ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ਦੇ ਬਾਘਜਨ ਸਥਿਤ ਆਇਲ ਇੰਡੀਆ ਲਿਮਿਟਿਡ ਦੇ ਗੈਸ ਖੂਹ ਵਿੱਚ ਲੱਗੀ ਅੱਗ ਬਾਰੇ ਬਿਆਨ

Posted On: 10 JUN 2020 6:00PM by PIB Chandigarh

ਪਬਲਿਕ ਸੈਕਟਰ ਦੀ ਕੰਪਨੀ ਆਇਲ ਇੰਡੀਆ ਲਿਮਿਟਿਡ (ਓਆਈਐੱਲ) ਨੇ ਰਿਪੋਰਟ ਕੀਤੀ ਹੈ ਕਿ  ਅਸਾਮ ਦੇ ਜ਼ਿਲ੍ਹੇ ਤਿਨਸੁਕੀਆ ਦੇ ਬਾਘਜਨ ਤੇਲ ਖੇਤਰ ਅਧੀਨ ਗੈਸ ਉਤਪਾਦਕ ਖੂਹ ਬਾਘਜਨ -5 ਵਿੱਚ ਵਰਕਓਵਰ ਅਪ੍ਰੇਸ਼ਨਾਂ ਦੌਰਾਨ ਖੂਹ 27 ਮਈ, 2020 ਨੂੰ ਅਚਾਨਕ ਹੀ ਕਿਰਿਆਸ਼ੀਲ ਹੋ ਗਿਆ ਅਤੇ ਅੱਗ ਲਗ ਗਈ। ਇਸ ਦੀ ਵਜ੍ਹਾ ਨਾਲ ਖੂਹ ਵਿੱਚੋਂ ਗੈਸ ਦੀਆਂ ਬੇਕਾਬੂ ਲਪਟਾਂ ਨਿਕਲਣ ਲਗ ਪਈਆਂ।  ਆਇਲ  ਇੰਡੀਆ ਨੇ ਓਐੱਨਜੀਸੀ ਤੋਂ ਸਹਾਇਤਾ ਮੰਗੀ ਜਿਸਨੇ ਤਤਕਾਲ ਆਪਣੀ ਸੰਕਟ ਪ੍ਰਬੰਧਨ ਟੀਮ (ਸੀਐੱਮਟੀ) ਤੈਨਾਤ ਕਰ ਦਿੱਤੀ। ਆਇਲ ਇੰਡੀਆ ਨੇ ਸਿੰਗਾਪੁਰ ਸਥਿਤ ਕੰਪਨੀ ਮੇਸਰਸ ਅਲਰਟ ਡਿਜਾਸਟਰ ਕੰਟਰੋਲ ਨੂੰ ਵੀ ਤਿਆਰ ਰੱਖਿਆ।

 

ਇਸ ਖੂਹ ਨੂੰ ਮਾਹਿਰਾਂ ਦੀ ਸਲਾਹ ਤੇ ਅਮਲ ਕਰਦੇ ਹੋਇਆਂ ਅਤੇ ਸਾਰੀਆਂ ਸੁਰੱਖਿਆ ਸਾਵਧਾਨੀਆਂ ਨੂੰ ਵਰਤਦਿਆਂ ਢੱਕਣ ਦੀ ਯੋਜਨਾ ਬਣਾਈ ਗਈ ਸੀ ਅਤੇ ਜਦੋਂ ਕਲੀਅਰਿੰਗ ਸਬੰਧੀ ਅਪ੍ਰੇਸ਼ਨ ਖੂਹ ਵਾਲੀ ਥਾਂ ਤੇ ਚਲ ਰਹੇ ਸਨ, ਖੂਹ ਨੇ 9 ਜੂਨ ਨੂੰ ਲਗਭਗ ਦੁਪਹਿਰ ਵੇਲ੍ਹੇ ਅੱਗ ਫ਼ੜ ਲਈ ਤੇ ਖੂਹ ਦੀ ਥਾਂ ਦੇ ਲਗਭਗ 200 ਮੀਟਰ ਦੇ ਖੇਤਰ ਵਿੱਚ ਭੜਕ ਉੱਠੀ। ਅੱਗ ਲਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਚਲ ਸਕਿਆ ਹੈ।

 

ਕੇਂਦਰੀ  ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਨੇ ਕੱਲ੍ਹ ਅਸਾਮ ਦੇ ਮੁੱਖ ਮੰਤਰੀ ਦੇ ਨਾਲ-ਨਾਲ ਆਇਲ ਇੰਡੀਆ, ਓਐੱਨਜੀਸੀ, ਅੰਤਰਰਾਸ਼ਟਰੀ ਮਾਹਿਰਾਂ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ  ਰਾਹੀਂ ਸਥਿਤੀ ਦੀ ਸਮੀਖ਼ਿਆ ਕੀਤੀ।  ਅਸਾਮ ਦੇ ਮੁੱਖ ਮੰਤਰੀ ਨੇ ਜਾਨਾਂ ਅਤੇ ਸੰਪਤੀ ਦੇ ਨੁਕਸਾਨ ਸਬੰਧੀ ਸ਼ੰਕਾਵਾਂ ਨੂੰ ਦੂਰ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਸ਼੍ਰੀ ਧਰਮੇਂਦਰ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਅਤੇ ਆਇਲ ਇੰਡੀਆ ਵਲੋਂ ਪੂਰਾ ਸਹਿਯੋਗ ਪ੍ਰਾਪਤ ਹੋਵੇਗਾ। ਜਿਵੇਂ ਵੀ ਰਾਜ ਸਰਕਾਰ ਵਲੋਂ ਨਿਰਧਾਰਿਤ ਕੀਤਾ ਜਾਵੇਗਾ, ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਅਤੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ। 

 

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਇੱਕ ਵਾਰ ਫੇਰ ਵੀਡੀਓ ਕਾਨਫਰੰਸਿੰਗ ਰਾਹੀਂ ਘਟਨਾ ਵਾਲੀ ਥਾਂ (ਸਾਈਟ) ਤੇ ਸਥਿਤ ਸੰਕਟ ਪ੍ਰਬੰਧਨ ਟੀਮ, ਆਇਲ ਇੰਡੀਆ ਲਿਮਿਟਿਡ ਦੇ ਅਧਿਕਾਰੀਆਂ ਅਤੇ ਮੰਤਰਾਲਾ ਦੇ ਅਧਿਕਾਰੀਆਂ ਨਾਲ ਸਮੀਖ਼ਿਆ ਬੈਠਕ ਕੀਤੀ।  ਰਿਪੋਰਟ ਕੀਤੀ ਗਈ ਹੈ ਕਿ ਕੁਰਸੀ (ਪਲਿੰਥ ਏਰੀਆ) ਦੇ ਖੇਤਰਫ਼ਲ ਨੂੰ ਛੱਡ ਕੇ ਸਾਈਟ ਦੇ ਆਲੇ-ਦੁਆਲੇ ਜ਼ਿਆਦਾਤਰ ਅੱਗ ਬੁਝਾਈ ਜਾ ਚੁੱਕੀ ਹੈ। ਪਰ ਖੂਹ ਦੇ ਮੁਹਾਂਦਰੇ ਲੱਗੀ ਅੱਗ ਤਦ ਤੱਕ ਬੱਲਦੀ ਰਹੇਗੀ, ਜਦੋਂ ਤੱਕ ਖੂਹ ਨੂੰ ਢੱਕ ਨਹੀਂ ਦਿੱਤਾ ਜਾਂਦਾ।

 

ਅੱਗ ਨੇ ਤਕਰੀਬਨ 200 ਮੀਟਰ ਦੇ ਘੇਰੇ ਦੇ ਲਗਭਗ 15 ਘਰਾਂ ਨੂੰ ਪੂਰੀ ਤਰ੍ਹਾਂ ਸਾੜ ਦਿੱਤਾ ਹੈ, ਜਦਕਿ 10 ਤੋਂ 15 ਹੋਰ ਘਰ ਅੰਸ਼ਕ ਰੂਪ ਵਿੱਚ ਪ੍ਰਭਾਵਿਤ ਹੋਏ ਹਨ। ਅਜਿਹੀ ਵੀ ਰਿਪੋਰਟ ਹੈ ਕਿ ਆਇਲ ਇੰਡੀਆ ਦੇ ਦੋ ਅੱਗ- ਬੁਝਾਊ ਕਰਮਚਾਰੀਆਂ ਦੀ ਵੀ ਮੌਤ ਹੋ ਗਈ ਹੈ। ਮੁੱਢਲੀ ਸੂਚਨਾ ਤੋਂ ਸੰਕੇਤ ਮਿਲਦਾ ਹੈ ਕਿ ਤਿੰਨ ਅੱਗ ਬੁਝਾਊ ਕਰਮਚਾਰੀ, ਜਿਨਾਂ ਵਿੱਚ ਆਇਲ ਇੰਡੀਆ ਦੇ ਦੋ ਅਤੇ ਇੱਕ ਓਐੱਨਜੀਸੀ ਦਾ ਕਰਮਚਾਰੀ ਸ਼ਾਮਿਲ ਹੈ, ਅੱਗ ਵਿੱਚ ਕੁੱਦ  ਗਏ ਸਨ।  ਓਐੱਨਜੀਸੀ ਦਾ ਅੱਗ ਬੁਝਾਊ ਕਰਮਚਾਰੀ ਤਾਂ ਜਖ਼ਮੀ ਹੋ ਗਿਆ ਪਰ ਆਇਲ ਇੰਡੀਆ ਦੇ ਕਰਮਚਾਰੀ ਆਪਣੇ ਆਪ ਨੂੰ ਬਚਾਅ ਨਹੀਂ ਸਕੇ।  ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ  ਹਨ।  ਖੂਹ ਨੂੰ ਢੱਕਣ ਲਈ ਕੋਈ ਵੀ ਅਪ੍ਰੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਖੂਹ ਦੇ ਸੜੇ ਹੋਏ ਮਲ਼ਬੇ, ਅੱਗ ਬੁਝਾਊ ਗੱਡੀਆਂ ਅਤੇ ਖੂਹ ਦੀ ਥਾਂ ਦੇ ਆਲੇ-ਦੁਆਲੇ ਦੀਆਂ ਸਮਗਰੀਆਂ ਨੂੰ ਉੱਥੋਂ ਹਟਾ ਦਿੱਤਾ ਜਾਵੇਗਾ।  ਸਾਈਟ ਤੇ ਗਤਿਵਿਧੀ ਸ਼ੁਰੂ ਕਰਨ ਤੋਂ ਪਹਿਲਾਂ ਨਿਰੰਤਰ ਜਲ ਸਪਲਾਈ ਦੀ ਵਿਵਸਥਾ ਕਰ ਦਿੱਤੀ ਜਾਵੇਗੀ।  ਇਨ੍ਹਾਂ ਵਿਵਸਥਾਵਾਂ ਨੂੰ ਕਰਨ ਵਿੱਚ 5-6 ਦਿਨ ਲਗ ਸਕਦੇ ਹਨ ਅਤੇ ਅਪ੍ਰੇਸ਼ਨ ਨੂੰ ਪੂਰਾ ਕਰਨ ਵਿੱਚ ਤਕਰੀਬਨ 4 ਹਫ਼ਤਿਆਂ ਦਾ ਸਮਾਂ ਲਗ ਸਕਦਾ ਹੈ।

 

ਲਗਭਗ 1600 ਪਰਿਵਾਰਾਂ ਦੀ ਪਹਿਲਾਂ ਹੀ ਨਜ਼ਦੀਕੀ ਪ੍ਰਭਾਵਿਤ ਖੇਤਰ ਹੋਣ ਕਾਰਨ ਨਿਕਾਸੀ ਕੀਤੀ ਜਾ ਚੁਕੀ ਹੈ ਅਤੇ ਨਜ਼ਦੀਕ ਵਿੱਚ ਹੀ ਸੁਰੱਖਿਅਤ ਖੇਤਰਾਂ ਵਿੱਚ ਸਥਾਪਿਤ ਕੀਤੇ ਗਏ ਰਾਹਤ ਕੈਂਪਾਂ ਵਿੱਚ ਉਨ੍ਹਾਂ ਦੀ ਵਿਵਸਥਾ ਕੀਤੀ ਜਾ ਚੁਕੀ ਹੈ।  ਓਆਈਐੱਲ ਨੇ ਫ਼ੌਰੀ ਰਾਹਤ ਦੇ ਰੂਪ ਵਿੱਚ ਹਰੇਕ ਪ੍ਰਭਾਵਿਤ ਪਰਿਵਾਰ ਨੂੰ 30,000 ਰੁਪਏ (ਤੀਹ ਹਜ਼ਾਰ ਰੁਪਏ) ਦੀ ਰਾਸ਼ੀ ਉਪਲੱਬਧ ਕਰਾਉਣ ਦਾ ਫੈਸਲਾ ਕੀਤਾ ਹੈ। 

 

ਖੂਹ ਡਿਬਰੂ- ਸੈਖੋਵਾ ਰਾਸ਼ਟਰੀ ਪਾਰਕ ਅਤੇ ਮਾਗੁਰੀ ਮੋਟਾਪੁੰਗਬੀਲ ਦੀ ਇੱਕ ਦਲਦਲ (ਵੈੱਟਲੈਂਡ) ਵਾਲੀ ਜ਼ਮੀਨ ਦੇ ਦਾਇਰੇ ਵਿੱਚ ਸਥਿਤ ਹੈ। ਓਆਈਐੱਲ ਨੇ ਡਿਬਰੂ- ਸੈਖੋਵਾ ਰਾਸ਼ਟਰੀ ਪਾਰਕ ਅਤੇ ਮਾਗੁਰੀ ਮੋਟਾਪੁੰਗਬੀਲ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਵਾਤਾਵਰਣ ਦੇ ਪ੍ਰਭਾਵ ਦਾ ਅਨੁਮਾਨ ਲਗਾਉਣ ਲਈ ਇੱਕ ਮਾਨਤਾ ਪ੍ਰਾਪਤ ਏਜੇਂਸੀ ਦੀਆਂ ਸੇਵਾਵਾਂ ਲਈਆਂ ਹਨ। 

 

ਮੰਤਰਾਲਾ ਨਿਰੰਤਰ ਸਥਿਤੀ ਦੀ ਨਿਗਰਾਨੀ ਅਤੇ ਸਮੀਖਿਆ ਕਰ ਰਿਹਾ ਹੈ।

 

****

 

ਵਾਈਬੀ



(Release ID: 1630853) Visitor Counter : 176