ਉਪ ਰਾਸ਼ਟਰਪਤੀ ਸਕੱਤਰੇਤ

ਬੱਚਿਆਂ ਨੂੰ ਭਰਮਾਊ ਪ੍ਰਚਾਰ ਅਤੇ ਫੇਕ ਨਿਊਜ਼ ਨੂੰ ਪਛਾਣਨਾ ਸਿਖਾਓ : ਉਪ ਰਾਸ਼ਟਰਪਤੀ

ਬੱਚਿਆਂ ਵਿੱਚ ਪੜ੍ਹਨ ਦੀ ਆਦਤ ਵਿੱਚ ਕਮੀ ’ਤੇ ਚਿੰਤਾ ਪ੍ਰਗਟਾਈ
ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕੋਵਿਡ ਕਾਰਨ ਸਿੱਖਿਆ ਸੈਸ਼ਨ ਵਿੱਚ ਆਈ ਰੁਕਾਵਟ ਤੋਂ ਚਿੰਤਤ ਨਾ ਹੋਣ ਨੂੰ ਕਿਹਾ
ਜੀਵਨ ਦੇ ਉਤਰਾਅ ਚੜ੍ਹਾਅ ਦਾ ਸਾਹਮਣਾ ਕਰਨ ਲਈ ਨੌਜਵਾਨ ਮਾਨਸਿਕ ਅਤੇ ਭਾਵਨਾਤਮਕ ਰੂਪ ਨਾਲ ਖੁਦ ਨੂੰ ਮਜ਼ਬੂਤ ਕਰਨ
ਸਿੱਖਿਆ ਦਾ ਉਦੇਸ਼ ਮਨੁੱਖ ਵਿੱਚ ਚੰਗੀਆਂ ਕਦਰਾਂ ਕੀਮਤਾਂ ਪੈਦਾ ਕਰਨਾ ਹੈ
ਇਕਾਗਰਤਾ ਵਧਾਉਣ ਅਤੇ ਸਰੀਰਿਕ ਅਤੇ ਮਾਨਸਿਕ ਸਿਹਤ ਲਈ ਨੌਜਵਾਨ ਯੋਗ ਕਰਨ
ਨੌਜਵਾਨਾਂ ਨੂੰ ਉਨ੍ਹਾਂ ਦੀ ਰੁਚੀ ਨਾਲ ਚੁਣੇ ਹੋਏ ਖੇਤਰਾਂ ਵਿੱਚ ਉੱਤਮਤਾ ਹਾਸਲ ਕਰਨ ਨੂੰ ਕਿਹਾ
ਆਪਣੇ ਤੋਂ ਘੱਟ ਕਿਸਮਤ ਵਾਲੇ ਲੋਕਾਂ ਦੀ ਸਥਿਤੀ ਨੂੰ ਹਮੇਸ਼ਾ ਧਿਆਨ ਵਿੱਚ ਰੱਖੋ

Posted On: 27 JUL 2020 5:22PM by PIB Chandigarh

ਉਪ ਰਾਸ਼ਟਰਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਮੀਡੀਆ ਅਤੇ ਵਿਸ਼ੇਸ਼ ਕਰਕੇ ਮੌਜੂਦਾ ਨਿਊਜ਼ ਮੀਡੀਆ ਵਿੱਚ ਮੌਜੂਦ ਭਰਮਾਊ ਪ੍ਰਚਾਰ ਅਤੇ ਫੇਕ ਨਿਊਜ਼ ਤੋਂ ਬੱਚਿਆਂ ਨੂੰ ਜਾਣੂ ਕਰਾਉਣ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੂੰ ਅਜਿਹੀ ਸਿੱਖਿਆ ਦਿੱਤੀ ਜਾਣੀ ਚਾਹੀਦਾ ਹੈ ਜਿਸ ਨਾਲ ਕਿ ਉਹ ਅਜਿਹੀਆਂ ਖ਼ਬਰਾਂ ਨੂੰ ਪਛਾਣ ਸਕਣ। 
ਅੱਜ ਟਾਈਮਜ਼ ਸਕਾਲਰਜ਼ ਇਵੈਂਟ ਦੇ ਮੌਕੇ ’ਤੇ 200 ਤੋਂ ਜ਼ਿਆਦਾ ਹੁਸ਼ਿਆਰ ਨੌਜਵਾਨ ਪ੍ਰਤੀਨਿਧੀਆਂ ਨੂੰ ਵੀਡਿਓ ਕਾਨਫਰੰਸਿੰਗ ਜ਼ਰੀਏ ਸੰਬੋਧਿਤ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ਅਤੇ ਸੱਚ ਨੂੰ ਸਵੀਕਾਰ ਕਰਨ ਅਤੇ ਝੂਠੀਆਂ ਅਫਵਾਹਾਂ ਨੂੰ ਨਕਾਰਨ ਦੀ ਯੋਗਤਾ ਵਿਕਸਤ ਕਰਨ ਦੀ ਤਾਕੀਦ ਕੀਤੀ। ਇਹ ਪ੍ਰੋਗਰਾਮ ‘ਟਾਈਮਜ਼ ਆਫ ਇੰਡੀਆ’ ਵੱਲੋਂ ਵਿਦਿਆਰਥੀਆਂ ਵਿੱਚ ਪੜ੍ਹਨ ਵਿਸ਼ੇਸ਼ ਕਰਕੇ ਅਖ਼ਬਾਰ ਪੜ੍ਹਨ ਪ੍ਰਤੀ ਰੁਚੀ ਵਿਕਸਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਇੱਕ ਸਿੱਖਿਅਤ ਵਿਦਿਆਰਥੀ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਬਿਹਤਰ ਢੰਗ ਨਾਲ ਸਮਰੱਥ ਹੁੰਦਾ ਹੈ।
ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੂੰ ਯਾਦ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ‘‘ਉੱਚੇ ਟੀਚੇ ਸਥਾਪਿਤ ਕਰਨ ਅਤੇ ਉੱਚੇ ਸੁਪਨੇ’ ਦੇਖਣ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਉੱਚੇ ਟੀਚਿਆਂ ਨੂੰ ਪੂਰਾ ਕਰਨ ਲਈ ਆਤਮ ਅਨੁਸ਼ਾਸਨ, ਸਖ਼ਤ ਮਿਹਨਤ, ਇਕਾਗਰ ਸੰਕਲਪ ਅਤੇ ਹਰ ਸਥਿਤੀ ਵਿੱਚ ਸੰਤੁਲਨ ਬਣਾਏ ਰੱਖਣ ਵਰਗੇ ਗੁਣ ਲਾਜ਼ਮੀ ਹਨ।
ਕੋਵਿਡ ਕਾਰਨ ਸਿੱਖਿਆ ਸੈਸ਼ਨ ਵਿੱਚ ਆਈ ਰੁਕਾਵਟ ਦੀ ਚਰਚਾ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਨੌਜਵਾਨ ਵਿਦਿਆਰਥੀਆਂ ਨੂੰ ਚਿੰਤਤ ਨਾ ਹੋਣ ਨੂੰ ਕਿਹਾ ਕਿਉਂਕਿ ਇਹ ਸਥਿਤੀਆਂ ਉਨ੍ਹਾਂ ਦੇ ਵਸ ਵਿੱਚ ਹੈ ਹੀ ਨਹੀਂ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਵਨ ਦੇ ਉਤਰਾਅ ਚੜ੍ਹਾਅ ਵਿੱਚ ਵੀ ਮਾਨਸਿਕ ਅਤੇ ਭਾਵਨਾਤਮਕ ਰੂਪ ਨਾਲ ਮਜ਼ਬੂਤ ਰਹਿਣ ਨੂੰ ਕਿਹਾ।
ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਇਕਾਗਰਤਾ ਵਧਾਉਣ, ਸਰੀਰਿਕ ਅਤੇ ਮਾਨਸਿਕ ਸਿਹਤ ਲਈ ਅਤੇ ਤਣਾਅ ਅਤੇ ਚਿੰਤਾ ਤੋਂ ਮੁਕਤ ਰਹਿਣ ਲਈ ਯੋਗ ਅਭਿਆਸ ਕਰਨ ਦੀ ਸਲਾਹ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਯੋਗ ਮਹਾਮਾਰੀ ਦੇ ਸਮੇਂ ਵਿੱਚ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਾਉਂਦਾ ਹੈ ਅਤੇ ਸਲਾਹ ਦਿੱਤੀ ਕਿ ਯੋਗ ਨੂੰ ਬਚਪਨ ਤੋਂ ਹੀ ਸਕੂਲੀ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਯੋਗ ਨੌਜਵਾਨਾਂ ਵਿੱਚ ਇਕਾਗਰਤਾ ਅਤੇ ਅਨੁਸ਼ਾਸਨ ਵਧਾਉਂਦਾ ਹੈ।
ਮੌਜੂਦਾ ਸਮੇਂ ਵਿੱਚ ਹਰ ਖੇਤਰ ਵਿੱਚ ਵਧ ਰਹੀ ਪ੍ਰਤੀਯੋਗਤਾ ਅਤੇ ਮੁਕਾਬਲੇ ਦੀ ਚਰਚਾ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਤਮ ਵਿਸ਼ਵਾਸ ਹੋਣਾ ਚਾਹੀਦਾ ਹੈ ਅਤੇ ਉੱਤਮਤਾ ਪ੍ਰਾਪਤ ਕਰਨ ਲਈ ਹਰ ਰੁਕਾਵਟ ਨੂੰ ਪਾਰ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਤਾਕੀਦ ਕੀਤੀ ਕਿ ਸਫਲਤਾ ਲਈ ਕੋਈ ਛੋਟਾ ਰਸਤਾ ਨਹੀਂ ਹੁੰਦਾ।
ਉਨ੍ਹਾਂ ਨੇ ਕਿਹਾ ਕਿ ਸਿੱਖਿਆ ਦਾ ਉਦੇਸ਼ ਸਿਰਫ਼ ਡਿਗਰੀ ਪ੍ਰਾਪਤ ਕਰਨਾ ਜਾਂ ਰੋਜ਼ਗਾਰ ਹੀ ਨਹੀਂ ਹੈ ਬਲਕਿ ਸਿੱਖਿਆ ਆਤਮ ਗਿਆਨ ਅਤੇ ਆਤਮ ਵਿਸ਼ਵਾਸ ਲਈ ਹੈ। ਸਿੱਖਿਆ ਸਿਰਫ਼ ਲਾਜ਼ਮੀ ਜਾਣਕਾਰੀ ਹੀ ਨਹੀਂ ਪ੍ਰਦਾਨ ਕਰਦੀ ਬਲਕਿ ਸਾਨੂੰ ਇੱਕ ਚੰਗਾ ਇਨਸਾਨ ਬਣਾਉਂਦੀ ਹੈ।
ਭਾਰਤ ਦੀ ਪ੍ਰਾਚੀਨ ਸਿੱਖਿਆ ਪ੍ਰਣਾਲੀ ਵਿੱਚ ਨੈਤਿਕ ਮੁੱਲਾਂ ’ਤੇ ਵਿਸ਼ੇਸ਼ ਜ਼ੋਰ ਦੇਣ ਦੀ ਚਰਚਾ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਦਿਆਲਤਾ, ਵਫ਼ਾਦਾਰੀ, ਇਮਾਨਦਾਰੀ, ਧੰਨਵਾਦੀ, ਮੁਆਫ਼ੀ ਅਤੇ ਵੱਡਿਆਂ ਪ੍ਰਤੀ ਆਦਰ ਭਾਵ ਵਰਗੇ ਮਨੁੱਖੀ ਗੁਣਾਂ ਦਾ ਵਿਕਾਸ ਵੀ ਸਿੱਖਿਆ ਦਾ ਲਾਜ਼ਮੀ ਉਦੇਸ਼ ਹੈ।
ਨੌਜਵਾਨਾਂ ਨੂੰ ਭਾਰਤ ਦੇ ਸੁਨਹਿਰੇ ਅਤੀਤ ਦੇ ਪ੍ਰਤੀਨਿਧ ਦੱਸਦੇ ਹੋਏ ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੀ ਅਮੀਰ ਇਤਿਹਾਸਕ ਵਿਰਾਸਤ ’ਤੇ ਮਾਣ ਹੋਣਾ ਚਾਹੀਦਾ ਹੈ ਅਤੇ ਵਿਸ਼ਵ ਵਿੱਚ ਭਾਰਤ ਦੇ ਸਰਵਉੱਚ ਸੱਭਿਆਚਾਰਕ ਮੁੱਲਾਂ ਅਤੇ ਸੱਭਿਅਕ ਆਦਰਸ਼ਾਂ ਦਾ ਪ੍ਰਤੀਨਿਧ ਬਣਨਾ ਚਾਹੀਦਾ ਹੈ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਆਪਣੀ ਰੁਚੀ ਦੇ ਕਿਸੇ ਵੀ ਚੁਣੇ ਹੋਏ ਖੇਤਰ ਵਿੱਚ ਉੱਤਮਤਾ ਹਾਸਲ ਕਰਨ ਦਾ ਪੂਰਾ ਯਤਨ ਕਰਨ ਅਤੇ ਉੱਤਮਤਾ ਦੀਆਂ ਨਵੀਆਂ ਸੀਮਾਵਾਂ ਖੋਜਣ, ਉਨ੍ਹਾਂ ਨੂੰ ਪ੍ਰਾਪਤ ਕਰਨ, ਕਦੇ ਵੀ ਯਥਾਸਥਿਤੀ ਤੋਂ ਸੰਤੁਸ਼ਟ ਨਾ ਹੋਣ, ਉੱਚੇ ਤੋਂ ਉੱਚੇ ਮਾਪਦੰਡ ਸਥਾਪਿਤ ਕਰਨ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ।
ਉਪ ਰਾਸ਼ਟਰਪਤੀ ਨੇ ਨੌਜਵਾਨ ਵਿਦਿਆਰਥੀਆਂ ਤੋਂ ਉਮੀਦ ਪ੍ਰਗਟਾਈ ਕਿ ਉਹ ਮੌਜੂਦਾ ਵਿਸ਼ਵ ਦੇ ਸਾਹਮਣੇ ਗਰੀਬੀ, ਅਸਮਾਨਤਾ, ਹਿੰਸਾ, ਵਾਤਾਵਰਣ ਪਰਿਵਰਤਨ ਵਰਗੀਆਂ ਸਮੱਸਿਆਵਾਂ ਦਾ ਅਧਿਐਨ ਕਰਕੇ ਉਨ੍ਹਾਂ ਨੂੰ ਸਮਝਣ ਅਤੇ ਨਵੇਂ ਹੱਲ ਲੱਭਣ। 
ਰਾਸ਼ਟਰਪਿਤਾ ਮਹਾਤਮਾ ਗਾਂਧੀ ਵੱਲੋਂ ਦਿੱਤੇ ਗਏ ਮੰਤਰ ਦੀ ਚਰਚਾ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਨੌਜਵਾਨ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਤੋਂ ਘੱਟ ਕਿਸਮਤ ਵਾਲੇ ਲੋਕਾਂ ਦੀ ਸਥਿਤੀ ਨੂੰ ਹਮੇਸ਼ਾ ਧਿਆਨ ਵਿੱਚ ਰੱਖਣ।
ਉਨ੍ਹਾਂ ਨੇ ਸੱਦਾ ਦਿੱਤਾ ਕਿ ਸਰਵੋਦਿਆ ਅਤੇ ਅੰਤੋਦਿਆ ਸਾਡੇ ਮਾਰਗਦਰਸ਼ਕ ਸੰਸਕਾਰ ਬਣਨ।
ਇਸ ਮੌਕੇ ’ਤੇ ਸ਼੍ਰੀ ਨਾਇਡੂ ਨੇ ਭਾਰਤ ਦੀ ਨੌਜਵਾਨ ਸ਼ਕਤੀ ਨੂੰ ਦੇਸ਼ ਦਾ ਸਭ ਤੋਂ ਮਹੱਤਵਪੂਰਨ ਸਰੋਤ ਦੱਸਿਆ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਨੌਜਵਾਨ ਦੇਸ਼ ਨੂੰ ਪ੍ਰਗਤੀ ਦੀਆਂ ਨਵੀਆਂ ਉੱਚਾਈਆਂ ’ਤੇ ਲੈ ਜਾ ਸਕਣਗੇ।
****
VRRK/MS/MSY/DP

 



(Release ID: 1641689) Visitor Counter : 215