ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਰਾਜ ਮੰਤਰੀ ਧੋਤਰੇ ਨੇ ਜ਼ਿਲ੍ਹਾ ਕਲੈਕਟਰਾਂ ਨੂੰ ਕਿਹਾ: ਆਰੋਗਯ ਸੇਤੂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤੋ

Posted On: 10 JUN 2020 8:10PM by PIB Chandigarh

ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ, ਮਾਨਵ ਸੰਸਾਧਨ ਵਿਕਾਸ ਅਤੇ ਸੰਚਾਰ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੀ ਸੰਜੇ ਧੋਤਰੇ ਨੇ ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੀ ਆਰੋਗਯ ਸੇਤੂ ਟੀਮ ਅਤੇ ਸਾਰੇ ਜ਼ਿਲ੍ਹਾ ਕਲੈਕਟਰਾਂ ਅਤੇ ਮਹਾਰਾਸ਼ਟਰ ਵਿੱਚ ਐੱਨਆਈਸੀ ਦੇ ਡੀਆਈਓਜ਼ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕੀਤੀ। ਇਸ ਗੱਲਬਾਤ ਦਾ ਉਦੇਸ਼ ਰਾਜ ਵਿੱਚ ਖੇਤਰੀ ਪੱਧਰ ਦੇ ਅਧਿਕਾਰੀਆਂ ਦੀ ਆਰੋਗਯ ਸੇਤੂ ਐਪ ਦੇ ਵਿਭਿੰਨ ਪੱਖਾਂ ਬਾਰੇ ਜਾਗਰੂਕਤਾ ਵਧਾਉਣਾ ਅਤੇ ਉਨ੍ਹਾਂ ਤੋਂ ਖੇਤਰੀ ਪੱਧਰ ਦੇ ਇਨਪੁੱਟਸ ਮੰਗਣੇ ਸੀ। ਰਾਜ ਮੰਤਰੀ ਸ਼੍ਰੀ ਧੋਤਰੇ, ਮਹਾਰਾਸ਼ਟਰ ਸਰਕਾਰ ਦੇ ਸਿਹਤ ਮੰਤਰੀ ਸ਼੍ਰੀ ਰਾਜੇਸ਼ ਟੋਪੇ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਸਤੇਜ ਪਾਟਿਲ ਨੇ ਵੀ ਕਾਨਫਰੰਸ ਵਿੱਚ ਹਿੱਸਾ ਲਿਆ। ਕਾਨਫਰੰਸ ਦੌਰਾਨ ਇਹ ਉੱਭਰਕੇ ਸਾਹਮਣੇ ਲਿਆਂਦਾ ਗਿਆ ਕਿ ਆਰੋਗਯ ਸੇਤੂ ਪਲੈਟਫਾਰਮ ਜ਼ਰੀਏ ਰਾਜ ਵਿੱਚ ਰੋਗ ਦੇ ਪਸਾਰ ਦੀ ਗਤੀ ਨੂੰ ਮੈਕਰੋ ਅਤੇ ਮਾਇਕ੍ਰੋਸਕੋਪਿਕ ਪੱਧਰ ਤੇ ਸਮਝਣ ਲਈ ਉਪਲੱਬਧ ਅੰਕੜੇ ਕਾਫ਼ੀ ਉਪਯੋਗੀ ਹਨ। ਇਨ੍ਹਾਂ ਅੰਕੜਿਆਂ ਦਾ ਪ੍ਰਭਾਵੀ ਅਤੇ ਸਮੇਂ ਤੇ ਉਪਯੋਗ ਹੌਟਸਪੌਟ ਬਣਨ ਤੋਂ ਪਹਿਲਾਂ ਉਨ੍ਹਾਂ ਖੇਤਰਾਂ ਨੂੰ ਖਾਲੀ ਕਰਨ ਅਤੇ ਯੋਜਨਾਬੱਧ ਅਤੇ ਟੀਚਾਗਤ ਤਰੀਕੇ ਨਾਲ ਲਾਜ਼ਮੀ ਸਿਹਤ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਸਮੇਂ ਤੇ ਮਹੱਤਵਪੂਰਨ ਮਦਦ ਕਰ ਸਕਦਾ ਹੈ।

 

ਜ਼ਿਲ੍ਹਾ ਕਲੈਕਟਰਾਂ ਨੇ ਆਪਣੇ ਸਬੰਧਿਤ ਜ਼ਿਲ੍ਹਿਆਂ ਵਿੱਚ ਕੋਵਿਡ ਸੰਕਟ ਨਾਲ ਨਜਿੱਠਣ ਲਈ ਆਰੋਗਯ ਸੇਤੂ ਅੰਕੜਿਆਂ ਦਾ ਉਪਯੋਗ ਕਰਨ ਦੇ ਆਪਣੇ ਤਜਰਬੇ ਸਾਂਝੇ ਕੀਤੇ। ਰਾਜ ਮੰਤਰੀ ਸ਼੍ਰੀ ਧੋਤਰੇ ਨੇ ਬਿਮਾਰੀ ਦੀ ਰੋਕਥਾਮ ਵਿੱਚ ਕਲੈਕਟਰਾਂ ਅਤੇ ਖੇਤਰ ਪੱਧਰ ਦੇ ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਰਾਜ ਸਰਕਾਰ ਨੂੰ ਭਰੋਸਾ ਦਿੱਤਾ ਕਿ ਆਰੋਗਯ ਸੇਤੂ ਅੰਕੜਿਆਂ ਦੇ ਵਿਸ਼ਲੇਸ਼ਣ ਦੀ ਬਿਹਤਰੀਨ ਵਰਤੋਂ ਲਈ ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਵੱਲੋਂ ਫੀਲਡ ਪੱਧਰ ਦੇ ਅਧਿਕਾਰੀਆਂ ਨੂੰ ਅਗਲੇਰੀ ਸਿਖਲਾਈ ਦੇਣ ਵਿੱਚ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

 

ਕੇਂਦਰੀ ਰਾਜ ਮੰਤਰੀ ਸ਼੍ਰੀ ਸੰਜੈ ਧੋਤਰੇ ਨੇ ਖੇਤਰੀ ਪੱਧਰ ਦੇ ਅਧਿਕਾਰੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕੋਵਿਡ-19 ਖਿਲਾਫ਼ ਲੜਾਈ ਵਿੱਚ ਆਰੋਗਯ ਸੇਤੂ ਐਪ ਦਾ ਵਿਆਪਕ ਉਪਯੋਗ ਲਾਜ਼ਮੀ ਹੈ। ਕੋਵਿਡ-19 ਦੇ ਸੰਭਾਵਿਤ ਖਤਰਿਆਂ ਦੀ ਪਛਾਣ ਕਰਨ ਅਤੇ ਸੰਕਟ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਦੇ ਅੰਕੜਿਆਂ ਨੂੰ ਪੂਰੀ ਤਰ੍ਹਾਂ ਨਾਲ ਉਪਯੋਗ ਕੀਤਾ ਜਾ ਸਕਦਾ ਹੈ। ਮਹਾਰਾਸ਼ਟਰ ਦੇ ਸਿਹਤ ਮੰਤਰੀ ਸ਼੍ਰੀ ਰਾਜੇਸ਼ ਟੋਪੇ ਨੇ ਕੋਵਿਡ-19 ਖਿਲਾਫ਼ ਲੜਾਈ ਵਿੱਚ ਟੈਕਨੋਲੋਜੀ ਦੇ ਮਹੱਤਵ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਤਕਨੀਕੀ ਟੀਮ ਦੀ ਖੇਤਰੀ ਅਧਿਕਾਰੀਆਂ ਨਾਲ ਗੱਲਬਾਤ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ ਜੋ ਰਾਜ ਮੰਤਰੀ ਸ਼੍ਰੀ ਧੋਤਰੇ ਦੇ ਕਹਿਣ ਤੇ ਹੋਈ। ਮਹਾਰਾਸ਼ਟਰ ਦੇ ਮਾਣਯੋਗ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਸਤੇਜ ਪਾਟਿਲ ਨੇ ਆਰੋਗਯ ਸੇਤੂ ਐਪ ਦੇ ਉਪਯੋਗ ਤੇ ਜ਼ੋਰ ਦਿੱਤਾ ਅਤੇ ਸੁਝਾਅ ਦਿੱਤਾ ਕਿ ਜ਼ਿਲ੍ਹਾ ਅਧਿਕਾਰੀਆਂ ਨੂੰ ਵਿਆਪਕ ਸਿਖਲਾਈ ਇਸ ਦੀ ਉਪਯੋਗਤਾ ਨੂੰ ਹੋਰ ਵਧਾਏਗੀ।

 

ਕਾਨਫਰੰਸ ਵਿੱਚ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਸਕੱਤਰ ਸ਼੍ਰੀ ਅਜੈ ਪ੍ਰਕਾਸ਼ ਸਾਹਨੀ ਵੀ ਮੌਜੂਦ ਸਨ ਜਿਨ੍ਹਾਂ ਨੇ ਰਾਜ ਦੇ ਅਧਿਕਾਰੀਆਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਆਰੋਗਯ ਸੇਤੂ ਐਪ ਜ਼ਰੀਏ ਉਪਲੱਬਧ ਜਾਣਕਾਰੀ ਦੇ ਉਪਯੋਗ ਨਾਲ ਸਬੰਧਿਤ ਬਰੀਕੀਆਂ ਦੀ ਪੇਸ਼ਕਸ਼ ਕੀਤੀ। ਮਹਾਰਾਸ਼ਟਰ ਸਰਕਾਰ ਦੇ ਪ੍ਰਮੁੱਖ ਸਿਹਤ ਸਕੱਤਰ ਸ਼੍ਰੀ ਪ੍ਰਦੀਪ ਵਿਆਸ, ਮਹਾਰਾਸ਼ਟਰ ਸਰਕਾਰ ਦੇ ਸਿਹਤ ਡਾਇਰੈਕਟਰ ਡਾ. ਸ਼੍ਰੀਮਤੀ ਸਾਧਨਾ ਤਾਇਦੇ, ਡੀਜੀ, ਐੱਨਆਈਸੀ, ਭਾਰਤ ਸਰਕਾਰ ਸ਼੍ਰੀਮਤੀ ਨੀਤਾ ਵਰਮਾ, ਡੀਡੀਜੀ, ਐੱਨਆਈਸੀ, ਭਾਰਤ ਸਰਕਾਰ ਸ਼੍ਰੀ ਆਰ. ਐੱਸ. ਮਨੀ, ਡੀਡੀਜੀ, ਐੱਨਆਈਸੀ, ਭਾਰਤ ਸਰਕਾਰ ਸ਼੍ਰੀਮਤੀ ਸੀਮਾ ਖੰਨਾ, ਮਹਾਰਾਸ਼ਟਰ ਸਰਕਾਰ ਦੇ ਮੈਡੀਕਲ ਸਿੱਖਿਆ ਅਤੇ ਖੋਜ ਦੇ ਡਾਇਰੈਕਟਰ ਡਾ. ਤਾਤਿਆ ਰਾਓ ਲਾਹਣੇ ਅਤੇ ਆਈਆਈਟੀ ਮਦਰਾਸ ਦੇ ਪ੍ਰੋ. ਵੀ. ਕਾਮਾਕੋਟੀ ਨੇ ਵੀ ਕਾਨਫਰੰਸ ਵਿੱਚ ਹਿੱਸਾ ਲਿਆ ਅਤੇ ਆਪਣੇ ਉਪਯੋਗੀ ਵਿਚਾਰ ਪ੍ਰਗਟਾਏ।

 

******

 

ਆਰਜੇ/ਆਰਪੀ



(Release ID: 1630852) Visitor Counter : 138