਲਾਂ ਅਨੁਭਵੀ ਖੇਡ ਕਮੈਂਟੇਟਰ ਨੋਵੀ ਕਪਾਡੀਆ ਨੂੰ ਉਪਰੋਕਤ ਫੰਡ ਰਾਹੀਂ ਵਿੱਤੀ ਸਹਾਇਤਾ ਦਿੱਤੀ ਗਈ ਸੀ। ਕੋਈ ਵੀ ਲੋੜਵੰਦ ਖਿਡਾਰੀ ਖੇਡ ਮੰਤਰਾਲੇ ਦੀ ਵੈੱਬਸਾਈਟ ਰਾਹੀਂ ਸਹਾਇਤਾ ਲਈ ਅਰਜ਼ੀ ਦੇ ਸਕਦਾ ਹੈ ਜਾਂ myasoffice[at]gmail[dot]com ਤੇ ਲਿਖ ਸਕਦਾ ਹੈ।

 

 

*******

 

ਐੱਨਬੀ/ਓਏ


(Release ID: 1652813) Visitor Counter : 75