ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਨੀਤੀ ਨਿਰਮਾਣ ਲਈ ਜ਼ਮੀਨੀ ਪੱਧਰ ਦੇ ਮੁੱਦਿਆਂ ਦਾ ਸੈਕਟਰ ਅਤੇ ਉਦਯੋਗ ਅਨੁਸਾਰ ਅਧਿਐਨ ਕਰਨਾ ਸਮੇਂ ਦੀ ਲੋੜ ਹੈ: ਸ਼੍ਰੀ ਨਿਤਿਨ ਗਡਕਰੀ
Posted On:
14 AUG 2020 2:49PM by PIB Chandigarh
ਸੂਖ਼ਮ, ਲਘੂ ਤੇ ਦਰਮਿਆਨੇ ਉੱਦਮ ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਬੁੱਧੀਜੀਵੀਆਂ ਦੁਆਰਾ ਜ਼ਮੀਨੀ ਪੱਧਰ ਦੇ ਮੁੱਦਿਆਂ ਦੇ ਸੈਕਟਰ ਅਨੁਸਾਰ ਅਤੇ ਉਦਯੋਗ ਅਧਾਰਤ ਅਧਿਐਨ ਦੀ ਜ਼ਰੂਰਤ 'ਤੇ ਚਾਨਣਾ ਪਾਇਆ ਹੈ ਤਾਂ ਜੋ ਉਨ੍ਹਾਂ ਦੀਆਂ ਸਿਫਾਰਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਨਵੀਆਂ ਨੀਤੀਆਂ ਬਣਾਈਆਂ ਜਾ ਸਕਣ। ਉਨ੍ਹਾਂ ਇਹ ਗੱਲ ਅੱਜ ਇੱਕ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਆਖੀ। ਸੂਖ਼ਮ, ਲਘੂ ਅਤੇ ਦਰਮਿਆਨੇ ਉੱਦਮ ਮੈਂਬਰ ਸੰਸਥਾਵਾਂ ਅਤੇ ਐੱਫਆਈਸੀਸੀਆਈ ਦੇ ਸੈਕਟਰਲ ਐਸੋਸੀਏਸ਼ਨਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਾਰੇ ਸੈਕਟਰ ਜਿਵੇਂ ਪਲਾਸਟਿਕ, ਕੱਪੜਾ, ਚਮੜਾ, ਫਾਰਮਾਸਿਊਟੀਕਲ ਆਦਿ ਅਤੇ ਉਨ੍ਹਾਂ ਨਾਲ ਜੁੜੇ ਉਦਯੋਗਾਂ ਨੂੰ ਵਿਲੱਖਣ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਫਿੱਕੀ (FICCI ) ਅਤੇ ਹੋਰ ਉਦਯੋਗਿਕ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਵੱਖ-ਵੱਖ ਬੁੱਧੀਜੀਵੀਆਂ ਰਾਹੀਂ ਮਹੱਤਵਪੂਰਨ ਖੇਤਰਾਂ ਦੀਆਂ ਜ਼ਮੀਨੀ ਪੱਧਰ ਦੀਆਂ ਸਮੱਸਿਆਵਾਂ ਦਾ ਅਧਿਐਨ ਕਰਨ ਅਤੇ ਆਪਣੀ ਸਿਫਾਰਸ਼ ਪੇਸ਼ ਕਰਨ ਕਿ ਵੱਖ -ਵੱਖ ਸਮੱਸਿਆਵਾਂ ਦੇ ਹੱਲ ਲਈ ਕਿਹੜੇ ਨੀਤੀਗਤ ਫੈਸਲੇ ਲਏ ਜਾ ਸਕਦੇ ਹਨ।
ਉਨ੍ਹਾਂ ਉਦਯੋਗ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਤਮ ਨਿਰਭਰ ਭਾਰਤ ਅਭਿਯਾਨ ਦੀ ਪਹਿਲ ਨਾਲ ਜੁੜੇ ਰਹਿਣ ਤਾਂ ਜੋ ਆਯਾਤ ਬਿੱਲ ਨੂੰ ਘੱਟ ਕੀਤਾ ਜਾ ਸਕੇ ਅਤੇ ਦੇਸ਼ ਵਿੱਚ ਨਿਰਮਾਣ ਕਾਰਜਾਂ ਅਤੇ ਉਤਪਾਦਨ ਨੂੰ ਵਧਾਉਣ ਨਾਲ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋ ਸਕਣ।
ਸ੍ਰੀ ਗਡਕਰੀ ਨੇ ਕਿਹਾ, “ਅਸੀਂ ਪੂਰੇ ਦੇਸ਼ ਵਿੱਚ ਵਿਸ਼ੇਸ਼ ਕਰਕੇ ਗ੍ਰਾਮੀਣ, ਕਬਾਇਲੀ ਅਤੇ ਖੇਤੀਬਾੜੀ ਖੇਤਰਾਂ ਵਿੱਚ ਉਦਯੋਗਿਕ ਸਮੂਹਾਂ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।” ਉਨ੍ਹਾਂ ਕਿਹਾ ਕਿ ਇੱਕ ਸਮਾਜਿਕ ਸੂਖਮ ਵਿੱਤ ਸੰਸਥਾ ਲਈ ਨੀਤੀ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ ਜੋ ਕਿ ਬਹੁਤ ਛੋਟੇ ਉਦਯੋਗਪਤੀਆਂ, ਕਾਰੋਬਾਰਾਂ ਅਤੇ ਦੁਕਾਨਾਂ ਦੇ ਮਾਲਕਾਂ, ਆਦਿ ਲਈ 10 ਲੱਖ ਰੁਪਏ ਤੱਕ ਵਿੱਤ ਉਪਲਬਧ ਕਰਵਾਏਗੀ।
ਮੰਤਰੀ ਨੇ ਇਹ ਸੁਝਾਅ ਵੀ ਦਿੱਤਾ ਕਿ ਸਮਾਜਿਕ ਦੂਰੀ ਇਕ ਨਵਾਂ ਨਿਯਮ ਹੈ, ਇਸ ਲਈ ਐੱਮਐੱਸਐੱਮਈਜ਼ ਵਿੱਚ ਸਵੈ-ਚਾਲਨ ਅਤੇ ਡਿਜੀਟਲਾਈਜੇਸ਼ਨ ਨੂੰ ਵੱਡੇ ਪੱਧਰ 'ਤੇ ਅਪਣਾਇਆ ਜਾਣਾ ਚਾਹੀਦਾ ਹੈ।
ਉਦਯੋਗ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਹੋਰ ਸੁਝਾਵਾਂ ਦੇ ਨਾਲ ਚੋਟੀ ਦੇ 50,000 ਐੱਮਐੱਸਐੱਮਈ ਦੀ ਇੱਕ ਔਨਲਾਈਨ ਡਿਜੀਟਲ ਡਾਇਰੈਕਟਰੀ ਬਣਾਉਣ ਦਾ ਸੁਝਾਅ ਦਿੱਤਾ ਅਤੇ ਆਤਮ ਨਿਰਭਰ ਭਾਰਤ ਅਭਿਯਾਨ ਦੇ ਉਦੇਸ਼ ਲਈ ਪੂਰਨ ਸਹਿਯੋਗ ਕਰਨ ਦਾ ਭਰੋਸਾ ਦਿੱਤਾ।
****
ਆਰਸੀਜੇ/ਐੱਸਕੇਪੀ/ਆਈਏ
(Release ID: 1645987)
Visitor Counter : 170