ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਜਲ ਸ਼ਕਤੀ ਮੰਤਰਾਲੇ ਅਤੇ ਨੀਤੀ ਆਯੋਗ ਨੂੰ ਆਂਧਰ ਪ੍ਰਦੇਸ਼ ਵਿੱਚ ਉਦੈਗਿਰੀ ਲਈ ਪੇਅਜਲ ਪ੍ਰੋਜੈਕਟ ਦੀ ਸੰਭਾਵਨਾ ’ਤੇ ਵਿਚਾਰ ਕਰਨ ਨੂੰ ਕਿਹਾ

ਉਪ ਰਾਸ਼ਟਰਪਤੀ ਨੇ ਸੀਨੀਅਰ ਅਧਿਕਾਰੀਆਂ ਨਾਲ ਖੇਤਰੀ ਪੇਅਜਲ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ

Posted On: 25 MAY 2020 1:48PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਮਿਤਾਭ ਕਾਂਤ, ਪੇਅਜਲ ਅਤੇ ਸਵੱਛਤਾ ਸਕੱਤਰ ਸ਼੍ਰੀ ਪਰਮੇਸ਼ਵਰ ਅਈਅਰ ਅਤੇ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਕਾਇਆਕਲਪ ਸਕੱਤਰ, ਸ਼੍ਰੀ ਯੂ.ਪੀ. ਸਿੰਘ ਨਾਲ ਮੀਟਿੰਗ ਕੀਤੀ ਅਤੇ ਆਂਧਰ ਪ੍ਰਦੇਸ਼ ਵਿੱਚ ਨੇਲੌਰ ਜ਼ਿਲ੍ਹੇ ਦੇ ਸੋਕਾਗ੍ਰਸਤ ਉਦੈਗਿਰੀ ਇਲਾਕੇ ਵਿੱਚ ਪੇਅਜਲ ਅਤੇ ਸਿੰਚਾਈ ਨਾਲ ਜੁੜੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਭਿੰਨ ਸੰਭਵ ਉਪਾਵਾਂ ਬਾਰੇ ਚਰਚਾ ਕੀਤੀ। ਉਪ ਰਾਸ਼ਟਰਪਤੀ ਨੇ ਇਨ੍ਹਾਂ ਅਧਿਕਾਰੀਆਂ ਨਾਲ ਇਸ ਇਲਾਕੇ ਦੇ ਲੋਕਾਂ ਦੀਆਂ ਚਿੰਤਾਵਾਂ ਵੀ ਸਾਂਝੀਆਂ ਕੀਤੀਆਂ।

 

ਹਾਲ ਹੀ ਦੇ ਦਿਨਾਂ ਵਿੱਚ ਉਪ ਰਾਸ਼ਟਰਪਤੀ ਉਦੈਗਿਰੀ ਵਿਧਾਨ ਸਭਾ ਖੇਤਰ ਦੇ ਲੋਕਾਂ ਨਾਲ ਗੱਲਬਾਤ ਕਰਦੇ ਰਹੇ ਹਨ ਜਿੱਥੋਂ ਸ਼੍ਰੀ ਵੈਂਕਈਆ ਨਾਇਡੂ ਪਹਿਲੀ ਵਾਰ 1978 ਵਿੱਚ ਵਿਧਾਇਕ ਚੁਣੇ ਗਏ ਸਨ। ਗੱਲਬਾਤ ਵਿੱਚ ਉਨ੍ਹਾਂ ਦਾ ਆਮ ਹਾਲ-ਚਾਲ ਪੁੱਛਣ ਦੌਰਾਨ ਉੱਥੋਂ ਦੇ ਲੋਕਾਂ ਨੇ ਉਪ ਰਾਸ਼ਟਰਪਤੀ ਨੂੰ ਦੱਸਿਆ ਕਿ ਇਲਾਕੇ ਵਿੱਚ ਜ਼ਮੀਨੀ ਜਲ ਪੱਧਰ ਤੇਜ਼ੀ ਨਾਲ ਘੱਟ ਹੋਇਆ ਹੈ ਜਿਸ ਨਾਲ ਜ਼ਿਆਦਾਤਰ ਟੈਂਕ/ਬੋਰਵੈੱਲ ਸੁੱਕ ਚੁੱਕੇ ਹਨ ਅਤੇ ਜਲ ਸਪਲਾਈ ਦੀਆਂ ਵਿਭਿੰਨ ਯੋਜਨਾਵਾਂ ਨਾਲ ਇਲਾਕੇ ਦੇ ਲੋਕਾਂ ਦੀਆਂ ਪਾਣੀ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ। ਉੱਥੋਂ ਦੇ ਲੋਕਾਂ ਨੇ ਉਪ ਰਾਸ਼ਟਰਪਤੀ ਨੂੰ ਇਹ ਵੀ ਦੱਸਿਆ ਕਿ ਲਗਾਤਾਰ 7 ਸਾਲਾਂ ਵਿੱਚ ਇੱਥੇ ਉਚਿਤ ਵਰਖਾ ਨਹੀਂ ਹੋਈ ਹੈ। ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਉਪ ਰਾਸ਼ਟਰਪਤੀ ਸ਼੍ਰੀ ਨਾਇਡੂ ਨੂੰ ਕ੍ਰਿਸ਼ਨਾ ਬੇਸਿਨ ਜਾਂ ਸੋਮਾਸਿਲਾ ਪ੍ਰੋਜੈਕਟ ਤੋਂ ਪਾਣੀ ਦਿਵਾਉਣ ਲਈ ਕੋਈ ਉਪਾਅ ਤਲਾਸ਼ਣ ਦੀ ਬੇਨਤੀ ਕੀਤੀ।

 

ਉਪ ਰਾਸ਼ਟਰਪਤੀ ਨਾਲ ਅੱਜ ਦੀ ਗੱਲਬਾਤ ਵਿੱਚ ਅਧਿਕਾਰੀਆਂ ਨੇ ਸੁਝਾਅ ਦਿੰਦੇ ਹੋਏ ਕਿਹਾ ਕਿ ਉਹ ਆਂਧਰ ਪ੍ਰਦੇਸ਼ ਸਰਕਾਰ ਨਾਲ ਗੱਲਬਾਤ ਕਰਕੇ ਵਿਭਿੰਨ ਵਿਕਲਪਾਂ ਦਾ ਪਤਾ ਲਗਾਉਣਗੇ ਅਤੇ ਦੇਖਣਗੇ ਕਿ ਸਭ ਤੋਂ ਜ਼ਿਆਦਾ ਸੰਭਵ ਵਿਕਲਪ ਕੀ ਹੋ ਸਕਦਾ ਹੈ।

 

ਉਪ ਰਾਸ਼ਟਰਪਤੀ ਨੇ ਜਲ ਸੰਸਾਧਨ ਸਕੱਤਰ ਨੂੰ ਕੇਂਦਰੀ ਜਲ ਕਮਿਸ਼ਨ ਨਾਲ ਇਸ ਬਾਰੇ ਗੱਲਬਾਤ ਕਰਨ ਅਤੇ ਤਕਨੀਕੀ ਸੰਭਾਵਨਾਵਾਂ ਦਾ ਪਤਾ ਲਗਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਅਤੇ ਜਲ ਸੰਕਟ ਨੂੰ ਘੱਟ ਕਰਨ ਲਈ ਜਲ ਗ੍ਰਿੱਡ ਪ੍ਰੋਜੈਕਟ ਸਮੇਤ ਰਾਜ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਭਿੰਨ ਯਤਨਾਂ ਦਾ ਅਧਿਐਨ ਕਰਨ ਦਾ ਵੀ ਸੁਝਾਅ ਦਿੱਤਾ।

 

ਮੁੱਢਲਾ ਮੁੱਲਾਂਕਣ ਕਰਨ ਤੋਂ ਬਾਅਦ ਉਪ ਰਾਸ਼ਟਰਪਤੀ ਨੇ ਸੁਝਾਅ ਦਿੱਤਾ ਕਿ ਨੀਤੀ ਆਯੋਗ ਅਤੇ ਕੇਂਦਰੀ ਜਲ ਕਮਿਸ਼ਨ ਦੇ ਨਾਲ ਹੀ ਜਲ ਸ਼ਕਤੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦਾ ਇੱਕ ਵਫ਼ਦ ਇਲਾਕੇ ਦੇ ਦੌਰੇ ਤੇ ਜਾਏ ਅਤੇ ਜ਼ਮੀਨੀ ਹਕੀਕਤਾਂ ਜਾਣਨ ਲਈ ਸਬੰਧਿਤ ਹਿਤਧਾਰਕਾਂ ਨਾਲ ਗੱਲਬਾਤ ਕਰਨ ਅਤੇ ਫਿਰ ਕੋਈ ਉਪਾਅ ਸੁਝਾਉਣ।

 

ਉਪ ਰਾਸ਼ਟਰਪਤੀ ਨੇ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਵੀ ਇਸ ਬਾਰੇ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਉਦੈਗਿਰੀ ਵਿੱਚ ਆਪਣੇ ਜਾਣਕਾਰਾਂ ਨਾਲ ਗੱਲਬਾਤ ਦੌਰਾਨ ਇਲਾਕੇ ਦੇ ਗੰਭੀਰ ਪੇਅਜਲ ਦੀ ਸਥਿਤੀ ਨੂੰ ਲੈ ਕੇ ਮਿਲਿਆ ਫੀਡਬੈਕ ਸਾਂਝਾ ਕੀਤਾ। ਉਪ ਰਾਸ਼ਟਰਪਤੀ ਨੇ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਅੱਜ ਸਵੇਰੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਚੰਗਾ ਹੁੰਦਾ ਜੇਕਰ ਇਸ ਸਮੱਸਿਆ ਦਾ ਸਥਾਈ ਸਮਾਧਾਨ ਕੱਢਣ ਲਈ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਇਕੱਠੇ ਮਿਲ ਕੇ ਕੰਮ ਕਰਦੀ। ਮੁੱਖ ਮੰਤਰੀ ਨੇ ਸਕਾਰਾਤਮਕ ਰੁਖ ਦਿਖਾਇਆ ਅਤੇ ਇਸ ਸਮੱਸਿਆ ਦੇ ਸਹਿਯੋਗਪੂਰਨ ਸਮਾਧਾਨ ਲਈ ਕੰਮ ਕਰਨ ਦਾ ਵਾਅਦਾ ਵੀ ਕੀਤਾ।

 

****

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ



(Release ID: 1626830) Visitor Counter : 154