ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸਿਹਤ ਸਕੱਤਰ ਨੇ ਕੋਵਿਡ–19 ਦੇ ਵੱਧ ਮਾਮਲਿਆਂ ਵਾਲੇ 30 ਸ਼ਹਿਰੀ ਇਲਾਕਿਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ
ਕੋਵਿਡ–19 ਨੂੰ ਰੋਕਣ ਤੇ ਉਸ ਦੇ ਪ੍ਰਬੰਧ ਲਈ ਚੁੱਕੇ ਕਦਮਾਂ ਦੀ ਸਮੀਖਿਆ
ਸਿਹਤਯਾਬੀ ਦੀ ਦਰ ਵਧ ਕੇ 35.09% ਹੋਈ
Posted On:
16 MAY 2020 6:55PM by PIB Chandigarh
ਸੁਸ਼੍ਰੀ ਪ੍ਰੀਤੀ ਸੂਦਨ, ਸਿਹਤ ਸਕੱਤਰ ਅਤੇ ਸ਼੍ਰੀ ਰਾਜੇਸ਼ ਭੂਸ਼ਨ, ਓਐੱਸਡੀ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਅੱਜ ਇੱਥੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਉਨ੍ਹਾਂ 30 ਸ਼ਹਿਰੀ ਇਲਾਕਿਆਂ ਦੇ ਪ੍ਰਿੰਸੀਪਲ ਸਕੱਤਰਾਂ, ਮਿਊਂਸਪਲ ਕਮਿਸ਼ਨਰਾਂ, ਡੀਐੱਮਜ਼ (DMs) ਤੇ ਹੋਰ ਅਧਿਕਾਰੀਆਂ ਨਾਲ ਉੱਚ–ਪੱਧਰੀ ਸਮੀਖਿਆ ਮੀਟਿੰਗ ਕੀਤੀ, ਜਿੱਥੇ ਦੇਸ਼ ਦੇ ਕੋਵਿਡ–19 ਨਾਲ ਸਬੰਧਿਤ ਲਗਭਗ 80% ਮਾਮਲੇ ਹਨ।
ਇਹ 30 ਮਿਉਂਸਪਲ ਇਲਾਕੇ ਨਿਮਨਲਿਖਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹਨ: ਮਹਾਰਾਸ਼ਟਰ, ਤਮਿਲ ਨਾਡੂ, ਗੁਜਰਾਤ, ਦਿੱਲੀ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ, ਉੱਤਰ ਪ੍ਰਦੇਸ਼, ਤੇਲੰਗਾਨਾ, ਆਂਧਰ ਪ੍ਰਦੇਸ਼, ਪੰਜਾਬ ਤੇ ਓਡੀਸ਼ਾ।
ਨਗਰ ਨਿਗਮਾਂ ਦੇ ਅਧਿਕਾਰੀਆਂ ਤੇ ਸਟਾਫ਼ ਵੱਲੋਂ ਕੀਤੇ ਗਏ ਕੋਵਿਡ–19 ਮਾਮਲਿਆਂ ਦੇ ਪ੍ਰਬੰਧਾਂ ਤੇ ਉਪਾਵਾਂ ਦੀ ਸਮੀਖਿਆ ਕੀਤੀ ਗਈ। ਇਹ ਸੂਚਿਤ ਕੀਤਾ ਗਿਆ ਕਿ ਸ਼ਹਿਰੀ ਆਬਾਦੀਆਂ ਵਿੱਚ ਕੋਵਿਡ–19 ਦੇ ਪ੍ਰਬੰਧ ਲਈ ਤਾਜ਼ਾ ਦਿਸ਼ਾ–ਨਿਰਦੇਸ਼ ਸਾਂਝੇ ਕੀਤੇ ਜਾ ਰਹੇ ਹਨ। ਇਸ ਰਣਨੀਤੀ ਦੇ ਪ੍ਰਮੁੱਖ ਨੁਕਤਿਆਂ ਬਾਰੇ ਵਿਚਾਰ–ਵਟਾਂਦਰਾ ਕੀਤਾ ਗਿਆ। ਇਨ੍ਹਾਂ ਜ਼ਿਲ੍ਹਿਆਂ ਵਿੱਚ ਕੋਵਿਡ–19 ਦੀ ਤਾਜ਼ਾ ਤੇ ਮੌਜੂਦਾ ਸਥਿਤੀ ਬਾਰੇ ਪੇਸ਼ਕਾਰੀ ਦਿੱਤੀ ਗਈ, ਤੇ ਨਾਲ ਹੀ ਵਧੇਰੇ ਜੋਖਮ ਵਾਲੇ ਤੱਤ ਉਜਾਗਰ ਕੀਤੇ ਗਏ ਅਤੇ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਣ ਦੀ ਦਰ, ਮੌਤ ਦਰ, ਡਬਲਿੰਗ ਦਰ, ਪ੍ਰਤੀ 10 ਲੱਖ ਪਿੱਛੇ ਟੈਸਟ ਆਦਿ ਜਿਹੀਆਂ ਸੂਚੀਆਂ ਬਾਰੇ ਚਰਚਾ ਹੋਈ। ਕੰਟੇਨਮੈਂਟ ਅਤੇ ਬਫ਼ਰ ਜ਼ੋਨਾਂ ਦੀ ਰੂਪ–ਰੇਖਾ ਬਾਰੇ ਵਿਚਾਰ–ਵਟਾਂਦਰਾ ਕੀਤਾ ਗਿਆ; ਕੰਟੇਨਮੈਂਟ ਜੋਨ ਦੇ ਘੇਰੇ ਅੰਦਰ ਪੂਰੇ ਕੰਟਰੋਲ ਤੇ ਉੱਥੇ ਹੋ ਸਕਣ ਵਾਲੀਆਂ ਗਤੀਵਿਧੀਆਂ, ਘਰੋਂ–ਘਰੀਂ ਜਾ ਕੇ ਚੌਕਸੀ ਨਿਗਰਾਨੀ ਰਾਹੀਂ ਕੇਸਾਂ ਲਈ ਸਰਗਰਮ ਖੋਜ, ਕੋਰੋਨਾ–ਮਰੀਜ਼ਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਭਾਲ, ਟੈਸਟਿੰਗ ਪ੍ਰੋਟੋਕੋਲ, ਸਰਗਰਮ ਕੇਸਾਂ ਦੇ ਕਲੀਨਿਕਲ ਪ੍ਰਬੰਧ; ਬਫ਼ਰ ਜ਼ੋਨ ਵਿੱਚ ਐੱਸਏਆਰਆਈ/ਆਈਐੱਲਆਈ (SARI/ILI) ਮਾਮਲਿਆਂ ਉੱਤੇ ਨਿਗਰਾਨੀ ਜਿਹੀਆਂ ਚੌਕਸ–ਨਿਗਰਾਨੀ ਦੀਆਂ ਗਤੀਵਿਧੀਆਂ, ਸਮਾਜਕ–ਦੂਰੀ ਯਕੀਨੀ ਬਣਾਉਣ, ਹੱਥਾਂ ਦੀ ਸਫ਼ਾਈ ਨੂੰ ਉਤਸ਼ਾਹਿਤ ਕਰਨ ਆਦਿ ਬਾਰੇ ਜਾਣਕਾਰੀ ਦਿੱਤੀ ਗਈ।
ਇਹ ਪ੍ਰਮੁੱਖਤਾ ਨਾਲ ਦੱਸਿਆ ਗਿਆ ਕਿ ਆਮ ਤੌਰ ਉੱਤੇ ਕੰਟੇਨਮੈਂਟ ਜ਼ੋਨਾਂ ਦਾ ਭੂਗੋਲਿਕ ਇਲਾਕਾ; ਕੇਸਾਂ ਤੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਰੂਪ–ਰੇਖਾ, ਕੇਸਾਂ ਤੇ ਸੰਪਰਕ ਵਿੱਚ ਆਏ ਵਿਅਕਤੀਆਂ ਦੇ ਭੂਗੋਲਿਕ ਖੇਤਰ ਵਿੱਚ ਫੈਲੇ ਹੋਣ, ਘੇਰੇ ਦੀ ਚੰਗੀ ਤਰ੍ਹਾਂ ਨਿਸ਼ਾਨਦੇਹੀ ਤੇ ਉਸ ਇਲਾਕੇ ਵਿੱਚ ਕਾਨੂੰਨੀ ਸ਼ਰਤਾਂ ਤੇ ਆਵਸ਼ਕਤਾਵਾਂ ਪੂਰੀ ਤਰ੍ਹਾਂ ਲਾਗੂ ਕਰਨ ਜਿਹੇ ਤੱਤਾਂ ਉੱਤੇ ਆਧਾਰਤ ਹੋਵੇਗਾ। ਨਗਰ ਨਿਗਮਾਂ ਲਈ, ਰਿਹਾਇਸ਼ੀ ਕਾਲੋਨੀ/ਮੁਹੱਲੇ, ਮਿਊਂਸਪਲ ਵਾਰਡਜ਼ ਜਾਂ ਪੁਲਿਸ–ਥਾਣਾ ਇਲਾਕਾ/ਮਿਊਂਸਪਲ ਜ਼ੋਨਾਂ/ਕਸਬੇ ਆਦਿ ਉਚਿਤ ਤਰੀਕੇ ਨਾਲ ਕੰਟੇਨਮੈਂਟ ਜ਼ੋਨਾਂ ਵਜੋਂ ਨਿਰਧਾਰਿਤ ਕੀਤੇ ਜਾ ਸਕਦੇ ਹਨ। ਇਹ ਸਲਾਹ ਦਿੱਤੀ ਗਈ ਕਿ ਜ਼ਿਲ੍ਹਾ ਪ੍ਰਸ਼ਾਸਨ/ਸਥਾਨਕ ਸ਼ਹਿਰੀ ਇਕਾਈ ਨੂੰ ਇਲਾਕਾ ਵਾਜਬ ਤਰੀਕੇ ਪਰਿਭਾਸ਼ਿਤ ਕਰਨਾ ਹੋਵੇਗਾ ਤੇ ਸਥਾਨਕ ਪੱਧਰ ਉੱਤੇ ਹਰ ਤਰ੍ਹਾਂ ਦੀ ਤਕਨੀਕੀ ਜਾਣਕਾਰੀ ਦੇਣੀ ਹੋਵੇਗੀ। ਕੋਰੋਨਾ–ਵਾਇਰਸ ਫੈਲਣ ਦੀ ਲੜੀ ਰੋਕਣ ਲਈ ਕੰਟੇਨਮੈਂਟ ਜ਼ੋਨਾਂ ਤੇ ਉਨ੍ਹਾਂ ਦੁਆਲੇ ਬਫ਼ਰ ਜ਼ੋਨ ਦੀ ਵੀ ਸਹੀ ਤਰੀਕੇ ਹੱਦਬੰਦੀ ਕਰਨੀ ਹੋਵੇਗੀ। ਸ਼ਹਿਰੀ ਇਲਾਕਿਆਂ ਵਿੱਚ ਕੋਵਿਡ–19 ਦੇ ਪ੍ਰਬੰਧ ਲਈ ਪੁਰਾਣੇ ਸ਼ਹਿਰਾਂ, ਸ਼ਹਿਰੀ ਝੁੱਗੀਆਂ–ਝੌਂਪੜੀਆਂ ਤੇ ਹੋਰ ਵਧੇਰੇ ਘਣਤਾ ਵਾਲੇ ਖੇਤਰਾਂ ਦੇ ਨਾਲ–ਨਾਲ ਪ੍ਰਵਾਸੀ ਕਾਮਿਆਂ ਲਈ ਸਥਾਪਿਤ ਕੈਂਪਾਂ ਉੱਤੇ ਸਖ਼ਤ ਚੌਕਸੀ ਅਤੇ ਨਿਗਰਾਨੀ ਕਾਇਮ ਰੱਖਣ ਜਿਹੇ ਕਦਮ ਅਹਿਮ ਹਨ।
ਕੰਟੇਨਮੈਂਟ ਜ਼ੋਨਾਂ ਵਿੱਚ ਉੱਚ ਡਬਲਿੰਗ ਦਰ, ਵਧੇਰੇ ਮੌਤ ਦਰ ਤੇ ਪੁਸ਼ਟੀ ਹੋਏ ਮਾਮਲਿਆਂ ਦੀਆਂ ਉੱਚ–ਪ੍ਰਤੀਸ਼ਤਤਾਵਾਂ ਜਿਹੇ ਪ੍ਰਬੰਧ ਦੇ ਸੂਚਕਾਂ ਨੂੰ ਵੇਖਿਆ ਜਾ ਸਕਦਾ ਹੈ, ਉਨ੍ਹਾਂ ਨੂੰ ਸੰਭਾਵੀ ਬੁਨਿਆਦੀ ਕਾਰਨਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਮੁਤਾਬਕ ਹੀ ਕੀਤੀਆਂ ਜਾ ਸਕਣ ਵਾਲੀਆਂ ਸੰਭਾਵੀ ਕਾਰਵਾਈਆਂ ਬਾਰੇ ਵੀ ਸਿਫ਼ਾਰਸ਼ਾਂ ਕੀਤੀਆਂ ਗਈਆਂ। ਇਹ ਵੀ ਪ੍ਰਮੁੱਖਤਾ ਨਾਲ ਦੱਸਿਆ ਗਿਆ ਕਿ ਸੰਘਣੀ ਆਬਾਦੀ ਵਾਲੇ ਸ਼ਹਿਰੀ ਇਲਾਕਿਆਂ ਵਿੱਚ ਖਾਸ ਤੌਰ ’ਤੇ ਮਾੜੀਆਂ ਸਮਾਜਕ–ਆਰਥਿਕ ਸਥਿਤੀਆਂ, ਸੀਮਤ ਸਿਹਤ ਬੁਨਿਆਦੀ ਢਾਂਚਾ, ਸਮਾਜਕ–ਦੂਰੀ ਦੀ ਘਾਟ, ਹੋਰਨਾਂ ਤੱਕਾਂ ਦੇ ਨਾਲ–ਨਾਲ ਔਰਤਾਂ ਦੀਆਂ ਸਮੱਸਿਆਵਾਂ ਜਿਹੀਆਂ ਅਗਲੇਰੀਆਂ ਚੁਣੌਤੀਆਂ ਬਾਰੇ ਵੀ ਵਿਚਾਰ–ਵਟਾਂਦਰਾ ਕੀਤਾ ਗਿਆ।
ਸਿਹਤ ਸਕੱਤਰ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਕੋਵਿਡ–19 ਕੇਸਾਂ ਨੂੰ ਰੋਕਣ ਤੇ ਉਨ੍ਹਾਂ ਦੇ ਪ੍ਰਬੰਧ ਦੇ ਨਾਲ–ਨਾਲ RMNCHA + N ਦੇਖਭਾਲ਼, ਕੈਂਸਰ ਦਾ ਇਲਾਜ, ਟੀਬੀ (ਤਪੇਦਿਕ) ਦੀ ਚੌਕਸ ਨਿਰਾਨੀ, ਟੀਕਾਕਰਣ ਦੇ ਜਤਨ, ਆਉਂਦੇ ਮੌਨਸੂਨ ਦੇ ਮੌਸਮ ਨੂੰ ਦੇਖਦਿਆਂ ਵੈਕਟਰ ਕੰਟਰੋਲ ਉਪਾਅ ਆਦਿ ਲਈ ਸ਼ਹਿਰੀ ਆਬਾਦੀਆਂ ਵਿੱਚ ਸਾਰੀਆਂ ਜ਼ਰੂਰੀ ਗ਼ੈਰ–ਕੋਵਿਡ ਸਿਹਤ ਸੇਵਾਵਾਂ ਜਾਰੀ ਰੱਖਣਾ ਵੀ ਯਕੀਨੀ ਬਣਾਉਣ ਦੀ ਲੋੜ ਹੈ। ਭਰੋਸਾ ਤੇ ਵਿਸ਼ਵਾਸ ਕਾਇਮ ਰੱਖਣ ਲਈ ਸ਼ਹਿਰੀ ਇਲਾਕਿਆਂ ਨੂੰ ਜੋਖਮਾਂ ਬਾਰੇ ਪ੍ਰਭਾਵਸ਼ਾਲੀ ਗੱਲਬਾਤ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਨ ਲਈ ਆਖਿਆ ਗਿਆ। ਉਨ੍ਹਾਂ ਨੂੰ ਸਮਾਜਕ ਭਾਈਚਾਰੇ ਦੇ ਅਜਿਹੇ ਆਗੂਆਂ ਤੇ ਸਥਾਨਕ ਚਿੰਤਕ ਆਗੂਆਂ ਨਾਲ ਗੱਲਬਾਤ ਕਰਦੇ ਰਹਿਣ ਦੀ ਬੇਨਤੀ ਕੀਤੀ ਗਈ, ਜੋ ਚੌਕਸ–ਨਿਗਰਾਨੀ ਰੱਖਣ ਵਾਲੀਆਂ ਸਥਾਨਕ ਟੀਮਾਂ ਨਾਲ ਚੱਲ ਸਕਣ ਤੇ ਸਥਾਨਕ ਨਾਗਰਿਕਾਂ ਤੋਂ ਸਹਿਯੋਗ ਨੂੰ ਉਤਸ਼ਾਹ ਮਿਲੇ। ਮੁੰਬਈ ਨੇ ਆਪਣਾ ‘ਕੰਟੇਨਮੈਂਟ ਆਗੂਆਂ’ ਦਾ ਅਨੁਭਵ ਸਾਂਝਾ ਕੀਤਾ, ਜਿਹੜੇ ਸਥਾਨਕ ਭਾਈਚਾਰਿਆਂ, ਖਾਸ ਤੌਰ ਉੱਤੇ ਝੁੱਗੀਆਂ–ਝੌਂਪੜੀਆਂ ਦੇ ਸਮੂਹਾਂ ਵਿੱਚ ਵਿਚਰਨ ਵਾਲੇ ਸਿਆਣੇ ਆਗੂ ਸਨ ਤੇ ਜੋ ਸਰਕਾਰੀ ਉੱਦਮਾਂ ਵਿੱਚ ਮਦਦ ਲਈ ਵਾਰਡ ਦੇ ਅਧਿਕਾਰੀਆਂ ਨਾਲ ਕੰਮ ਕਰਨ ’ਚ ਮੋਹਰੀ ਰਹੇ ਸਨ। ਸਥਾਨਕ ਪੱਧਰ ਦੇ ਹੱਲ ਲੱਭਣ, ਭਰੋਸਾ ਬਣਾਉਣ ਤੇ ਸਿਹਤ ਕਾਮਿਆਂ ਉੱਤੇ ਹਾਂ–ਪੱਖੀ ਪ੍ਰਭਾਵ ਲਈ ਸਮਾਜਕ ਭਾਈਚਾਰੇ ਦੀ ਲੀਡਰਸ਼ਿਪ ਦੀ ਭੂਮਿਕਾ ਨੂੰ ਉਜਾਗਰ ਕੀਤਾ ਗਿਆ।
ਇਸ ਗੱਲ ’ਤੇ ਵੀ ਜ਼ੋਰ ਦਿੱਤਾ ਗਿਆ ਕਿ ਸਿਹਤਯਾਬੀ ਦੀ ਪ੍ਰਤੀਸ਼ਤਤਾ, ਐੱਸਏਆਰਆਈ / ਆਈਐੱਲਆਈ (SARI / ILI) ਦੀ ਚੌਕਸ–ਨਿਗਰਾਨੀ ਤੇ ਵਧੇਰੇ ਪ੍ਰਭਾਵਸ਼ਾਲੀ ਮਨੁੱਖੀ ਸਰੋਤ ਪ੍ਰਬੰਧ ਵਿੱਚ ਸੁਧਾਰ ਲਈ ਸਮੇਂ–ਸਿਰ ਮਰੀਜ਼ਾਂ ਦਾ ਪਤਾ ਲਾਉਣ ਹਿਤ ਹੋਰ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ। ਇਹ ਸਲਾਹ ਦਿੱਤੀ ਗਈ ਕਿ ਸਾਰੇ ਸਿਹਤ–ਸੇਵਾ ਪ੍ਰਦਾਤਿਆਂ ਨੂੰ ਉਚਿਤ ਪ੍ਰੋਟੈਕਟਿਵ ਗੀਅਰ ਪ੍ਰਦਾਨ ਕਰਵਾਉਣ ਦੀ ਜ਼ਰੂਰਤ ਹੈ ਅਤੇ ਗੱਲਬਾਤ ਦਾ ਧਿਆਨ ਇਸ ਨੁਕਤੇ ਉੱਤੇ ਜ਼ਰੂਰ ਕੇਂਦ੍ਰਿਤ ਹੋਣਾ ਚਾਹੀਦਾ ਹੈ ਕਿ ਮੋਹਰਲੀ ਕਤਾਰ ਵਿੱਚ ਰਹਿ ਕੇ ਕੰਮ ਕਰਨ ਵਾਲੇ ਸਿਹਤ ਕਾਮਿਆਂ ਨਾਲ ਕਿਸੇ ਤਰ੍ਹਾਂ ਦਾ ਭੇਦਭਾਵ ਨਾ ਹੋਵੇ। ਰਾਹਤ ਤੇ ਆਈਸੋਲੇਸ਼ਨ ਕੈਂਪਾਂ ਵਿੱਚ ਸਾਫ਼–ਸਫ਼ਾਈ ਦੇ ਮਿਆਰ ਬਰਕਰਾਰ ਰੱਖਣ ਤੇ ਕੋਵਿਡ–19 ਕੇਸਾਂ (ਮਰੀਜ਼ਾਂ) ਦੇ ਘਰਾਂ ’ਚੋਂ ਕੂੜਾ–ਕਰਕਟ ਚੁੱਕਣ ਦੇ ਪ੍ਰਬੰਧ ਕਰਨ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਗਿਆ।
ਹੁਣ ਤੱਕ ਕੁੱਲ 30,150 ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ, 2233 ਮਰੀਜ਼ ਠੀਕ ਹੋਏ। ਇੰਝ ਸਿਹਤਯਾਬੀ ਦੀ ਕੁੱਲ ਦਰ 35.09% ਹੋ ਗਈ ਹੈ। ਹੁਣ ਪੁਸ਼ਟੀ ਹੋਏ ਕੁੱਲ ਮਾਮਲੇ 85,940 ਹਨ। ਕੱਲ੍ਹ ਤੋਂ ਭਾਰਤ ਵਿੱਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਵਿੱਚ 3,970 ਦਾ ਵਾਧਾ ਦਰਜ ਕੀਤਾ ਗਿਆ।
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf
*****
ਐੱਮਵੀ/ਐੱਸਜੀ
(Release ID: 1624590)
Visitor Counter : 159