ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਖਾਦੀ ਫੇਸ ਮਾਸਕ ਦੀ ਔਨਲਾਈਨ ਵਿਕਰੀ ਸ਼ੁਰੂ ਕੀਤੀ
Posted On:
08 JUL 2020 3:14PM by PIB Chandigarh
ਵੱਡੇ ਪੈਮਾਨੇ ʼਤੇ ਲੋਕਾਂ ਵਿੱਚ ਲੋਕਪ੍ਰਿਯ ਖਾਦੀ ਫੇਸ ਮਾਸਕ ਹੁਣ ਔਨਲਾਈਨ ਵਿਕਰੀ ਲਈ ਉਪਲੱਬਧ ਹਨ। ਇਸ ਨਾਲ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਦੇ ਲੋਕਾਂ ਨੂੰ ਵਿਸ਼ੇਸ਼ ਲਾਭ ਮਿਲੇਗਾ ਜੋ ਮਜ਼ਬੂਰੀਆਂ ਕਾਰਨ ਆਪਣੇ ਘਰਾਂ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ ਜਾਂ ਰੋਕਾਂ ਕਾਰਨ ਖਾਦੀ ਇੰਡੀਆ ਦੇ ਆਊਟਲੈਟਸ ʼਤੇ ਨਹੀਂ ਜਾ ਸਕਦੇ। ਖਾਦੀ ਮਾਸਕ ਮੰਗਵਾਉਣ ਲਈ ਆਰਡਰ ਇੱਥੇ ਦਿੱਤੇ ਜਾ ਸਕਦੇ ਹਨ: http://www.kviconline.gov.in/khadimask
ਕੇਵੀਆਈਸੀ ਖਾਦੀ ਸੂਤੀ ਅਤੇ ਸਿਲਕ ਦੋਵੇਂ ਮਾਸਕ ਵੇਚ ਰਿਹਾ ਹੈ। ਜੇਕਰ ਸੂਤੀ ਫੇਸ ਮਾਸਕ ਦੀ ਕੀਮਤ 30 ਰੁਪਏ ਪ੍ਰਤੀ ਮਾਸਕ ਹੈ ਤਾਂ ਸਿਲਕ ਮਾਸਕ 100 ਰੁਪਏ ਪ੍ਰਤੀ ਮਾਸਕ ਦੀ ਕੀਮਤ 'ਤੇ ਉਪਲੱਬਧ ਹਨ। ਮਾਸਕ ਦੀ ਔਨਲਾਈਨ ਖਰੀਦਾਰੀ ਲਈ ਘੱਟੋ-ਘੱਟ 500 ਰੁਪਏ ਦਾ ਆਰਡਰ ਦਿੱਤਾ ਜਾ ਸਕਦਾ ਹੈ, ਜਿਸ ਵਿੱਚ ਖਰੀਦਾਰਾਂ ਕੋਲ ਵਿਕਲਪ ਹੈ ਕਿ ਉਹ ਉਪਲੱਬਧ ਚਾਰ ਕਿਸਮਾਂ ਦੇ ਮਾਸਕਾਂ ਵਿੱਚੋਂ ਆਪਣੀ ਪਸੰਦ ਦੇ ਮਾਸਕ ਚੁਣ ਸਕਦੇ ਹਨ ਯਾਨੀ ਕਾਲੀ ਪਾਈਪਿੰਗ ਵਾਲਾ ਚਿੱਟਾ ਸੂਤੀ ਮਾਸਕ, ਤਿਰੰਗੀ ਪਾਈਪਿੰਗ ਵਾਲਾ ਚਿੱਟਾ ਸੂਤੀ ਮਾਸਕ, ਠੋਸ ਰੰਗਾਂ ਵਿੱਚ ਸਿਲਕ ਮਾਸਕ ਅਤੇ ਅਨੇਕ ਰੰਗਾਂ ਵਿੱਚ ਪ੍ਰਿੰਟਿਡ ਸਿਲਕ ਮਾਸਕ। ਕੇਵੀਆਈਸੀ ਖਰੀਦ ਦੀ ਮਿਤੀ ਤੋਂ 5 ਦਿਨਾਂ ਦੇ ਅੰਦਰ ਅੰਦਰ ਮੁਫ਼ਤ ਵਿੱਚ ਮਾਸਕ ਡਿਲਿਵਰ ਕਰਦਾ ਹੈ। ਇਸ ਸਮੇਂ ਔਨਲਾਈਨ ਵਿਕਰੀ ਸਿਰਫ ਦੇਸ਼ ਵਿੱਚ ਹੀ ਵੈਧ ਹੈ।
ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਕਿਹਾ ਕਿ ਖਾਦੀ ਫੇਸ ਮਾਸਕ ਦੀ ਔਨਲਾਈਨ ਵਿਕਰੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਲੋਕ ਸਿਰਫ਼ ਉਚਿਤ ਖਾਦੀ ਫੇਸ ਮਾਸਕ ਖਰੀਦਣ। ਉਨ੍ਹਾਂ ਕਿਹਾ, “ਖਾਦੀ ਮਾਸਕ ਦੀ ਔਨਲਾਈਨ ਵਿਕਰੀ ਦਾ ਉਦੇਸ਼ ਖਰੀਦਾਰਾਂ ਨੂੰ ਕਿਸੇ ਵੀ ਧੋਖਾ-ਧੜੀ ਤੋਂ ਬਚਾਉਣਾ ਹੈ। ਬਹੁਤ ਸਾਰੇ ਔਨਲਾਈਨ ਪੋਰਟਲ ਖਾਦੀ ਦੇ ਨਾਮ ʼਤੇ ਅਜਿਹੇ ਮਾਸਕ ਵੇਚ ਰਹੇ ਹਨ ਜੋ ਨਾ ਤਾਂ ਅਸਲ ਖਾਦੀ ਫੈਬਰਿਕ ਹਨ ਅਤੇ ਨਾ ਹੀ ਹੱਥ ਨਾਲ ਬਣੇ ਉਤਪਾਦ। ਬਹੁਤ ਸਾਰੇ ਲੋਕ ਅਜਿਹੇ ਗੁੰਮਰਾਹਕੁੰਨ ਇਸ਼ਤਿਹਾਰਾਂ ਦੇ ਜਾਲ ਵਿੱਚ ਫਸ ਜਾਂਦੇ ਹਨ। ”
ਖਾਸ ਤੌਰ 'ਤੇ ਖਾਦੀ ਸੂਤੀ ਫੇਸ ਮਾਸਕ, ਡਬਲ-ਟਵਿਸਟਿਡ 100% ਸੂਤੀ ਫੈਬਰਿਕ ਦੇ ਬਣੇ ਹਨ। ਇਹ ਮਾਸਕ ਤਿੰਨ ਪਲੇਟਾਂ ਨਾਲ ਦੋਹਰੀ ਪਰਤ ਵਾਲੇ ਹਨ ਅਤੇ ਤਿੰਨ ਸਾਈਜ਼ਾਂ ਵਿੱਚ ਉਪਲੱਬਧ ਹਨ- ਲਘੂ, ਦਰਮਿਆਨੇ ਅਤੇ ਵੱਡੇ। ਇਹ ਮਾਸਕ ਦੋ ਪੈਟਰਨਾਂ ਵਿੱਚ ਉਪਲਬਧ ਹਨ - ਕਾਲੀ ਪਾਈਪਿੰਗ ਵਾਲਾ ਚਿੱਟਾ ਮਾਸਕ ਅਤੇ ਤਿਰੰਗੀ ਪਾਈਪਿੰਗ ਵਾਲਾ ਚਿੱਟਾ ਮਾਸਕ।
ਦੂਸਰੀ ਤਰਫ, ਸਿਲਕ ਮਾਸਕ 100% ਸੂਤੀ ਖਾਦੀ ਦੀਆਂ ਦੋ ਅੰਦਰੂਨੀ ਪਰਤਾਂ ਅਤੇ ਖਾਦੀ ਸਿਲਕ ਫੈਬਰਿਕ ਦੀ ਸਭ ਤੋਂ ਉੱਪਰਲੀ ਪਰਤ ਦੇ ਨਾਲ ਉਪਲੱਬਧ ਹਨ। ਸਿਲਕ ਮਾਸਕ ਪ੍ਰਿੰਟਿਡ ਅਤੇ ਨੌਨ-ਪ੍ਰਿੰਟਿਡ ਪੈਟਰਨ ਵਿੱਚ ਕਈ ਰੰਗਾਂ ਵਿੱਚ ਉਪਲੱਬਧ ਹਨ। ਖਾਦੀ ਸਿਲਕ ਦੇ ਮਾਸਕ ਸਟੈਂਡਰਡ ਸਾਈਜ਼ ਵਿੱਚ ਉਪਲੱਬਧ ਹਨ ਅਤੇ ਇਨ੍ਹਾਂ ਨੂੰ ਕੰਨਾਂ ਨਾਲ ਵਿਵਸਥਿਤ ਕਰਨ ਲਈ ਆਕਰਸ਼ਕ ਮਣਕਿਆਂ ਵਾਲੇ ਲੂਪਸ ਲੱਗੇ ਹੋਏ ਹਨ।
*****
ਆਰਸੀਜੇ/ਐੱਸਕੇਪੀ/ਆਈਏ
(Release ID: 1637380)
Visitor Counter : 188