ਉਪ ਰਾਸ਼ਟਰਪਤੀ ਸਕੱਤਰੇਤ
ਭਾਰਤ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਰਕਾਰ, ਸਿਵਲ ਸੋਸਾਇਟੀ ਅਤੇ ਸਾਰੇ ਲੋਕ ਮਿਲ ਕੇ ਪ੍ਰਯਤਨ ਕਰਨ: ਉਪ ਰਾਸ਼ਟਰਪਤੀ
ਨਾਗਰਿਕਾਂ ਨੂੰ ਸੰਵਿਧਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਨਿਰੰਤਰ ਯਤਨ ਕਰਦੇ ਰਹਿਣ ਲਈ ਕਿਹਾ
ਜਵਾਬਦੇਹੀ, ਪਾਰਦਰਸ਼ਤਾ ਅਤੇ ਸੁਸ਼ਾਸਨ ਨੂੰ ਲੋਕਤੰਤਰ ਦੀਆਂ ਜ਼ਰੂਰੀ ਸ਼ਰਤਾਂ ਕਿਹਾ
ਕੰਪਟਰੋਲਰ ਅਤੇ ਆਡਿਟਰ ਜਨਰਲ (ਕੈਗ) ਦੇ ਦਫ਼ਤਰ ਦੇ ਪਰਿਸਰ ਵਿੱਚ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ
ਡਾ. ਅੰਬੇਡਕਰ ਨੂੰ ਭਰਪੂਰ ਸ਼ਰਧਾਂਜਲੀਆਂ ਅਰਪਿਤ ਕੀਤੀਆਂ
Posted On:
22 JUL 2020 12:15PM by PIB Chandigarh
ਉਪ ਰਾਸ਼ਟਰਪਤੀ ਨੇ ਅੱਜ ਭ੍ਰਿਸ਼ਟਾਚਾਰ ਨੂੰ ਦੇਸ਼ ਦੀ ਪ੍ਰਗਤੀ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਵੱਡੀ ਬਿਮਾਰੀ ਕਰਾਰ ਦਿੱਤਾ ਅਤੇ ਸਰਕਾਰ, ਸਿਵਲ ਸੋਸਾਇਟੀ ਅਤੇ ਸਮੁੱਚੇ ਲੋਕਾਂ ਨੂੰ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਦੇ ਖ਼ਤਰੇ ਨੂੰ ਦੂਰ ਕਰਨ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਹ ਅੱਜ ਨਵੀਂ ਦਿੱਲੀ ਵਿਖੇ ਕੰਪਟਰੋਲਰ ਅਤੇ ਆਡਿਟਰ ਜਨਰਲ (ਕੈਗ) ਦੇ ਦਫ਼ਤਰ ਦੇ ਪਰਿਸਰ ਵਿੱਚ ਬਾਬਾ ਸਾਹਿਬ ਡਾ: ਬੀਆਰ ਅੰਬੇਡਕਰ ਦੀ ਪ੍ਰਤਿਮਾ ਤੋਂ ਪਰਦਾ ਹਟਾਉਣ ਉਪਰੰਤ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਸਾਬਕਾ ਰਾਸ਼ਟਰਪਤੀ, ਏਪੀਜੇ ਅਬਦੁਲ ਕਲਾਮ ਦੇ ਸ਼ਬਦਾਂ ਨੂੰ ਯਾਦ ਕਰਦਿਆਂ, ਸ਼੍ਰੀ ਨਾਇਡੂ ਨੇ ਜ਼ੋਰ ਦੇ ਕੇ ਕਿਹਾ ਕਿ ਮਾਪਿਆਂ ਤੋਂ ਇਲਾਵਾ ਅਧਿਆਪਕ ਵੀ ਵਿਦਿਆਰਥੀਆਂ ਦੇ ਚਰਿੱਤਰ ਨੂੰ ਅਕਾਰ ਦੇਣ ਅਤੇ ਇੱਕ ਕਦਰਾਂ-ਕੀਮਤਾਂ ʼਤੇ ਅਧਾਰਿਤ ਸਮਾਜ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ।
ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਇੱਕ ਬਹੁ-ਆਯਾਮੀ ਪ੍ਰਤਿਭਾਸ਼ੀਲ ਵਿਅਕਤੀ ਸਨ-ਇੱਕ ਵਿਜ਼ਨਰੀ ਰਾਜਨੇਤਾ, ਦਾਰਸ਼ਨਿਕ, ਪ੍ਰਭਾਵਸ਼ਾਲੀ ਬੁੱਧੀਜੀਵੀ, ਉੱਘੇ ਨਿਆਂ ਨਿਪੁੰਨ, ਅਰਥਸ਼ਾਸਤਰੀ, ਲੇਖਕ, ਸਮਾਜ ਸੁਧਾਰਕ ਅਤੇ ਉਦਾਰ ਮਾਨਵਤਾਵਾਦੀ ਸਨ।
ਭਾਰਤ ਦੇ ਸੰਵਿਧਾਨ ਨੂੰ ਦੁਨੀਆ ਦਾ ਸਭ ਤੋਂ ਮਜ਼ਬੂਤ ਸੰਵਿਧਾਨਾਂ ਵਿੱਚੋਂ ਇੱਕ ਕਹਿੰਦੇ ਹੋਏ ਸ਼੍ਰੀ ਨਾਇਡੂ ਨੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿੱਚ ਡਾ. ਅੰਬੇਡਕਰ ਦੁਆਰਾ ਦਿੱਤੇ ਉੱਤਮ ਯੋਗਦਾਨ ਅਤੇ ਇੱਕ ਗੰਭੀਰ ਪਰਿਸਥਿਤੀ ਵਿੱਚ ਦੇਸ਼ ਦੀ ਅਗਵਾਈ ਕਰਨ ਵਿੱਚ ਉਨ੍ਹਾਂ ਦੀ ਉੱਘੀ ਭੂਮਿਕਾ ਦੀ ਸ਼ਲਾਘਾ ਕੀਤੀ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਤੱਕ ਸਾਡਾ ਸੰਵਿਧਾਨ ਸਾਡੇ ਲਈ ਇੱਕ ਪਵਿੱਤਰ ਗਰੰਥ ਅਤੇ ਸਾਰੇ ਮਾਮਲਿਆਂ ਲਈ ਮਾਰਗ ਦਰਸ਼ਕ ਬਣਿਆ ਹੋਇਆ ਹੈ। ਉਨ੍ਹਾਂ ਨੇ ਦੇਸ਼ ਦੇ ਹਰ ਨਾਗਰਿਕ ਨੂੰ ਇਹ ਸੁਨਿਸ਼ਚਿਤ ਕਰਨ ਵਾਸਤੇ ਪ੍ਰਯਤਨ ਕਰਨ ਲਈ ਕਿਹਾ ਕਿ ਸਾਡੇ ਸੰਵਿਧਾਨ ਦੀ ਪਵਿੱਤਰਤਾ ਨੂੰ ਹਰ ਸਮੇਂ ਕਾਇਮ ਰੱਖਿਆ ਜਾਵੇ ਅਤੇ ਇਸ ਦੀ ਕਦੀ ਵੀ ਉਲੰਘਣਾ ਨਾ ਹੋਵੇ।
ਡਾ: ਅੰਬੇਡਕਰ ਨੂੰ ਸ਼ੋਸ਼ਿਤਾਂ ਦੇ ਮਸੀਹਾ ਦੱਸਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਜੀਵਨ ਭਰ ਸਿੱਖਿਆ ਦੇ ਮਾਧਿਅਮ ਨਾਲ ਮਹਿਲਾ-ਪੁਰਸ਼ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਨ ਦੇ ਸਮਰਥਕ ਰਹੇ ਅਤੇ ਉਨ੍ਹਾਂ ਨੇ ਜਾਤੀ ਦੇ ਬੰਧਨਾਂ ਨੂੰ ਤੋੜਨ ਅਤੇ ਸਾਰੇ ਲੋਕਾਂ ਲਈ ਸਮਾਨਤਾ ਨੂੰ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ, “ਉਨ੍ਹਾਂ ਦੀ ਪ੍ਰਤਿਮਾ ਸਥਾਪਿਤ ਕਰਨ ਦਾ ਉਦੇਸ਼ ਇਸ ਮਹਾਨ ਵਿਅਕਤੀ ਦੇ ਆਦਰਸ਼ਾਂ ਨੂੰ ਯਾਦ ਰੱਖਣਾ ਹੈ ਅਤੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਅਜੋਕੀ ਪੀੜ੍ਹੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਬਾਬਾ ਸਾਹਿਬ ਦੀਆਂ ਉਨ੍ਹਾਂ ਸਿੱਖਿਆਵਾਂ ਨੂੰ ਯਾਦ ਰੱਖਣ ਜੋ ਕਿ ਸਾਡੇ ਸਾਰਿਆਂ ਲਈ ਮਾਰਗ- ਦਰਸ਼ਕ ਸਿਧਾਂਤ ਹਨ।”
ਇੱਕ ਮਜ਼ਬੂਤ ਅਤੇ ਭਰੋਸੇਮੰਦ ਸੰਸਥਾ ਹੋਣ ਕਰਕੇ ਕੈਗ ਦੀ ਸ਼ਲਾਘਾ ਕਰਦਿਆਂ ਉਪ ਰਾਸ਼ਟਰਪਤੀ ਨੇ ਇਸ ਦਾ ਸਿਲਾ ਸਾਡੇ ਸੰਵਿਧਾਨ ਨਿਰਮਾਤਿਆਂ, ਵਿਸ਼ੇਸ਼ ਕਰਕੇ ਡਾ: ਅੰਬੇਡਕਰ ਨੂੰ ਦਿੱਤਾ ਜਿਨ੍ਹਾਂ ਨੇ ਇੱਕ ਸੁਤੰਤਰ ਸੰਸਥਾ ਵਜੋਂ ਕੈਗ ਦੇ ਵਿਆਪਕ ਅਧਿਕਾਰਾਂ ਨੂੰ ਸੁਨਿਸ਼ਚਿਤ ਕੀਤਾ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਕੈਗ ਦੇ ਮੂਲ ਗੁਣ — ਸੁਤੰਤਰਤਾ, ਯਥਾਰਥਿਕਤਾ, ਇਮਾਨਦਾਰੀ, ਭਰੋਸੇਯੋਗਤਾ, ਪੇਸ਼ੇਵਰ ਉੱਤਮਤਾ, ਪਾਰਦਰਸ਼ਤਾ ਅਤੇ ਸਕਾਰਾਤਮਿਕ ਦ੍ਰਿਸ਼ਟੀਕੋਣ ਡਾ. ਅੰਬੇਡਕਰ ਦੇ ਜੀਵਨ ਅਤੇ ਕਾਰਜ ਤੋਂ ਹੀ ਪ੍ਰੇਰਿਤ ਹਨ। ਉਨ੍ਹਾਂ ਨੇ ਜਵਾਬਦੇਹੀ, ਪਾਰਦਰਸ਼ਤਾ ਅਤੇ ਸੁਸ਼ਾਸਨ ਨੂੰ ਲੋਕਤੰਤਰ ਦੀ ਇੱਕ ਬਹੁਤ ਜ਼ਰੂਰੀ ਸ਼ਰਤ ਦੱਸਿਆ।
ਉਪ ਰਾਸ਼ਟਰਪਤੀ ਨੇ ਕੈਗ ਦੀਆਂ ਰਿਪੋਰਟਾਂ ਅਤੇ ਉਨ੍ਹਾਂ ਦੇ ਅਧਾਰ ʼਤੇ ਵਿਧਾਨ ਸਭਾਵਾਂ ਦੀਆਂ ਕਮੇਟੀਆਂ ਵਿੱਚ ਹੋਏ ਵਿਚਾਰ ਵਟਾਂਦਰੇ ਸਦਕਾ ਨਿਯਮਾਂ ਵਿੱਚ ਪਰਿਵਰਤਨ, ਸ਼ਾਸਕੀ ਢਾਂਚੇ ਅਤੇ ਸਰਕਾਰੀ ਸੇਵਾਵਾਂ ਦੀ ਡਿਲਿਵਰੀ ਵਿਵਸਥਾ ਵਿੱਚ ਆਏ ਬਦਲਾਅ, ਸਰਕਾਰੀ ਸੰਚਾਲਨਾਂ ਵਿੱਚ ਸੁਨਿਸ਼ਚਿਤ ਕਿਫਾਇਤ ਅਤੇ ਕੁਸ਼ਲਤਾ ਦਾ ਕ੍ਰੈਡਿਟ ਕੈਗ ਨੂੰ ਹੀ ਦਿੱਤਾ।
ਸ੍ਰੀ ਨਾਇਡੂ ਨੇ ਸੁਪਰੀਮ ਆਡਿਟ ਸੰਸਥਾਵਾਂ (ਸਾਈ) ਦੇ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਸ਼ਾਨਦਾਰ ਪ੍ਰਤਿਸ਼ਠਾ ਹਾਸਲ ਕਰਨ ਅਤੇ 2022 ਤੱਕ ਪੂਰੀ ਤਰ੍ਹਾਂ ਕਾਗਜ਼ ਰਹਿਤ ਦਫ਼ਤਰ ਬਣਨ ਦੀ ਕੋਸ਼ਿਸ਼ ਲਈ ਕੈਗ ਦੀ ਸ਼ਲਾਘਾ ਵੀ ਕੀਤੀ।
ਇਸ ਤੋਂ ਪਹਿਲਾਂ, ਕੰਪਟਰੋਲਰ ਅਤੇ ਆਡਿਟਰ ਜਨਰਲ, ਸ਼੍ਰੀ ਰਾਜੀਵ ਮਹਰਿਸ਼ੀ ਨੇ ਸੁਆਗਤੀ ਭਾਸ਼ਣ ਦਿੱਤਾ ਅਤੇ ਡਿਪਟੀ ਸੀਏਜੀ, ਸੁਸ਼੍ਰੀ ਅਨੀਤਾ ਪਟਨਾਇਕ ਨੇ ਧੰਨਵਾਦ ਦਾ ਪ੍ਰਸਤਾਵ ਪੇਸ਼ ਕੀਤਾ।
ਭਾਸ਼ਣ ਦਾ ਪੂਰਾ ਮੂਲ ਪਾਠ ਨਿਮਨ ਲਿਖਿਤ ਹੈ-
ਭਾਰਤੀ ਸੰਵਿਧਾਨ ਦੇ ਸ਼ਿਲਪਕਾਰ ਅਤੇ ਆਧੁਨਿਕ ਭਾਰਤ ਦੇ ਨਿਰਮਾਤਿਆਂ ਵਿੱਚੋਂ ਇੱਕ, ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦੀ ਪ੍ਰਤਿਮਾ ਦਾ ਉਦਘਾਟਨ ਕਰਨ ਲਈ ਤੁਹਾਡੇ ਸਾਰਿਆਂ ਦਰਮਾਆਨ ਆ ਕੇ ਮੈਂ ਬਹੁਤ ਖੁਸ਼ ਹਾਂ। ਡਾ. ਅੰਬੇਡਕਰ ਇੱਕ ਬਹੁ-ਆਯਾਮੀ ਪ੍ਰਤਿਭਾ-ਇੱਕ ਦੂਰਦਰਸ਼ੀ ਰਾਜਨੀਤੀਵਾਨ, ਦਾਰਸ਼ਨਿਕ, ਪ੍ਰਭਾਵਸ਼ਾਲੀ ਬੁੱਧੀਜੀਵੀ, ਉੱਘੇ ਨਿਆਂ ਨਿਪੁੰਨ, ਅਰਥਸ਼ਾਸਤਰੀ, ਲੇਖਕ, ਸਮਾਜ ਸੁਧਾਰਕ ਅਤੇ ਉਦਾਰ ਮਾਨਵਤਾਵਾਦੀ ਸਨ। ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਅਤੇ ਇੱਕ ਮਹੱਤਵਪੂਰਨ ਪਰਿਸਥਿਤੀ ਵਿੱਚ ਰਾਸ਼ਟਰ ਦੀ ਅਗਵਾਈ ਕਰਨ ਵਿੱਚ ਉਨ੍ਹਾਂ ਦੀ ਉੱਘੀ ਭੂਮਿਕਾ ਲਈ ਰਾਸ਼ਟਰ ਹਮੇਸ਼ਾ ਉਨ੍ਹਾਂ ਦਾ ਸ਼ੁਕਰਗੁਜ਼ਾਰ ਰਹੇਗਾ। ਅੱਜ, ਸਾਡੇ ਕੋਲ ਵਿਸ਼ਵ ਦੇ ਸਭ ਤੋਂ ਮਜ਼ਬੂਤ ਸੰਵਿਧਾਨਾਂ ਵਿੱਚੋਂ ਇੱਕ ਹੈ ਜਿਸ ਵਿੱਚ ਜ਼ਰੂਰਤਾਂ ਦੇ ਅਨੁਸਾਰ ਸਮੇਂ ਸਮੇਂ ʼਤੇ ਸੰਸ਼ੋਧਨ ਕੀਤਾ ਗਿਆ ਸੀ।
ਡਾ. ਅੰਬੇਡਕਰ ਕਈ ਖੇਤਰਾਂ ਵਿਚ ਦਿਲਚਸਪੀ ਅਤੇ ਹੁਨਰ ਰੱਖਣ ਵਾਲੇ ਬਹੁ-ਆਯਾਮੀ ਵਿਅਕਤੀ ਸਨ। ਉਨ੍ਹਾਂ ਦੀ ਉਦਾਰਤਾ ਉਨ੍ਹਾਂ ਦੀਆਂ ਪੁਸਤਕਾਂ, ਜਿਵੇਂ ਕਿ ‘ਰੁਪਏ ਦੀਆਂ ਮੁਸ਼ਕਲਾਂ: ਇਸ ਦਾ ਮੂਲ ਅਤੇ ਇਸ ਦਾ ਸਮਾਧਾਨʼ ਅਤੇ ‘ਬ੍ਰਿਟਿਸ਼ ਭਾਰਤ ਵਿੱਚ ਪ੍ਰਾਂਤਿਕ ਵਿੱਤ ਦਾ ਵਿਕਾਸ’ ਵਿੱਚੋਂ ਝਲਕਦੀ ਹੈ ਅਤੇ ਇਹ ਪੁਸਤਕਾਂ ਅਰਥਸ਼ਾਸਤਰ ਅਤੇ ਵਿੱਤ ਉੱਤੇ ਉਨ੍ਹਾਂ ਦੀ ਕਮਾਂਡ ਨੂੰ ਦਰਸਾਉਂਦੀਆਂ ਹਨ। ਇਸੇ ਤਰ੍ਹਾਂ, ਉਨ੍ਹਾਂ ਦੀਆਂ ਪੁਸਤਕਾਂ, ‘ਭਾਰਤ ਵਿੱਚ ਜਾਤੀਆਂ: ਉਨ੍ਹਾਂ ਦੀ ਵਿਵਸਥਾ, ਉੱਤਪਤੀ ਅਤੇ ਵਿਕਾਸ’ ਅਤੇ ‘ਜਾਤੀ ਦਾ ਵਿਨਾਸ਼’ ਭਾਰਤੀ ਸਮਾਜਿਕ ਹਕੀਕਤਾਂ ਬਾਰੇ ਉਨ੍ਹਾਂ ਦੀ ਡੂੰਘੀ ਸਮਝ ਨੂੰ ਦਰਸਾਉਂਦੀਆਂ ਹਨ।
ਡਾ. ਅੰਬੇਡਕਰ ਨੇ ਸਮੇਂ ਦੀ ਰੇਤ 'ਤੇ ਅਮਿਟ ਛਾਪ ਛੱਡੀ ਅਤੇ ਉਨ੍ਹਾਂ ਦੇ ਵਿਚਾਰ ਹਰ ਸਮੇਂ ਲਈ ਪ੍ਰਸੰਗਿਕ ਹਨ। ਦਰਅਸਲ, ਉਹ ਸ਼ੋਸ਼ਿਤਾਂ ਦਾ ਮਸੀਹਾ ਸਨ ਅਤੇ ਸਾਰੀ ਉਮਰ ਉਹ ਜਾਤੀ ਦੇ ਬੰਧਨਾਂ ਨੂੰ ਤੋੜਨ ਅਤੇ ਸਾਰੇ ਲੋਕਾਂ ਲਈ ਬਰਾਬਰੀ ਨੂੰ ਯਕੀਨੀ ਬਣਾਉਣ ਲਈ ਯਤਨਸ਼ੀਲ ਰਹੇ। ਉਹ ਸਿੱਖਿਆ ਦੇ ਜ਼ਰੀਏ ਮਹਿਲਾ-ਪੁਰਸ਼ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਨ ਦੇ ਪੁਰਜ਼ੋਰ ਸਮਰਥਕ ਸਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ: "ਰਾਜਨੀਤਿਕ ਲੋਕਤੰਤਰ ਉਦੋਂ ਤੱਕ ਨਹੀਂ ਟਿਕ ਸਕਦਾ ਜਦੋਂ ਤੱਕ ਇਹ ਸਮਾਜਕ ਲੋਕਤੰਤਰ ʼਤੇ ਅਧਾਰਤ ਨਹੀਂ ਹੁੰਦਾ। ਸਮਾਜਿਕ ਲੋਕਤੰਤਰ ਤੋਂ ਕੀ ਭਾਵ ਹੈ? ਇਸ ਤੋਂ ਭਾਵ ਹੈ- ਇੱਕ ਜੀਵਨ-ਜਾਚ ਜੋ ਅਜ਼ਾਦੀ, ਬਰਾਬਰੀ ਅਤੇ ਬਰਾਦਰੀ ਨੂੰ ਜੀਵਨ ਦੇ ਸਿਧਾਂਤਾਂ ਵਜੋਂ ਮਾਨਤਾ ਦਿੰਦੀ ਹੈ।"
ਉਨ੍ਹਾਂ ਦੀ ਵਿਜ਼ਨ ਨੇ ਦੇਸ਼ ਵਿਚ ਜਲ ਅਤੇ ਉਦਯੋਗਿਕ ਨੀਤੀਆਂ ਦੇ ਨਿਰਮਾਣ ਵਿਚ ਯੋਗਦਾਨ ਪਾਇਆ।
ਅੱਜ, ਅਸੀਂ ਕੈਗ ਦੇ ਪਾਵਨ ਪਰਿਸਰ ਵਿੱਚ ਹਾਂ, ਜਿਸ ਨੂੰ ਭਾਰਤ ਦੇ ਸੰਵਿਧਾਨ ਦੁਆਰਾ ਉੱਚ ਪੱਧਰੀ ਆਡਿਟ ਅਤੇ ਲੇਖੇ-ਜੋਖੇ ਦੁਆਰਾ ਜਵਾਬਦੇਹੀ, ਪਾਰਦਰਸ਼ਤਾ ਅਤੇ ਸੁਸ਼ਾਸਨ ਨੂੰ ਉਤਸ਼ਾਹਿਤ ਕਰਨ ਅਤੇ ਸਾਡੇ ਹਿਤਧਾਰਕਾਂ, ਵਿਧਾਨ ਸਭਾ, ਕਾਰਜਕਾਰਨੀ ਅਤੇ ਜਨਤਾ ਨੂੰ ਇਹ ਵਿਸ਼ਵਾਸ ਦਿਵਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਜਨਤਕ ਫੰਡਾਂ ਦੀ ਕੁਸ਼ਲਤਾ ਨਾਲ ਅਤੇ ਨਿਰਧਾਰਿਤ ਉਦੇਸ਼ਾਂ ਲਈ ਵਰਤੋਂ ਕੀਤੀ ਜਾ ਰਹੀ ਹੈ।
ਹਾਲਾਂਕਿ ਆਡਿਟ ਵਿਭਾਗ ਦਾ ਇਤਿਹਾਸ ਲਗਭਗ 160 ਸਾਲ ਪੁਰਾਣਾ ਹੈ, ਪਰ ਇਹ ਭਾਰਤ ਦੇ ਨਵੇਂ ਬਣੇ ਸੁਤੰਤਰ ਗਣਤੰਤਰ ਦਾ ਸੰਵਿਧਾਨ ਹੀ ਸੀ ਜੋ ਬਸਤੀਵਾਦੀ ਯੁੱਗ ਦੇ ਇਸ ਸੰਗਠਨ ਨੂੰ ਭਾਰਤੀ ਸੰਸਦੀ ਲੋਕਤੰਤਰ ਦੇ ਸੁਤੰਤਰ ਥੰਮ੍ਹ ਵਜੋਂ ਸਥਾਪਿਤ ਵਿੱਚ ਉਤਪ੍ਰੇਰਕ ਸਾਬਤ ਹੋਇਆ।
ਅੱਜ ਕੈਗ ਇੱਕ ਮਜ਼ਬੂਤ ਅਤੇ ਭਰੋਸੇਮੰਦ ਸੰਸਥਾ ਹੈ ਅਤੇ ਇਸਦਾ ਸਿਹਰਾ ਸਾਡੇ ਸੰਵਿਧਾਨ ਦੇ ਨਿਰਮਾਤਿਆਂ, ਖ਼ਾਸ ਕਰਕੇ ਡਾ.ਅੰਬੇਡਕਰ ਨੂੰ ਜਾਣਾ ਚਾਹੀਦਾ ਹੈ ਜਿਨ੍ਹਾਂ ਕੋਲ ਕੈਗ ਲਈ ਸੁਤੰਤਰਤਾ ਅਤੇ ਵਿਆਪਕ ਜਨਆਦੇਸ਼ ਸੁਨਿਸ਼ਚਿਤ ਕਰਨ ਦਾ ਵਿਜ਼ਨ ਸੀ।
ਸੰਵਿਧਾਨ ਦੀ ਡਰਾਫ਼ਟ ਕਮੇਟੀ ਦੇ ਵਿਚਾਰ-ਵਟਾਂਦਰੇ ਦੌਰਾਨ, ਬਾਬਾ ਸਾਹਿਬ ਨੇ ਬਹੁਤ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਸੀ; “ਮੇਰੀ ਰਾਏ ਹੈ ਕਿ ਇਹ ਡਿਗਨਟਰੀ ਜਾਂ ਅਧਿਕਾਰੀ ਸ਼ਾਇਦ ਭਾਰਤ ਦੇ ਸੰਵਿਧਾਨ ਵਿੱਚ ਸਭ ਤੋਂ ਮਹੱਤਵਪੂਰਨ ਅਧਿਕਾਰੀ ਹੈ। ਇਹ ਉਹ ਵਿਅਕਤੀ ਹੈ ਜੋ ਇਹ ਵੇਖਣ ਜਾ ਰਿਹਾ ਹੈ ਕਿ ਸੰਸਦ ਦੁਆਰਾ ਨਿਰਧਾਰਿਤ ਕੀਤੇ ਖਰਚਿਆਂ ਨੂੰ ਪਾਰ ਨਹੀਂ ਕੀਤਾ ਗਿਆ ਹੈ ਜਾਂ ਇਹ ਖਰਚ,ਨਿਰਧਾਰਨ ਐਕਟ ਵਿੱਚ ਸੰਸਦ ਦੁਆਰਾ ਰੱਖੇ ਜਾਣ ਵਾਲੇ ਖਰਚ ਤੋਂ ਅਲੱਗ ਤਾਂ ਨਹੀਂ। ਜੇਕਰ ਇਹ ਫੰਕਸ਼ਨਰੀ ਡਿਊਟੀਆਂ ਨਿਭਾਉਣ ਲਈ ਹੈ - ਤਾਂ ਮੈਂ ਉਸ ਦੇ ਫਰਜ਼ਾਂ ਨੂੰ ਨਿਆਂਪਾਲਿਕਾ ਦੇ ਫਰਜ਼ਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਸਮਝਦਾ ਹਾਂ – ਯਕੀਨਨ ਇਸ ਨੂੰ ਵੀ ਨਿਆਂਪਾਲਿਕਾ ਦੀ ਤਰ੍ਹਾਂ ਹੀ ਸੁਤੰਤਰ ਰੱਖਿਆ ਜਾਣਾ ਚਾਹੀਦਾ ਹੈ। "
ਬਾਬਾ ਸਾਹਿਬ ਦੇ ਜੀਵਨ ਅਤੇ ਕਾਰਜ ਨੇ ਸਮੁੱਚੇ ਰਾਸ਼ਟਰ ਨੂੰ ਪ੍ਰੇਰਿਤ ਕੀਤਾ ਹੈ ਅਤੇ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਕੈਗ ਦੀਆਂ ਮੁੱਢਲੀਆਂ ਕਦਰਾਂ-ਕੀਮਤਾ, ਜਿਵੇਂ ਕਿ ਸੁਤੰਤਰਤਾ, ਯਥਾਰਥਿਕਤਾ , ਇਮਾਨਦਾਰੀ, ਭਰੋਸੇਯੋਗਤਾ, ਪੇਸ਼ੇਵਰ ਉੱਤਮਤਾ, ਪਾਰਦਰਸ਼ਤਾ ਅਤੇ ਸਕਾਰਾਤਮਿਕ ਦ੍ਰਿਸ਼ਟੀਕੋਣ ਆਦਿ, ਉਨ੍ਹਾਂ ਦੇ ਜੀਵਨ ਅਤੇ ਕਾਰਜ ਤੋਂ ਹੀ ਪ੍ਰੇਰਿਤ ਹਨ।
ਅੱਜ ਕੈਗ ਬਾਬਾ ਸਾਹਿਬ ਦੇ ਵਿਜ਼ਨ ਦੇ ਸਾਕਾਰ-ਕਰਤਾ ਵਜੋਂ ਵਿਕਸਿਤ ਹੋਇਆ ਹੈ ਜੋ ਨਾ ਸਿਰਫ ਜਨਤਕ ਵਿੱਤੀ ਜਵਾਬਦੇਹੀ ਨੂੰ ਯਕੀਨੀ ਬਣਾਉਂਦਾ ਹੈ ਬਲਕਿ ਕਾਰਜਕਾਰੀ ਦੇ ਇੱਕ ਦੋਸਤ, ਦਾਰਸ਼ਨਿਕ ਅਤੇ ਮਾਰਗ ਦਰਸ਼ਕ ਵਜੋਂ ਕੰਮ ਕਰਦਾ ਹੈ। ਕੈਗ ਦੀਆਂ ਬਹੁਤ ਸਾਰੀਆਂ ਰਿਪੋਰਟਾਂ ਅਤੇ ਉਨ੍ਹਾਂ ਦੇ ਅਧਾਰ ʼਤੇ ਵਿਧਾਨ ਸਭਾਵਾਂ ਦੀਆਂ ਕਮੇਟੀਆਂ ਵਿੱਚ ਹੋਏ ਵਿਚਾਰ ਵਟਾਂਦਰੇ ਸਦਕਾ ਸਰਕਾਰ ਦੇ ਰੈਗੂਲੇਟਰੀ ਢਾਂਚੇ, ਸ਼ਾਸਕੀ ਢਾਂਚਿਆਂ ਅਤੇ ਸੇਵਾਵਾਂ ਦੀ ਡਿਲਿਵਰੀ ਵਿਵਸਥਾ ਵਿੱਚ ਕਈ ਤਬਦੀਲੀਆਂ ਆਈਆਂ ਹਨ, ਜਿਨ੍ਹਾਂ ਨਾਲ ਸਰਕਾਰੀ ਅਪ੍ਰੇਸ਼ਨਾਂ ਦੀ ਕਿਫਾਇਤ, ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਸੁਨਿਸ਼ਚਿਤ ਹੋਈ ਹੈ।
ਪਿਆਰੇ ਭੈਣੋਂ ਅਤੇ ਭਰਾਵੋ,
ਭ੍ਰਿਸ਼ਟਾਚਾਰ ਦੇਸ਼ ਦੀ ਪ੍ਰਗਤੀ ਅਤੇ ਵਿਕਾਸ ਨੂੰ ਪ੍ਰਭਾਵਤ ਕਰਨ ਵਾਲੀ ਇੱਕ ਵੱਡੀ ਬਿਮਾਰੀ ਹੈ। ਸਾਰੇ ਹਿਤਧਾਰਕਾਂ - ਸਰਕਾਰ, ਸਿਵਲ ਸੋਸਾਇਟੀ ਅਤੇ ਸਮੁੱਚੇ ਲੋਕਾਂ ਨੂੰ ਇਸ ਸਮੱਸਿਆ ਨੂੰ ਖਤਮ ਕਰਨ ਲਈ ਸਮੂਹਿਕ ਪ੍ਰਯਤਨ ਕਰਨਾ ਚਾਹੀਦਾ ਹੈ। ਇੱਥੇ ਮੈਂ ਸਵਰਗਵਾਸੀ ਰਾਸ਼ਟਰਪਤੀ ਸ਼੍ਰੀ ਏਪੀਜੇ ਅਬਦੁਲ ਕਲਾਮ ਦਾ ਹਵਾਲਾ ਦੇ ਕੇ ਸਾਰਿਆਂ ਦੀ ਯਾਦ ਤਾਜ਼ਾ ਕਰਨਾ ਚਾਹਾਂਗਾ, ਜਿਨ੍ਹਾਂ ਨੇ ਕਿਹਾ ਸੀ: “ਜੇਕਰ ਕਿਸੇ ਦੇਸ਼ ਨੇ ਭ੍ਰਿਸ਼ਟਾਚਾਰ ਮੁਕਤ ਅਤੇ ਖੂਬਸੂਰਤ ਮਨਾਂ ਵਾਲਾ ਦੇਸ਼ ਬਣਨਾ ਹੈ, ਤਾਂ ਮੈਂ ਅੰਦਰ ਤੋਂ ਮਹਿਸੂਸ ਕਰਦਾ ਹਾਂ ਕਿ ਸਮਾਜ ਦੇ ਤਿੰਨ ਮੁੱਖ ਮੈਂਬਰ ਹਨ ਜੋ ਇਹ ਕਰ ਸਕਦੇ ਹਨ ਅਤੇ ਉਹ ਹਨ-ਪਿਤਾ, ਮਾਤਾ ਅਤੇ ਅਧਿਆਪਕ। ”
ਮਾਪਿਆਂ ਤੋਂ ਇਲਾਵਾ, ਬੱਚਿਆਂ ਦੁਆਰਾ ਅਧਿਆਪਕਾਂ ਨੂੰ ਰੋਲ ਮਾਡਲਾਂ ਵਜੋਂ ਵੇਖਿਆ ਜਾਂਦਾ ਹੈ ਅਤੇ ਉਹ ਵਿਦਿਆਰਥੀਆਂ ਦੇ ਚਰਿੱਤਰ ਨੂੰ ਅਕਾਰ ਦੇਣ ਅਤੇ ਇੱਕ ਕਦਰਾਂ ਕੀਮਤਾਂ ʼਤੇ ਅਧਾਰਿਤ ਸਮਾਜ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਬਹੁਤ ਸਾਲ ਪਹਿਲਾਂ, ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਕਿਹਾ ਸੀ: "ਜਿਹੜੀ ਸਿੱਖਿਆ ਚਰਿੱਤਰ ਨੂੰ ਨਹੀਂ ਢਾਲਦੀ ਉਹ ਬਿਲਕੁਲ ਬੇਕਾਰ ਹੈ"।
ਭਾਵੇਂ ਕਿ ਸੰਵਿਧਾਨ ਨੇ ਡਾ ਅੰਬੇਡਕਰ ਦੇ ਵਿਜ਼ਨ ਨੂੰ ਦਰਸਾਇਆ ਅਤੇ ਇਸ ਦੇ ਨਿਰਮਾਤਿਆਂ ਨੇ ਸਾਨੂੰ ਬਿਹਤਰੀਨ ਜੀਵੰਤ ਦਸਤਾਵੇਜ਼ ਦਿੱਤੇ, ਫਿਰ ਵੀ ਹਰ ਭਾਰਤੀ, ਚਾਹੇ ਉਹ ਇੱਕ ਆਮ ਨਾਗਰਿਕ ਹੋਵੇ ਜਾਂ ਉੱਚ ਸੰਵਿਧਾਨਕ ਅਹੁਦੇ 'ਤੇ ਬੈਠਾ ਵਿਅਕਤੀ, ਦੀ ਇਹ ਸੁਨਿਸ਼ਚਿਤ ਕਰਨ ਦੀ ਡਿਊਟੀ ਬਣਦੀ ਹੈ ਕਿ ਸਾਡੇ ਸੰਵਿਧਾਨ ਦੀ ਪਵਿੱਤਰਤਾ ਹਮੇਸ਼ਾ ਕਾਇਮ ਰਹੇ ਅਤੇ ਕਦੀ ਵੀ ਇਸ ਦੀ ਉਲੰਘਣਾ ਨਾ ਹੋਵੇ।
ਨਹੀਂ ਤਾਂ, ਇਹ ਸੰਸਥਾਪਕਾਂ ਦੇ ਵਿਸ਼ਵਾਸ ਅਤੇ ਆਸਥਾ ਨੂੰ ਧੋਖਾ ਦੇਣ ਦੇ ਸਮਾਨ ਹੋਵੇਗਾ।
ਡਾ. ਅੰਬੇਡਕਰ ਦੇ ਵਿਵੇਕਸ਼ੀਲ ਸ਼ਬਦਾਂ ਨੂੰ ਯਾਦ ਕਰਨਾ ਸਹੀ ਰਹੇਗਾ, ਜਿਨ੍ਹਾਂ ਨੇ ਕਿਹਾ ਸੀ: “ਇੱਕ ਸੰਵਿਧਾਨ ਚਾਹੇ ਕਿੰਨਾ ਵੀ ਚੰਗਾ ਹੋਵੇ ਪਰੰਤੂ ਜੇਕਰ ਇਸ ਨੂੰ ਲਾਗੂ ਕਰਨ ਵਾਲੇ ਚੰਗੇ ਨਹੀਂ ਹਨ, ਤਾਂ ਇਹ ਬੁਰਾ ਸਾਬਤ ਹੋਏਗਾ। ਇਸੇ ਤਰ੍ਹਾਂ ਸੰਵਿਧਾਨ ਚਾਹੇ ਕਿੰਨਾ ਵੀ ਮਾੜਾ ਕਿਉਂ ਨਾ ਹੋਵੇ, ਜੇਕਰ ਇਸ ਨੂੰ ਲਾਗੂ ਕਰਨ ਵਾਲੇ ਚੰਗੇ ਹਨ ਤਾਂ ਇਹ ਚੰਗਾ ਸਾਬਤ ਹੋਵੇਗਾ।”
ਭਾਰਤ ਦੇ ਸਾਰੇ ਨਾਗਰਿਕਾਂ ਲਈ, ਸੰਵਿਧਾਨ ਇੱਕ ਪਵਿੱਤਰ ਗਰੰਥ ਅਤੇ ਸਾਰੇ ਮਾਮਲਿਆਂ ਲਈ ਮਾਰਗ ਦਰਸ਼ਕ ਰਿਹਾ ਹੈ। ਸਾਨੂੰ ਸੰਵਿਧਾਨ ਨਿਰਮਾਤਿਆਂ ਦਾ ਉਨ੍ਹਾਂ ਦੇ ਵਿਜ਼ਨ ਅਤੇ ਸਟੇਟਸਮੈਨਸ਼ਿਪ ਲਈ ਅਭਿਨੰਦਨ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਸਾਨੂੰ ਇੱਕ ਅਜਿਹਾ ਸੰਵਿਧਾਨ ਦਿੱਤਾ ਜਿਸਨੇ ਕਿ ਸਾਡੇ ਸੰਸਦੀ ਲੋਕਤੰਤਰ ਦੀ ਮਜ਼ਬੂਤ ਨੀਂਹ ਰੱਖੀ ਅਤੇ ਜੋ ਅਜਮਾਇਸ਼ ਦੀ ਘੜੀ ਵਿੱਚ ਖਰਾ ਉੱਤਰਿਆ।
ਸਮਾਪਤੀ ਤੋਂ ਪਹਿਲਾਂ, ਮੈਂ ਸੁਪਰੀਮ ਆਡਿਟ ਸੰਸਥਾਵਾਂ ਦੇ ਅੰਤਰ-ਰਾਸ਼ਟਰੀ ਭਾਈਚਾਰੇ, ਜਿਸ ਨੂੰ ਐੱਸਏਆਈਜ਼ ਕਰਕੇ ਜਾਣਿਆ ਜਾਂਦਾ ਹੈ, ਵਿੱਚ ਇੱਕ ਉਤਕ੍ਰਿਸ਼ਟ ਪ੍ਰਤਿਸ਼ਠਾ ਪ੍ਰਾਪਤ ਕਰਨ ਲਈ, ਕੈਗ ਦੀ ਪ੍ਰਸ਼ੰਸਾ ਕਰਦਾ ਹਾਂ। ਮੈਂ 2022 ਤੱਕ ਪੂਰੀ ਤਰ੍ਹਾਂ ਨਾਲ ਕਾਗ਼ਜ਼- ਰਹਿਤ ਦਫ਼ਤਰ ਬਣਨ ਦੇ, ਕੈਗ ਦੇ ਟੀਚੇ ਦੀ ਵੀ ਪ੍ਰਸ਼ੰਸਾ ਕਰਦਾ ਹਾਂ। ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਕੈਗ ਨੇ ‘ਡਾ. ਬੀਆਰ ਅੰਬੇਡਕਰ ਲੈਕਚਰ ਸੀਰੀਜ਼’ ਦੇ ਨਾਮ ਨਾਲ ਇੱਕ ਭਾਸ਼ਣ ਲੜੀ ਸ਼ੁਰੂ ਕੀਤੀ ਹੈ ਜਿੱਥੇ ਉੱਘੀਆਂ ਸ਼ਖਸੀਅਤਾਂ ਨੂੰ ਉੱਭਰ ਰਹੇ ਵਿਸ਼ਿਆਂ ʼਤੇ ਭਾਸ਼ਣ ਦੇਣ ਲਈ ਬੁਲਾਇਆ ਜਾਂਦਾ ਹੈ।
ਅਤੇ ਹੁਣ, ਬਾਬਾ ਸਾਹਿਬ ਦੀ ਇਸ ਪ੍ਰਤਿਮਾ ਦੀ ਸਥਾਪਨਾ ਦੇ ਨਾਲ, ਮੈਨੂੰ ਪੂਰਾ ਯਕੀਨ ਹੈ ਕਿ ਇਹ ਕੈਗ ਆਵ੍ ਇੰਡੀਆ ਦੇ ਇਸ ਸੰਸਥਾਨ ਨੂੰ ਲੰਮੇ ਸਮੇਂ ਤੱਕ ਪ੍ਰੇਰਿਤ ਕਰਦੀ ਰਹੇਗੀ ਅਤੇ ਕੰਮ ਕਰਨ ਵਿੱਚ ਇਸ ਦਾ ਮਾਰਗ ਦਰਸ਼ਨ ਕਰਦੀ ਰਹੇਗੀ। ਬਾਬਾ ਸਾਹਿਬ ਹਮੇਸ਼ਾ ਵਾਂਗ, ਮਾਰਗ ਦਰਸ਼ਕ ਰੋਸ਼ਨੀ ਬਣਨ!
ਤੁਹਾਡਾ ਧੰਨਵਾਦ। ਜੈ ਹਿੰਦ!
*****
ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ
(Release ID: 1640518)
Visitor Counter : 277