ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਚੌਧਰੀ ਬ੍ਰਹਮ ਪ੍ਰਕਾਸ਼ ਆਯੁਰਵੇਦ ਚਰਕ ਸੰਸਥਾਨ, ਨਜ਼ਫਗੜ੍ਹ ਵਿੱਚ ਸਮਰਪਿਤ ਕੋਵਿਡ-19 ਸਿਹਤ ਕੇਂਦਰ ਦਾ ਦੌਰਾ ਕੀਤਾ


ਸੀਬੀਪੀਏਸੀਐੱਸ ਨੇ ਆਯੁਰਵੇਦ ਰਾਹੀਂ ਕੋਵਿਡ ਮਰੀਜ਼ਾਂ ਨੂੰ ਦੇਖਭਾਲ਼ ਪ੍ਰਦਾਨ ਕਰਨ ਵਿੱਚ ਇੱਕ ਮਿਸਾਲੀ ਭੂਮਿਕਾ ਨਿਭਾਈ ਹੈ-ਡਾ. ਹਰਸ਼ ਵਰਧਨ

Posted On: 24 MAY 2020 7:21PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਚੌਧਰੀ ਬ੍ਰਹਮ ਪ੍ਰਕਾਸ਼ ਆਯੁਰਵੇਦ ਚਰਕ ਸੰਸਥਾਨ (ਸੀਬੀਪੀਏਸੀਐੱਸ), ਨਜ਼ਫਗੜ੍ਹ, ਨਵੀਂ ਦਿੱਲੀ ਵਿੱਚ ਸਮਰਪਿਤ ਕੋਵਿਡ-19 ਸਿਹਤ ਕੇਂਦਰ (ਡੀਸੀਐੱਚਸੀ) ਦਾ ਦੌਰਾ ਕੀਤਾ।

 

ਉਨ੍ਹਾਂ ਨੇ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਕੇਂਦਰ ਵਿੱਚ ਕੀਤੀਆਂ ਗਈਆਂ ਵਿਵਸਥਾਵਾਂ ਦੀ ਸਮੀਖਿਆ ਕੀਤੀ। ਕੋਵਿਡ-19 ਸਿਹਤ ਕੇਂਦਰ ਵਿੱਚ ਮੰਤਰੀ ਨੇ ਡਾਕਟਰਾਂ ਦੀ ਟੀਮ ਨਾਲ ਗੱਨਬਾਤ ਕੀਤੀ ਅਤੇ ਕੋਵਿਡ-19 ਮਰੀਜ਼ਾਂ ਦੀ ਤੰਦਰੁਸਤੀ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਕੋਵਿਡ-19 ਸਿਹਤ ਕੇਂਦਰ ਵਿੱਚ ਉਪਲੱਬਧ ਸੁਵਿਧਾਵਾਂ ਅਤੇ ਆਯੁਰਵੇਦਿਕ ਦਵਾਈਆਂ ਰਾਹੀਂ ਇਲਾਜ ਦੇ ਨਤੀਜਿਆਂ ਬਾਰੇ ਉਨ੍ਹਾਂ ਦੀ ਪ੍ਰਤੀਕਿਰਿਆ ਮੰਗੀ।

 

ਕੇਂਦਰ ਦੀਆਂ ਵਿਭਿੰਨ ਸੁਵਿਧਾਵਾਂ ਬਾਰੇ ਗੱਲਬਾਤ ਕੀਤੀ ਅਤੇ ਨਿਰੀਖਣ ਦੇ ਬਾਅਡ ਡਾ. ਹਰਸ਼ ਵਰਧਨ ਨੇ ਸੀਬੀਪੀਏਸੀਐੱਸ ਡੀਸੀਐੱਚਸੀ ਦੇ ਕੰਮਕਾਜ ਤੇ ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਸੀਬੀਪੀਏਸੀਐੱਸ ਦੀ ਪੂਰੀ ਟੀਮ ਵੱਲੋਂ ਆਯੁਰਵੇਦ ਦੇ ਸਿਧਾਂਤਾਂ ਦੇ ਅਧਾਰ ਤੇ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਦੇਖਭਾਲ਼ ਕਰਨ ਲਈ ਭਾਰਤ ਦਾ ਪਹਿਲਾ ਆਯੁਰਵੇਦ ਹਸਪਤਾਲ ਬਣਨ ਦੀ ਭਾਵਨਾ, ਉਤਸ਼ਾਹ, ਸਾਹਸ ਅਤੇ ਯਤਨ ਸ਼ਲਾਘਾਯੋਗ ਹਨ। ਸੀਬੀਪੀਏਸੀਐੱਸ ਪੂਰੇ ਭਾਰਤ ਵਿੱਚ ਆਯੁਰਵੇਦ ਰਾਹੀਂ ਕੋਵਿਡ ਮਰੀਜ਼ਾਂ ਦੀ ਦੇਖਭਾਲ਼ ਕਰਨ ਵਿੱਚ ਇੱਕ ਮਿਸਾਲੀ ਭੂਮਿਕਾ ਨਿਭਾ ਰਿਹਾ ਹੈ। ਸਿਹਤ ਮੰਤਰੀ ਨੇ ਕਿਹਾ, ‘‘ਇੱਥੋਂ ਦੇ ਕੋਵਿਡ-19 ਮਰੀਜ਼ਾਂ ਦੀ ਸਕਾਰਾਤਮਕ ਫੀਡਬੈਕ ਜਾਣਨਾ ਖੁਸ਼ੀ ਦੀ ਗੱਲ ਹੈ।’’ ਉਨ੍ਹਾਂ ਨੇ ਸੀਬੀਪੀਏਸੀਐੱਸ ਦੀ ਪੂਰੀ ਟੀਮ ਨੂੰ ਕੋਵਿਡ-19 ਪ੍ਰਤੀਕਿਰਿਆ ਅਤੇ ਪ੍ਰਬੰਧਨ ਵਿੱਚ ਆਯੁਰਵੇਦ ਨੂੰ ਅੱਗੇ ਰੱਖਣ ਦੇ ਉਨ੍ਹਾਂ ਦੇ ਅਣਥੱਕ ਯਤਨਾਂ ਅਤੇ ਅਗਵਾਈ ਲਈ ਵਧਾਈ ਦਿੱਤੀ।

 

ਡਾ. ਹਰਸ਼ ਵਰਧਨ ਨੇ ਕਿਹਾ, ‘‘ਆਯੁਰਵੇਦ ਭਾਰਤ ਦਾ ਇੱਕ ਪਰੰਪਰਾਗਤ ਔਸ਼ਧੀ ਗਿਆਨ ਸਰੋਤ ਹੈ ਅਤੇ ਇਸ ਵਿੱਚ ਬਹੁਤ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ। ਸਮੁੱਚੇ ਇਲਾਜ ਅਤੇ ਤੰਦਰੁਸਤੀ ਵਿੱਚ ਮੌਜੂਦ ਇਸਦੀ ਸ਼ਕਤੀ ਇਸ ਸੀਸੀਐੱਚਸੀ ਤੇ ਕੋਵਿਡ-19 ਮਰੀਜ਼ਾਂ ਦੇ ਇਲਾਜ ਵਿੱਚ ਚੰਗੀ ਵਰਤੋਂ ਲਈ ਕੀਤੀ ਜਾ ਰਹੀ ਹੈ। ਇਹ ਗਿਆਨ ਅਤੇ ਅਨੁਭਵ ਨਿਸ਼ਚਿਤ ਰੂਪ ਨਾਲ ਦੁਨੀਆ ਭਰ ਦੇ ਲੋਕਾਂ ਲਈ ਖਾਸ ਕਰਕੇ ਕੋਵਿਡ-19 ਖ਼ਿਲਾਫ਼ ਲੜਾਈ ਦਾ ਟਾਕਰਾ ਕਰਨ ਵਿੱਚ ਫਾਇਦੇਮੰਦ ਸਾਬਤ ਹੋਵੇਗਾ।

 

ਕੋਵਿਡ-19 ’ਤੇ ਭਾਰਤ ਦੀ ਪ੍ਰਤੀਕਿਰਿਆ ਬਾਰੇ ਅੱਗੇ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ, ‘‘ਸਾਡੇ ਕੋਲ ਅੱਜ 422 ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ 177 ਨਿਜੀ ਪ੍ਰਯੋਗਸ਼ਾਲਾਵਾਂ ਦੀ ਚੇਨ ਹੈ। ਦੋਵਾਂ ਦੀ ਟੈਸਟ ਸਮਰੱਥਾ ਵਿੱਚ ਵੀ ਵਾਧਾ ਹੋਇਆ ਹੈ ਅਤੇ ਅੱਜ ਤੱਕ ਹਰ ਦਿਨ ਲਗਭਗ 1,50,000 ਟੈਸਟ ਕੀਤੇ ਜਾ ਸਕਦੇ ਹਨ। ਕੱਲ੍ਹ ਹੀ ਅਸੀਂ 1,10,397 ਟੈਸਟ ਕੀਤੇ ਹਨ। ਕੱਲ੍ਹ ਤੱਕ ਅਸੀਂ 29,44,874 ਟੈਸਟ ਕੀਤੇ ਹਨ।’’

 

ਦੇਸ਼ ਭਰ ਵਿੱਚ ਸਿਹਤ ਸੰਭਾਲ ਬੁਨਿਆਦੀ ਢਾਂਚਾ ਸੈੱਟਅਪ ਬਾਰੇ ਜਾਣਕਾਰੀ ਦਿੰਦੇ ਹੋਏ ਮੰਤਰੀ ਨੇ ਕਿਹਾ, ‘‘ਕੋਵਿਡ-19 ਪ੍ਰਬੰਧਨ ਲਈ ਦੇਸ਼ ਭਰ ਵਿੱਚ ਉਚਿਤ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਦੀ ਸਥਾਪਨਾ ਕੀਤੀ ਗਈ ਹੈ।

 

ਇਨ੍ਹਾਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ। ਸਮਰਪਿਤ ਕੋਵਿਡ ਹਸਪਤਾਲ (ਡੀਸੀਐੱਚਜ਼), ਸਮਰਪਿਤ ਕੋਵਿਡ ਸਿਹਤ ਕੇਂਦਰ (ਡੀਸੀਐੱਚਸੀਜ਼) ਅਤੇ ਕੋਵਿਡ ਦੇਖਭਾਲ਼ ਕੇਂਦਰ (ਸੀਸੀਸੀਜ਼) ਵਿੱਚ ਉਚਿਤ ਸੰਖਿਆ ਵਿੱਚ ਆਈਸੋਲੇਸ਼ਨ ਬੈੱਡਾਂ, ਆਈਸੀਯੂ ਬੈੱਡ ਅਤੇ ਹੋਰ ਸੁਵਿਧਾਵਾਂ ਉਪਲੱਬਧ ਹਨ।’’ ਇਸ ਤਰ੍ਹਾਂ ਦੀਆਂ ਸੁਵਿਧਾਵਾਂ ਦੀ ਸੰਖਿਆ ਬਾਰੇ ਸੂਚਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ, ‘‘ਦੇਸ਼ ਭਰ ਵਿੱਚ ਕੁੱਲ 968 ਸਮਰਪਿਤ ਕੋਵਿਡ ਹਸਪਤਾਲਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਵਿੱਚ 2,50,397 ਬੈੱਡ (1,62,237 ਆਈਸੋਲੇਸ਼ਨ ਬੈੱਡ+20,468 ਆਈਸੀਯੂ ਬੈੱਡ) ਹਨ, 1,76,946 ਬੈੱਡਾਂ ਨਾਲ 2,065 ਸਮਰਪਿਤ ਸਿਹਤ ਕੇਂਦਰ (1,20,596 ਆਈਸੋਲੇਸ਼ਨ ਬੈੱਡ+10,691 ਆਈਸੀਯੂ ਬੈੱਡ) ਅਤੇ 6,46,438 ਬੈੱਡਾਂ ਨਾਲ 7,063 ਕੋਵਿਡ ਕੇਅਰ ਸੈਂਟਰ ਹਨ।’’

 

ਸੁਰੱਖਿਆਤਮਕ ਉਪਕਰਣਾਂ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ, ‘‘ਦੇਸ਼ ਹੁਣ ਘਰੇਲੂ ਨਿਰਮਾਣ ਖੇਤਰ ਵਿੱਚ ਉਚਿਤ ਸੰਖਿਆ ਵਿੱਚ ਐੱਨ-95 ਮਾਸਕ ਅਤੇ ਪੀਪੀਈ ਬਣਾ ਰਿਹਾ ਹੈ ਅਤੇ ਰਾਜਾਂ ਦੀਆਂ ਲੋੜਾਂ ਨੂੰ ਉਚਿਤ ਰੂਪ ਨਾਲ ਪੂਰਾ ਕੀਤਾ ਜਾ ਰਿਹਾ ਹੈ।’’ ਉਨ੍ਹਾਂ ਨੇ ਅੱਗੇ ਦੱਸਿਆ ਕਿ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਨਾਲ ਕੇਂਦਰੀ ਸੰਸਥਾਨਾਂ ਨੂੰ 109.08 ਲੱਖ ਐੱਨ-95 ਮਾਸਕ ਅਤੇ ਲਗਭਗ 72.8 ਲੱਖ ਵਿਅਕਤੀਗਤ ਸੁਰੱਖਿਆ ਉਪਕਰਨ (ਪੀਪੀਈ) ਪ੍ਰਦਾਨ ਕੀਤੇ ਗਏ ਹਨ।

 

ਦੇਸ਼ ਵਿੱਚ ਕੋਵਿਡ-19 ਦੇ ਨਿਯੰਤਰਣ ਦੀ ਸਥਿਤੀ ਬਾਰੇ ਦੱਸਦੇ ਹੋਏ ਡਾ. ਹਰਸ਼ ਵਰਧਨ ਨੇ ਕਿਹਾ, ‘‘ਲੌਕਡਾਊਨ ਤੋਂ ਪਹਿਲਾਂ 25 ਮਾਰਚ, 2020 ਨੂੰ 3 ਦਿਨ ਦੇ ਸਮੇਂ ਵਿੱਚ 3.2 ਦੇ ਹਿਸਾਬ ਨਾਲ ਦੁੱਗਣੇ ਹੋਣ ਦੀ ਦਰ ਸੀ, 7 ਦਿਨਾਂ ਦੇ ਬਾਅਦ ਦੇਖਣ ਤੇ ਇਹ 3.0 ਅਤੇ 14 ਦਿਨ ਤੇ ਇਹ ਦਰ 4.1 ਹੋ ਗਈ। ਅੱਜ ਇਹ 3 ਦਿਨ ਤੇ 13.0, 7 ਦਿਨਾਂ ਤੇ 13.1 ਅਤੇ 14 ਦਿਨ ਤੇ 12.7 ਮਾਪੀ ਗਈ ਹੈ। ਇਸ ਤਰ੍ਹਾਂ ਹੀ ਮੌਤ ਦਰ 2.9 ਫੀਸਦੀ ਹੈ ਜਦੋਂਕਿ ਰਿਕਵਰੀ ਦਰ 41.2 ਫੀਸਦੀ ਤੱਕ ਸੁਧਰੀ ਹੈ। ਸਪੱਸ਼ਟ ਰੂਪ ਨਾਲ ਲੌਕਡਾਊਨ ਕਾਰਨ ਸਥਿਤੀ ਵਿੱਚ ਸੁਧਾਰ ਹੋਇਆ ਹੈ। ਇਹ ਕੋਵਿਡ-19 ਮਰੀਜ਼ਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਗੁਣਵੱਤਾ ਨੂੰ ਵੀ ਦਰਸਾਉਂਦਾ ਹੈ।’’

 

ਹੁਣ ਤੱਕ ਕੁੱਲ 201 ਮਰੀਜ਼ਾਂ ਨੂੰ ਸੀਬੀਪੀਏਸੀਐੱਸ ਸੈਂਟਰ ਵਿੱਚ ਦਾਖਲ ਕਰਾਇਆ ਗਿਆ ਹੈ। ਇਨ੍ਹਾਂ ਵਿੱਚੋਂ 37 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 100 ਮਰੀਜ਼ਾਂ ਨੂੰ ਹੋਮ ਕੁਆਰੰਟੀਨ ਦੀ ਸਲਾਹ ਦਿੱਤੀ ਗਈ ਹੈ। 19 ਮਰੀਜ਼ਾਂ ਨੂੰ ਉਨ੍ਹਾਂ ਦੀ ਮੈਡੀਕਲ ਸਥਿਤੀ ਦੀ ਸਮੀਖਿਆ ਤੇ ਵਿਸ਼ੇਸ਼ ਹਸਪਤਾਲਾਂ ਵਿੱਚ ਟਰਾਂਸਫਰ ਕੀਤਾ ਗਿਆ ਹੈ। ਇਸ ਕੇਂਦਰ ਵਿੱਚ ਕੋਈ ਮੌਤ ਨਹੀਂ ਹੋਈ ਹੈ। 279 ਬੈੱਡਾਂ ਦੀ ਕੁੱਲ ਸਮਰੱਥਾ ਵਿੱਚੋਂ 135 ਬੈੱਡਾਂ ਨੂੰ ਕੋਵਿਡ-19 ਮਰੀਜ਼ਾਂ ਲਈ ਤਿਆਰ ਕੀਤਾ ਗਿਆ ਹੈ ਜੋ ਕਿ ਸਮੇਂ ਸਮੇਂ ਤੇ ਜਾਰੀ ਕੀਤੇ ਗਏ ਸਾਰੇ ਮਿਆਰਾਂ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਸਖ਼ਤੀ ਨਾਲ ਕਾਇਮ ਰੱਖਦੇ ਹਨ ਜਿਸ ਨਾਲ ਬਿਨਾਂ ਲੱਛਣ, ਘੱਟ ਲੱਛਣ ਅਤੇ ਦਰਮਿਆਨੇ ਲੱਛਣਾਂ ਵਾਲੇ ਮਰੀਜ਼ਾਂ ਦੀ ਦੇਖਭਾਲ਼ ਕੀਤੀ ਜਾ ਸਕੇ। 135 ਬੈੱਡ ਹਸਪਤਾਲ ਦੇ ਜ਼ਮੀਨੀ ਅਤੇ ਦੂਜੀ ਮੰਜ਼ਿਲ ਦੇ 6 ਵਾਰਡਾਂ ਵਿੱਚ ਫੈਲੇ ਹੋਏ ਹਨ।

 

ਕੇਂਦਰੀ ਸਿਹਤ ਮੰਤਰੀ ਨੂੰ ਕੋਵਿਡ-19 ਮਰੀਜ਼ਾਂ ਦੇ ਪ੍ਰਬੰਧਨ ਅਤੇ ਲੋੜ ਅਨੁਸਾਰ ਖੇਤਰਾਂ ਅਨੁਸਾਰ ਆਇਸੋਲੇਟ ਕਰਨ ਬਾਰੇ ਜਾਣੂ ਕਰਾਇਆ ਗਿਆ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਇੱਕ ਵਿਸ਼ੇਸ਼ ਕੋਵਿਡ ਟਾਸਕ ਫੋਰਸ ਨਿਰਦੇਸ਼ਕ-ਪ੍ਰਿੰਸੀਪਲ, ਸੀਬੀਪੀਏਸੀਐੱਸ ਦੀ ਅਗਵਾਈ ਵਿੱਚ ਬਣਾਈ ਗਈ ਹੈ ਜਿਸ ਵਿੱਚ ਸੀਨੀਅਰ ਕਾਡਰ ਫੈਕਲਟੀ ਸ਼ਾਮਲ ਹੈ, ਇਹ ਕੋਵਿਡ-19 ਮਰੀਜ਼ਾਂ ਦੇ ਇਲਾਜ ਅਤੇ ਪ੍ਰਬੰਧਨ ਦੀ ਸਮੀਖਿਆ ਕਰਦੀ ਹੈ।

 

ਸੀਬੀਪੀਏਸੀਐੱਸ ਵਿੱਚ ਆਯਸ਼ ਮੰਤਰਾਲੇ ਦੇ ਪ੍ਰੋਟੋਕੋਲ ਦੇ ਬਾਅਦ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਇੱਕ ਸਮੱਗਰ ਦ੍ਰਿਸ਼ਟੀਕੋਣ ਦਾ ਪਾਲਣ ਕੀਤਾ ਜਾਂਦਾ ਹੈ। ਆਯੁਰਵੇਦਿਕ ਅਤੇ ਹਰਬਲ ਇਲਾਜਾਂ ਦੇ ਇਲਾਵਾ ਸਮੱਗਰ ਦ੍ਰਿਸ਼ਟੀਕੋਣ ਵਿੱਚ ਯੋਗ, ਧਿਆਨ, ਪ੍ਰਾਣਾਯਾਮ ਆਦਿ ਸ਼ਾਮਲ ਹਨ।

 

ਸਮੀਖਿਆ ਮੀਟਿੰਗ ਦੌਰਾਨ ਡਾ. ਆਰ. ਕੇ. ਮਨਚੰਦਾ, ਡਾਇਰੈਕਟਰ (ਆਯੁਸ਼), ਜੀਐੱਨਸੀਟੀਡੀ, ਡਾ. ਵਿਦੁਲਾ ਗੁੱਜਰਵਰ, ਡਾਇਰੈਕਟਰ-ਪ੍ਰਿੰਸੀਪਲ, ਸੀਬੀਪੀਏਸੀਐੱਸ ਸਮੇਤ ਸੀਨੀਅਰ ਫੈਕਲਟੀ ਅਤੇ ਡਾਕਟਰ ਅਤੇ ਮੰਤਰਾਲੇ ਦੇ ਅਧਿਕਾਰੀ ਮੌਜੂਦ ਸਨ।

 

*****

 

ਐੱਮਵੀ/ਐੱਸਕੇ


(Release ID: 1626676) Visitor Counter : 306