ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ. ਹਰਸ਼ ਵਰਧਨ ਨੇ ਵਿਸ਼ਵ ਆਬਾਦੀ ਦਿਵਸ ਮੌਕੇ ਪਰਿਵਾਰ ਨਿਯੋਜਨ ਨੂੰ ਮਨੁੱਖੀ ਅਧਿਕਾਰ ਦਾ ਮਾਮਲਾ ਬਣਾਉਣ ’ਤੇ ਜ਼ੋਰ ਦਿੱਤਾ; ਇਸ ਨੂੰ ਇੱਕ ਜ਼ਰੂਰੀ ਗ਼ੈਰ–ਕੋਵਿਡ ਸੇਵਾ ਵਜੋਂ ਸ਼ਮੂਲੀਅਤ ਦੀ ਸ਼ਲਾਘਾ ਕੀਤੀ
“RMNCAH+N ਪ੍ਰੋਗਰਾਮ ਦੇ ਕੇਂਦਰ ’ਚ ਪਰਿਵਾਰ ਨਿਯੋਜਨ ਨੂੰ ਰੱਖਣ ਦੀ ਨੀਤੀ ਨੇ ਯਕੀਨੀ ਬਣਾਈ ਸਫ਼ਲਤਾ”
“ਗਰਭ–ਨਿਰੋਧਕਾਂ ਦੀ ਵਰਤੋਂ ਨੇ ਇਕੱਲੇ 2019 ਵਿੱਚ 5.5 ਕਰੋੜ ਅਣਇੱਛੁਕ ਗਰਭ–ਅਵਸਥਾਵਾਂ, 1.1 ਕਰੋੜ ਨਵੇਂ ਬੱਚਿਆਂ ਦੇ ਜਨਮਾਂ, 18 ਲੱਖ ਅਸੁਰੱਖਿਅਤ ਗਰਭਪਾਤਾਂ ਅਤੇ 30,000 ਮਾਵਾਂ ਦੀ ਮੌਤ ਨੂੰ ਟਾਲਣ ’ਚ ਮਦਦ ਕੀਤੀ ”
Posted On:
11 JUL 2020 6:25PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਇੱਥੇ ਵਿਸ਼ਵ ਆਬਾਦੀ ਦਿਵਸ ਮੌਕੇ ਰਾਜ ਮੰਤਰੀ (ਸਿਹਤ ਤੇ ਪਰਿਵਾਰ ਭਲਾਈ) ਸ਼੍ਰੀ ਅਸ਼ਵਨੀ ਕੁਮਾਰ ਚੌਬੇ ਦੀ ਮੌਜੂਦਗੀ ਵਿੱਚ ਇੱਕ ਵਰਚੁਅਲ ਬੈਠਕ ਦੀ ਪ੍ਰਧਾਨਗੀ ਕੀਤੀ।
ਡਾ. ਹਰਸ਼ ਵਰਧਨ ਨੇ ਇਸ ਮੌਕੇ ਸਭ ਦਾ ਸੁਆਗਤ ਕਰਦਿਆਂ ਕਿਹਾ,‘ਵਿਸ਼ਵ ਆਬਾਦੀ ਦਿਵਸ ਮਨਾਉਣਾ ਅਹਿਮ ਹੈ ਕਿਉਂਕਿ ਇਹ ਆਬਾਦੀ ਦੀ ਸਥਿਰਤਾ ਦੇ ਮਹੱਤਵ ਉੱਤੇ ਜ਼ੋਰ ਦਿੰਦਾ ਹੈ ਅਤੇ ਇਸ ਦੀ ਆਮ ਲੋਕਾਂ ਦੇ ਭਵਿੱਖ ਅਤੇ ਉਨ੍ਹਾਂ ਦੀ ਸਿਹਤ ਵਿੱਚ ਅਹਿਮ ਭੂਮਿਕਾ ਹੈ।’ ਉਨ੍ਹਾਂ ਅੱਗੇ ਕਿਹਾ ਕਿ ਹੁਣ ਤਾਂ ਕੋਵਿਡ–19 ਮਹਾਮਾਰੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਕਾਰਨ ਪ੍ਰਜਣਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦਾ ਮਹੱਤਵ ਉਜਾਗਰ ਕਰਨਾ ਹੋਰ ਵੀ ਅਹਿਮ ਹੋ ਗਿਆ ਹੈ।
RMNCAH+N ਪ੍ਰੋਗਰਾਮ ਦੀ ਸਫ਼ਲਤਾ ਦਾ ਜ਼ਿਕਰ ਕਰਦਿਆਂ ਡਾ. ਹਰਸ਼ ਵਰਧਨ ਨੇ ਕਿਹਾ ਕਿ ਪਰਿਵਾਰ ਨਿਯੋਜਨ ਨੂੰ ਧੁਰੇ ਵਿੱਚ ਰੱਖਣ ਦੀ ਨੀਤੀ ਕਾਰਨ ਹੀ ਵਰਣਨਯੋਗ ਨਤੀਜੇ ਸਾਹਮਣੇ ਆਉਣ ’ਚ ਮਦਦ ਮਿਲੀ ਹੈ। ‘ਸਿਰਫ਼ ਪਿਛਲੇ ਦਹਾਕੇ ਵਿੱਚ ਹੀ, ਸਾਡੀ ਕੱਚੀ ਜਨਮ ਦਰ (ਸੀਬੀਆਰ – CBR) 2.1.8 (ਐੱਸਆਰਐੱਸ 2011) ਤੋਂ ਘਟ ਕੇ 20 (ਐੱਸਆਰਐੱਸ 2018) ਰਹਿ ਗਈ ਹੈ, ਜਦ ਕਿ ਕੁੱਲ ਪ੍ਰਜਣਨ ਦਰ (ਟੀਐੱਫ਼ਆਰ – TFR) 2.4 (ਐੱਸਆਰਐੱਸ 2011) ਤੋਂ ਘਟ ਕੇ 2.2 (ਐੱਸਆਰਐੱਸ 2018) ਹੋ ਗਈ ਹੈ। ਅਤੇ ਕਿਸ਼ੋਰ–ਅਵਸਥਾ ਵਿੱਚ ਪ੍ਰਜਣਨ 16 (ਐੱਨਐੱਫ਼ਐੱਚਐੱਸ III) ਤੋਂ ਘਟ ਕੇ ਅੱਧਾ 7.9 (ਐੱਨਐੱਫ਼ਐੱਚਐੱਸ IV) ਰਹਿ ਗਿਆ ਹੈ।’ ਉਨ੍ਹਾਂ ਕਿਹਾ ਕਿ ਅਜਿਹੇ ਜਤਨਾਂ ਸਦਕਾ ਭਾਰਤ ਹੁਣ ਪ੍ਰਤੀਸਥਾਪਨ ਪ੍ਰਜਣਨ ਪੱਧਰ 2.1 ਦੇ ਨੇੜੇ ਜਾ ਪੁੱਜਾ ਹੈ। 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ 25 ਪਹਿਲਾਂ ਹੀ ਪ੍ਰਜਣਨ ਦੇ ਪ੍ਰਤੀਸਥਾਪਨ ਪੱਧਰ ਹਾਸਲ ਕਰ ਚੁੱਕੇ ਹਨ।
ਸਵੱਛ ਭਾਰਤ ਅਭਿਯਾਨ ਪ੍ਰਤੀ ਮਾਣਯੋਗ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ, ਜੋ ਇੱਕ ਸਮਾਜਿਕ ਲਹਿਰ ਵਿੱਚ ਤਬਦੀਲ ਹੋ ਚੁੱਕੀ ਹੈ, ਦਾ ਜ਼ਿਕਰ ਕਰਦਿਆਂ ਉਨ੍ਹਾਂ ਸਭ ਨੂੰ ਬੇਨਤੀ ਕੀਤੀ ਕਿ ਆਬਾਦੀ ਸਥਿਰਤਾ ਮਿਸ਼ਨ ਨੂੰ ਵੀ ਸ਼ਕਤੀਸ਼ਾਲੀ ਲੋਕ ਲਹਿਰ ਬਣਾਇਆ ਜਾਵੇ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਪਰਿਵਾਰ ਨਿਯੋਜਨ ਔਰਤਾਂ ਨੂੰ, ਖ਼ਾਸ ਤੌਰ ’ਤੇ ਗ਼ਰੀਬ ਅਤੇ ਹਾਸ਼ੀਏ ’ਤੇ ਗਈਆਂ ਔਰਤਾਂ ਨੂੰ ਮਾਣ ਬਖ਼ਸ਼ਦਾ ਹੈ। ਇਸੇ ਲਈ ਇਸ ਨੂੰ ਲਿੰਗਕ ਸਮਾਨਤਾ, ਜੱਚਾ ਅਤੇ ਬੱਚੇ ਦੀ ਸਿਹਤ, ਗ਼ਰੀਬੀ ਦੇ ਖ਼ਾਤਮੇ ਤੇ ਮਨੁੱਖੀ ਅਧਿਕਾਰਾਂ ਦੇ ਪਸਾਰ ਲਈ ਸਾਡੇ ਜਤਨਾਂ ਦਾ ਮਜ਼ਬੂਤ ਅਧਾਰ ਬਣਾਉਣ ਦੀ ਲੋੜ ਹੈ।
ਡਾ. ਹਰਸ਼ ਵਰਧਨ ਨੇ ਇਹ ਵੀ ਕਿਹਾ ਕਿ ਭਾਰਤ ਵਿਸ਼ਵ–ਪੱਧਰੀ ਪਰਿਵਾਰ ਨਿਯੋਜਨ 2020 ਲਹਿਰ ਦਾ ਬੁਨਿਆਦੀ ਅੰਗ ਹੈ,‘ਭਾਰਤ ਸਰਕਾਰ ਨੇ ਪਰਿਵਾਰ ਨਿਯੋਜਨ 2020 (ਐੱਫ਼ਪੀ2020 – FP2020) ਦੇ ਉਦੇਸ਼ਮੁਖੀ ਟੀਚੇ ਹਾਸਲ ਕਰਨ ਲਈ ਦੇਸ਼ ਵਿੱਚ ਚੋਖੀ ਰਕਮ ਨਿਵੇਸ਼ ਕੀਤੀ ਹੈ। ਪਰਿਵਾਰ ਨਿਯੋਜਨ ਅਧੀਨ ਪ੍ਰਮੁੱਖ ਪਹਿਲਾਂ ਵਿੱਚ – ਮਿਸ਼ਨ ਪਰਿਵਾਰ ਵਿਕਾਸ, ਟੀਕੇ ਰਾਹੀਂ ਸਰੀਰ ਅੰਦਰ ਪਹੁੰਚਾਉਣ ਯੋਗ ਗਰਭ–ਨਿਰੋਧਕ ਐੱਮਪੀਏ (MPA), ਪਰਿਵਾਰ ਨਿਯੋਜਨ – ਲੌਜਿਸਟਿਕਸ ਪ੍ਰਬੰਧ ਸੂਚਨਾ ਪ੍ਰਣਾਲੀ (ਐੱਲਐੱਮਆਈਐੱਸ – LMIS), ਪਰਿਵਾਰ ਨਿਯੋਜਨ ਸੰਚਾਰ ਮੁਹਿੰਮ ਸ਼ਾਮਲ ਹਨ। ਰਾਸ਼ਟਰੀ ਪਰਿਵਾਰ ਨਿਯੋਜਨ ਪ੍ਰੋਗਰਾਮ ਨੇ ‘ਅੰਤਾਰਾ’ ਪ੍ਰੋਗਰਾਮ ਅਧੀਨ ਜਨ–ਸਿਹਤ ਪ੍ਰਣਾਲੀ ਵਿੱਚ ਟੀਕੇ ਰਾਹੀਂ ਸਰੀਰ ਵਿੱਚ ਪਹੁੰਚਾਉਣ ਵਾਲੀ ਗਰਭ–ਨਿਰੋਧਕ ਦਵਾਈ ਲਿਆਂਦੀ ਹੈ। ਇਹ ਗਰਭ–ਨਿਰੋਧਕ ਬਹੁਤ ਪ੍ਰਭਾਵੀ ਹੈ ਅਤੇ ਇਹ ਜੋੜਿਆਂ ਦੀਆਂ ਬਦਲਦੀਆਂ ਜ਼ਰੂਰਤਾਂ ਪੂਰੀਆਂ ਕਰੇਗੀ ਅਤੇ ਔਰਤਾਂ ਨੂੰ ਆਪਣੀਆਂ ਗਰਭ–ਅਵਸਥਾਵਾਂ ਵਿੱਚ ਕੁਝ ਵਕਫ਼ਾ ਰੱਖਣ ਵਿੱਚ ਮਦਦ ਮਿਲੇਗੀ।’ ਉਨ੍ਹਾਂ ਇਹ ਵੀ ਕਿਹਾ,‘ਇਸ ਸਾਰੇ ਨਿਵੇਸ਼ ਨਾਲ ਸਾਨੂੰ ਚੋਖਾ ਲਾਭਾਂਸ਼ ਪ੍ਰਾਪਤ ਹੋਇਆ ਹੈ ਕਿਉਂਕਿ ਟ੍ਰੈਕ 20 ਦੇ ਅਨੁਮਾਨਾਂ ਅਨੁਸਾਰ ਇਸ ਗਰਭ–ਨਿਰੋਧਕ ਦੀ ਵਰਤੋਂ ਨਾਲ ਹੀ ਸਿਰਫ਼ ਸਾਲ 2019 ’ਚ ਹੀ ਲਗਭਗ 5.5 ਕਰੋੜ ਅਣਇੱਛੁਕ ਗਰਭ–ਅਵਸਥਾਵਾਂ, 1.1 ਕਰੋੜ ਨਵੇਂ ਬੱਚਿਆਂ ਦੇ ਜਨਮ, 18 ਲੱਖ ਅਸੁਰੱਖਿਅਤ ਗਰਭਪਾਤ ਅਤੇ 30,000 ਮਾਵਾਂ ਦੀ ਮੌਤ ਟਾਲਣ ਵਿੱਚ ਮਦਦ ਮਿਲੀ ਹੈ।’
ਪਰਿਵਾਰ ਨਿਯੋਜਨ ਰਾਹੀਂ ਪ੍ਰਾਪਤ ਹੋਏ ਬਹੁਤ ਸਾਰੇ ਫ਼ਾਇਦਿਆਂ ਬਾਰੇ ਬੋਲਦਿਆਂ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਕਿਹਾ,‘ਪਰਿਵਾਰ ਨਿਯੋਜਨ ਨਾਲ ਨਾ ਸਿਰਫ਼ ਆਬਾਦੀ ਸਥਿਰ ਰਹਿੰਦੀ ਹੈ, ਸਗੋਂ ਔਰਤਾਂ, ਪਰਿਵਾਰਾਂ ਅਤੇ ਭਾਈਚਾਰਿਆਂ ਦੀ ਚੰਗੀ ਸਿਹਤ ਵੀ ਯਕੀਨੀ ਹੁੰਦੀ ਹੈ। ਆਬਾਦੀ ਦੀ ਸਥਿਰਤਾ ਯਕੀਨੀ ਬਣਾਉਂਦੀ ਹੈ ਕਿ ਸਰੋਤ ਵੱਧ ਤੋਂ ਵੱਧ ਆਬਾਦੀ ਦੇ ਵਿਕਾਸ ਲਈ ਉਪਲਬਧ ਹਨ। ਇਹ ਭਾਰਤ ਲਈ ਵਧੇਰੇ ਮਹੱਤਵਪੂਰਣ ਹੈ ਕਿਉਂਕਿ ਦੇਸ਼ ਦੀ ਲਗਭਗ 50 ਫ਼ੀ ਸਦੀ ਆਬਾਦੀ 15–49 ਸਾਲ ਉਮਰ ਦੇ ਪ੍ਰਜਣਨ ਵਰਗ ਵਿੱਚ ਆਉਂਦੀ ਹੈ।’
ਸਿਹਤ ਮੰਤਰੀ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਵਿਕਸਿਤ ਕੀਤੀ AB-HWC ਮੋਬਾਇਲ ਐਪਲੀਕੇਸ਼ਨ ਵੀ ਜਾਰੀ ਕੀਤੀ। ਇਹ ਐਪ ਏਬੀ–ਹੈਲਥ ਐਂਡ ਵੈੱਲਨੈੱਸ ਸੈਂਟਰਾਂ ਨੂੰ ਡਾਟਾ ਰਿਪੋਰਟ ਕਰਨ ਦੀ ਪ੍ਰਕਿਰਿਆ ਨੂੰ ਸਰਲ ਤੇ ਕਾਰਗਰ ਬਣਾਉਣ ਲਈ ਤਿਆਰ ਕੀਤੀ ਗਈ ਹੈ। ਇਹ AB-HWC ਪੋਰਟਲ ਦਾ ਇੱਕ ਪਸਾਰ ਹੈ, ਜਿਸ ਦੀ ਵਰਤੋਂ ਪਹਿਲਾਂ ਹੀ ਰਾਜ, ਜ਼ਿਲ੍ਹਾ ਅਤੇ ਏਬੀ–ਹੈਲਥ ਐਂਡ ਵੈਲਨੈੱਸ ਸੈਂਟਰ ਸੁਵਿਧਾ ਦੇ ਇੰਚਾਰਜ ਦੁਆਰਾ AB-HWCs ਵਿਖੇ ਸੇਵਾ ਉਪਯੋਗਤਾ ਨਾਲ ਸਬੰਧਤ ਡਾਟਾ ਰਿਪੋਰਟ ਕਰਨ ਲਈ ਕੀਤੀ ਜਾ ਰਹੀ ਹੈ, ਤਾਂ ਜੋ ਕਾਰਗੁਜ਼ਾਰੀ ਉੱਤੇ ਉਸੇ ਸਮੇਂ ਨਿਗਰਾਨੀ ਰੱਖੀ ਜਾ ਸਕੇ ਅਤੇ ਇਹ ਯੋਜਨਾਬੰਦੀ ਲਈ ਇੱਕ ਟੂਲ ਵਜੋਂ ਕੰਮ ਕਰੇ। ਇਹ ਉਨ੍ਹਾਂ ਲੋਕਾਂ ਬਾਰੇ ਐਨ ਉਸੇ ਵੇਲੇ ਜਾਣਕਾਰੀ ਦੇਵੇਗੀ ਜਿਨ੍ਹਾਂ ਦੀ ਜਾਂਚ ਕੀਤੀ ਗਈ ਹੈ, ਇਸ ਦੇ ਨਾਲ ਹੀ ਸਿਹਤ–ਸੰਭਾਲ਼ ਸੇਵਾਵਾਂ ਅਤੇ ਦਵਾਈਆਂ ਦੇਣ, ਮੁਢਲੇ ਸਿਹਤ ਕੇਂਦਰਾਂ ਵਿੱਚ ਮਰੀਜ਼ਾਂ ਦੀ ਤੇ ਰੈਫ਼ਰਲਸ ਦੀ ਗਿਣਤੀ ਪਤਾ ਲਗ ਸਕੇਗੀ।
ਡਾ. ਹਰਸ਼ ਵਰਧਨ ਨੇ ਕਿਹਾ ਕਿ ਕੋਵਿਡ–19 ਨੇ ਮੋਹਰੀ ਸਿਹਤ–ਸੰਭਾਲ਼ ਕਾਮਿਆਂ ਉੱਤੇ ਵਾਧੂ ਜ਼ਿੰਮੇਵਾਰੀਆਂ ਪਾ ਦਿੱਤੀਆਂ ਹਨ ਤੇ ਉਨ੍ਹਾਂ ਕੋਵਿਡ–19 ਦੇ ਮਾਮਲੇ ਵਿੱਚ ਹੈਲਥ ਐਂਡ ਵੈਲਨੈੱਸ ਸੈਂਟਰਾਂ ਦੁਆਰਾ ਦਿੱਤੀਆਂ ਗਈਆਂ ਅਣਥੱਕ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਗ਼ੈਰ–ਕੋਵਿਡ ਜ਼ਰੂਰੀ ਸੇਵਾਵਾਂ ਉੱਤੇ ਮਾੜਾ ਅਸਰ ਨਾ ਪਵੇ।
ਸੁਸ਼੍ਰੀ ਪ੍ਰੀਤੀ ਸੂਦਨ, ਸਕੱਤਰ (ਸਿਹਤ ਤੇ ਪਰਿਵਾਰ ਭਲਾਈ), ਸ਼੍ਰੀ ਰਾਜੇਸ਼ ਭੂਸ਼ਨ, ਓਐੱਸਡੀ (ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ), ਸੁਸ਼੍ਰੀ ਵੰਦਨਾ ਗੁਰਨਾਨੀ, ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ (ਐੱਨਐੱਚਐੱਮ – NHM) ਅਤੇ ਡਾ. ਮਨੋਹਰ ਅਗਨਾਨੀ, ਸੰਯੁਕਤ ਸਕੱਤਰ (ਆਰਸੀਐੱਚ – RCH) ਅਤੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਵਰਚੁਅਲ ਸਮਾਰੋਹ ਵਿੱਚ ਮੌਜੂਦ ਸਨ। ਵਰਚੁਅਲ ਮਾਧਿਅਮਾਂ ਰਾਹੀਂ ਵਿਕਾਸ ਭਾਈਵਾਲਾਂ ਦੇ ਨੁਮਾਇੰਦੇ ਵੀ ਇਸ ਮੌਕੇ ਜੁੜੇ।
****
ਐੱਮਵੀ/ਐੱਸਜੀ
(Release ID: 1638084)
Visitor Counter : 220