ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਕਈ ਖੇਤਰਾਂ ਵਿੱਚ ਮਾਤ੍ਰਭਾਸ਼ਾ ਦੇ ਵਿਆਪਕ ਪ੍ਰਯੋਗ ਦਾ ਸੱਦਾ ਦਿੱਤਾ

ਭਾਸ਼ਾ ਅਤੇ ਸੱਭਿਆਚਾਰ ਇੱਕ ਸੱਭਿਅਤਾ ਦੇ ਵਿਕਾਸ ਦੀ ਬੁਨਿਆਦ ਰੱਖਦੇ ਹਨ


ਤੇਲੁਗੂ ਭਾਸ਼ਾ ਦਿਵਸ ਦੇ ਮੌਕੇ ʼਤੇ ਇੱਕ ਵੈਬੀਨਾਰ ਨੂੰ ਸੰਬੋਧਨ ਕੀਤਾ


ਉਪ ਰਾਸ਼ਟਰਪਤੀ ਨੇ ਤੇਲੁਗੂ ਭਾਸ਼ਾ ਨੂੰ ਸੰਭਾਲਣ ਅਤੇ ਇਸ ਨੂੰ ਪ੍ਰੋਤਸਾਹਿਤ ਕਰਨ ਦੀ ਲੋੜ ʼਤੇ ਜ਼ੋਰ ਦਿੱਤਾ


ਉਪ ਰਾਸ਼ਟਰਪਤੀ ਨੇ ਤੇਲੁਗੂ ਵਿੱਚ ਸਰਲ ਵਿਗਿਆਨਕ ਪਰਿਭਾਸ਼ਕੀ ਸ਼ਬਦਾਵਲੀ ਵਿਕਸਿਤ ਕਰਨ ਦੀ ਮੰਗ ਕੀਤੀ


ਤੇਲੁਗੂ ਭਾਸ਼ਾ ਨੂੰ ਸਰਲ ਬਣਾਉਣ ਅਤੇ ਇਸ ਨੂੰ ਉਤਸ਼ਾਹਿਤ ਕਰਨ ਦੇ ਮੋਹਰੀ ਗਿੱਦੁਗੂ ਵੈਂਕਟ ਰਾਮ ਮੂਰਤੀ ਨੂੰ ਭਰਪੂਰ ਸ਼ਰਧਾਂਜਲੀ ਦਿੱਤੀ

Posted On: 29 AUG 2020 3:24PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਸਥਾਨਕ ਭਾਸ਼ਾਵਾਂ ਜਾਂ ਮਾਤ੍ਰਭਾਸ਼ਾਵਾਂ ਦੀ ਪ੍ਰਸ਼ਾਸਨ ਸਮੇਤ ਵੱਖ ਵੱਖ ਖੇਤਰਾਂ ਵਿੱਚ ਵੱਡੇ ਪੱਧਰ ਤੇ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਾਂ-ਬੋਲੀ ਵਿੱਚ ਸਿੱਖਿਆ ਦੇਣ ਨਾਲ ਬੱਚਾ ਕਿਸੇ ਵੀ ਹੋਰ ਭਾਸ਼ਾ ਦੀ ਬਨਿਸਬਤ ਵਿਸ਼ਿਆਂ ਨੂੰ ਬਿਹਤਰ ਪਕੜ ਅਤੇ ਸਮਝ ਸਕੇਗਾ।

 

ਉਹ ਤੇਲੁਗੂ ਭਾਸ਼ਾ ਦਿਵਸ ਦੇ ਮੌਕੇ ''ਸਾਡੀ ਭਾਸ਼ਾ, ਸਾਡਾ ਸਮਾਜ ਅਤੇ ਸਾਡਾ ਸੱਭਿਆਚਾਰ''  ਵਿਸ਼ੇ ʼਤੇ ਇੱਕ ਵੈਬੀਨਾਰ ਨੂੰ ਸੰਬੋਧਨ ਕਰ ਰਹੇ ਸਨ। ਇਹ ਸਮਾਗਮ ਸਾਊਥ ਅਫਰੀਕਾ ਤੇਲੁਗੂ ਕਮਿਊਨਿਟੀ (ਐੱਸਏਟੀਸੀ) ਦੁਆਰਾ ਆਯੋਜਿਤ ਕੀਤਾ ਗਿਆ ਸੀ। ਵੀਡੀਓ ਕਾਨਫਰੰਸ ਵਿੱਚ ਤੇਲੁਗੂ ਭਾਸ਼ਾ ਦੇ ਮਾਹਰ ਅਤੇ ਲੰਡਨ, ਸਿਡਨੀ, ਕੈਨਬਰਾ, ਅਬੂ ਧਾਬੀ, ਸਕੌਟਲੈਂਡ, ਹੌਂਗ ਕੌਂਗ, ਦੱਖਣੀ ਅਫਰੀਕਾ, ਨਿਊਜ਼ੀਲੈਂਡ ਅਤੇ ਜਰਮਨੀ ਸਮੇਤ ਵਿਸ਼ਵ ਭਰ ਦੇ ਤੇਲੁਗੂ ਸੰਗਠਨਾਂ ਦੇ ਮੈਂਬਰਾਂ ਨੇ ਹਿੱਸਾ ਲਿਆ।

 

ਇਹ ਸਮਾਰੋਹ ਤੇਲੁਗੂ ਭਾਸ਼ਾ-ਵਿਗਿਆਨੀ ਅਤੇ ਭਾਸ਼ਾ ਨੂੰ ਉਤਸ਼ਾਹਿਤ ਕਰਨ ਵਿੱਚ ਮੋਹਰੀ ਰਹੇ ਸ਼੍ਰੀ  ਗਿੱਦੁਗੂ ਵੈਂਕਟ ਰਾਮ ਮੂਰਤੀ ਦੀ ਜਯੰਤੀ ਦੇ ਅਵਸਰ ʼਤੇ ਆਯੋਜਿਤ ਕੀਤਾ ਗਿਆ ਸੀ।

 

ਸ਼੍ਰੀ ਨਾਇਡੂ ਨੇ ਜ਼ੋਰ ਦੇ ਕੇ ਕਿਹਾ ਕਿ ਭਾਸ਼ਾ ਅਤੇ ਸੱਭਿਆਚਾਰ ਸਮਾਜ ਦੇ ਵਿਕਾਸ ਦੀ ਨੀਂਹ ਰੱਖਦੇ ਹਨ।

 

ਤੇਲੁਗੂ ਭਾਸ਼ਾ ਨੂੰ ਸੰਭਾਲਣ  ਦੀ ਲੋੜ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ  ਉਹ ਭਾਰਤ ਵਿੱਚ ਰਹਿਣ ਜਾਂ ਵਿਦੇਸ਼ਾਂ ਵਿੱਚ,ਸਾਰੇ ਤੇਲੁਗੂਆਂ ਨੂੰ ਆਪਣੀ ਭਾਸ਼ਾ ਅਤੇ ਸੱਭਿਆਚਾਰ ਦੇ ਪ੍ਰਚਾਰ ਲਈ ਪ੍ਰਯਤਨ ਕਰਨੇ ਚਾਹੀਦੇ ਹਨ।

 

ਉਪ ਰਾਸ਼ਟਰਪਤੀ ਨੇ ਤੇਲੁਗੂ ਭਾਸ਼ਾ ਵਿੱਚ ਸਰਲ ਵਿਗਿਆਨਕ ਪਰਿਭਾਸ਼ਕੀ ਸ਼ਬਦਾਵਲੀ ਵਿਕਸਿਤ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਹ ਆਮ ਲੋਕਾਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਦੀ ਬਿਹਤਰ ਸਮਝ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗੀ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਤੇਲੁਗੂ ਅਤੇ ਹੋਰ ਭਾਰਤੀ ਭਾਸ਼ਾਵਾਂ ਦੀ ਵਰਤੋਂ ਵਿੱਚ ਹੋਈ ਤਰੱਕੀ ਦੀ ਡੂੰਘੀ ਸਮੀਖਿਆ ਅਤੇ ਆਤਮ-ਚਿੰਤਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਭਾਸ਼ਾ ਕਿਸੇ ਦੀ ਸੱਭਿਅਤਾ ਦੀ ਅਮੀਰੀ ਦਾ ਪ੍ਰਤੀਕ ਹੈ। ਭਾਸ਼ਾ ਵੱਡੇ ਪੱਧਰ 'ਤੇ ਸਮਾਜ ਵਿੱਚ ਖੇਡਾਂ, ਭਾਸ਼ਾਵਾਂ, ਤਿਉਹਾਰਾਂ ਅਤੇ ਕਲਾਵਾਂ ਦੀ ਮਹੱਤਤਾ ਨੂੰ ਵੀ ਦਰਸਾਉਂਦੀ ਹੈ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਕਿਸੇ ਭਾਸ਼ਾ ਦੀ ਗੌਰਵਮਈ ਵਿਰਾਸਤ ਅਤੇ ਅਮੀਰੀ ਨੂੰ ਸਿਰਫ਼ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾ ਕੇ ਹੀ ਸੰਭਾਲ਼ਿਆ ਅਤੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

 

ਇਹ ਦੇਖਦੇ ਹੋਏ ਕਿ ਦੁਨੀਆ ਭਰ ਦੀਆਂ ਬਹੁਤ ਸਾਰੀਆਂ ਮੂਲ ਭਾਸ਼ਾਵਾਂ ਵਿਸ਼ਵੀਕਰਨ ਦੇ ਯੁਗ ਵਿੱਚ ਹਾਸ਼ੀਏ ʼਤੇ ਆ ਜਾਣ ਦੇ ਜੋਖਮ ਦਾ ਸਾਹਮਣਾ ਕਰ ਰਹੀਆਂ ਹਨ, ਉਨ੍ਹਾਂ ਨੇ ਸਾਵਧਾਨ ਕੀਤਾ ਕਿ ਜੇ ਇਹ ਰੁਝਾਨ ਜਾਰੀ ਰਿਹਾ ਤਾਂ ਇਹ ਭਾਸ਼ਾਵਾਂ ਅਲੋਪ ਹੋ ਜਾਣਗੀਆਂ। ਉਪ ਰਾਸ਼ਟਰਪਤੀ ਨੇ ਦੱਸਿਆ ਕਿ ਫਰਾਂਸ, ਜਰਮਨੀ, ਰੂਸ, ਜਪਾਨ ਅਤੇ ਚੀਨ ਵਰਗੇ ਦੇਸ਼ ਦੂਸਰੇ ਵਿਕਸਿਤ ਦੇਸ਼ਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਦੇ ਯੋਗ ਹਨ ਕਿਉਂਕਿ ਉਨ੍ਹਾਂ ਨੇ ਸਾਰੇ ਖੇਤਰਾਂ ਵਿੱਚਆਪਣੀਆਂ ਮਾਤ੍ਰਭਾਸ਼ਾਵਾਂ ਨੂੰ ਪ੍ਰਮੁੱਖਤਾ ਦਿੱਤੀ

 

ਉਨ੍ਹਾਂ ਨੇ ਸ਼੍ਰੀ ਗਿੱਦੁਗੂ ਵੈਂਕਟ ਰਾਮ ਮੂਰਤੀ ਨੂੰ ਭਰਪੂਰ ਸ਼ਰਧਾਂਜਲੀ ਭੇਟ ਕਰਦਿਆਂ, ਉਨ੍ਹਾਂ ਨੂੰ ਕਈ ਭਾਸ਼ਾਵਾਂ ਦੇ ਵਿਗਿਆਨੀ, ਇਤਿਹਾਸਕਾਰ ਅਤੇ ਸੋਸ਼ਲ ਵਿਜ਼ਨਰੀ ਵਜੋਂ ਦਰਸਾਇਆ, ਜਿਨ੍ਹਾਂ ਨੇ ਕਿ ਤੇਲੁਗੂ ਭਾਸ਼ਾ ਨੂੰ ਸਰਲ ਬਣਾਉਣ ਅਤੇ ਇਸ ਨੂੰ ਆਮ ਆਦਮੀ ਲਈ ਵਧੇਰੇ ਸਮਝਣ ਯੋਗ ਬਣਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਅਣਥੱਕ ਯਤਨਾਂ ਸਦਕਾ, ਇਹ ਭਾਸ਼ਾ ਜਨ-ਸਧਾਰਨ ਨਾਲ ਜੁੜੀ ਹੋਈ ਹੈ।

 

ਉਪ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਤੇਲੁਗੂ ਭਾਸ਼ਾ ਨੂੰ ਸੁਰੱਖਿਅਤ ਅਤੇ ਪ੍ਰੋਤਸਾਹਿਤ ਕਰਨਾ, ਸ਼੍ਰੀ ਗਿੱਦੁਗੂ ਵੈਂਕਟ ਰਾਮ ਮੂਰਤੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

 

ਇਸ ਵਰਚੁਅਲ ਆਯੋਜਨ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਡਾ. ਰਮੇਸ਼, ਵਿਧਾਇਕ, ਤੇਲੰਗਾਨਾ ਵਿਧਾਨ ਸਭਾ; ਸ਼੍ਰੀਮਤੀ ਕਵਿਤਾ ਕਲਵਕੁੰਤਲਾ, ਪ੍ਰਧਾਨ, ਤੇਲੰਗਾਨਾ ਜਾਗ੍ਰਿਤੀ; ਸ਼੍ਰੀ ਵਿਕਰਮ ਪੈਟਲੁਰੂ, ਚੇਅਰਮੈਨ ਐੱਸਏਟੀਸੀ ਅਤੇ ਸ਼੍ਰੀ ਗਣੇਸ਼ ਟੋਟਮਪੁਡੀ,ਜਰਮਨੀ-ਸਥਿਤ ਵਿਗਿਆਨੀ  ਸ਼ਾਮਲ ਸਨ।

 

****

 

ਵੀਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ(Release ID: 1649601) Visitor Counter : 114