ਸਿੱਖਿਆ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸ ਜ਼ਰੀਏ ਵਿਸ਼ਵ ਦੇ ਹੁਣ ਤੱਕ ਦੇ ਸਭ ਤੋਂ ਵਿਸ਼ਾਲ ਔਨਲਾਈਨ ਹੈਕਾਥੌਨ ਦੇ ਗ੍ਰੈਂਡ ਫ਼ਿਨਾਲੇ ਦੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 21ਵੀਂ ਸਦੀ ਦੇ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਪ੍ਰਤੀਬਿੰਬਤ ਕਰਦੀ ਹੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਦਾ ਉਦੇਸ਼ ਵੱਡੇ ਪਰਿਵਰਤਨਾਤਮਕ ਸੁਧਾਰ ਲਿਆਉਣਾ; ਨੌਕਰੀਆਂ ਲੱਭਣ ਵਾਲੇ ਨਹੀਂ, ਬਲਕਿ ਰੋਜ਼ਗਾਰ ਸਿਰਜਕ ਬਣਾਉਣ ’ਤੇ ਧਿਆਨ ਕੇਂਦ੍ਰਿਤ ਕਰਦੀ ਹੈ

ਇਸ ਤੋਂ ਪਹਿਲਾਂ, ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਸਮਾਰਟ ਇੰਡੀਆ ਹੈਕਾਥੌਨ (ਸਾਫ਼ਟਵੇਅਰ) – 2020 ਦੇ ਚੌਥੇ ਸੰਸਥਰਣ ਦੇ ਗ੍ਰੈਂਡ ਫ਼ਿਨਾਲੇ ਦਾ ਵਰਚੁਅਲੀ ਕੀਤਾ ਉਦਘਾਟਨ

ਐੱਸਆਈਐੱਚ–2020 ਵਿਸ਼ਵ ਦਾ ਸਭ ਤੋਂ ਵੱਡਾ ਓਪਨ ਇਨੋਵੇਸ਼ਨ ਮੌਡਲ ਜਿਸ ਵਿੱਚ 4.5 ਲੱਖ ਵਿਦਿਆਰਥੀ, 2000+ ਵਿੱਦਿਅਕ ਸੰਸਥਾਨ, 1000+ ਮਾਰਗ–ਦਰਸ਼ਕ, 1500+ ਮੁੱਲਾਂਕਣਕਰਤਾ, 70+ ਸਮੱਸਿਆ ਕਥਨ

Posted On: 01 AUG 2020 8:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ਸਮਾਰਟ ਇੰਡੀਆ ਹੈਕਾਥੌਨ (ਸੌਫ਼ਟਵੇਅਰ) ਦੇ ਗ੍ਰੈਂਡ ਫ਼ਿਨਾਲੇ ਦੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ।

 

ਸਮਾਰਟ ਇੰਡੀਆ ਹੈਕਾਥੌਨ

ਸਮਾਰਟ ਇੰਡੀਆ ਹੈਕਾਥੌਨਦੇ ਗ੍ਰੈਂਡ ਫ਼ਿਨਾਲੇ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦਾ ਕਈ ਹੱਲ ਲੱਭਣ ਲਈ ਵਿਦਿਆਰਥੀ ਕੰਮ ਕਰ ਰਹੇ ਹਨ। ਇਨ੍ਹਾਂ ਸਮੱਸਿਆਵਾਂ ਦੇ ਹੱਲ ਮੁਹੱਈਆ ਹੋਣ ਦੇ ਨਾਲ, ਡਾਟਾ, ਡਿਜੀਟਾਈਜ਼ੇਸ਼ਨ ਤੇ ਹਾਈਟੈੱਕ ਭਵਿੱਖ ਬਾਰੇ ਭਵਿੱਖ ਦੀਆਂ ਆਸਾਂ ਵੀ ਮਜ਼ਬੂਤ ਹੁੰਦੀਆਂ ਹਨ। ਤੇਜ਼ ਰਫ਼ਤਾਰ 21ਵੀਂ ਸਦੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਪ੍ਰਭਾਵਸ਼ਾਲੀ ਭੂਮਿਕਾ ਨਿਰੰਤਰ ਨਿਭਾਉਂਦੇ ਰਹਿਣ ਲਈ ਖ਼ੁਦ ਨੂੰ ਤੇਜ਼ੀ ਨਾਲ ਬਦਲਣ ਦੀ ਜ਼ਰੂਰਤ ਹੈ, ਇਸੇ ਲਈ ਨਵੀਆਂ ਖੋਜਾਂ, ਖੋਜ, ਡਿਜ਼ਾਇਨ, ਵਿਕਾਸ ਤੇ ਉੱਦਮਤਾ ਲਈ ਦੇਸ਼ ਵਿੱਚ ਲੋੜੀਂਦਾ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦ੍ਰਿੜ੍ਹਤਾਪੂਰਬਕ ਕਿਹਾ ਕਿ ਭਾਰਤ ਦੀ ਸਿੱਖਿਆ ਨੂੰ ਵਧੇਰੇ ਆਧੁਨਿਕ ਬਣਾਉਣ ਤੇ ਪ੍ਰਤਿਭਾ ਲਈ ਮੌਕੇ ਪੈਦਾ ਕਰਨ ਦਾ ਉਦੇਸ਼ ਹੈ।

ਨਵੀਂ ਸਿੱਖਿਆ ਨੀਤੀ

ਨਵੀਂ ਸਿੱਖਿਆ ਨੀਤੀ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੂੰ 21ਵੀਂ ਸਦੀ ਦੇ ਨੌਜਵਾਨਾਂ ਦੇ ਵਿਚਾਰਾਂ, ਜ਼ਰੂਰਤਾਂ, ਆਸਾਂ ਤੇ ਖ਼ਾਹਿਸ਼ਾਂ ਨੂੰ ਧਿਆਨ ਚ ਰੱਖਦਿਆਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਮਹਿਜ਼ ਇੱਕ ਨੀਤੀਦਸਤਾਵੇਜ਼ ਨਹੀਂ ਹੈ, ਬਲਕਿ 130 ਕਰੋੜ ਤੋਂ ਵੱਧ ਭਾਰਤੀਆਂ ਦੀਆਂ ਇੱਛਾਵਾਂ ਦਾ ਪ੍ਰਤੀਬਿੰਬ ਵੀ ਹੈ। ਉਨ੍ਹਾਂ ਕਿਹਾ ਅੱਜ ਬਹੁਤ ਸਾਰੇ ਬੱਚੇ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਅਜਿਹੇ ਕਿਸੇ ਵਿਸ਼ੇ ਦੇ ਅਧਾਰ ਤੇ ਪਰਖਿਆ ਜਾਂਦਾ ਹੈ, ਜਿਸ ਵਿੱਚ ਉਨ੍ਹਾਂ ਦੀ ਕੋਈ ਦਿਲਚਸਪੀ ਹੀ ਨਹੀਂ ਹੁੰਦੀ। ਮਾਪਿਆਂ, ਰਿਸ਼ਤੇਦਾਰਾਂ, ਦੋਸਤਾਂ ਆਦਿ ਦੇ ਦਬਾਅ ਕਾਰਣ ਬੱਚਿਆਂ ਨੂੰ ਹੋਰਨਾਂ ਵੱਲੋਂ ਚੁਣੇ ਵਿਸ਼ਿਆਂ ਦੀ ਪੜ੍ਹਾਈ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਇਸੇ ਕਾਰਣ ਅੱਜ ਇੱਕ ਅਜਿਹੀ ਵੱਡੀ ਆਬਾਦੀ ਪੈਦਾ ਹੋ ਗਈ ਹੈ, ਜੋ ਪੜ੍ਹੀਲਿਖੀ ਤਾਂ ਬਹੁਤ ਹੈ ਪਰ ਜੋ ਕੁਝ ਵੀ ਉਨ੍ਹਾਂ ਨੇ ਪੜ੍ਹਿਆ ਹੈ, ਉਸ ਦਾ ਉਨ੍ਹਾਂ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ।ਉਨ੍ਹਾਂ ਆਪਣੇ ਨੁਕਤੇ ਤੇ ਜ਼ੋਰ ਦਿੰਦਿਆਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਭਾਰਤ ਦੇ ਵਿੱਦਿਅਕ ਢਾਂਚੇ ਵਿੱਚ ਪ੍ਰਣਾਲੀਬੱਧ ਸੁਧਾਰ ਲਿਆ ਕੇ ਅਜਿਹੀ ਪਹੁੰਚ ਬਦਲਣਾ ਲੋਚਦੀ ਹੈ ਅਤੇ ਸਿੱਖਿਆ ਦੀ ਇੱਛਾ ਤੇ ਵਿਸ਼ੇ ਦੋਵਾਂ ਦਾ ਕਾਇਆਕਲਪ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਦਾ ਧਿਆਨ ਅਜਿਹਾ ਕੁਝ ਸਿੱਖਣ ਤੇ ਖੋਜ ਕਰਨ ਉੱਤੇ ਕੇਂਦ੍ਰਿਤ ਹੈ, ਜਿੱਥੇ ਸਕੂਲ, ਕਾਲਜ ਤੇ ਯੂਨੀਵਰਸਿਟੀ ਦੇ ਅਨੁਭਵ ਨੂੰ: ਫਲਦਾਇਕ, ਵਿਆਪਕ ਤੇ ਵਿਦਿਆਰਥੀਆਂ ਦੀ ਕੁਦਰਤੀ ਪ੍ਰਤਿਭਾ ਦਾ ਮਾਰਗਦਰਸ਼ਕ ਬਣਾਇਆ ਜਾ ਸਕੇ।

ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈਕਾਥੌਨ ਕੋਈ ਪਹਿਲੀ ਸਮੱਸਿਆ ਨਹੀਂ ਹੈ, ਜਿਸ ਨੂੰ ਤੁਸੀਂ ਹੱਲ ਕਰਨ ਦਾ ਯਤਨ ਕੀਤਾ ਹੈ ਤੇ ਨਾ ਹੀ ਇਹ ਕੋਈ ਆਖ਼ਰੀ ਕੋਸ਼ਿਸ਼ ਹੈ।ਉਨ੍ਹਾਂ ਇੱਛਾ ਪ੍ਰਗਟਾਈ ਕਿ ਨੌਜਵਾਨ ਇਹ ਤਿੰਨ ਚੀਜ਼ਾਂ ਜਾਰੀ ਰੱਖਣ: ਸਿੱਖਣਾ, ਸੁਆਲ ਕਰਨਾ ਤੇ ਹੱਲ ਲੱਭਣਾ ਕਰਨਾ। ਉਨ੍ਹਾਂ ਕਿਹਾ ਕਿ ਜਦੋਂ ਕੋਈ ਕੁਝ ਸਿੱਖਦਾ ਹੈ, ਕਿਸੇ ਨੂੰ ਸੁਆਲ ਕਰਨ ਦੀ ਸੂਝ ਆ ਜਾਂਦੀ ਹੈ ਤੇ ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ ਇਸੇ ਭਾਵਨਾ ਨੂੰ ਪ੍ਰਤੀਬਿੰਬਤ ਕਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਧਿਆਨ ਸਕੂਲੀ ਬਸਤੇ ਦੇ ਬੋਝ ਤੋਂ ਤਬਦੀਲ ਹੋ ਕੇ ਸਿੱਖਿਆ ਦੇ ਫ਼ਾਇਦਿਆਂ ਵਿੱਚ ਤਬਦੀਲ ਹੋ ਗਿਆ ਹੈ ਕਿਉਂਕਿ ਅਜਿਹਾ ਬੋਝ ਸਕੂਲ ਤੋਂ ਬਾਹਰ ਨਹੀਂ ਹੁੰਦਾ; ਇਸ ਦਾ ਲਾਭ ਸਾਰੀ ਜ਼ਿੰਦਗੀ ਹੁੰਦਾ ਹੈ ਤੇ ਇੰਝ ਵਿਦਿਆਰਥੀ ਸਿਰਫ਼ ਘੋਟੇ ਤੇ ਰੱਟੇ ਮਾਰਨ ਦੀ ਥਾਂ ਆਲੋਚਨਾਤਮਕ ਸੋਚਣੀ ਦਾ ਧਾਰਨੀ ਬਣਦਾ ਹੈ।

ਸਿੱਖਿਆ ਤੱਕ ਪਹੁੰਚ

ਬਾਬਾ ਸਾਹਿਬ ਅੰਬੇਡਕਰ ਦੀ ਟੂਕ – ‘ਸਿੱਖਿਆ ਤੱਕ ਸਭ ਦੀ ਪਹੁੰਚ ਹੋਣੀ ਚਾਹੀਦੀ ਹੈਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਿੱਖਿਆ ਨੀਤੀ ਪਹੁੰਚਯੋਗ ਸਿੱਖਿਆ ਦੇ ਵਿਚਾਰ ਨੂੰ ਵੀ ਸਮਰਪਿਤ ਹੈ। ਰਾਸ਼ਟਰੀ ਸਿੱਖਿਆ ਨੀਤੀ ਸਿੱਖਿਆ ਤੱਕ ਪਹੁੰਚ ਉੱਤੇ ਪ੍ਰਾਇਮਰੀ ਸਿੱਖਿਆ ਦੀ ਸ਼ੁਰੂਆਤ ਤੋਂ ਹੀ ਵਧੇਰੇ ਧਿਆਨ ਕੇਂਦ੍ਰਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਨੀਤੀ ਦਾ ਉਦੇਸ਼ ਸਾਲ 2035 ਤੱਕ ਉੱਚ ਸਿੱਖਿਆ ਵਿੱਚ ਵਿਦਿਆਰਥੀਆਂ ਦਾ ਕੁੱਲ ਦਾਖ਼ਲਾ ਅਨੁਪਾਤ ਵਧਾਉਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਿੱਖਿਆ ਨੀਤੀ ਨੌਕਰੀਆਂ ਲੱਭਣ ਵਾਲੇ ਉਮੀਦਵਾਰ ਨਹੀਂ, ਬਲਕਿ ਰੋਜ਼ਗਾਰ ਸਿਰਜਕ ਬਣਾਉਣ ਉੱਤੇ ਜ਼ੋਰ ਦਿੰਦੀ ਹੈ। ਭਾਵ ਇੰਝ ਇਹ ਸਾਡੀ ਮਾਨਸਿਕਤਾ ਤੇ ਸਾਡੀ ਪਹੁੰਚ ਵਿੱਚ ਸੁਧਾਰ ਲਿਆਉਣ ਦਾ ਇੱਕ ਯਤਨ ਹੈ।

ਵਿਸ਼ਵ ਦੀ ਅਖੰਡਤਾ ਉੱਤੇ ਜ਼ੋਰ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨੀਤੀ ਜਿੰਨਾ ਧਿਆਨ ਸਥਾਨਕ ਪੱਧਰ ਦਾ ਰੱਖਦੀ ਹੈ, ਓਨਾ ਹੀ ਜ਼ੋਰ ਉਹ ਵਿਸ਼ਵ ਦੀ ਅਖੰਡਤਾ ਉੱਤੇ ਵੀ ਦਿੰਦੀ ਹੈ। ਵਿਸ਼ਵ ਦੇ ਚੋਟੀ ਦੇ ਸੰਸਥਾਨਾਂ ਨੂੰ ਭਾਰਤ ਵਿੱਚ ਕੈਂਪਸ ਖੋਲ੍ਹਣ ਲਈ ਉਤਸ਼ਾਹਿਤ ਕੀਤਾ ਗਿਆ ਹੈ। ਇਸ ਨਾਲ ਭਾਰਤੀ ਨੌਜਵਾਨਾਂ ਨੂੰ ਵਿਸ਼ਵਪੱਧਰੀ ਮੌਕੇ ਮਿਲਣ ਦਾ ਲਾਭ ਪੁੱਜੇਗਾ ਅਤੇ ਉਨ੍ਹਾਂ ਨੂੰ ਵਿਸ਼ਵ ਦੇ ਮੁੱਖ ਮੁਕਾਬਲਿਆਂ ਦੀ ਤਿਆਰੀ ਕਰਨ ਵਿੱਚ ਵੀ ਮਦਦ ਮਿਲੇਗੀ। ਇਸ ਨਾਲ ਭਾਰਤ ਵਿੱਚ ਵਿਸ਼ਵਪੱਧਰੀ ਸੰਸਥਾਨਾਂ ਦੀ ਉਸਾਰੀ ਵਿੱਚ ਵੀ ਮਦਦ ਮਿਲੇਗੀ ਤੇ ਭਾਰਤ ਵਿਸ਼ਵਸਿੱਖਿਆ ਦਾ ਇੱਕ ਧੁਰਾ ਬਣੇਗਾ।

 

ਸਮਾਰਟ ਇੰਡੀਆ ਹੈਕਾਥੌਨ 2020’ ਦੇ ਗ੍ਰੈਂਡ ਫ਼ਿਨਾਲੇ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੂਰਾ ਪਾਠ ਦੇਖਣ ਲਈ ਇੱਥੇ ਕਲਿੱਕ ਕਰੋ

 

ਇਸ ਤੋਂ ਪਹਿਲਾਂ ਅੱਜ ਸਵੇਰੇ, ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਨੇ ਨਵੀਂ ਦਿੱਲੀ ਵਿੱਚ ਸਮਾਰਟ ਇੰਡੀਆ ਹੈਕਾਥੌਨ (ਸੌਫ਼ਟਵੇਅਰ) – 2020’ ਦੇ ਚੌਥੇ ਸੰਸਕਰਣ ਦੇ ਗ੍ਰੈਂਡ ਫ਼ਿਨਾਲੇ ਦਾ ਵਰਚੁਅਲ ਤੌਰ ਤੇ ਉਦਘਾਟਨ ਕੀਤਾ। ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ, ਸ਼੍ਰੀ ਸੰਜੈ ਧੋਤ੍ਰੇ, ਸਕੱਤਰ, ਉੱਚ ਸਿੱਖਿਆ ਸ਼੍ਰੀ ਅਮਿਤ ਖਰੇ; ਚੇਅਰਮੈਨ ਏਆਈਸੀਟੀਈ ਪ੍ਰੋ. ਅਨਿਲ ਸਹਸ੍ਰੇਬੁੱਧੇ; ਚੀਫ਼ ਇਨੋਵੇਸ਼ਨ ਆਫ਼ੀਸਰ ਡਾ. ਅਭੈ ਜੇਰੇ ਇਸ ਮੌਕੇ ਮੌਜੂਦ ਸਨ। ਇਸ ਹੈਕਾਥੌਨ ਦਾ ਆਯੋਜਨ ਭਾਰਤ ਸਰਕਾਰ ਦੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ; ਆਲ ਇੰਡੀਆ ਕੌਂਸਲ ਫ਼ਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ – AICTE) ਪਰਜ਼ਿਸਟੈਂਟ ਸਿਸਟਮਸ ਐਂਡ i4c ਵੱਲੋਂ ਕੀਤਾ ਗਿਆ ਹੈ।

ਉਦਘਾਟਨ ਦੀ ਰਸਮ ਦੌਰਾਨ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਨੇ ਕਿਹਾ ਕਿ ਇਸ ਸਾਲ ਦੇ ਮੁਕਾਬਲੇ ਦੇ ਪਹਿਲੇ ਗੇੜ 4.5 ਲੱਖ ਤੋਂ ਵੱਧ ਵਿਦਿਆਰਥੀਆਂ ਤੋਂ ਬਹੁਤ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਡੇ ਦੇਸ਼ ਵਿੱਚ ਡਿਜੀਟਲ ਵੰਡੀਆਂ ਦਾ ਪਾੜਾ ਪੂਰਨ ਅਤੇ ਵਿਕਾਸ ਨੂੰ ਇੱਕ ਵਿਆਪਕ ਜਨਮੁਹਿੰਮ ਬਣਾਉਣ ਲਈ ਡਿਜੀਟਲ ਸਾਖਰਤਾ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਭਾਰਤ ਵਿੱਚ ਸ਼ਾਸਨ ਨੂੰ ਹਰੇਕ ਦੀ ਪਹੁੰਚ ਵਿੱਚ ਲਿਆਉਣ ਲਈ ਡਿਜੀਟਲ ਇੰਡੀਆਦੀ ਸਥਾਪਨਾ ਦੀ ਕਲਪਨਾ ਕੀਤੀ ਹੈ। ਅਸੀਂ ਸਾਰੇ ਕੋਵਿਡ–19 ਦੀ ਮੌਜੂਦਾ ਮਹਾਮਾਰੀ ਦੌਰਾਨ ਡਿਜੀਟਲ ਇੰਡੀਆਪਹਿਲਾਂ ਦੇ ਫ਼ਾਇਦਿਆਂ ਨੂੰ ਪ੍ਰਤੱਖ ਦੇਖ ਰਹੇ ਹਾਂ।

ਸ਼੍ਰੀ ਪੋਖਰਿਯਾਲ ਨੇ ਆਪਣਾ ਨੁਕਤਾ ਉਜਾਗਰ ਕਰਦਿਆਂ ਕਿਹਾ ਕਿ ਇਹ ਹੈਕਾਥੌਨ ਵਿਸ਼ਵ ਦਾ ਸਭ ਤੋਂ ਵੱਡਾ ਓਪਨ ਇਨੋਵੇਸ਼ਨ ਮੌਡਲ ਹੈ; ਜਿਸ ਵਿੱਚ ਕੇਂਦਰੀ ਮੰਤਰਾਲਿਆਂ, ਰਾਜ ਸਰਕਾਰ ਦੇ ਵਿਭਾਗਾਂ ਅਤੇ ਨਿਜੀ ਉਦਯੋਗਾਂ ਸਮੇਤ 4.5 ਲੱਖ ਤੋਂ ਵੱਧ ਵਿਦਿਆਰਥੀ, 2000+ ਵਿੱਦਿਅਕ ਸੰਸਥਾਨ, 1000+ ਮਾਰਗਦਰਸ਼ਕ, 1500+ ਮੁੱਲਾਂਕਣਕਰਤਾ, 70+ ਸਮੱਸਿਆ ਭੇਜਣ ਵਾਲੀਆਂ ਏਜੰਸੀਆਂ ਸ਼ਾਮਲ ਹਨ ਅਤੇ ਇੰਝ ਇਹ ਸੱਚਾ ਪੀਪੀਪੀ ਮੌਡਲ ਹੈ। ਇਸ ਕਿਸਮ ਦਾ ਮੌਡਲ ਵਿਸ਼ਵ ਵਿੱਚ ਕਿਤੇ ਵੀ ਮੌਜੂਦ ਨਹੀਂ ਹੈ, ਜਿੱਥੇ ਇੱਕੋ ਵੇਲੇ ਇੰਨੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਭਾਗ ਲੈ ਸਕਦੇ ਹੋਣ।

ਸ਼੍ਰੀ ਪੋਖਰਿਯਾਲ ਨੇ ਆਤਮਨਿਰਭਰ ਭਾਰਤ ਲਈ ਨਵੀਨਤਾ ਦੇ ਸੱਭਿਆਚਾਰ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਗੀਦਾਰਾਂ ਵੱਲੋਂ ਲੱਭਿਆ ਗਿਆ ਐੱਸਆਈਐੱਚ (SIH) ਦਾ ਹੱਲ ਪ੍ਰਧਾਨ ਮੰਤਰੀ ਦੀ ਅਰਥਵਿਵਸਥਾ ਨੂੰ ਹੱਲਾਸ਼ੇਰੀ ਦੇਣ ਵਾਲੀ ਵੋਕਲ ਫ਼ਾਰ ਲੋਕਲਇੱਛਾ ਨੂੰ ਹੋਰ ਮਜ਼ਬੂਤ ਕਰਦਾ ਹੈ। ਮੰਤਰੀ ਨੇ ਸੂਚਿਤ ਕੀਤਾ ਕਿ ਇਸ ਵਰ੍ਹੇ, ਸਾਡੇ ਕੋਲ ਕੇਂਦਰ ਸਰਕਾਰ ਦੇ 37 ਵਿਭਾਗਾਂ, 13 ਰਾਜ ਸਰਕਾਰਾਂ ਤੇ 20 ਉਦਯੋਗਾਂ ਤੋਂ 243 ਸਮੱਸਿਆ ਕਥਨ ਹੱਲ ਕਰਨ ਲਈ 10,000 ਤੋਂ ਵੱਧ ਭਾਗੀਦਾਰ ਮੁਕਾਬਲੇ ਵਿੱਚ ਸ਼ਾਮਲ ਹੋਣਗੇ। ਹਰੇਕ ਸਮੱਸਿਆ ਕਥਨ ਲਈ 1,00,000 ਰੁਪਏ ਦੀ ਇਨਾਮੀ ਰਾਸ਼ੀ ਰੱਖੀ ਗਈ ਹੈ ਤੇ ਇਸ ਦੇ ਨਾਲ ਹੀ ਸਟੂਡੈਂਟ ਇਨੋਵੇਸ਼ਨ ਥੀਮਹੋਵੇਗਾ ਜਿਸ ਦੇ ਤਿੰਨ ਜੇਤੂ ਫ਼ਸਟ, ਸੈਕੰਡ ਅਤੇ ਥਰਡ ਹੋਣਗੇ ਤੇ ਇਨ੍ਹਾਂ ਲਈ ਇਨਾਮੀ ਰਾਸ਼ੀ ਕ੍ਰਮਵਾਰ 1,00,000 ਰੁਪਏ, 75,000 ਰੁਪਏ ਅਤੇ 50,000 ਰੁਪਏ ਹੋਵੇਗੀ।

ਇਸ ਮੌਕੇ ਬੋਲਦਿਆਂ ਸ਼੍ਰੀ ਧੋਤ੍ਰੇ ਨੇ ਕਿਹਾ ਕਿ ਅਸੀਂ ਆਪਣੇ ਰੋਜ਼ਮੱਰਾ ਦੇ ਜੀਵਨਾਂ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਾਂ। ਇਸ ਪ੍ਰਕਾਰ, ਉਤਪਾਦ ਨਵੀਨਤਾ ਦਾ ਸੱਭਿਆਚਾਰ ਪੈਦਾ ਕਰਨ ਅਤੇ ਸਮੱਸਿਆ ਹੱਲ ਕਰਨ ਦੀ ਮਾਨਸਿਕਤਾ, ਆਬਾਦੀ ਦੇ ਲਾਭਾਂਸ਼, ਊਰਜਾ ਤੇ ਨੌਜਵਾਨਾਂ ਦੇ ਵਿਚਾਰਾਂ ਦਾ ਉਪਯੋਗ ਕਰਨ ਲਈ ਸਾਰਾ ਸਾਲ ਸੰਸਥਾਨ ਪੱਧਰ ਉੱਤੇ ਅਜਿਹੀਆਂ ਗਤੀਵਿਧੀਆਂ ਜ਼ਰੂਰੀ ਹਨ। ਉਨ੍ਹਾਂ ਇਹ ਵੀ ਸੁਝਾਇਆ ਕਿ ਸੰਸਥਾਨਾਂ ਕੋਲ ਸਮੱਸਿਆ ਕਥਨਾਂ ਦਾ ਇੱਕ ਬੈਂਕ (ਭੰਡਾਰ) ਹੋਣਾ ਚਾਹੀਦਾ ਹੈ, ਤਾਂ ਜੋ ਇੱਕ ਵਿਦਿਆਰਥੀ ਆਪਣੀ ਦਿਲਚਸਪੀ ਮੁਤਾਬਕ ਇੱਕ ਸਮੱਸਿਆ ਹੱਲ ਕਰਨ ਦਾ ਯਤਨ ਕਰ ਸਕੇ। ਵਿਦਿਆਰਥੀਆਂ ਨੂੰ ਅਟਲ ਟਿੰਕਰਿੰਗ ਲੈਬਜ਼ਜ਼ਰੀਏ ਸਕੂਲ ਪੱਧਰ ਤੇ ਦੁਨੀਆ ਸਾਹਮਣੇ ਆਉਣ ਦਾ ਮੌਕਾ ਮਿਲਦਾ ਹੈ। ਅਟਲ ਟਿੰਕਰਿੰਗ ਲੈਬਜ਼’ ’ਚ ਵਿਕਸਤ ਵਿਚਾਰ ਜਾਂ ਮੌਡਲਜ਼ ਅੱਗੇ ਐੱਸਆਈਐੱਚ (SIH) ਵਿੱਚ ਲਿਜਾਂਦੇ ਜਾ ਸਕਦੇ ਹਨ। ਇੱਕ ਹੋਰ ਪ੍ਰਮੁੱਖ ਦਵਾ ਖੋਜ ਹੈਕਾਥੌਨ ਅਜਿਹੀਆਂ ਮਹਾਮਾਰੀਆਂ ਨਾਲ ਲੜਨ ਵਿੱਚ ਮਦਦ ਲਈ ਨਵੀਂ ਦਵਾਈਆਂ ਦੀ ਖੋਜ ਕਰਨ ਦੇ ਮਾਰਗ ਉੱਤੇ ਅੱਗੇ ਵਧ ਰਹੀਆਂ ਹਨ।

ਸਕੱਤਰ, ਉੱਚ ਸਿੱਖਿਆ, ਸ਼੍ਰੀ ਅਮਿਤ ਖਰੇ ਨੇ ਕਿਹਾ ਕਿ ਸਮਾਰਟ ਇੰਡੀਆ ਹੈਕਾਥੌਨ 2020’ (ਐੱਸਆਈਐੱਚ 2020 – SIH 2020) ਇੱਕ ਔਨਲਾਈਨ ਮੰਚ ਜ਼ਰੀਏ ਆਯੋਜਿਤ ਕੀਤਾ ਜਾ ਰਿਹਾ ਹੈ। ਸਿੱਖਣ ਦੇ ਔਨਲਾਈਨ ਮੰਚਾਂ ਨੂੰ ਅਪਣਾ ਕੇ ਵਿੱਦਿਅਕ ਪ੍ਰਣਾਲੀ ਦੀ ਕਾਇਆਕਲਪ ਕੀਤੀ ਜਾ ਰਹੀ ਹੈ। ਸਮਾਰਟ ਇੰਡੀਆ ਹੈਕਾਥੌਨਦੀ ਮਹਾਨ ਸਫ਼ਲਤਾ ਤੋਂ ਬਾਅਦ, ਦੋ ਪ੍ਰਮੁੱਖ ਕੌਮਾਂਤਰੀ ਹੈਕਾਥੌਨਜ਼ ਭਾਵ ਭਾਰਤਪੁਰਤਗਾਲ ਹੈਕਾਥੌਨ ਅਤੇ ਭਾਰਤਆਸੀਆਨ ਹੈਕਾਥੌਨ ਹੋਣ ਜਾ ਰਹੇ ਹਨ ਇਹ ਲੋਕਲ ਤੋਂ ਗਲੋਬਲਵੱਲ ਜਾਣ ਦੇ ਸੱਚੇ ਸੂਚਕ ਹਨ।

ਉਨ੍ਹਾਂ ਕਿਹਾ ਕਿ ਐੱਸਆਈਐੱਚ (SIH) ਵਿਕਾਸ ਦੀ ਪ੍ਰਕਿਰਿਆ ਵਿੱਚ ਪੂਰੀ ਤਰ੍ਹਾਂ ਭਾਗ ਲੈਣ ਹਿਤ ਨੌਜਵਾਨਾਂ ਲਈ ਜ਼ਰੂਰੀ ਗਿਆਨ, ਹੁਨਰਾਂ ਤੇ ਆਤਮਵਿਸ਼ਵਾਸ ਨਾਲ ਉਨ੍ਹਾਂ ਨੂੰ ਸਸ਼ਕਤ ਬਣਾਉਣ ਦੇ ਸਭ ਤੋਂ ਅਹਿਮ ਸਾਧਨਾਂ ਵਿੱਚੋਂ ਇੱਕ ਹੈ। ਨਵੀਂ ਸਿੱਖਿਆ ਨੀਤੀ ਵੀ ਨਵੀਨਤਾ ਦੀ ਜ਼ਰੂਰਤ ਤੇ ਅਜਿਹੀ ਨਿਵੇਕਲੀ ਖੋਜ ਉੱਤੇ ਜ਼ੋਰ ਦਿੰਦੀ ਹੈ। ਇਸ ਤੋਂ ਇਲਾਵਾ, ਐੱਸਆਈਐੱਚ (SIH) ਜਨਤਕਨਿਜੀ ਭਾਈਵਾਲੀ ਦੀਆਂ ਸਰਬੋਤਮ ਉਦਾਹਰਣਾਂ ਵਿੱਚੋਂ ਵੀ ਇੱਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਆਪਣੇ ਵਿੱਦਿਅਕ ਸੰਸਥਾਨਾਂ ਵਿੱਚ ਨਵੀਨਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਡਾਢੇ ਇੱਛੁਕ ਹਾਂ। ਲੌਕਡਾਊਨ ਦੇ ਸਮੇਂ ਦੌਰਾਨ ਵੀ ਸਾਡੇ ਵਿਦਿਆਰਥੀਆਂ ਨੇ ਆਈਡੀਆਥੋਨਅਤੇ ਸਮਾਧਾਨਵਰਚੁਅਲ ਹੈਕਾਥੌਨਜ਼ ਵਿੱਚ ਭਾਗ ਲਿਆ ਸੀ, ਜਿਸ ਨੇ ਵਰਚੁਅਲ ਤੌਰ ਤੇ ਇਸ ਵਰ੍ਹੇ ਦਾ ਐੱਸਆਈਐੱਚ ਸੌਫ਼ਟਵੇਅਰ ਐਡੀਸ਼ਨ ਆਯੋਜਿਤ ਕਰਨ ਦੀ ਨੀਂਹ ਰੱਖੀ।

ਏਆਈਸੀਟੀਈ (AICTE) ਦੇ ਚੇਅਰਮੈਨ ਪ੍ਰੋ. ਅਨਿਲ ਸਹਸ੍ਰੇਬੁੱਧੇ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਆਮ ਜਨਤਾ ਤੱਕ ਭਾਰਤ ਦਾ ਅਮੀਰ ਪ੍ਰਾਚੀਨ ਗਿਆਨ ਫੈਲਾਉਣ ਵਿੱਚ ਮਦਦ ਕਰੇਗੀ। ਨਵੀਂ ਸਿੱਖਿਆ ਨੀਤੀ ਦੀ ਰਾਸ਼ਟਰੀ ਖੋਜ ਫ਼ਾਊਂਡੇਸ਼ਨ ਵਿੱਚ ਸੋਸ਼ਲ ਸਾਇੰਸਜ਼ ਚ ਖੋਜ ਦੀ ਸ਼ਮੂਲੀਅਤ; ਸਮੂਹਕ ਖੋਜ ਤੇ ਨਵੀਨਤਾ ਦਾ ਸੱਭਿਆਚਾਰ ਹੋਣਾ ਇੱਕ ਸ਼ੁਭ ਸੰਕੇਤ ਹੈ।

ਡਾ. ਅਭੇ ਜੇਰੇ ਨੇ ਕਿਹਾ ਕਿ ਇਸ ਨੇ ਦੇਸ਼ ਵਿੱਚ ਹੈਕਾਥੌਨ ਸੱਭਿਆਚਾਰ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਹੁਣ ਛੋਟੇ ਸ਼ਹਿਰਾਂ ਤੇ ਸ਼ਹਿਰੀ ਇਕਾਈਆਂ ਵਿੱਚ ਵੀ ਨੌਜਵਾਨਾਂ ਨੂੰ ਸ਼ਾਮਲ ਕਰਨ ਲਈ ਹੈਕਾਥੌਨਜ਼ ਆਯੋਜਿਤ ਕੀਤੇ ਜਾ ਰਹੇ ਹਨ ਤੇ ਇੰਝ ਆਪਣੇ ਸ਼ਾਸਨ ਵਿੱਚ ਸੁਧਾਰ ਲਿਆਉਣ ਲਈ ਵਿਆਪਕ ਵਿਚਾਰਾਂ ਦਾ ਲਾਹਾ ਲਿਆ ਜਾ ਰਿਹਾ ਹੈ।

ਅੱਜ ਤੱਕ ਸਮਾਰਟ ਇੰਡੀਆ ਹੈਕਾਥੌਨਜ਼ ਅਧੀਨ 331 ਪ੍ਰੋਟੋਟਾਈਪਸ ਵਿਕਸਤ ਕੀਤੇ ਗਏ ਹਨ, 71 ਸਟਾਰਟਅੱਪਸ ਨਿਰਮਾਣ ਅਧੀਨ ਹਨ, 19 ਸਟਾਰਟਅੱਪਸ ਸਫ਼ਲਤਾਪੂਰਬਕ ਰਜਿਸਟਰ ਕੀਤੇ ਗਏ ਹਨ। ਇਸ ਦੇ ਨਾਲ ਹੀ, ਵਿਭਿੰਨ ਵਿਭਾਗਾਂ ਵਿੰਚ 39 ਸਮਾਧਾਨ ਪਹਿਲਾਂ ਹੀ ਤੈਨਾਤ ਕੀਤੇ ਜਾ ਚੁੱਕੇ ਹਨ ਅਤੇ ਲਗਭਗ 64 ਸੰਭਾਵੀ ਸਮਾਧਾਨ ਨੂੰ ਅਗਲੇਰੇ ਵਿਕਾਸ ਲਈ ਵਿੱਤੀ ਸਹਾਇਤਾ ਦਿੱਤੀ ਗਈ ਹੈ। ਐੱਸਆਈਐੱਚ (SIH) ਸਟਾਰਟਅੱਪ ਅਤੇ ਨਵੀਆਂ ਖੋਜਾਂ ਦਾ ਸੱਭਿਆਚਾਰ ਪੈਦਾ ਕਰਨ ਵਿੱਚ ਮਦਦ ਕਰ ਰਿਹਾ ਹੈ।

*****

ਐੱਨਬੀ/ਏਕੇਜੇ/ਏਕੇ



(Release ID: 1642960) Visitor Counter : 210