ਕੋਲਾ ਮੰਤਰਾਲਾ
ਕੋਲ ਇੰਡੀਆ ਦੇ ਕਿਸੇ ਕਰਮਚਾਰੀ ਦੀ ਕੋਵਿਡ–19 ਕਾਰਨ ਹੋਣ ਵਾਲੀ ਮੌਤ ਨੂੰ ਹਾਦਸਾਗ੍ਰਸਤ ਮੌਤ ਮੰਨਿਆ ਜਾਵੇਗਾ: ਸ਼੍ਰੀ ਪ੍ਰਹਲਾਦ ਜੋਸ਼ੀ
ਆਸ਼ਰਿਤਾਂ ਨੂੰ ਸਾਰੇ ਲਾਭ ਮਿਲਣਗੇ
Posted On:
30 JUL 2020 7:32PM by PIB Chandigarh
ਕੇਂਦਰੀ ਕੋਲਾ ਤੇ ਖਾਣ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਹੈ ਕਿ ਕੋਲ ਇੰਡੀਆ ਦੇ ਕਿਸੇ ਕਰਮਚਾਰੀ ਦੀ ਕੋਰੋਨਾ ਮਹਾਮਾਰੀ ਕਾਰਨ ਹੋਣ ਵਾਲੀ ਮੌਤ ਨੂੰ ਹਾਦਸੇ ’ਚ ਹੋਈ ਮੌਤ ਮੰਨਿਆ ਜਾਵੇਗਾ ਤੇ ਅਜਿਹੇ ਕਰਮਚਾਰੀ ਦੇ ਸਕੇ ਰਿਸ਼ਤੇਦਾਰਾਂ ਨੂੰ ਉਹ ਸਾਰੇ ਵਿੱਤੀ ਲਾਭ ਮਿਲਣਗੇ, ਜਿਹੜੇ ਡਿਊਟੀ ਦੌਰਾਨ ਹੋਏ ਹਾਦਸੇ ਦੌਰਾਨ ਹੋਈ ਮੌਤ ਦੇ ਮਾਮਲੇ ਵਿੱਚ ਮਿਲਦੇ ਹਨ। ਆਪਣੇ ਇੱਕ–ਦਿਨਾ ਝਾਰਖੰਡ ਦੌਰੇ ਮੌਕੇ ਰਾਂਚੀ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਸ਼੍ਰੀ ਜੋਸ਼ੀ ਨੇ ਕਿਹਾ ਕਿ ਕੋਲ ਇੰਡੀਆ ਦੇ ਲਗਭਗ 4 ਲੱਖ ਔਨ ਰੋਲ ਤੇ ਕੰਟਰੈਕਟ ਉੱਤੇ ਕੰਮ ਕਰਦੇ ਕਰਮਚਾਰੀਆਂ ਨੂੰ ਇਸ ਫ਼ੈਸਲੇ ਦੇ ਲਾਭ ਮਿਲਣਗੇ। ਮ੍ਰਿਤਕ ਦੇ ਸਕੇ ਰਿਸ਼ਤੇਦਾਰਾਂ ਨੂੰ ਕੋਵਿਡ ਤੋਂ ਸੁਰੱਖਿਅਤ ਰੱਖਿਆ ਜਾਵੇਗਾ।
ਸ਼੍ਰੀ ਜੋਸ਼ੀ ਨੇ ਕਿਹਾ,‘ਕੋਵਿਡ ਮਹਾਮਾਰੀ ਦੌਰਾਨ ਕੋਲ ਇੰਡੀਆ ਦੇ ਕਰਮਚਾਰੀਆਂ ਨੇ ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾ ਕੇ ਸ਼ਾਨਦਾਰੀ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ ਹੈ। ਉਹ ਅਣਥੱਕ ਤਰੀਕੇ ਨਾਲ ਵਧੀਆ ਕੰਮ ਕਰ ਕਰਹੇ ਹਨ। ਇਹੋ ਕਾਰਨ ਹੈ ਕਿ ਮੈਂ ਉਨ੍ਹਾਂ ਨੂੰ ਮਾਣ ਨਾਲ ‘ਕੋਲਾ ਜੋਧੇ’ ਆਖਦਾ ਹਾਂ। ਮੈਂ ਇਸ ਲਾਭ ਦਾ ਐਲਾਨ ਸਿਰਫ਼ ਰਾਸ਼ਟਰ ਲਈ ਉਨ੍ਹਾਂ ਦੀ ਵਡਮੁੱਲੀ ਸੇਵਾ ਨੂੰ ਦੇਖਦਿਆਂ ਕੀਤਾ ਹੈ।’
ਮੰਤਰੀ ਨੇ ਅੱਗੇ ਕਿਹਾ ਕਿ ਆਉਂਦੇ ਸਾਲਾਂ ਦੌਰਾਨ ਵਪਾਰਕ ਕੋਲਾ ਮਾਈਨਿੰਗ ਝਾਰਖੰਡ ਦੇ ਵਿਕਾਸ ਵਿੱਚ ਚੋਖਾ ਵਾਧਾ ਕਰਨ ਜਾ ਰਹੀ ਹੈ। ਝਾਰਖੰਡ ਵਿੱਚ 09 ਕੋਲਾ ਖਾਣਾਂ ਦੀ ਵਪਾਰਕ ਨੀਲਾਮੀ ਅਧੀਨ, ਰਾਜ ਨੂੰ ਇੱਕ ਸਾਲ ਅੰਦਰ 3,200 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਹੋਵੇਗੀ ਅਤੇ ਰਾਜ ਦੇ ਲੋਕਾਂ ਲਈ ਰੋਜ਼ਗਾਰ ਦੇ 50,000 ਤੋਂ ਵੱਧ ਮੌਕੇ ਪੈਦਾ ਹੋਣਗੇ। ਇਸ ਦੇ ਨਾਲ ਹੀ ਡੀਐੱਮਐੱਫ਼ (DMF) ਵਿੱਚ ਝਾਰਖੰਡ ਦਾ ਯੋਗਦਾਨ ਲਗਭਗ 17 ਕਰੋੜ ਰੁਪਏ ਹੋਵੇਗਾ, ਜਿਸ ਦੀ ਵਰਤੋਂ ਕੋਲਾ–ਖੇਤਰਾਂ ਲਾਗਲੇ ਇਲਾਕਿਆਂ ਦੇ ਵਿਕਾਸ ਲਈ ਕੀਤੀ ਜਾਵੇਗੀ।
ਸ਼੍ਰੀ ਜੋਸ਼ੀ ਨੇ ਕਿਹਾ,‘ਵਪਾਰਕ ਮਾਈਨਿੰਗ ਨੀਲਾਮੀ ਦਾ ਹੁੰਗਾਰਾ ਬਹੁਤ ਵਧੀਆ ਹੈ। ਖ਼ਾਸ ਤੌਰ ’ਤੇ ਝਾਰਖੰਡ ਵਿੱਚ ਅਸੀਂ ਨੀਲਾਮੀ ਲਈ ਰੱਖੀਆਂ ਸਾਰੀਆਂ ਖਾਣਾਂ ਵਾਸਤੇ ਲਗਭਗ 5 ਤੋਂ 10 ਬੋਲੀਦਾਤੇ ਲੈ ਰਹੇ ਹਾਂ। ਰਾਜ ਨੂੰ ਇਸ ਤੋਂ ਲਾਭ ਹੋਵੇਗਾ ਅਤੇ ਇਸ ਨਾਲ ਰਾਜ ਦੇ ਵਿਕਾਸ ਦਾ ਇੱਕ ਨਵਾਂ ਅਧਿਆਇ ਜੁੜੇਗਾ।’
ਆਪਣੇ ਰਾਂਚੀ ਦੌਰੇ ਦੌਰਾਨ ਸ਼੍ਰੀ ਜੋਸ਼ੀ ਨੇ ਝਾਰਖੰਡ ਦੇ ਮੁੱਖ ਮੰਤਰੀ ਸ਼੍ਰੀ ਹੇਮੰਤ ਸੋਰੇਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਮਾਈਨਿੰਗ ਨਾਲ ਸਬੰਧਤ ਮਾਮਲਿਆਂ ਬਾਰੇ ਵਿਚਾਰ–ਵਟਾਂਦਰਾ ਕੀਤਾ। ਉਨ੍ਹਾਂ ਸੈਂਟਰਲ ਕੋਲਫ਼ੀਲਡਜ਼ ਲਿਮਿਟਿਡ (ਸੀਸੀਐੱਲ – CCL), ਭਾਰਤ ਕੋਕਿੰਗ ਕੋਲ ਲਿਮਿਟਿਡ (ਬੀਸੀਸੀਐੱਲ – BCCL) ਅਤੇ ਈਸਟਰਨ ਕੋਲਫ਼ੀਲਡਸ ਲਿਮਿਟਿਡ (ਈਸੀਐੱਲ – ECL) ਜਿਹੀਆਂ ਕੋਲਾ ਕੰਪਨੀਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਤੇ ਚੱਲ ਰਹੀ ਮਹਾਮਾਰੀ ਦੌਰਾਨ ਦੇਸ਼ ਦੀਆਂ ਬਿਜਲੀ ਮੰਗਾਂ ਦੀ ਪੂਰਤੀ ਲਈ ਪਿਛਲੇ ਕੁਝ ਮਹੀਨਿਆਂ ਤੋਂ ਕੋਲਾ ਜੋਧਿਆਂ ਵੱਲੋਂ ਕੀਤੀ ਜਾ ਰਹੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।
ਵਪਾਰਕ ਕੋਲਾ ਮਾਈਨਿੰਗ ਦੀ ਸ਼ੁਰੂਆਤ ਕੀਤੇ ਜਾਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਹਾਲੇ ਵੀ ਆਪਣੀਆਂ 5ਵਾਂ ਹਿੱਸਾ ਸਲਾਨਾ ਕੋਲਾ ਜ਼ਰੂਰਤਾਂ ਨੂੰ ਦਰਾਮਦਾਂ ਰਾਹੀਂ ਪੂਰਾ ਕਰਦਾ ਹੈ। ਇੱਕ ਵਾਰ ਵਪਾਰਕ ਮਾਈਨਿੰਗ ਦੇ ਰਫ਼ਤਾਰ ਫੜਨ ਨਾਲ ਸੁਤੰਤਰ ਤਾਪ ਬਿਜਲੀ ਪਲਾਂਟਾਂ ਦੀਆਂ ਦਰਾਮਦਾਂ ਅਤੇ ਕੈਪਟਿਵ ਬਿਜਲੀ ਪਲਾਂਟਾਂ ਦਾ ਬਦਲ ਮਿਲਣ ਦੀ ਸੰਭਾਵਨਾ ਹੈ, ਜਿਸ ਨਾਲ ਹਰੇਕ ਸਾਲ 30,000 ਕਰੋੜ ਦੇ ਲਗਭਗ ਸੰਭਾਵੀ ਦਰਾਮਦ ਬਿਲ ਦੀ ਬੱਚਤ ਹੋਵੇਗੀ। ਇਸ ਨਾਲ 3 ਲੱਖ ਤੋਂ ਵੱਧ ਵਿਅਕਤੀਆਂ ਨੂੰ ਰੋਜ਼ਗਾਰ ਦੇ ਸਿੱਧੇ ਅਤੇ ਅਸਿੱਧੇ ਮੌਕੇ ਮੁਹੱਈਆ ਹੋਣਗੇ।
ਝਾਰਖੰਡ ਲਈ ਮਾਈਨਿੰਗ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਸ਼੍ਰੀ ਜੋਸ਼ੀ ਨੇ ਕਿਹਾ ਕਿ ਮਾਈਨਿੰਗ ਝਾਰਖੰਡ ਦੀ ਜੀਵਨ–ਰੇਖਾ ਹੈ ਤੇ ਇਹ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਉਨ੍ਹਾਂ ਕਿਹਾ ਕਿ ਝਾਰਖੰਡ ਦੇਸ਼ ਦਾ ਇਕਲੌਤਾ ਅਜਿਹਾ ਰਾਜ ਹੈ, ਜਿੱਥੇ 3 ਕੋਲਾ ਕੰਪਨੀਆਂ ਇੱਕੋ ਵੇਲੇ ਖਣਿਜ–ਪਦਾਰਥਾਂ ਨਾਲ ਭਰਪੂਰ ਧਰਤੀ ਵਿੱਚੋਂ ਕੋਲਾ ਕੱਢ ਰਹੀਆਂ ਹਨ। ਕੋਲਾ ਕੰਪਨੀਆਂ ਸੀਸੀਐੱਲ, ਬੀਸੀਸੀਐੱਲ ਤੇ ਈਸੀਐੱਲ (CCL, BCL ਤੇ ECL) ਵੱਲੋਂ ਅਗਲੇ ਚਾਰ ਸਾਲਾਂ ਦੌਰਾਨ ਪੁਟਾਈ (ਮਾਈਨਿੰਗ) ਕਰ ਕੇ 74.20 ਕਰੋੜ ਮੀਟ੍ਰਿਕ ਟਨ ਕੋਲਾ ਕੱਢੇ ਜਾਣ ਦੀ ਸੰਭਾਵਨਾ ਹੈ, ਜਿਸ ਨਾਲ ਲਗਭਗ 18,889 ਕਰੋੜ ਰੁਪਏ ਦੀ ਆਮਦਨ ਹੋਵੇਗੀ। ਰਾਜ ਨੇ ਪਿਛਲੇ ਚਾਰ ਸਾਲਾਂ ਦੌਰਾਨ ਹਰ ਸਾਲ ਲਗਭਗ 4,000 ਕਰੋੜ ਰੁਪਏ ਭਾਵ ਕੁੱਲ 16,000 ਕਰੋੜ ਰੁਪਏ ਦੇ ਲਗਭਗ ਕਮਾਈ ਕੀਤੀ ਹੈ। ਇਨ੍ਹਾਂ ਕੋਲਾ ਕੰਪਨੀਆਂ ਦੀ ਹੋਲਡਿੰਗ ਕੰਪਨੀ, ਕੋਲ ਇੰਡੀਆ ਲਿਮਿਟਿਡ (ਸੀਆਈਐੱਲ – CIL) ਆਪਣੀ ਕੁੱਲ ਰਾਇਲਟੀ ਦਾ ਲਗਭਗ 30% ਹਿੱਸਾ ਇਕੱਲੇ ਝਾਰਖੰਡ ਨੂੰ ਅਦਾ ਕਰਦੀ ਹੈ, ਜਦ ਕਿ ਝਾਰਖੰਡ ਤੋਂ ਉਤਪਾਦਨ ਹਿੱਸਾ ਲਗਭਗ 20% ਹੈ।
ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਝਾਰਖੰਡ ਦੀ ਪ੍ਰਗਤੀ ਅਤੇ ਰਾਸ਼ਟਰ ਦੀ ਅਰਥਵਿਵਸਥਾ ਦੇ ਵਿਕਾਸ ਵਿੱਚ ਉਸ ਦਾ ਯੋਗਦਾਨ ਚਾਚਹੁੰਦੀ ਹੈ। ਇਸ ਰਾਜ ਵਿੱਚ ਕੰਮ ਕਰ ਰਹੀਆਂ ਕੋਲਾ ਕੰਪਨੀਆਂ ਪਿਛਲੇ ਕਈ ਦਹਾਕਿਆਂ ਤੋਂ ਕੰਮ ਕਰ ਰਹੀਆਂ ਹਨ ਅਤੇ ਝਾਰਖੰਡ ਦੀ ਖਣਿਜ–ਪਦਾਰਥਾਂ ਨਾਲ ਭਰਪੂਰ ਧਰਤੀ ਵਿੱਚੋਂ ਕੋਲਾ ਪੁੱਟ ਕੇ ਕੱਢ ਰਹੀਆਂ ਹਨ ਅਤੇ ਬਦਲੇ ਵਿੱਚ ਰਾਜ ਨੂੰ ਉਸ ਦੇ ਵਿਕਾਸ ਲਈ ਆਮਦਨ ਦਿੰਦੀਆਂ ਹਨ। ਸੀਐੱਮਐੱਸਪੀ (CMSP) ਕਾਨੂੰਨ ਅਧੀਨ ਰੱਖੀਆਂ ਕੋਲੇ ਦੀਆਂ ਖਾਣਾਂ ਤੋਂ ਝਾਰਖੰਡ ਸਰਕਾਰ ਨੂੰ ਲਗਭਗ 6,564 ਕਰੋੜ ਰੁਪਏ ਦੇ ਲਗਭਗ ਸਲਾਨਾ ਆਮਦਨ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕੋਲ ਇੰਡੀਆ ਲਿਮਿਟਿਡ (ਸੀਆਈਐੱਲ – CIL) ਸਾਲ 2023–24 ਤੱਕ ਝਾਰਖੰਡ ਵਿੱਚ ਆਪਣੇ ਬੁਨਿਆਦੀ ਢਾਂਚੇ ਦੀ ਉਸਾਰੀ ਲਈ 37,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਨਿਵੇਸ਼ ਕਰੇਗੀ।
***
ਆਰਜੇ/ਐੱਨਜੀ
(Release ID: 1642488)
Visitor Counter : 210