ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਆਈਸੀਸੀਆਰ ਹੈੱਡਕੁਆਰਟਰਸ ’ਚ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੇ ਚਿੱਤਰ ਤੋਂ ਵਰਚੁਅਲੀ ਪਰਦਾ ਹਟਾਇਆ

Posted On: 16 AUG 2020 1:55PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (16 ਅਗਸਤ, 2020) ਨੂੰ ਇੰਡੀਅਨ ਕੌਂਸਲ ਫ਼ਾਰ ਕਲਚਰਲ ਰਿਲੇਸ਼ਨਸ’ (ਆਈਸੀਸੀਆਰ – ICCR) ਦੇ ਹੈੱਡਕੁਆਰਟਰਸ ਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ ਦੂਜੀ ਬਰਸੀ ਮੌਕੇ ਉਨ੍ਹਾਂ ਦੇ ਚਿੱਤਰ ਤੋਂ ਵਰਚੁਅਲ ਢੰਗ ਨਾਲ ਪਰਦਾ ਹਟਾਇਆ। ਸ਼੍ਰੀ ਅਟਲ ਬਿਹਾਰੀ ਵਾਜਪੇਈ ਜਦੋਂ ਵਿਦੇਸ਼ ਮੰਤਰੀ ਸਨ, ਤਦ ਉਹ ਮਾਰਚ 1977 ਤੋਂ ਲੈ ਕੇ ਅਗਸਤ 1979 ਤੱਕ ਆਈਸੀਸੀਆਰ ਦੇ ਐਕਸਆਫ਼ਿਸ਼ੀਓ ਪ੍ਰਧਾਨ ਰਹੇ ਸਨ।

 

ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਇਸ ਵਰਚੁਅਲ ਰਸਮ ਜ਼ਰੀਏ ਅਸੀਂ ਇੱਕ ਅਜਿਹੇ ਹੋਣਹਾਰ ਰਾਸ਼ਟਰਵਾਦੀ ਨੂੰ ਆਪਣਾ ਸਤਿਕਾਰ ਦੇ ਰਹੇ ਹਾਂ, ਜਿਨ੍ਹਾਂ ਨੇ ਭਾਰਤ ਦੀ ਸਿਆਸਤ ਵਿੱਚ ਕਈ ਸ਼ਾਨਦਾਰ ਅਧਿਆਇ ਰਚੇ। ਉਨ੍ਹਾਂ ਕਿਹਾ ਕਿ ਅਟਲ ਜੀ ਸਦਾ ਉਦਾਰਵਾਦੀ ਸੋਚ ਤੇ ਜਮਹੂਰੀ ਆਦਰਸ਼ਾਂ ਦੇ ਧਾਰਨੀ ਰਹੇ ਸਨ। ਉਨ੍ਹਾਂ ਪਾਰਟੀ ਕਾਰਕੁੰਨ, ਸੰਸਦ ਮੈਂਬਰ, ਸੰਸਦ ਦੀਆਂ ਅਹਿਮ ਸਥਾਈ ਕਮੇਟਾਂ ਦੇ ਚੇਅਰਮੈਨ, ਵਿਰੋਧੀ ਧਿਰ ਦੇ ਆਗੂ, ਵਿਦੇਸ਼ ਮੰਤਰੀ ਤੇ ਪ੍ਰਧਾਨ ਮੰਤਰੀ ਵਜੋਂ ਆਪਣੀਆਂ ਵਿਭਿੰਨ ਭੂਮਿਕਾਵਾਂ ਦੌਰਾਨ ਮਹਾਨ ਯੋਗਦਾਨ ਪਾਇਆ ਤੇ ਆਪਣੀ ਵਿਲੱਖਣ ਸ਼ਖ਼ਸੀਅਤ ਦੀ ਇੱਕ ਅਮਿੱਟ ਛਾਪ ਛੱਡੀ। ਅਟਲ ਜੀ ਨੇ ਆਪਣੇ ਆਚਾਰ ਦੁਆਰਾ ਸਾਰੀਆਂ ਸਿਆਸੀ ਪਾਰਟੀਆਂ ਤੇ ਜਨਤਕ ਜੀਵਨ ਵਿੱਚ ਸਰਗਰਮ ਲੋਕਾਂ ਨੂੰ ਸਿਖਾਇਆ ਕਿ ਰਾਸ਼ਟਰੀ ਹਿਤ ਸਦਾ ਸਰਬਉੱਚ ਹੁੰਦੇ ਹਨ।

 

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਕੋਵਿਡ–19 ਕਾਰਨ ਸਮੁੱਚਾ ਵਿਸ਼ਵ ਖ਼ਤਰੇ ਵਿੱਚ ਹੈ। ਪਰ ਉਨ੍ਹਾਂ ਭਰੋਸਾ ਪ੍ਰਗਟਾਉਂਦਿਆ ਕਿਹਾ ਕਿ ਇਸ ਮਹਾਮਾਰੀ ਪਿੱਛੋਂ ਸਾਰਾ ਮਾਹੌਲ ਠੀਕ ਹੋਣ ਤੋਂ ਬਾਅਦ ਅਸੀਂ ਪ੍ਰਗਤੀ ਤੇ ਖ਼ੁਸ਼ਹਾਲੀ ਦੇ ਪੱਥ ਉੱਤੇ ਤੇਜ਼ੀ ਨਾਲ ਅੱਗੇ ਵਧਾਂਗੇ ਅਤੇ ਅਸੀਂ ਅਟਲ ਜੀ ਦੇ ਸੁਪਨੇ ਨੂੰ ਸਾਕਾਰ ਕਰਦਿਆਂ 21ਵੀਂ ਸਦੀ ਨੂੰ ਭਾਰਤ ਦੀ ਸਦੀ ਬਣਾਉਣ ਵਿੱਚ ਸਫ਼ਲ ਹੋਵਾਂਗੇ।

 

ਇਸ ਤੋਂ ਪਹਿਲਾਂ ਰਾਸ਼ਟਰਪਤੀ ਅੱਜ ਸਵੇਰੇ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ ਯਾਦਗਾਰ – ‘ਸਦੈਵ ਅਟਲ’ ’ਤੇ ਗਏ ਅਤੇ ਸਾਬਕਾ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਦੂਜੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ।

 

 

 

 

ਰਾਸ਼ਟਰਪਤੀ ਦਾ ਸੰਬੋਧਨ ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ

 

***

ਵੀਆਰਆਰਕੇ/ਕੇਪੀ



(Release ID: 1646308) Visitor Counter : 160