ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
'ਕੋਵਿਡ -19 ਟੈਸਟਿੰਗ ਲੈਬਾਰਟਰੀ' ਦਾ ਸੀਐੱਸਆਈਆਰ-ਐੱਨਈਆਈਐੱਸਟੀ, ਜੋਰਹਾਟ ਵਿਖੇ ਉਦਘਾਟਨ ‘ਐੱਨਈਆਈਐੱਸਟੀ ਅਸਾਮ ਦਾ ਪਹਿਲਾ ਅਜਿਹਾ ਖੋਜ ਅਤੇ ਵਿਕਾਸ ਸੰਸਥਾਨ ਹੈ ਜਿੱਥੇ ਟੈਸਟਿੰਗ ਲੈਬਾਰਟਰੀ ਸਥਾਪਿਤ ਕੀਤੀ ਗਈ ਹੈ’
Posted On:
02 JUN 2020 10:51AM by PIB Chandigarh
ਇੱਕ ਕੋਵਿਡ -19 ਟੈਸਟਿੰਗ ਲੈਬਾਰਟਰੀ ਪੂਰਬ-ਉੱਤਰ ਵਿਗਿਆਨ ਅਤੇ ਟੈਕਨੋਲੋਜੀ ਸੰਸਥਾਨ (ਐੱਨਈਆਈਐੱਸਟੀ) ਦੇ ਜੋਰਹਾਟ ਕੈਂਪਸ ਵਿੱਚ ਸਥਾਪਿਤ ਕੀਤੀ ਗਈ ਹੈ। ਡਾ. ਹਿਮੰਤ ਬਿਸਵਾ ਸਰਮਾ, ਮੰਤਰੀ, ਸਿਹਤ ਅਤੇ ਪਰਿਵਾਰ ਭਲਾਈ, ਵਿੱਤ, ਸਿੱਖਿਆ (ਉੱਚ, ਸੈਕੰਡਰੀ ਅਤੇ ਪ੍ਰਾਇਮਰੀ), ਪਰਿਵਰਤਨ ਅਤੇ ਵਿਕਾਸ, ਪੀਡਬਲਿਯੂਡੀ, ਅਸਾਮ ਸਰਕਾਰ ਨੇ ਇਸ ਲੈਬਾਰਟਰੀ ਦਾ ਉਦਘਾਟਨ ਕੀਤਾ। ਸੀਐੱਸਆਈਆਰ-ਐੱਨਆਈਐੱਸਟੀ ਦੇ ਡਾਇਰੈਕਟਰ ਡਾ. ਜੀ. ਨਰਹਰਿ ਸ਼ਾਸਤਰੀ ਨੇ ਇਸ ਮਹੱਤਵਪੂਰਨ ਆਯੋਜਨ ਨੂੰ ਸੀਐੱਸਆਈਆਰ-ਐੱਨਆਈਐੱਸਟੀ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਿਆ।
ਡਾ. ਹਿਮੰਤ ਬਿਸਵਾ ਸਰਮਾ ਨੇ ਇਸ ਤੱਥ ਦੀ ਸ਼ਲਾਘਾ ਕੀਤੀ ਕਿ ਐੱਨਈਆਈਐੱਸਟ ਅਸਾਮ ਵਿੱਚ ਪਹਿਲਾ ਅਜਿਹਾ ਖੋਜ ਅਤੇ ਵਿਕਾਸ ਸੰਸਥਾਨ ਹੈ ਜਿੱਥੇ ਇੱਕ ਟੈਸਟਿੰਗ ਲੈਬਾਰਟਰੀ ਸਥਾਪਿਤ ਕੀਤੀ ਗਈ ਹੈ। ਡਾ. ਸਰਮਾ ਨੇ ਇਸ ਨੂੰ ਸੰਭਵ ਕਰ ਦਿਖਾਉਣ ਲਈ ਸੰਸਥਾਨ ਦੇ ਵਿਗਿਆਨੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ।
ਡਾ. ਸ਼ਾਸਤਰੀ ਨੇ ਦੱਸਿਆ ਕਿ ਸੰਸਥਾਨ ਦੇ 10 ਵਿਗਿਆਨੀਆਂ ਦੀ ਟੀਮ ਵਾਇਰਸ ਨਾਲ ਆਰਐੱਨਏ ਨੂੰ ਅਲੱਗ ਕਰਨ ਦੇ ਮਹੱਤਵਪੂਰਨ ਕੰਮ ਵਿੱਚ ਲੱਗੀ ਹੋਈ ਹੈ। ਇਸ ਤੋਂ ਇਲਾਵਾ, ਸੰਸਥਾਨ ਦੇ 40 ਹੋਰ ਸਟਾਫ ਮੈਂਬਰ ਇੱਕ ਸਹਾਇਕ ਪ੍ਰਣਾਲੀ ਦੇ ਤੌਰ ‘ਤੇ ਕੰਮ ਕਰਦੇ ਹਨ। ਸੰਸਥਾਨ ਦਾ ਬਾਇਓਟੈਕਨੋਲੋਜੀ ਵਿਭਾਗ ‘ਆਰਟੀ-ਪੀਸੀਆਰ ਅਧਾਰਿਤ ਕੋਵਿਡ -19 ਟੈਸਟਿੰਗ’ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇਸ ਤੋਂ ਇਲਾਵਾ, ਅਸਾਮ ਸਰਕਾਰ ਅਤੇ ਜੋਰਹਾਟ ਦਾ ਜ਼ਿਲ੍ਹਾ ਪ੍ਰਸ਼ਾਸਨ ਇਸ ਸੰਸਥਾਨ ਦੁਆਰਾ ਕੀਤੇ ਜਾ ਰਹੇ ਸ਼ਾਨਦਾਰ ਯਤਨਾਂ ਨੂੰ ਸਰਗਰਮ ਤੌਰ ‘ਤੇ ਸਹਿਯੋਗ ਦੇ ਰਿਹਾ ਹੈ ਅਤੇ ਇਸ ਨੂੰ ਸੁਵਿਧਾਜਨਕ ਬਣਾ ਰਿਹਾ ਹੈ।
ਜੀ. ਹਿਮੰਤ ਬਿਸਵਾ ਸਰਮਾ, ਸੰਸਥਾ ਦੇ ਡਾਇਰੈਕਟਰ ਡਾ. ਜੀ. ਨਰਹਰੀ ਸ਼ਾਸਤਰੀ ਦੀ ਮੌਜੂਦਗੀ ਵਿੱਚ ਸੀਐੱਸਆਈਆਰ-ਐੱਨਈਆਈਐੱਸਟੀ ਵਿੱਚ ਕੋਵਿਡ -19 ਟੈਸਟਿੰਗ ਲੈਬਾਰਟਰੀ ਦਾ ਉਦਘਾਟਨ ਕਰਦੇ ਹੋਏ
ਅਸਾਮ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਇੱਕ ਮਾਈਕ੍ਰੋਬਾਇਓਲੋਜਿਸਟ ਦੀਆਂ ਸੇਵਾਵਾਂ ਇਸ ਸੰਸਥਾਨ ਦੀ ਕੋਵਿਡ -19 ਟੈਸਟਿੰਗ ਲੈਬਾਰਟਰੀ ਲਈ ਲੀਤੀਆਂ ਜਾ ਰਹੀਆਂ ਹਨ, ਤਾਂ ਜੋ ਟੈਸਟਿੰਗ ਨੂੰ ਪ੍ਰਮਾਣਿਤ ਕੀਤਾ ਜਾ ਸਕੇ। ਟੈਸਟਿੰਗ ਦੇ ਲਈ ਨਮੂਨੇ ਰਾਜ ਸਰਕਾਰ ਅਤੇ ਜੋਰਹਾਟ ਦੇ ਜ਼ਿਲ੍ਹਾ ਪ੍ਰਸ਼ਾਸਨ ਦਰਮਿਆਨ ਆਪਸੀ ਤਾਲਮੇਲ ਤੋਂ ਪ੍ਰਾਪਤ ਹੋਣ ਦੀ ਉਮੀਦ ਹੈ। ਇਹ ਸੰਸਥਾਨ ਟੈਸਟਿੰਗ ਦੇ ਉਦੇਸ਼ ਨਾਲ ਇੱਕ ਪ੍ਰੋਜੈਕਟ ਵਿਗਿਆਨੀ ਅਤੇ ਇੱਕ ਖੋਜ ਵਿਦਵਾਨ ਦੀਆਂ ਵੀ ਸੇਵਾਵਾਂ ਨੂੰ ਇਕਰਾਰਨਾਮੇ ਦੇ ਅਧਾਰ ‘ਤੇ ਲੈ ਰਿਹਾ ਹੈ।
ਡਾ. ਸਰਮਾ ਨੇ ਸੰਸਥਾਨ ਦੇ ਵੱਖ-ਵੱਖ ਵਿਗਿਆਨਕ ਪ੍ਰੋਗਰਾਮਾਂ, ਖੋਜਾਂ, ਟੈਕਨੋਲੋਜੀਆਂ ਅਤੇ ਉਤਪਾਦਾਂ ਬਾਰੇ ਵੀ ਜਾਣਕਾਰੀਆਂ ਪ੍ਰਾਪਤ ਕੀਤੀਆਂ। ਉਹ ਉਨ੍ਹਾਂ ਟੈਕਨੋਲੋਜੀਆਂ ਬਾਰੇ ਜਾਣ ਕੇ ਬਹੁਤ ਖੁਸ਼ ਹੋਏ ਹਨ ਜਿਨ੍ਹਾਂ ਨੂੰ ਐੱਨਆਈਐੱਸਟੀ ਦੁਆਰਾ ਪੇਟੈਂਟ ਅਤੇ ਵਪਾਰੀਕਰਨ ਕੀਤਾ ਗਿਆ ਸੀ। ਅਜਿਹੀ ਕਈ ਮਹੱਤਵਪੂਰਨ ਪ੍ਰਾਪਤੀਆਂ ਹਨ ਜਿਨ੍ਹਾਂ ਦਾ ਵਪਾਰੀਕਰਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਗਠੀਆ-ਰੋਧੀ ਹਰਬਲ ਮਰਹਮ, ਫੰਫੂਦ-ਰੋਧੀ ਮਰਹਮ, ਖੁਸ਼ਬੂ ਵਾਲੇ ਪੌਦਿਆਂ ਦੀਆਂ ਨਵੀਆਂ ਕਿਸਮਾਂ ਸ਼ਾਮਲ ਹਨ।
ਡਾ. ਸ਼ਾਸਤਰੀ ਨੇ ਕਿਹਾ, “ਇੱਥੇ ਕੋਵਿਡ -19 ਟੈਸਟਿੰਗ ਲੈਬਾਰਟਰੀ ਦੀ ਸਥਾਪਨਾ ਕਰਨਾ ਸਮੇਂ ਦੀ ਲੋੜ ਹੈ, ਕਿਉਂਕਿ ਇਹ ਕਮਿਊਨਿਟੀ ਪੱਧਰ 'ਤੇ ਫੈਲਣ ਤੋਂ ਪਹਿਲਾਂ ਵਾਇਰਸ ਦੀ ਜਾਂਚ ਕਰਨ, ਪਤਾ ਲਗਾਉਣ ਅਤੇ ਇਸ ਤੋਂ ਅਲੱਗ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਵਿਸ਼ਵ ਪੱਧਰ ‘ਤੇ ਕਾਮਯਾਬ ਤਰੀਕਾ ਹੈ। ਅਸਾਮ ਸਟੇਜ-3 'ਤੇ ਪਹੁੰਚਣ ਦੀ ਦਹਲੀਜ 'ਤੇ ਹੈ ਜੋ ਕਮਿਊਨਿਟੀ ਪੱਧਰ 'ਤੇ ਇਸ ਦੇ ਫੈਲਾਅ ਦਾ ਪੜਾਅ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਸਥਿਤੀ ਨੂੰ ਨਿਯੰਤਰਣ ਵਿੱਚ ਰੱਖਣ ਦਾ ਇੱਕੋ-ਇੱਕ ਤਰੀਕਾ ਵਿਆਪਕ ਟੈਸਟਿੰਗ ਨਿਰੰਤਰ ਜਾਰੀ ਰੱਖਣਾ ਹੈ, ਅਤੇ ਉਮੀਦ ਦੀ ਕਿਰਨ ਲੱਖਾਂ ਲੋਕਾਂ ਦੀ ਇਸ ਮਹਾਮਾਰੀ ਨਾਲ ਲੜਨ ਦੀ ਇੱਛਾ-ਸ਼ਕਤੀ ਹੈ। ਇਸ ਦੇ ਨਾਲ ਹੀ ਚੁਣੌਤੀ ਇਹ ਹੈ ਕਿ ਅਜਿਹਾ ਕਰਨ ਦੀ ਸਮਰੱਥਾ ਸਿਰਫ ਕੁਝ ਲੋਕਾਂ ਦੇ ਹੱਥਾਂ ਵਿੱਚ ਹੈ। ਵਿਗਿਆਨਕ ਕਮਿਊਨਿਟੀ ਦਾ ਸਭ ਤੋਂ ਵੱਡਾ ਕੰਮ ਵਾਇਰਸ ਦੇ ਫੈਲਾਅ ਨੂੰ ਕਾਬੂ ਵਿੱਚ ਰੱਖਣ ਲਈ ਵੱਧ ਤੋਂ ਵੱਧ ਟੈਸਟਿੰਗ ਕਰਵਾਉਣਾ ਅਤੇ ਸਹੀ ਇਲਾਜ ਲਈ ਪ੍ਰਭਾਵਸ਼ਾਲੀ ਦਵਾਈਆਂ ਅਤੇ ਟੀਕਿਆਂ ਨੂੰ ਵਿਕਸਿਤ ਕਰਨਾ ਹੈ।
*****
ਐੱਨਬੀ/ਕੇਜੀਐੱਸ
(Release ID: 1628865)
Visitor Counter : 286