ਕਬਾਇਲੀ ਮਾਮਲੇ ਮੰਤਰਾਲਾ

ਟਰਾਈਫ਼ੈੱਡ, ਕਬਾਇਲੀ ਮਾਮਲਿਆਂ ਦਾ ਮੰਤਰਾਲਾ ਕਬਾਇਲੀ ਜੀਵਨ ਵਿੱਚ ਪਰਿਵਰਤਨ ਲਿਆ ਕੇ ਕਬਾਇਲੀ ਲੋਕਾਂ ਨੂੰ ਦੇ ਰਿਹਾ ਹੈ ਨਵੀਂ ਉਡਾਨ

(ਐੱਮਐੱਸਪੀ) ਅਤੇ ਐੱਮਐੱਫ਼ਪੀ ਯੋਜਨਾ ਲਈ ਮੁੱਲਾਂ ਦੀ ਲੜੀ ਦੇ ਵਿਕਾਸ ਦੁਆਰਾ ‘ਮਕੈਨਿਜ਼ਮ ਫ਼ਾਰ ਮਾਰਕਿਟਿੰਗ ਆਵ੍ ਮਾਈਨਰ ਫ਼ੌਰੈਸਟ ਪ੍ਰੋਡਿਊਸ’ (ਐੱਮਐੱਫ਼ਪੀ) ਵੀ ਚਾਨਣ–ਮੁਨਾਰੇ ਵਜੋਂ ਉੱਭਰੀ ਅਤੇ ਨਿਵੇਕਲੇ ਢੰਗ ਨਾਲ ਕਬਾਇਲੀ ਈਕੋਸਿਸਟਮ ਉੱਤੇ ਅਸਰ ਪਾਇਆ
22 ਰਾਜਾਂ ਵਿੱਚ 3.6 ਲੱਖ ਕਬਾਇਲੀ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ 18,500 ਸਵੈ–ਸਹਾਇਤਾ ਸਮੂਹਾਂ ਦੇ 1,205 ਕਬਾਇਲੀ ਉੱਦਮ ਸਥਾਪਤ ਕੀਤੇ

Posted On: 27 JUL 2020 6:04PM by PIB Chandigarh

ਕੋਵਿਡ–19 ਮਹਾਮਾਰੀ ਸ਼ੁਰੂ ਹੋਇਆਂ ਚਾਰ ਮਹੀਨੇ ਬੀਤ ਚੁੱਕੇ ਹਨ ਅਤੇ ਇਸ ਕਾਰਣ ਸਮੁੱਚੇ ਦੇਸ਼ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਅਸਤ–ਵਿਅਸਤ ਹੋ ਕੇ ਰਹਿ ਗਈਆਂ ਹਨ (ਅਤੇ ਹਾਲੇ ਵੀ ਲਗਾਤਾਰ ਅਜਿਹਾ ਹੋ ਰਿਹਾ ਹੈ)। ਹੁਣ ਲੋਕ ਜਦੋਂ ਆਪਣੇ ਜੀਵਨਾਂ ਤੇ ਉਪਜੀਵਕਾਵਾਂ ਨੂੰ ਮੁੜ ਲੀਹ ’ਤੇ ਲਿਆਉਣ ਦਾ ਜਤਨ ਕਰ ਰਹੇ ਹਨ, ਅਜਿਹੇ ਵੇਲੇ ਟਰਾਈਫ਼ੈੰਡ (TRIFED) ਦੇ ਯੋਧਿਆਂ ਦੀ ਟੀਮ ਕਬਾਇਲੀ ਲੋਕਾਂ ਨੂੰ ਨਿਰੰਤਰ ਮੁੱਖਧਾਰਾ ਦੇ ਵਿਕਾਸ ਵੱਲ ਲਿਆਉਣ ਦੇ ਨਿਰੰਤਰ ਜਤਨ ਕਰਦੀ ਹੋਈ ਅੱਗੇ ਵਧ ਰਹੀ ਹੈ।

ਇਨ੍ਹਾਂ ਔਖੇ ਸਮਿਆਂ ’ਚ ‘ਗੋ ਵੋਕਲ ਫ਼ਾਰ ਲੋਕਲ’ ਦੇ ਮੰਤਰ ਨੂੰ ‘ਗੋ ਵੋਕਲ ਫ਼ਾਰ ਲੋਕਲ ਗੋ ਟ੍ਰਾਈਬਲ – ਮੇਰਾ ਵਨ ਮੇਰਾ ਧਨ ਮੇਰਾ ਉੱਦਮ’ ਵਿੱਚ ਤਬਦੀਲ ਕਰ ਕੇ ਕਬਾਇਲੀ ਮਾਮਲਿਆਂ ਬਾਰੇ ਮੰਤਰਾਲੇ ਦੇ ਟਰਾਈਫ਼ੈੱਡ (TRIFED) ਨੇ ਆਪਣੀਆਂ ਕਈ ਪ੍ਰਮੁੱਖ ਪ੍ਰੋਗਰਾਮਾਂ ਅਤੇ ਉਨ੍ਹਾਂ ਨੂੰ ਲਾਗੂ ਕਰਨ ਦੇ ਨਾਲ–ਨਾਲ ਕਈ ਨਿਵੇਕਲੀਆਂ ਮੋਹਰੀ ਪਹਿਲਕਦਮੀਆਂ ਕੀਤੀਆਂ ਹਨ, ਜੋ ਅਜਿਹੇ ਸਮੇਂ ਦੌਰਾਨ ਦੁਖੀ ਕਬਾਇਲੀਆਂ ਲਈ ਰਾਮਬਾਣ ਸਿੱਧ ਹੋਈਆਂ ਹਨ। ਪਿਛਲੇ ਕੁਝ ਮਹੀਨਿਆਂ ਦੌਰਾਨ ਟਰਾਈਫ਼ੈੱਡ ਦੇ ਇੱਥੇ ਕੁਝ ਨਿਮਨਲਿਖਤ ਵਰਨਣਯੋਗ ਉੱਦਮਾਂ ਨੇ ਇਨ੍ਹਾਂ ਔਖੇ ਸਮਿਆਂ ’ਚ ਰੋਜ਼ਗਾਰ ਤੇ ਉਪਜੀਵਕਾ ਪੈਦਾ ਕਰਨ ਵਿੱਚ ਕਬਾਇਲੀ ਲੋਕਾਂ ਦੀ ਮਦਦ ਕੀਤੀ ਹੈ।

ਅਜਿਹੇ ਵੇਲੇ ਜਦੋਂ ਜੀਵਨ ਦੇ ਸਾਰੇ ਪੱਖ ਔਨਲਾਈਨ ਹੋ ਗਏ ਹਨ, ਟਰਾਈਫ਼ੈੱਡ (TRIFED) ਨੇ ਕੌਮਾਂਤਰੀ ਪੱਧਰ ਦੇ ਮਿਆਰੀ ਅਤਿ–ਆਧੁਨਿਕ ਈ–ਪਲੈਟਫ਼ਾਰਮ ਸਥਾਪਤ ਕਰ ਕੇ ਸਭ ਕੁਝ ਡਿਜੀਟਲਾਈਜ਼ ਕਰਨ ਦੀ ਮੁਹਿੰਮ ਅਰੰਭੀ ਹੈ, ਤਾਂ ਜੋ ਕਬਾਇਲੀ ਵਪਾਰ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਪਿੰਡਾਂ ਵਿੱਚ ਵੱਸਦੇ ਕਬਾਇਲੀ ਉਤਪਾਦਕਾਂ ਤੇ ਕਾਰੀਗਰਾਂ ਨੂੰ ਲੱਭਿਆ ਅਤੇ ਉਨ੍ਹਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਬਾਜ਼ਾਰਾਂ ਨਾਲ ਜੋੜਿਆ ਜਾ ਸਕੇ। ਇਸ ਨੀਤੀ ਦਾ ਉਦੇਸ਼ ਕਬਾਇਲੀ ਵਪਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਤਸ਼ਾਹਿਤ ਕਰਨਾ ਹੈ।

ਟਰਾਈਫ਼ੈੱਡ (TRIFED) ਇਸ ਵੇਲੇ ਵਨ ਧਨ ਯੋਜਨਾ, ਪਿੰਡ ਦੀਆਂ ਹਾਟਾਂ (ਬਾਜ਼ਾਰਾਂ) ਤੇ ਉਨ੍ਹਾਂ ਦੇ ਗੁਦਾਮਾਂ ਨਾਲ ਜੁੜੇ ਅਤੇ ਵਣਾਂ ਵਿੱਚ ਰਹਿੰਦੇ ਲੋਕਾਂ ਨਾਲ ਸਬੰਧਤ ਸਾਰੀ ਜਾਣਕਾਰੀ ਨੂੰ ਡਿਜੀਟਲਾਈਜ਼ ਕਰਨ ਦੀ ਪ੍ਰਕਿਰਿਆ ਵਿੱਚ ਹੈ। ਡਿਜੀਟਲਾਈਜ਼ੇਸ਼ਨ ਦੀ ਇਸ ਕੋਸ਼ਿਸ਼ ਵਿੱਚ ਸਾਰੇ ਕਬਾਇਲੀ ਸਮੂਹਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ ਅਤੇ ਜੀਆਈਐੱਸ ਟੈਕਨੋਲੋਜੀ ਦੀ ਵਰਤੋਂ ਕਰਦਿਆਂ ਉਨ੍ਹਾਂ ਦੇ ਰਹਿਣ ਦੇ ਸਥਾਨ ਦਾ ਪਤਾ ਲਾ ਲਿਆ ਗਿਆ ਹੈ; ਇਸ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਦਿੱਤੇ ‘ਆਤਮਨਿਰਭਰ ਅਭਿਆਨ’ ਦੇ ਜ਼ੋਰਦਾਰ ਸੱਦੇ ਅਧੀਨ ਲੋਕਾਂ ਤੱਕ ਇਸ ਦੇ ਲਾਭ ਪਹੁੰਚਾਉਣ ’ਚ ਮਦਦ ਮਿਲੇਗੀ।

ਸਾਡੀਆਂ ਜ਼ਿੰਦਗੀਆਂ ਉੱਤੇ ਅਚਾਨਕ ਮਹਾਮਾਰੀ ਦਾ ਪਰਛਾਵਾਂ ਪੈਣ ਤੇ ਤੁਰੰਤ ਲੌਕਡਾਊਨ ਲੱਗਣ ਕਾਰਣ ਕਬਾਇਲੀ ਕਾਰੀਗਰਾਂ ਦੇ 100 ਕਰੋੜ ਰੁਪਏ ਦੇ ਸਟਾਕ ਅਣਵਿਕੇ ਪਏ ਸਨ। ਇਨ੍ਹਾਂ ਸਟਾਕਸ ਦੀ ਵਿਕਰੀ ਯਕੀਨੀ ਬਣਾਉਣ ਅਤੇ ਇਨ੍ਹਾਂ ਵਿਕਰੀਆਂ ਦੀ ਸਾਰੀ ਰਕਮ ਪ੍ਰਭਾਵਿਤ ਕਬਾਇਲੀ ਪਰਿਵਾਰਾਂ ਤੱਕ ਪਹੁੰਚਾਉਣ ਲਈ, ਟਰਾਈਫ਼ੈੱਡ (TRIFED) ਨੇ 1 ਲੱਖ ਤੋਂ ਵੱਧ ਵਸਤਾਂ ਦੀ ਖ਼ਰੀਦ ਕੀਤੀ ਹੈ ਤੇ ਉਨ੍ਹਾਂ ਅਣਵਿਕੀਆਂ ਵਸਤਾਂ ਨੂੰ ਆਪਣੀ ‘ਟਾਈਬਜ਼ ਇੰਡੀਆ’ ਵੈੱਬਸਾਈਟ ਅਤੇ ਐਮੇਜ਼ੌਨ, ਫ਼ਲਿੱਪਕਾਰਡ ਅਤੇ ਜੀਈਐੱਮ (GeM) ਜਿਹੇ ਹੋਰ ਪ੍ਰਚੂਨ ਮੰਚਾਂ ਜ਼ਰੀਏ ਔਨਲਾਈਨ (ਵੱਧ ਤੋਂ ਵੱਧ ਕਟੌਤੀਆਂ ਦੀ ਪੇਸ਼ਕਸ਼ ਦੇ ਕੇ) ਵੇਚਣ ਦੀ ਇੱਕ ਜ਼ੋਰਦਾਰ ਯੋਜਨਾ ਸ਼ੁਰੂ ਕੀਤੀ ਹੈ। ਟਰਾਈਫ਼ੈੱਡ (TRIFED) ਜੋਧਿਆਂ ਦੀ ਟੀਮ ਨੇ 5,000 ਤੋਂ ਵੱਧ ਕਬਾਇਲੀ ਕਾਰੀਗਰ ਪਰਿਵਾਰਾਂ ਨੂੰ ਮੁਫ਼ਤ ਭੋਜਨ ਤੇ ਰਾਸ਼ਨ ਵੰਡਣ ਲਈ ‘ਦਿ ਆਰਟ ਆਵ੍ ਲਿਵਿੰਗ ਫ਼ਾਊਂਡੇਸ਼ਨ’ ਨਾਲ ਵੀ ਹੱਥ ਮਿਲਾਏ ਹਨ।

‘ਘੱਟੋ–ਘੱਟ ਸਮਰਥਨ ਕੀਮਤ’ (ਐੱਮਐੱਸਪੀ) ਅਤੇ ਐੱਮਐੱਫ਼ਪੀ ਯੋਜਨਾ ਲਈ ਮੁੱਲਾਂ ਦੀ ਲੜੀ ਦੇ ਵਿਕਾਸ ਦੁਆਰਾ ‘ਮਕੈਨਿਜ਼ਮ ਫ਼ਾਰ ਮਾਰਕਿਟਿੰਗ ਆਵ੍ ਮਾਈਨਰ ਫ਼ੌਰੈਸਟ ਪ੍ਰੋਡਿਊਸ’ (ਐੱਮਐੱਫ਼ਪੀ) ਵੀ ਚਾਨਣ–ਮੁਨਾਰੇ ਵਜੋਂ ਉੱਭਰੀ ਹੈ ਅਤੇ ਇਸ ਨੇ ਨਿਵੇਕਲੇ ਢੰਗ ਨਾਲ ਕਬਾਇਲੀ ਈਕੋਸਿਸਟਮ ਉੱਤੇ ਅਸਰ ਪਾਇਆ ਹੈ। ਸਮੁੱਚੇ ਦੇਸ਼ ਦੇ 21 ਰਾਜਾਂ ਦੀਆਂ ਰਾਜ ਸਰਕਾਰ ਦੀਆਂ ਏਜੰਸੀਆਂ ਦੇ ਸਹਿਯੋਗ ਨਾਲ ਟਰਾਈਫ਼ੈੱਡ (TRIFED) ਦੀ ਯੋਜਨਾ ਨੂੰ ਲਾਗੂ ਕਰਦਿਆਂ ਇਸ ਯੋਜਨਾ ਅਧੀਨ ਅਪ੍ਰੈਲ 2020 ਤੋਂ ਕਬਾਇਲੀ ਅਰਥਵਿਵਸਥਾ ਵਿੱਚ ਸਿੱਧੇ 3,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਲਾਈ ਗਈ ਹੈ। ਮਈ 2020 ਵਿੱਚ ਸਰਕਾਰੀ ਪ੍ਰੋਤਸਾਹਨ ਦੀ ਮਦਦ ਨਾਲ ਮਾਈਨਰ ਫ਼ੌਰੈਸਟ ਪ੍ਰੋਡਿਊਸ (ਐੱਮਐੱਫ਼ਪੀਜ਼) ਦੀਆਂ ਕੀਮਤਾਂ ਵਿੱਚ 90% ਤੱਕ ਦਾ ਵਾਧਾ ਹੋ ਗਿਆ ਸੀ ਅਤੇ ਐੱਮਐੱਫ਼ਪੀ (MFP) ਸੂਚੀ ਵਿੱਚ 23 ਨਵੀਂਆਂ ਵਸਤਾਂ ਸ਼ਾਮਲ ਕੀਤੀਆਂ ਗਈਆਂ ਸਨ – ਕਬਾਇਲੀ ਮਾਮਲਿਆਂ ਬਾਰੇ ਮੰਤਰਾਲੇ ਦੀ ਇਸ ਪ੍ਰਮੁੱਖ ਯੋਜਨਾ ਨੂੰ ‘2005 ਦੇ ਵਣ ਅਧਿਕਾਰ ਕਾਨੂੰਨ’ ਤੋਂ ਤਾਕਤ ਮਿਲੀ ਹੈ, ਇਸ ਦਾ ਉਦੇਸ਼ ਵਣ ਉਤਪਾਦ ਇਕੱਠੇ ਕਰਨ ਵਾਲੇ ਕਬਾਇਲੀਆਂ ਨੂੰ ਲਾਹੇਵੰਦ ਤੇ ਵਾਜਬ ਕੀਮਤਾਂ ਮੁਹੱਈਆ ਕਰਵਾਉਣਾ ਹੈ। ਇਹ ਕੀਮਤ ਉਸ ਕੀਮਤ ਤੋਂ ਲਗਭਗ ਤਿੰਨ ਗੁਣਾ ਵੱਧ ਹੈ, ਜਿਹੜੀ ਵਿਚੋਲਿਆਂ ਜ਼ਰੀਏ ਉਨ੍ਹਾਂ ਨੂੰ ਮਿਲਣੀ ਸੀ ਤੇ ਇਨ੍ਹਾਂ ਸਮਿਆਂ ਵਿੱਚ ਉਨ੍ਹਾਂ ਦੀਆਂ ਆਮਦਨਾਂ ਤਿੰਨ ਗੁਣਾ ਵਧਾਉਣ ਵਿੱਚ ਮਦਦ ਮਿਲੀ ਹੈ।

16 ਰਾਜਾਂ ਵਿੱਚ ਐੱਮਐੱਸਪੀ ਯੋਜਨਾ ਅਧੀਨ ਐੱਮਐੱਫ਼ਪੀ ਦੀ ਇਸ ਵੇਲੇ ਚੱਲ ਰਹੀ ਖ਼ਰੀਦ ਦੀ ਉਚਾਈ ਦੇ ਰਿਕਾਰਡ ਤੋੜੇ ਹਨ ਅਤੇ 1,000 ਕਰੋੜ ਰੁਪਏ ਦੀ ਖ਼ਰੀਦ ਹੋ ਚੁੱਕੀ ਹੈ ਅਤੇ 2,000 ਕਰੋੜ ਰੁਪਏ ਹੋਰ ਵੀ ਦੀ ਖ਼ਰੀਦ ਐੱਮਐੱਸਪੀ ਤੋਂ ਵੱਧ ਕਾਰੋਬਾਰ ਦੁਆਰਾ ਹੋ ਚੁੱਕੀ ਹੈ।

105.96 ਕਰੋੜ ਰੁਪਏ ਦੇ 46654 ਮੀਟ੍ਰਿਕ ਟਨ ਮਾਈਨਰ ਵਣ ਉਤਪਾਦਾਂ ਦੀ ਖ਼ਰੀਦ ਨਾਲ ਸਾਰੇ ਰਾਜਾਂ ਵਿੱਚੋਂ ਛੱਤੀਸਗੜ੍ਹ ਮੋਹਰੀ ਰਿਹਾ ਹੈ। ਇੰਝ ਹੀ 30.01 ਕਰੋੜ ਰੁਪਏ ਮੁੱਲ ਦੇ 14,188 ਮੀਟ੍ਰਿਕ ਟਨ ਮਾਈਨਰ ਵਣ ਉਤਪਾਦਾਂ ਦੀ ਖ਼ਰੀਦ ਨਾਲ ਓਡੀਸ਼ਾ ਦੂਜੇ ਅਤੇ 2.35 ਕਰੋੜ ਰੁਪਏ ਕੀਮਤ ਦੇ 5323 ਮੀਟ੍ਰਿਕ ਟਨ ਖ਼ਰੀਦ ਕਰ ਕੇ ਤੇਲੰਗਾਨਾ ਤੀਜੇ ਨੰਬਰ ’ਤੇ ਰਿਹਾ ਹੈ।

ਵਨ ਧਨ ਵਿਕਾਸ ਕੇਂਦਰ / ਕਬਾਇਲੀ ਸਟਾਰਟ–ਅੱਪਸ ਵੀ ਇਸੇ ਯੋਜਨਾ ਦਾ ਹਿੱਸਾ ਹਨ ਤੇ ਇਹ ਬਹੁਤ ਖ਼ੂਬਸੂਰਤੀ ਨਾਲ ਐੱਮਐੱਸਪੀ ਦੇ ਪੂਰਕ ਹਨ ਕਿਉਂਕਿ ਇਹ ਸਭ ਵਣ ਉਤਪਾਦ ਇਕੱਠੇ ਕਰਨ ਵਾਲੇ ਕਬਾਇਲੀਆਂ ਤੇ ਜੰਗਲਾਂ ਵਿੱਚ ਰਹਿਣ ਵਾਲਿਆਂ ਅਤੇ ਘਰਾਂ ਵਿੱਚ ਰਹਿੰਦੇ ਕਬਾਇਲੀ ਕਾਰੀਗਰਾਂ ਲਈ ਰੋਜ਼ਗਾਰ ਪੈਦਾ ਕਰਨ ਦੇ ਇੱਕ ਸਾਧਨ ਵਜੋਂ ਉੱਭਰਿਆ ਹੈ।  22 ਰਾਜਾਂ ਵਿੱਚ ਵਣ ਉਤਪਾਦ ਇਕੱਠੇ ਕਰਨ ਵਾਲੇ 3.6 ਲੱਖ ਕਬਾਇਲੀਆਂ ਤੇ 1,8000 ਸਵੈ–ਸਹਾਇਤਾ ਸਮੂਹਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ 18,500 ਸਵੈ–ਸਹਾਇਤਾ ਸਮੂਹਾਂ ਉੱਤੇ ਆਧਾਰਤ 1,205 ਕਬਾਇਲੀ ਉੱਦਮ ਸਥਾਪਤ ਕੀਤੇ ਗਏ ਹਨ। ਇਸ ਪ੍ਰੋਗਰਾਮ ਦੀ ਖ਼ੂਬਸੂਰਤੀ ਇਸ ਵਿੱਚ ਹੈ ਕਿ ਇਹ ਇਨ੍ਹਾਂ ਮੁੱਲ–ਵਾਧਾ ਉਤਪਾਦਾਂ ਦੀ ਵਿਕਰੀ ਤੋਂ ਇਕੱਠੀ ਹੋਈ ਰਕਮ ਸਿੱਧੀ ਕਬਾਇਲੀਆਂ ਤੱਕ ਪਹੁੰਚਾਉਣਾ ਯਕੀਨੀ ਬਣਾਉਂਦਾ ਹੈ। ਪੈਕੇਜਿੰਗ ਤੇ ਮਾਰਕਿਟਿੰਗ ਤੋਂ ਲੈ ਕੇ ਮੁੱਲ–ਵਾਧਾ ਉਤਪਾਦਾਂ ਤੋਂ ਇਨ੍ਹਾਂ ਕਬਾਇਲੀ ਉੱਦਮਾਂ ਨੂੰ ਲਾਭ ਪੁੱਜਦਾ ਹੈ, ਜਿੱਥੋਂ ਇਹ ਉਤਪਾਦ ਆਉਂਦੇ ਹਨ। ਮਨੀਪੁਰ ਤੇ ਨਾਗਾਲੈਂਡ ਅਜਿਹੇ ਰਾਜਾਂ ਦੀਆਂ ਮਿਸਾਲ ਬਣ ਕੇ ਉੱਘੜੇ ਹਨ, ਜਿੱਥੇ ਇਹ ਸਟਾਰਟ–ਅੱਪਸ ਪ੍ਰਫ਼ੁੱਲਤ ਹੋਏ ਹਨ।

ਵਣ ਉਤਪਾਦਾਂ ਦੇ ਮੁੱਲ–ਵਾਧੇ ਤੇ ਪ੍ਰੋਸੈਸਿੰਗ ਲਈ 77 ਵਨ ਧਨ ਕੇਂਦਰ ਮਨੀਪੁਰ ਰਾਜ ਵਿੱਚ ਸਥਾਪਤ ਕੀਤੇ ਗਏ ਹਨ। ਇਹ ਵਨ ਧਨ ਕੇਂਦਰਾਂ ਨੇ ਸਤੰਬਰ 2019 ਤੋਂ 49.1 ਲੱਖ ਰੁਪਏ ਮੁੱਲ ਦੇ ਐੱਮਐੱਫ਼ਪੀ ਉਤਪਾਦਾਂ ਦੀ ਵਿਕਰੀ ਦਰਜ ਕੀਤੀ ਹੈ! ਇਨ੍ਹਾਂ ਸਥਾਪਤ ਕੇਂਦਰਾਂ ਵੱਲੋਂ ਭੋਜਨ ਸੁਰੱਖਿਆ ਤੇ ਸਫ਼ਾਈ ਦੇ ਬੇਮਿਸਾਲ ਮਿਆਰ ਅਪਣਾਏ ਗਏ ਹਨ – ਆਂਵਲਾ ਰਸ, ਇਮਲੀ ਆਂਵਲਾ ਕੈਂਡੀ ਤੇ ਪਲੱਮ ਜੈਮਸ ਜਿਹੇ ਪ੍ਰੋਸੈੱਸ ਕੀਤੇ ਉਤਪਾਦਾਂ ਦੀ ਵਧੀਆ ਦਿਲ–ਖਿੱਚਵੀਂ ਪੈਕੇਜਿੰਗ ਅਤੇ ਇਨ੍ਹਾਂ ਉਤਪਾਦਾਂ ਦੀ ਨਿਵੇਕਲੀ ਬ੍ਰਾਂਡਿੰਗ ਤੇ ਮਾਰਕਿਟਿੰਗ ਖ਼ਾਸ ਤੌਰ ’ਤੇ ਵਰਨਣਯੋਗ ਹੈ। ਇਨ੍ਹਾਂ ਉਤਪਾਦਾਂ ਦੀ ਵਿਕਰੀ ਯਕੀਨੀ ਬਣਾਉਣ ਲਈ ਮਨੀਪੁਰ ਦੇ ਇੱਕ ਜ਼ਿਲ੍ਹੇ ਵਿੱਚ ਇੱਕ ਮੋਬਾਇਲ ਵੈਨ ਸੇਵਾ ਵੀ ਸ਼ੁਰੂ ਕੀਤੀ ਗਈ ਹੈ।

ਟਰਾਈਫ਼ੈੱਡ (TRIFED) ਦੀ ਹੁਣ ਆਪਣੀਆਂ ਗਤੀਵਿਧੀਆਂ ਦੇ ਅਗਲੇ ਗੇੜ ’ਚ ਵਨ ਧਨ ਯੋਜਨਾ ਨੂੰ ਐੱਮਐੱਫ਼ਪੀ ਲਈ ਐੱਮਐੱਸਪੀ ਯੋਜਨਾ ਹੈ। ਇਹ ਦੋਵੇਂ ਪਹਿਲਕਦਮੀਆਂ ਇੱਕ–ਦੂਜੇ ਨਾਲ ਮਿਲ ਕੇ ਕਬਾਇਲੀਆਂ ਲਈ ਰੋਜ਼ਗਾਰ ਤੇ ਆਮਦਨਾਂ ਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਦਾ ਇੱਕ ਵਿਆਪਕ ਵਿਕਾਸ ਪੈਕੇਜ ਪ੍ਰਦਾਨ ਕਰਦੀਆਂ ਹਨ।

ਸਮੁੱਚੇ ਦੇਸ਼ ਵਿੱਚ ਸਿਸਟਮਜ਼ ਤੇ ਪ੍ਰਕਿਰਿਆਵਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਐੱਮਐੱਫ਼ਪੀਜ਼ ਦੀ ਖ਼ਰੀਦ ਸਾਰਾ ਸਾਲ ਚੱਲਦੀ ਰਹੇ ਤੇ ਇਹ ਮੌਜੂਦਾ 3,000 ਕਰੋੜ ਰੁਪਏ ਦੇ ਪੱਧਰ ਤੋਂ ਦੁੱਗਣੀ ਵਧ ਕੇ 6,000 ਕਰੋੜ ਰੁਪਏ ਤੱਕ ਪੁੱਜ ਜਾਵੇ (ਇਸ ਦਾ ਲਾਭ ਵਣ ਉਤਪਾਦ ਇਕੱਠੇ ਕਰਨ ਵਾਲੇ 25 ਲੱਖ ਪਰਿਵਾਰਾਂ ਨੂੰ ਮਿਲੇ)। ਹੋਰ ਗਤੀਵਿਧੀਆਂ ਦਾ ਵਾਧਾ ਕਰਨ ਤੇ ਅਜਿਹੀ ਤਿਆਰੀ ਕਰਨ ਲਈ ਵਿੱਤੀ ਸਾਲ 2020–21 ਵਿੱਚ 9 ਲੱਖ ਕਬਾਇਲੀ ਲਾਭਪਾਤਰੀਆਂ ਲਈ 3,000 ਵਨ ਧਨ ਵਿਕਾਸ ਕੇਂਦਰ ਸਥਾਪਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

14 ਜੁਲਾਈ, 2020 ਨੂੰ ਮਿਜ਼ੋਰਮ ਵਿੱਚ ਮਿਜ਼ੋਰਮ ਸਰਕਾਰ ਦੇ ਸਹਿਕਾਰਤਾ ਵਿਭਾਗ ਦੇ ਮੰਤਰੀ ਸ਼੍ਰੀ ਸੀ. ਲਾਲਰੀਸਾਂਗਾ ਵੱਲੋਂ 44 ਵਨ ਧਨ ਵਿਕਾਸ ਕੇਂਦਰ ਟਰਾਈਫ਼ੈੱਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਵੀਰ ਕ੍ਰਿਸ਼ਨਾ ਅਤੇ ਮਿਜ਼ੋਰਮ ਸਰਕਾਰ ਦੇ ਸਹਿਕਾਰਤਾ ਵਿਭਾਗ ਦੇ ਸ਼੍ਰੀ ਜੇਪੀ ਅਗਰਵਾਲ ਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸਥਾਪਤ ਕੀਤੇ ਗਏ ਸਨ, ਜਿਨ੍ਹਾਂ ਦੁਆਰਾ ਲਗਭਗ 14,000 ਕਬਾਇਲੀਆਂ ਨੂੰ ਲਾਭ ਪੁੱਜੇਗਾ। ਇਨ੍ਹਾਂ ਵਨ ਧਨ ਵਿਕਾਸ ਕੇਂਦਰਾਂ ਵਿੱਚ ਪਿਛਲੇ ਹਫ਼ਤੇ ਪੂਰੀ ਤੇਜ਼ ਰਫ਼ਤਾਰ ਨਾਲ ਸੁਪਰਵਾਈਜ਼ਰਾਂ ਤੇ ਸਰਵੇਅਰਾਂ ਦੀ ਸਿਖਲਾਈ ਜਿਹੀਆਂ ਗਤੀਵਿਧੀਆਂ ਵੀ ਸ਼ੁਰੂ ਕੀਤੀਆਂ ਗਈਆਂ ਹਨ।

ਕਬਾਇਲੀ ਕਾਰੀਗਰਾਂ ਨੂੰ ਹੋਰ ਉਭਾਰਨ ਅਤੇ ਉਨ੍ਹਾਂ ਦੇ ਹੁਨਰਾਂ ਅਤੇ ਉਤਪਾਦਾਂ ਨੂੰ ਕੌਮਾਂਤਰੀ ਮਿਆਰਾਂ ਦੇ ਬਣਾਉਣ ਲਈ ਟਰਾਈਫ਼ੈੱਡ (TRIFED) ਕਬਾਇਲੀ ਕਾਰੀਗਰਾਂ ਨੂੰ ਸਿੱਖਿਅਤ ਕਰਨ ਲਈ ਰੁਮਾ ਦੇਵੀ ਤੇ ਰੀਨਾ ਢਾਕਾ ਜਿਹੇ ਉੱਘੇ ਡਿਜ਼ਾਇਨਰਾਂ ਨਾਲ ਤਾਲਮੇਲ ਵੀ ਕਾਇਮ ਕਰ ਰਿਹਾ ਹੈ।

ਰੀਨਾ ਢਾਕਾ ਨੇ ਇਸ ਵੇਲੇ ‘ਨਿਊਜ਼ ਐਕਸ’ ਉੱਤੇ ਪ੍ਰਸਾਰਿਤ ਹੋ ਰਿਹਾ ਆਪਣੇ ਸ਼ੋਅ ‘ਦਿ ਡਿਜ਼ਾਇਨਰ ਐਂਡ ਦਿ ਮਿਊਜ਼’ ਇੰਟਰਵਿਊਜ਼ ਦੀ ਇੱਕ ਲੜੀ ਜ਼ਰੀਏ ਕਬਾਇਲੀ ਦਸਤਾਕਾਰੀਆਂ ਤੇ ਉਤਪਾਦਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ। ਗੌਹਰ ਖ਼ਾਨ ਨਾਲ ਪਹਿਲਾ ਇੰਟਰਵਿਊ 17 ਜੁਲਾਈ, 2020 ਨੂੰ ਪ੍ਰਸਾਰਿਤ ਕੀਤਾ ਗਿਆ ਸੀ, ਜਦ ਕਿ ਪੂਜਾ ਬਤਰਾ ਨਾਲ ਇੰਟਰਵਿਊ ਦੂਜਾ 24 ਜੁਲਾਈ, 2020 ਨੂੰ ਪ੍ਰਸਾਰਿਤ ਹੋਇਆ ਸੀ।

ਇਨ੍ਹਾਂ ਪਹਿਲਕਦਮੀਆਂ ਨੂੰ ਸਫ਼ਲਤਾਪੂਰਵਕ ਲਾਗੂ ਕਰ ਕੇ ਤੇ ਆਉਣ ਵਾਲੀਆਂ ਅਜਿਹੀਆਂ ਹੋਰ ਪਹਿਲਕਦਮੀਆਂ ਨਾਲ ਟਰਾਈਫ਼ੈੱਡ (TRIFED) ਸਮੁੱਚੇ ਦੇਸ਼ ਵਿੱਚ ਕਬਾਇਲੀ ਜ਼ਿੰਦਗੀਆਂ ਦਾ ਮੁਕੰਮਲ ਕਾਇਆ–ਕਲਪ ਕਰਨ ਅਤੇ ਪ੍ਰਭਾਵਿਤ ਕਾਰੀਗਰਾਂ ਤੇ ਵਣ ਉਤਪਾਦ ਇਕੱਠੇ ਕਰਨ ਵਾਲਿਆਂ ਦੀ ਕਮਜ਼ੋਰ ਪੈਂਦੀ ਜਾ ਰਹੀ ਆਰਥਿਕ ਦਸ਼ਾ ਵਿੱਚ ਨਵੀਂ ਰੂਹ ਫੂਕਣ ਲਈ ਕੰਮ ਕਰ ਰਿਹਾ ਹੈ।

 

*****

ਐੱਨਬੀ/ਐੱਸਕੇ/ਕਬਾਇਲੀ ਮਾਮਲਿਆਂ ਬਾਰੇ ਮੰਤਰਾਲਾ/27.07.2020



(Release ID: 1641776) Visitor Counter : 147