ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਪਹਿਲਾ ਰਾਸ਼ਟਰ-ਵਿਆਪੀ ਔਨਲਾਈਨ ਡਿਲਿਵਰੀ ਅਧਾਰਿਤ ਗੈਸ ਟ੍ਰੇਡਿੰਗ ਪਲੈਟਫਾਰਮ- ਇੰਡੀਅਨ ਗੈਸ ਐਕਸਚੇਜ਼ ਲਾਂਚ ਕੀਤਾ;


ਕਿਹਾ, ਨਵੇਂ ਇਲੈਕਟ੍ਰੌਨਿਕ ਟ੍ਰੇਡਿੰਗ ਪਲੈਟਫਾਰਮ ਦੀ ਸ਼ੁਰੂਆਤ ਨਾਲ ਰਾਸ਼ਟਰ ਨੂੰ ਕੁਦਰਤੀ ਗੈਸ ਦੇ ਮੁਕਤ ਬਜ਼ਾਰ ਮੁੱਲ ਨਿਰਧਾਰਣ ਦੀ ਦਿਸ਼ਾ ਵਿੱਚ ਵਧਣ ‘ਚ ਮਦਦ ਮਿਲੇਗੀ

Posted On: 15 JUN 2020 6:54PM by PIB Chandigarh
ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਇੱਕ ਈ-ਸਮਾਰੋਹ ਵਿੱਚ, ਪਹਿਲੇ ਰਾਸ਼ਟਰਵਿਆਪੀ ਔਨਲਾਈਨ ਡਿਲਿਵਰੀ ਅਧਾਰਿਤ ਗੈਸ ਪਲੈਟਫਾਰਮ, ਇੰਡੀਅਨ ਗੈਸ ਐਕਸਚੇਂਜ (ਆਈਜੀਐਕਸ) ਦੀ ਸ਼ੁਰੂਆਤ ਕੀਤੀ। ਆਈਜੀਐਕਸ ਕੁਦਰਤੀ ਗੈਸ ਦੀ ਡਿਲਿਵਰੀ ਲਈ ਡਿਲਿਵਰੀ-ਅਧਾਰਿਤ ਗੈਸ ਵਪਾਰ ਪਲੈਟਫਾਰਮ ਹੋਵੇਗਾ। ਉਨ੍ਹਾਂ ਦੀ ਮੌਜੂਦਗੀ ਵਿੱਚ ਇਸ ਪਲੈਟਫਾਰਮ ‘ਤੇ ਵਪਾਰ ਦੀ ਸ਼ੁਰੂਆਤ ਕੀਤੀ ਗਈ। ਭਾਰਤ ਦੇ ਊਰਜਾ ਬਜ਼ਾਰ ਪਲੈਟਫਾਰਮ ਦੀ ਪੂਰੀ ਮਲਕੀਅਤ ਵਾਲੀ ਆਈਈਐਕਸ ਦੀ ਸਹਿਯੋਗੀ ਕੰਪਨੀ ਵਜੋਂ ਸ਼ਾਮਲ ਕੀਤੀ ਗਈ ਆਈਜੀਐਕਸ ਬਜ਼ਾਰ ਦੇ ਭਾਗੀਦਾਰਾਂ ਨੂੰ ਮਾਨਕੀਕ੍ਰਿਤ ਗੈਸ ਦੇ ਸਮਝੌਤਿਆਂ ਨਾਲ ਵਪਾਰ ਕਰਨ ਦੇ ਸਮਰੱਥ ਬਣਾਏਗੀ। ਇਹ ਪਲੈਟਫਾਰਮ ਗ੍ਰਾਹਕਾਂ ਨੂੰ ਸਹਿਜ ਵਪਾਰ ਦਾ ਅਨੁਭਵ ਪ੍ਰਦਾਨ ਕਰਨ ਲਈ ਵੈਬ-ਬੇਸਡ ਇੰਟਰਫੇਸ ਨਾਲ ਪੂਰੀ ਤਰ੍ਹਾਂ ਸਵੈਚਾਲਿਤ ਹੈ। ਇਸ ਮੌਕੇ ਆਪਣੇ ਵਿਚਾਰ ਪ੍ਰਗਟਾਉਂਦਿਆਂ, ਸ਼੍ਰੀ ਪ੍ਰਧਾਨ ਨੇ ਕਿਹਾ ਕਿ ਅੱਜ ਕੁਦਰਤੀ ਗੈਸ ਲਈ ਨਵੇਂ ਇਲੈਕਟ੍ਰੌਨਿਕ ਟ੍ਰੇਡਿੰਗ ਪਲੈਟਫਾਰਮ ਦੀ ਸ਼ੁਰੂਆਤ ਨੇ ਭਾਰਤ ਦੇ ਊਰਜਾ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਆਰੰਭ ਕੀਤਾ ਹੈ ਅਤੇ ਇਹ ਦੇਸ਼ ਨੂੰ ਕੁਦਰਤੀ ਗੈਸ ਦੇ ਮੁਕਤ ਬਜ਼ਾਰ ਮੁੱਲ ਨਿਰਧਾਰਣ ਦੀ ਦਿਸ਼ਾ ਵੱਲ ਕਦਮ ਵਧਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਇਸ ਉਪਲੱਬਧੀ ਨਾਲ ਭਾਰਤ ਪ੍ਰਗਤੀਸ਼ੀਲ ਅਰਥਵਿਵਸਥਾਵਾਂ ਦੀ ਕਲੱਬ ਵਿੱਚ ਸ਼ਾਮਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਜ਼ਾਰ ਸੰਚਾਲਤ ਮੁੱਲ ਨਿਰਧਾਰਣ ਪ੍ਰਣਾਲੀ ਹੋਣ ਨਾਲ ਇੰਡੀਅਨ ਗੈਸ ਐਕਸਚੇਂਜ (ਆਈਜੀਐਕਸ) ਗੈਸ ਦੇ ਮੁਕਤ ਬਜ਼ਾਰ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਵੱਡੀ ਭੂਮਿਕਾ ਨਿਭਾਏਗਾ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਨੇ ਇਹ ਵੀ ਕਿਹਾ ਕਿ ਪੈਟਰੋਲੀਅਮ ਅਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ (ਪੀਐੱਨਜੀਆਰਬੀ) ਦੇਸ਼ ਦੇ ਹਰ ਹਿੱਸੇ ਵਿੱਚ ਕੁਦਰਤੀ ਗੈਸ ਨੂੰ ਕਿਫਾਇਤੀ ਬਣਾਉਣ ਲਈ ਟੈਰਿਫ ਨੂੰ ਤਰਕਸੰਗਤ ਬਣਾਉਣ ਲਈ ਕੰਮ ਕਰ ਰਿਹਾ ਹੈ। ਸ਼੍ਰੀ ਪ੍ਰਧਾਨ ਨੇ ਕਿਹਾ ਕਿ ਇਸ ਵਪਾਰ ਨਾਲ ਸਰਕਾਰ ਦਾ ਕੋਈ ਸਬੰਧ ਨਹੀ ਹੈ ਅਤੇ ਗ੍ਰਾਹਕ ਮੁਕਤ ਬਜ਼ਾਰ ਦਾ ਰਾਜਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਈਜੀਐਕਸ ਰਾਹੀਂ ਲਿਕੁਈਫਾਈਡ ਕੁਦਰਤੀ ਗੈਸ (ਐੱਲਐੱਨਜੀ) ਟਰਮੀਨਲਾਂ, ਗੈਸ ਪਾਈਪ ਲਾਈਨਾਂ, ਸੀਜੀਡੀ ਦੇ ਮੁੱਢਲੇ ਢਾਂਚੇ ਵਿੱਚ ਵੱਡੀ ਪੱਧਰ ਤੇ ਸਰਮਾਏਕਾਰੀ ਅਤੇ ਬਜ਼ਾਰ ਸੰਚਾਲਤ ਮੁੱਲ ਵਿਵਸਥਾ ਦੀ ਇਜਾਜ਼ਤ ਦਿੱਤੇ ਜਾਣ ਨਾਲ ਭਾਰਤ ਦੇ ਵਿਜ਼ਨ ਨੂੰ ਸਾਕਾਰ ਰੂਪ ਦਿਤਾ ਜਾ ਸਕੇਗਾ। ਭਾਰਤ ਨੂੰ ਇੱਕ ਗੈਸ ਅਧਾਰਿਤ ਅਰਥਵਿਵਸਥਾ ਬਣਾਉਣ ਲਈ ਚੁੱਕੇ ਗਏ ਵੱਖ-ਵੱਖ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤੀ ਗੈਸ ਬਜ਼ਾਰ ਵਿੱਚ ਪੂਰਵ-ਐੱਨਈਐੱਲਪੀ, ਐੱਨਈਐੱਲਪੀ, ਹਾਈ ਟੈਂਪਰੇਚਰ ਅਤੇ ਹਾਈ ਪ੍ਰੈਸ਼ਰ (ਐੱਚਟੀਐੱਚਪੀ) ਅਤੇ ਡੀਪ ਵਾਟਰ ਅਤੇ ਅਲਟਰਾ ਡੀਪ ਵਾਟਰ ਬਲਾਕ ਸਮੇਤ ਜਾਇਦਾਦਾਂ ਲਈ ਕਈ ਵੱਖੋ-ਵੱਖ ਮੁੱਲ ਬੈਂਡ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਜਲਦੀ ਹੀ 50 ਐੱਮਐੱਮਟੀ ਐੱਲਐੱਨਜੀ ਟਰਮੀਨਲ ਦੀ ਸਮਰੱਥਾ ਹੋਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਤਰ, ਆਸਟ੍ਰੇਲੀਆ, ਰੂਸ ਅਤੇ ਅਮਰੀਕਾ ਜਿਹੇ ਕਈ ਦੇਸ਼ਾਂ ਨਾਲ ਲੰਬੀ ਅਵਧੀ ਦੇ ਗੈਸ ਸਮਝੌਤੇ ਹਨ ਅਤੇ ਇਸ ਨੇ ਵਿਦੇਸ਼ਾਂ- ਮੋਜ਼ਾਮਿਬਕ, ਰੂਸ ਅਤੇ ਹੋਰਨਾਂ ਦੇਸ਼ਾਂ ਵਿੱਚ ਮਹੱਤਵਪੂਰਨ ਰਣਨੀਤਿਕ ਸੰਪਤੀਆਂ ਵਿੱਚ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ ਦੇਸ਼ ਵਿੱਚ ਗੈਸ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਚਲ ਰਹੇ ਵੱਖ-ਵੱਖ ਪ੍ਰੋਜੈਕਟਾਂ, ਜਿਵੇਂ ਕਿ ਊਰਜਾ ਗੰਗਾ, ਪੂਰਬੀ ਭਾਰਤ ਗ੍ਰਿੱਡ, ਉੱਤਰ-ਪੂਰਬ ਵਿੱਚ ਇੰਦਰਧਨੁਸ਼ ਦੇ ਪ੍ਰੋਜੈਕਟ, ਧਮਰਾ-ਦਹੇਜ ਪਾਈਪਲਾਈਨ, ਕੋਲਾ ਗੈਸਿਫਿਕੇਸ਼ਨ ਅਤੇ ਸੀਬੀਐੱਮ ਨੀਤੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਕੁਝ ਸਾਲਾਂ ਵਿੱਚ ਦੇਸ਼ ਵਿੱਚ 30,000 ਕਿਲੋਮੀਟਰ ਤੋਂ ਵੱਧ ਪਾਈਪ ਲਾਈਨ ਹੋਵੇਗੀ। ਮੰਤਰੀ ਜੀ ਅਨੁਸਾਰ, ਕੁਦਰਤੀ ਗੈਸ ਲਈ ਨਵਾਂ ਇਲੈਕਟ੍ਰੌਨਿਕ ਟ੍ਰੇਡਿੰਗ ਪਲੈਟਫਾਰਮ ਕੇਂਦਰ ਦੀ ਅਗਾਂਹਵਧੂ ਨੀਤੀ ਦਾ ਸਭ ਤੋਂ ਵੱਡਾ ਸੰਕੇਤਕ ਹੈ ਕਿਉਂਕਿ ਇਹ ਵੱਖ ਵੱਖ ਸਰੋਤਾਂ ਨਾਲ ਗੈਸ ਦੇ ਉਤਪਾਦਨ ਅਤੇ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਐੱਲਐੱਨਜੀ ਦੀ ਦਰਾਮਦ ਤੋਂ ਲੈ ਕੇ ਪਾਰਦਰਸ਼ੀ ਮੁੱਲ ਵਿਵਸਥਾ ਤਕ ਸਮੁੱਚੀ ਊਰਜਾ ਮੁੱਲ ਲੜੀ ਨੂੰ ਪੂਰਾ ਕਰਦਾ ਹੈ। ਪ੍ਰਧਾਨ ਮੰਤਰੀ ਦੇ ਭਾਰਤ ਦੇ ਲੋਕਾਂ ਨੂੰ ਊਰਜਾ ਦੇ ਦ੍ਰਿਸ਼ਟੀਕੋਣ ਨਾਲ ਇਨਸਾਫ ਦਿਵਾਉਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਫ਼, ਕਿਫ਼ਾਇਤੀ, ਟਿਕਾਊ ਅਤੇ ਊਰਜਾ ਦੀ ਸਮਾਨ ਸਪਲਾਈ ਤੱਕ ਜਨਤਾ ਦੀ ਸਰਬਵਿਆਪੀ ਪਹੁੰਚ ਹੋਣੀ ਚਾਹੀਦੀ ਹੈ। ਇਸ ਮੌਕੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਦੇ ਸਕੱਤਰ ਸ਼੍ਰੀ ਤਰੁਣ ਕਪੂਰ, ਪੀਐੱਨਜੀਆਰਬੀ ਦੇ ਚੇਅਰਮੈਨ ਸ਼੍ਰੀ ਡੀ ਕੇ ਸਰਾਫ ਵੀ ਮੌਜੂਦ ਸਨ। ***** ਵਾਈਬੀ

(Release ID: 1631842) Visitor Counter : 176