ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਰਾਸ਼ਟਰੀ ਖੇਡ ਦਿਵਸ ’ਤੇ 60 ਪੁਰਸਕਾਰ ਜੇਤੂਆਂ ਨੂੰ ਵਰਚੁਅਲੀ ਨੈਸ਼ਨਲ ਸਪੋਰਟਸ ਐਂਡ ਅਡਵੈਂਚਰ ਅਵਾਰਡਸ, 2020 ਨਾਲ ਸਨਮਾਨਿਤ ਕੀਤਾ

Posted On: 29 AUG 2020 5:48PM by PIB Chandigarh

ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ ਰਾਸ਼ਟਰੀ ਖੇਡ ਦਿਵਸ ਦੇ ਮੌਕੇ ਤੇ 60 ਪੁਰਸਕਾਰ ਜੇਤੂਆਂ ਨੂੰ ਵਰਚੁਅਲੀ ਨੈਸ਼ਨਲ ਸਪੋਰਟਸ ਐਂਡ ਅਡਵੈਂਚਰ ਅਵਾਰਡ ਪ੍ਰਦਾਨ ਕੀਤੇ। ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਹੋਏ ਇਸ ਸਮਾਰੋਹ ਵਿੱਚ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ, ਖੇਡ ਸਕੱਤਰ ਸ਼੍ਰੀ ਰਵੀ ਮਿੱਤਲ ਅਤੇ ਯੁਵਾ ਪ੍ਰੋਗਰਾਮ ਵਿਭਾਗ ਵਿੱਚ ਸਕੱਤਰ ਸ਼੍ਰੀਮਤੀ ਊਸ਼ਾ ਸ਼ਰਮਾ ਅਤੇ ਕਈ ਹੋਰ ਸਨਮਾਨਿਤ ਲੋਕ ਮੌਜੂਦ ਰਹੇ। ਖੇਡ ਵਿਭਾਗ ਵਿੱਚ ਸਕੱਤਰ ਸ਼੍ਰੀ ਰਵੀ ਮਿੱਤਲ ਨੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੀ ਆਗਿਆ ਨਾਲ ਪੁਰਸਕਾਰ ਸਮਾਗਮ ਦੀ ਸ਼ੁਰੂਆਤ ਕੀਤੀ। ਪੁਰਸਕਾਰ ਜੇਤੂਆਂ ਨੇ ਦੇਸ਼ ਭਰ ਵਿੱਚ ਸਥਿਤ ਵਿਭਿੰਨ ਸਪੋਰਟਸ ਅਥਾਰਿਟੀ ਆਵ੍ ਇੰਡੀਆ (ਐੱਸਏਆਈ) ਕੇਂਦਰਾਂ ਤੋਂ ਸਮਾਗਮ ਵਿੱਚ ਹਿੱਸਾ ਲਿਆ। ਕੁਝ ਪੁਰਸਕਾਰ ਜੇਤੂ ਵਿਗਿਆਨ ਭਵਨ ਵਿੱਚ ਵੀ ਮੌਜੂਦ ਰਹੇ।

 

ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਕੋਵਿਡ-19 ਨੇ ਖੇਡ ਜਗਤ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਓਲੰਪਿਕ ਖੇਡਾਂ ਨੂੰ ਟਾਲ ਦਿੱਤਾ ਗਿਆ ਹੈ। ਸਾਡੇ ਦੇਸ਼ ਵਿੱਚ ਵੀ ਖੇਡ ਗਤੀਵਿਧੀਆਂ ਪ੍ਰਭਾਵਿਤ ਹੋਈਆਂ ਹਨ। ਪ੍ਰੈਕਟਿਸ ਅਤੇ ਪ੍ਰਤੀਯੋਗਤਾਵਾਂ ਦੀ ਕਮੀ ਕਾਰਨ ਖਿਡਾਰੀਆਂ ਅਤੇ ਕੋਚਾਂ ਵਿੱਚ ਪ੍ਰੇਰਣਾ ਦੇ ਪੱਧਰ ਵਿੱਚ ਕਮੀ ਹੋ ਸਕਦੀ ਹੈ ਜਿਸ ਨਾਲ ਉਨ੍ਹਾਂ ਦੀਆਂ ਮਾਨਸਿਕ ਅਤੇ ਸਰੀਰਕ ਤਿਆਰੀਆਂ ਲਈ ਵੱਡੀ ਚੁਣੌਤੀ ਪੈਦਾ ਹੁੰਦੀ ਹੈ। ਇਹ ਦੇਖਣਾ ਸੁਖਦ ਰਿਹਾ ਹੈ ਕਿ ਇਸ ਚੁਣੌਤੀ ਤੋਂ ਪਾਰ ਜਾਣ ਲਈ ਖਿਡਾਰੀ ਅਤੇ ਕੋਚ ਔਨਲਾਈਨ ਕੋਚਿੰਗ ਅਤੇ ਵੈਬੀਨਾਰ ਰਾਹੀਂ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਆਲਮੀ ਮਹਾਮਾਰੀ ਦੇ ਬਾਵਜੂਦ ਖੇਡਾਂ ਨਾਲ ਸਬੰਧਿਤ ਗਤੀਵਿਧੀਆਂ ਨੂੰ ਜਾਰੀ ਰੱਖਣ ਦਾ ਇੱਕ ਯਤਨ ਹੈ।

ਰਾਸ਼ਟਰਪਤੀ ਦੇਸ਼ ਵਿੱਚ ਖੇਡਾਂ ਵਿੱਚ ਵਿਭਿੰਨਤਾ ਵਧਦੀ ਦੇਖ ਕੇ ਕਾਫ਼ੀ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਪੁਰਸਕਾਰ ਜੇਤੂ 20 ਤੋਂ ਜ਼ਿਆਦਾ ਖੇਡਾਂ ਦੀ ਪ੍ਰਤੀਨਿਧਤਾ ਕਰਦੇ ਹਨ। ਕਬੱਡੀ, ਖੋ-ਖੋ ਅਤੇ ਮਲਖੰਭ ਜਿਹੀਆਂ ਸਾਡੀਆਂ ਪਰੰਪਰਾਗਤ ਖੇਡਾਂ ਦੀ ਮਕਬੂਲੀਅਤ ਵਧਣ ਨਾਲ ਆਮ ਆਦਮੀ ਨੂੰ ਖੇਡਾਂ ਨਾਲ ਜੋੜਨ ਵਿੱਚ ਸਹਾਇਤਾ ਮਿਲੇਗੀ। ਅੱਜ, ਕ੍ਰਿਕਟ ਅਤੇ ਫੁਟਬਾਲ ਤੋਂ ਇਲਾਵਾ ਵਾਲੀਬਾਲ ਅਤੇ ਕਬੱਡੀ ਜਿਹੀਆਂ ਖੇਡਾਂ ਦੀਆਂ ਲੀਗ ਪ੍ਰਤੀਯੋਗਤਾਵਾਂ ਮਕਬੂਲੀਅਤ ਹਾਸਲ ਕਰ ਰਹੀਆਂ ਹਨ ਜੋ ਇੱਕ ਸੁਖਦ ਤਬਦੀਲੀ ਹੈ।

ਰਾਸ਼ਟਰਪਤੀ ਦੇ ਪੂਰੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੋ ਲਿੰਕ ਉੱਤੇ ਕਲਿੱਕ ਕਰੋ

 

 

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਮੈਂ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕਰਨ ਲਈ ਰਾਸ਼ਟਰਪਤੀ ਪ੍ਰਤੀ ਆਭਾਰ ਪ੍ਰਗਟ ਕਰਦਾ ਹਾਂ ਜੋ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਵਰਚੁਅਲ ਰੂਪ ਵਿੱਚ ਹੋ ਰਿਹਾ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ ਪੁਰਸਕਾਰ ਵੰਡ ਸਮਾਗਮ ਪਹਿਲੀ ਵਾਰ ਵਰਚੁਅਲ ਰੂਪ ਵਿੱਚ ਹੋ ਰਿਹਾ ਹੈ, ਜਿੱਥੇ ਮਾਣਯੋਗ ਰਾਸ਼ਟਰਪਤੀ ਦੁਆਰਾ ਪੁਰਸਕਾਰ ਪ੍ਰਦਾਨ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਦੀ ਮੌਜੂਦਗੀ ਨਾਲ ਸਾਡੇ ਨੌਜਵਾਨ ਖਿਡਾਰੀ ਅੱਗੇ ਵਧ ਕੇ ਆਪਣਾ ਬਿਹਤਰ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਹੋਣਗੇ। ਮੈਂ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦਾ ਹਾਂ, ਜੋ ਸਾਡੇ ਨਾਲ ਇੱਥੇ ਦਿੱਲੀ ਵਿੱਚ ਮੌਜੂਦ ਹਨ ਅਤੇ ਜੋ ਐੱਨਆਈਸੀ ਰਾਹੀਂ ਵਿਭਿੰਨ ਕੇਂਦਰਾਂ ਨਾਲ ਜੁੜੇ ਹੋਏ ਹਨ।

 

ਸ਼੍ਰੀ ਰਿਜਿਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਮੰਤਰਾਲਾ ਖੇਡ ਅਤੇ ਅਡਵੈਂਚਰ ਦੇ ਖੇਤਰ ਵਿੱਚ ਕਈ ਯੋਜਨਾਵਾਂ ਚਲਾ ਰਿਹਾ ਹੈ। ਖੇਲੋ ਇੰਡੀਆ ਅਤੇ ਫਿਟ ਇੰਡੀਆ ਇਸ ਦੀਆਂ ਉੱਤਮ ਉਦਾਹਰਣਾਂ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਇੱਕ ਲੰਬੇ ਸਮੇਂ ਦੀ ਯੋਜਨਾ ਤਿਆਰ ਕੀਤੀ ਹੈ ਅਤੇ ਸਾਡਾ ਉਦੇਸ਼ ਭਾਰਤ ਨੂੰ 2028 ਦੇ ਓਲੰਪਿਕਸ ਵਿੱਚ ਚੋਟੀ ਦੇ 10 ਮੈਡਲ ਜੇਤੂ ਦੇਸ਼ਾਂ ਦੀ ਸੂਚੀ ਵਿੱਚ ਜਗ੍ਹਾ ਦਿਵਾਉਣਾ ਹੈ।

 

ਸ਼੍ਰੀ ਰਿਜਿਜੂ ਨੇ ਕਿਹਾ ਕਿ ਉਹ ਇਸ ਅਵਸਰ ਤੇ ਖੇਡਾਂ ਅਤੇ ਖਿਡਾਰੀਆਂ ਨੂੰ ਸਮਰਥਨ ਦੇਣ ਲਈ ਨਾਗਰਿਕਾਂ ਨੂੰ ਸੱਦਾ ਦਿੰਦੇ ਹਨ। ਖੇਡ ਮੰਤਰੀ ਨੇ ਇਹ ਵੀ ਕਿਹਾ ਕਿ ਪੁਰਸਕਾਰ ਜੇਤੂਆਂ ਦੀਆਂ ਉਪਲੱਬਧੀਆਂ ਨਾਲ ਇੱਕ ਪੀੜ੍ਹੀ ਨੂੰ ਖੇਡਾਂ ਵਿੱਚ ਹਿੱਸਾ ਲੈਣ ਦੀ ਪ੍ਰੇਰਣਾ ਮਿਲੇਗੀ।

https://twitter.com/palakkohli2002/status/1299679649790738434

 

ਦੇਸ਼ ਦਾ ਸਭ ਤੋਂ ਵੱਡਾ ਖੇਡ ਪੁਰਸਕਾਰ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਚਾਰ ਸਾਲ ਦੌਰਾਨ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਅਤੇ ਉੱਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ। ਇਸ ਸਾਲ ਪੰਜ ਖਿਡਾਰੀਆਂ ਨੂੰ ਪੁਰਸਕਾਰ ਮਿਲਿਆ, ਜਿਨ੍ਹਾਂ ਵਿੱਚ ਕ੍ਰਿਕਟਰ ਰੋਹਿਤ ਸ਼ਰਮਾ, ਪਹਿਲਵਾਨ ਵਿਨੇਸ਼ ਫੋਗਾਟ, ਟੇਬਲ ਟੈਨਿਸ ਖਿਡਾਰੀ ਮਨਿਕ ਬੱਤਰਾ, ਹਾਕੀ ਖਿਡਾਰੀ ਰਾਣੀ ਰਾਮਪਾਲ ਅਤੇ ਪੈਰਾ ਅਥਲੀਟ ਮਰਿਅੱਪਨ ਥੰਗਾਵੇਲੂ ਸ਼ਾਮਲ ਹਨ। ਚਾਰ ਸਾਲ ਤੱਕ ਲਗਾਤਾਰ ਬਿਹਤਰੀਨ ਪੁਰਸਕਾਰ ਲਈ ਦਿੱਤੇ ਜਾਣ ਵਾਲੇ ਅਰਜੁਨ ਪੁਰਸਕਾਰ ਦੇ ਜੇਤੂਆਂ ਵਿੱਚ ਨਿਸ਼ਾਨੇਬਾਜ਼ ਸੌਰਭ ਚੌਧਰੀ ਅਤੇ ਮਨੁ ਭਾਕਰ, ਪਹਿਲਵਾਨ ਦਿਵਿਆ ਕਾਕਰਾਨ, ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਅਤੇ ਬੈਡਮਿੰਟਨ ਖਿਡਾਰੀ ਚਿਰਾਗ ਸ਼ੈਟੀ ਅਤੇ ਸਾਤਵਿਕ ਸਾਈਰਾਜ ਰੰਕੀ ਰੈਡੀ ਸ਼ਾਮਲ ਰਹੇ। ਇਸ ਸਾਲ ਖੋ-ਖੋ, ਕਬੱਡੀ, ਘੋੜ ਸਵਾਰੀ ਅਤੇ ਸਰਦ ਰੁੱਤ ਖੇਡਾਂ ਦੇ ਅਥਲੀਟਾਂ ਨੂੰ ਵੀ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਦਰੋਣਾਚਾਰਿਆ ਪੁਰਸਕਾਰ ਅਜਿਹੇ ਕੋਚਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਪ੍ਰਤਿਸ਼ਠਤ ਖੇਡ ਪ੍ਰੋਗਰਾਮਾਂ ਵਿੱਚ ਮੈਡਲ ਜੇਤੂ ਸਾਹਮਣੇ ਲਿਆਉਣ ਵਿੱਚ ਅਹਿਮ ਭੂਮਿਕਾ ਰਹੀ ਹੈ। ਖੇਡਾਂ ਦੇ ਵਿਕਾਸ ਵਿੱਚ ਜੀਵਨਕਾਲ ਦੌਰਾਨ ਯੋਗਦਾਨ ਦੇਣ ਲਈ ਧਿਆਨਚੰਦ ਪੁਰਸਕਾਰ ਅਤੇ ਖੇਡਾਂ ਨੂੰ ਪ੍ਰੋਤਸਾਹਨ ਅਤੇ ਵਿਕਾਸ ਦੇ ਖੇਤਰ ਵਿੱਚ ਪ੍ਰਤੱਖ ਭੂਮਿਕਾ ਨਿਭਾਉਣ ਲਈ ਰਾਸ਼ਟਰੀ ਖੇਡ ਪ੍ਰੋਤਸਾਹਨ ਪੁਰਸਕਾਰ ਦਿੱਤੇ ਜਾਂਦੇ ਹਨ। ਇੰਟਰ-ਯੂਨੀਵਰਸਿਟੀ ਪ੍ਰਤੀਯੋਗਤਾਵਾਂ ਵਿੱਚ ਸਮੁੱਚੇ ਰੂਪ ਨਾਲ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲੀਆਂ ਯੂਨੀਵਰਸਿਟੀਆਂ ਨੂੰ ਮੌਲਾਨਾ ਅਬੁਲ ਕਲਾਮ ਆਜ਼ਾਦ (ਐੱਮਏਕੇਏ) ਟਰਾਫੀ ਦਿੱਤੀ ਗਈ। ਇਨ੍ਹਾਂ ਤਿੰਨ ਖੇਡ ਪੁਰਸਕਾਰਾਂ ਤੋਂ ਇਲਾਵਾ ਦੇਸ਼ ਦੇ ਲੋਕਾਂ ਵਿੱਚ ਸਾਹਸ ਦੀ ਭਾਵਨਾ ਲਿਆਉਣ ਲਈ ਤੇਨਜ਼ਿੰਗ ਨੋਰਗੇ ਰਾਸ਼ਟਰੀ ਸਾਹਸੀ ਪੁਰਸਕਾਰ ਦਿੱਤਾ ਗਿਆ।

ਪੁਰਸਕਾਰ ਜੇਤੂਆਂ ਦੀ ਸੂਚੀ ਦੇਖਣ ਲਈ ਕਲਿੱਕ ਕਰੋ

 

*******

 

ਐੱਨਬੀ/ਓਏ



(Release ID: 1649685) Visitor Counter : 191