ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਸਾਡਾ ਟੀਚਾ ਦੁਨੀਆ ਵਿੱਚ ਉਸਾਰੀ ਉਪਕਰਣਾਂ ਦਾ ਇੱਕ ਨਿਰਮਾਣ ਕੇਂਦਰ ਬਣਨਾ ਹੈ: ਸ਼੍ਰੀ ਨਿਤਿਨ ਗਡਕਰੀ
ਸ਼੍ਰੀ ਗਡਕਰੀ ਨੇ ਵੱਡੇ ਉਦਯੋਗਾਂ ਨੂੰ ਐੱਮਐੱਸਐੱਮਈ ਦੇ ਬਕਾਏ ਨੂੰ ਪ੍ਰਾਥਮਿਕਤਾ ਦੇ ਅਧਾਰ ’ਤੇ ਮੋੜਨ ਅਤੇ ਸਪੇਅਰਸ ਵਾਸਤੇ ਐੱਮਐੱਸਐੱਮਈ ਸਹਾਇਕ ਉਦਯੋਗਾਂ ਦਾ ਵਿਕਾਸ ਕਰਨ ਲਈ ਕਿਹਾ
Posted On:
18 AUG 2020 4:03PM by PIB Chandigarh
ਲਘੂ, ਛੋਟੇ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਰੋਡ ਟਰਾਂਸਪੋਰਟ ਅਤੇ ਰਾਜਮਾਰਗਾਂ ਦੇ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਸਾਡਾ ਟੀਚਾ ਸਾਡੇ ਦੇਸ਼ ਨੂੰ ਦੁਨੀਆ ਵਿੱਚ ਉਸਾਰੀ ਉਪਕਰਣਾਂ ਦਾ ਇੱਕ ਨਿਰਮਾਣ ਕੇਂਦਰ ਬਣਾਉਣਾ ਹੈ। ਉਹ ਅੱਜ ਵੀਡੀਓ ਕਾਨਫ਼ਰੰਸ ਰਾਹੀਂ ‘ਕੰਸਟਰਕਸ਼ਨ ਇਕੁਇਪਮੈਂਟ, ਟੈਕਨੋਲੋਜੀ, ਕੋਮਪੋਨੈਂਟ ਐਂਡ ਐਗਰੀਗੇਟਸ’ ਵਿਸ਼ੇ ’ਤੇ ‘ਸੀਆਈਆਈ’ ਦੇ ਇੱਕ ਵੈਬੀਨਾਰ ਦੀ ਵਰਚੁਅਲ ਪ੍ਰਦਰਸ਼ਨੀ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ, ਆਤਮਨਿਰਭਰਤਾ ਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ, ਸਾਨੂੰ ਆਯਾਤ ਘਟਾਉਣ ਪਵੇਗਾ ਅਤੇ ਸਾਨੂੰ ਆਟੋਮੋਬਾਈਲ ਖੇਤਰ ਦੇ ਵੱਖ-ਵੱਖ ਹਿੱਸਿਆਂ ਅਤੇ ਪੁਰਜ਼ਿਆਂ ਦੇ ਨਿਰਮਾਣ ਨੂੰ ਉਤਸ਼ਾਹਤ ਕਰਨ ਦੀ ਜ਼ਰੂਰਤ ਹੈ ਜੋ ਇਸ ਸਮੇਂ ਆਯਾਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਸ ਖੇਤਰ ਦੇ ਸਾਰੇ ਉਦਯੋਗਾਂ ਨੂੰ ਉਦਯੋਗਿਕ ਕਲਸਟਰ, ਟੈਕਨੋਲੋਜੀ ਕੇਂਦਰ, ਖੋਜ ਪ੍ਰਯੋਗਸ਼ਾਲਾਵਾਂ ਅਤੇ ਟੈਕਨੋਲੋਜੀ ਅਤੇ ਕੁਸ਼ਲਤਾਵਾਂ ਦਾ ਨਵੀਨੀਕਰਨ ਕਰਨ ਦੀ ਅਪੀਲ ਕੀਤੀ ਹੈ।
ਸ਼੍ਰੀ ਗਡਕਰੀ ਨੇ ਭਾਗੀਦਾਰਾਂ ਨੂੰ ਭਾਰਤ ਵਿੱਚ ਟੈਕਨੋਲੋਜੀ ਕੇਂਦਰਾਂ ਨੂੰ ਵਿਕਸਿਤ ਕਰਨ ਵਿੱਚ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ। ਮੰਤਰੀ ਨੇ ਗੁਣਵੱਤਾ ਨਾਲ ਸਮਝੌਤਾ ਕੀਤੇ ਬਗੈਰ ਖੋਜ ਦੀ ਲੋੜ ਅਤੇ ਲਾਗਤ ਘਟਾਉਣ ਦੀ ਜ਼ਰੂਰਤ ਉੱਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਨੇ ਭਾਗੀਦਾਰਾਂ ਨੂੰ ਕੋਵਿਡ-19 ਮਹਾਮਾਰੀ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਉਤਸ਼ਾਹਤ ਕੀਤਾ। ਸ਼੍ਰੀ ਗਡਕਰੀ ਨੇ ਕਿਹਾ, “ਅੱਜ ਕੋਵਿਡ -19 ਸੰਕਟ ਦੇ ਮੱਦੇਨਜ਼ਰ ਸਮੁੱਚੇ ਉਦਯੋਗਿਕ ਖੇਤਰ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਾਨੂੰ ਸਾਰੀਆਂ ਚੁਣੌਤੀਆਂ ਨਾਲ ਇੱਕ ਪਾਜ਼ਿਟਿਵ ਸੋਚ ਨਾਲ ਲੜਨਾ ਪਵੇਗਾ ਅਤੇ ਆਟੋਮੋਬਾਈਲ ਉਦਯੋਗ ਨੂੰ ਉਸਾਰੀ ਦੇ ਉਪਕਰਣਾਂ ਦਾ ਨਿਰਮਾਣ ਕੇਂਦਰ ਬਣਾਉਣਾ ਪਵੇਗਾ। ਅੱਗੇ ਉਨ੍ਹਾਂ ਨੇ ਕਿਹਾ ਕਿ ਇਸ ਨੂੰ ਪ੍ਰਾਪਤ ਕਰਨ ਲਈ ਗੁਣਵੱਤਾ ਨਾਲ ਸਮਝੌਤਾ ਕੀਤੇ ਬਗੈਰ ਲਾਗਤ ਵਿੱਚ ਕਮੀ ਲਿਆਉਣੀ ਜ਼ਰੂਰੀ ਹੈ।
ਮੰਤਰੀ ਨੇ ਖੋਜ, ਨਵੀਨਤਾ ਅਤੇ ਟੈਕਨੋਲੋਜੀ ਨੂੰ ਅੱਪਗ੍ਰੇਡ ਕਰਨ ਦੀ ਮੰਗ ਕੀਤੀ ਅਤੇ ਅਸਾਨ ਵਿੱਤ ਅਤੇ ਅਨੁਕੂਲ ਟੈਕਨੋਲੋਜੀ ਪ੍ਰਾਪਤ ਕਰਨ ਲਈ ਸਾਂਝੇ ਉੱਦਮਾਂ ਅਤੇ ਵਿਦੇਸ਼ੀ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੱਤਾ। ਐੱਲਐੱਨਜੀ, ਸੀਐੱਨਜੀ ਅਤੇ ਬਾਇਓ ਬਾਲਣ ਦੀ ਵੱਧ ਤੋਂ ਵੱਧ ਵਰਤੋਂ ਨਿਸ਼ਚਿਤ ਰੂਪ ਵਿੱਚ ਲਾਗਤ ਨੂੰ ਘਟਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹਰ ਤਰਾਂ ਦੇ ਆਵਾਜਾਈ ਦੇ ਸਾਧਨਾਂ ਜਿਵੇਂ ਕਿ ਪਾਣੀ ਰਾਹੀਂ, ਸਮੁੰਦਰੀ ਆਵਾਜਾਈ, ਰੇਲ, ਸੜਕ ਅਤੇ ਹਵਾਈ ਆਵਾਜਾਈ ਨੂੰ ਏਕੀਕ੍ਰਿਤ ਕਰਨ ਅਤੇ ਵਿਕਸਤ ਕਰਨ ’ਤੇ ਵੀ ਕੰਮ ਕਰ ਰਹੀ ਹੈ, ਤਾਂ ਜੋ ਯਕੀਨੀ ਤੌਰ ’ਤੇ ਲਾਜਿਸਟਿਕ ਲਾਗਤ ਨੂੰ ਘਟਾਇਆ ਜਾਵੇ ਅਤੇ ਉਦਯੋਗਾਂ ਦੀ ਵੱਡੇ ਪੱਧਰ ’ਤੇ ਸਹਾਇਤਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਸਰਕਾਰ ਪ੍ਰਧਾਨ ਮੰਤਰੀ ਦੀ ਕਲਪਨਾ ‘ਆਤਮਨਿਰਭਰਤਾ’ ਦੀ ਪ੍ਰਾਪਤੀ ਲਈ ਨੀਤੀਆਂ ਵਿੱਚ ਕਾਰਜਸ਼ੀਲਤਾ ਨਾਲ ਤਬਦੀਲੀਆਂ ਕਰ ਰਹੀ ਹੈ।
ਸ਼੍ਰੀ ਗਡਕਰੀ ਨੇ ਅੱਗੇ ਕਿਹਾ ਕਿ ਐੱਮਐੱਸਐੱਮਈ ਨੂੰ ਉਤਸ਼ਾਹਿਤ ਕਰਨ ਲਈ, ਐੱਮਐੱਸਐੱਮਈ ਦੀ ਪਰਿਭਾਸ਼ਾ ਬਦਲ ਦਿੱਤੀ ਗਈ ਹੈ, ਇਨ੍ਹਾਂ ਉਦਯੋਗਾਂ ਲਈ ਕਰਜ਼ਾ ਸੁਵਿਧਾ ਅਤੇ ਕਈ ਤਰ੍ਹਾਂ ਦੇ ਫ਼ੰਡ ਤਿਆਰ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ, ਟਰਾਂਸਪੋਰਟ ਸੈਕਟਰ ਲਈ ਨਵੀਂ ਸਕ੍ਰੈਪਿੰਗ ਨੀਤੀ ਉੱਤੇ ਕੰਮ ਜਾਰੀ ਹੈ। ਉਨ੍ਹਾਂ ਨੇ ਕਿਹਾ, ਸਰਕਾਰ ਉਦਯੋਗਾਂ ਦੀ ਹਰ ਸੰਭਵ ਤਰੀਕਿਆਂ ਨਾਲ ਸਹਾਇਤਾ ਕਰਨ ਲਈ ਤਿਆਰ ਹੈ ਅਤੇ ਉਦਯੋਗਾਂ ਨੂੰ ਨਵੀਨ ਯੋਜਨਾਵਾਂ ਦੇ ਨਾਲ ਆਉਣਾ ਚਾਹੀਦਾ ਹੈ, ਤਾਂ ਜੋ ਅਸੀਂ ਆਟੋਮੋਬਾਈਲ ਖੇਤਰ ਵਿੱਚ ਨਿਰਮਾਣ ਕੇਂਦਰ ਦੇ ਸੁਪਨੇ ਨੂੰ ਪੂਰਾ ਕਰ ਸਕੀਏ।
ਸ਼੍ਰੀ ਨਿਤਿਨ ਗਡਕਰੀ ਨੇ ਐੱਮਐੱਸਐੱਮਈ ਦੇ ਬਕਾਏ ਨੂੰ ਪ੍ਰਾਥਮਿਕਤਾ ਦੇ ਅਧਾਰ ’ਤੇ ਮੋੜਨ ’ਤੇ ਵੀ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਵੱਡੇ ਉਦਯੋਗਾਂ ਅਤੇ ਵਪਾਰਕ ਘਰਾਣਿਆਂ/ਕੰਪਨੀਆਂ ਨੂੰ ਇਸ ਨੂੰ ਇੱਕ ਮਹੱਤਵਪੂਰਨ ਪਹਿਲੂ ਵਜੋਂ ਮੰਨਣ ਲਈ ਕਿਹਾ। ਸ਼੍ਰੀ ਗਡਕਰੀ ਨੇ ਸੀਆਈਆਈ ਦੇ ਮੈਂਬਰਾਂ ਨੂੰ ਸਪੇਅਰ ਪਾਰਟਸ ਦੀ ਸਪਲਾਈ ਕਰਨ ਲਈ ਸਹਾਇਕ ਯੂਨਿਟਾਂ/ਉਦਯੋਗਾਂ ਦੇ ਵਾਧੇ ਅਤੇ ਵਿਕਾਸ ਵਿੱਚ ਸਹਾਇਤਾ ਕਰਨ ਲਈ ਕਿਹਾ।
******
ਆਰਸੀਜੇ / ਐੱਸਕੇਪੀ / ਐੱਮਐੱਸ / ਆਈਏ
(Release ID: 1646790)
Visitor Counter : 172