ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸੋਲਰ ਸੈਕਟਰ ਵਿੱਚ ਊਰਜਾ ਵਿਆਪਕ ਸੈਕਟਰਾਂ ਨੂੰ ਲਾਭ ਪਹੁੰਚਾਉਣ ਦੀ ਵਿਸ਼ਾਲ ਸਮਰੱਥਾ ਹੈ- ਸ਼੍ਰੀ ਨਿਤਿਨ ਗਡਕਰੀ

ਸੌਰ ਉਦਯੋਗ ਦੇ ਪ੍ਰਤੀਨਿਧੀਆਂ ਨੂੰ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ- ਸਾਰੇ ਸੈਕਟਰਾਂ ਨੂੰ ਲਾਭ ਪਹੁੰਚਾ ਸਕਣ ਵਾਲੇ ਇਨੋਵੇਟਿਵ ਅਤੇ ਆਰਥਿਕ ਪੱਖੋਂ ਲਾਹੇਵੰਦ ਕਾਰੋਬਾਰ ਮਾਡਲ ਅਪਣਾਏ ਜਾਣ

Posted On: 23 MAY 2020 7:53PM by PIB Chandigarh

 

ਸੌਰ ਊਰਜਾ ਸੈਕਟਰ ਵਿੱਚ ਮੌਕਿਆਂ ਦੀ ਪਛਾਣ ਕਰਨ ਲਈ ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਮਹਾ ਸੋਲਰ ਸੰਗਠਨ ਦੇ ਮੈਂਬਰਾਂ ਨਾਲ ਇੱਕ ਮੀਟਿੰਗ ਕੀਤੀ।

 

ਮੰਤਰੀ ਨੇ ਸੌਰ ਊਰਜਾ ਦੀ ਮਹੱਤਤਾ ਉਜਾਗਰ ਕੀਤੀ ਤੇ ਕਿਹਾ ਕਿ ਇਸ ਸੈਕਟਰ ਕੋਲ ਅਪਾਰ ਸਮਰੱਥਾ ਹੈ ਤੇ ਇਹ ਬਿਜਲੀ ਲਾਗਤ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਖੇਤੀਬਾੜੀ, ਵੇਅਰਹਾਊਸਿੰਗ ਆਦਿ ਸੈਕਟਰ ਊਰਜਾ ਵਿਆਪੀ ਸੈਕਟਰ ਹਨ ਅਤੇ ਸਿੰਚਾਈ ਲਈ ਸੌਰ ਵਾਟਰ ਪੰਪ ਅਤੇ ਕੋਲਡ ਸਟੋਰੇਜ ਲਈ ਸੌਰ ਬਿਜਲੀ ਜਿਹੇ ਮੰਤਵਾਂ ਲਈ ਸੌਰ ਊਰਜਾ ਦਾ ਇਸਤੇਮਾਲ ਬਿਜਲੀ ਲਾਗਤ ਘਟਾਉਣ ਪ੍ਰਤੀ ਵੱਡੀ ਭਾਗੀਦਾਰੀ ਨਿਭਾ ਸਕਦਾ ਹੈ।

 

ਕੇਂਦਰੀ ਮੰਤਰੀ ਨੇ ਘਰੇਲੂ ਉਤਪਾਦਨ ਨਾਲ ਨਿਰਯਾਤ ਨੂੰ ਵਧਾਉਣ ਦੇ ਨਾਲ-ਨਾਲ ਵਿਦੇਸ਼ੀ ਆਯਾਤ ਦੇ ਬਦਲ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਦਰਸਾਇਆ ਕਿ ਭਾਰਤ ਅਜੇ ਵੀ ਊਰਜਾ ਸਮਰੱਥ ਸੌਰ ਪੈਨਲ ਆਯਾਤ ਕਰਦਾ ਹੈ ਅਤੇ ਉਤਪਾਦਕਾਂ ਨੂੰ ਭਾਰਤ ਨੂੰ ''ਮੇਕ ਇਨ ਇੰਡੀਆ'' ਉਤਪਾਦਾਂ ਦੀ ਮਦਦ ਨਾਲ ਆਤਮਨਿਰਭਰ ਬਣਾਉਣ ਲਈ ਹੁਲਾਰਾ ਦਿੱਤਾ

 

ਮੰਤਰੀ ਨੇ ਦੱਸਿਆ ਕਿ ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ)  ਨੂੰ ਮੌਜੂਦਾ ਆਰਥਿਕ ਅਸਥਿਰਤਾ ਨਾਲ ਨਜਿੱਠਣ ਲਈ ਅਤਿ ਲੋੜੀਂਦੀ ਪ੍ਰੇਰਣਾ ਮੁਹੱਈਆ ਕਰਵਾਉਣ ਲਈ ਸਰਕਾਰ ਨੇ ਵਿਸ਼ੇਸ਼ ਆਰਥਿਕ ਪੈਕੇਜ, ਆਤਮਨਿਰਭਰ ਭਾਰਤ ਅਭਿਯਾਨ ਸਮੇਤ ਕੋਲੈਟਰਲ ਫ੍ਰੀ ਆਟੋਮੈਟਿਕ ਲੋਨ ਆਦਿ ਕਈ ਸਹੂਲਤਾਂ ਐਲਾਨੀਆਂ ਹਨ, ਜਿਨ੍ਹਾਂ ਨਾਲ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ ਵਧੀਕ ਕੋਲੈਟਰਲ ਮੁਹੱਈਆ ਕਰਵਾਏ ਬਿਨਾ ਇਸ ਦੀ ਵਰਕਿੰਗ ਕੈਪੀਟਲ ਵਿੱਚ 20 ਪ੍ਰਤੀਸ਼ਤ ਵਾਧਾ ਹੋਵੇਗਾ।

 

ਸ਼੍ਰੀ ਗਡਕਰੀ ਨੇ ਉਦਯੋਗ ਦੇ ਪ੍ਰਤੀਨਿਧੀਆਂ ਨੂੰ ਕੁਝ ਨਵੇਂ, ਨਵੀਨ ਅਤੇ ਆਰਥਿਕ ਤੌਰ 'ਤੇ ਵਿਵਹਾਰਕ ਕਾਰੋਬਾਰ ਮਾਡਲਾਂ ਨਾਲ ਅੱਗੇ ਆਉਣ ਦਾ ਸੱਦਾ ਦਿੱਤਾ, ਜਿਨ੍ਹਾਂ ਨੂੰ ਵੱਖ-ਵੱਖ ਸੈਕਟਰਾਂ ਵਿੱਚ ਜਿਵੇਂ ਕਿ ਖੇਤੀਬਾੜੀ, ਵੇਅਰਹਾਊਸਿੰਗ ਆਦਿ ਨੂੰ ਘੱਟ ਲਾਗਤ ਵਾਲੀ ਊਰਜਾ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ ਵੱਖ-ਵੱਖ ਸੈਕਟਰਾਂ ਵਿੱਚ ਬਿਜਲੀ ਦੀ ਲਾਗਤ ਘਟੇਗੀ, ਸਗੋਂ ''ਮੇਕ ਇਨ ਇੰਡੀਆ'' ਉਪਰਾਲੇ ਲਈ ਲੋੜੀਂਦਾ ਬਲ ਮਿਲੇਗਾ।

 

ਉਨ੍ਹਾਂ ਸਲਾਹ ਦਿੱਤੀ ਕਿ ਉਦਯੋਗ ਨੂੰ ਹੋਰ ਇਨੋਵੇਟਿਵ, ਉੱਦਮਤਾ, ਵਿਗਿਆਨ ਅਤੇ ਟੈਕਨੋਲੋਜੀ, ਖੋਜ ਹੁਨਰ ਅਤੇ ਜਾਣਕਾਰੀ ਨੂੰ ਤਰੱਕੀ ਵਿੱਚ ਬਦਲਣ ਦੇ ਅਨੁਭਵਾਂ 'ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।

 

ਮੰਤਰੀ ਨੇ ਜਪਾਨ ਸਰਕਾਰ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਉਸ ਨੇ ਆਪਣੇ ਉਦਯੋਗਾਂ ਨੂੰ ਚੀਨ ਤੋਂ ਜਪਾਨੀ ਨਿਵੇਸ਼ ਕੱਢ ਕੇ ਕਿਤੇ ਹੋਰ ਲਿਜਾਣ ਲਈ ਵਿਸ਼ੇਸ਼ ਪੈਕੇਜ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਲਈ ਦੇਸ਼ ਵਿੱਚ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰਨ ਦਾ ਇੱਕ ਚੰਗਾ ਮੌਕਾ ਹੈ।

 

ਮੀਟਿੰਗ ਦੌਰਾਨ ਪੁੱਛੇ ਗਏ ਕੁਝ ਸੁਆਲ ਅਤੇ ਸੁਝਾਵਾਂ ਵਿੱਚ: ਸੀਐੱਲਸੀਐੱਸਐੱਸ ਸਕੀਮ ਤਹਿਤ ਟੈਕਨੋਲੋਜੀ ਦੀ ਸੂਚੀ ਵਿੱਚ ਸੋਲਰ ਪੀਵੀ ਨੂੰ ਸ਼ਾਮਲ ਕਰਨਾ, ਨਵੀਂ ਐੱਮਐੱਸਐੱਮਈ ਪਰਿਭਾਸ਼ਾ ਵਿੱਚ ਟਰਨਓਵਰ ਲਿਮਿਟ ਦਾ ਸੰਸ਼ੋਧਨ, ਉਤਪਾਦਕਤਾ ਨੂੰ ਹੁਲਾਰਾ ਦੇਣ ਅਤੇ ਆਯਾਤ ਨੂੰ ਘਟਾਉਣ ਲਈ ਐੱਮਐੱਸਐੱਮਈ ਲਈ ਨਿਰਯਾਤ 'ਤੇ ਸਬਸਿਡੀ ਆਦਿ ਸ਼ਾਮਲ ਸਨ

 

ਸ਼੍ਰੀ ਗਡਕਰੀ ਨੇ ਪ੍ਰਤੀਨਿਧੀਆਂ ਦੇ ਇਨ੍ਹਾਂ ਸੁਆਲਾਂ ਦਾ ਜਵਾਬ ਦਿੱਤਾ ਤੇ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ। 

 

*****

 

ਆਰਸੀਜੇ/ਐੱਸਕੇਪੀ/ਆਈਏ



(Release ID: 1626521) Visitor Counter : 100