ਰੱਖਿਆ ਮੰਤਰਾਲਾ

ਭਾਰਤੀ ਜਲ ਸੈਨਾ ਦੁਆਰਾ ਵਿਕਸਿਤ ਇਨੋਵੇਟਿਵ ਕਿਫਾਇਤੀ ਪੀਪੀਈ ਦਾ ਪੇਟੈਂਟ ਹੋ ਜਾਣ ਨਾਲ ਵੱਡੀ ਸੰਖਿਆ ਵਿੱਚ ਇਸ ਦੇ ਤੇਜ਼ ਉਤਪਾਦਨ ਦਾ ਰਸਤਾ ਖੁੱਲ੍ਹਿਆ

Posted On: 14 MAY 2020 3:27PM by PIB Chandigarh

ਭਾਰਤੀ ਜਲ ਸੈਨਾ ਦੁਆਰਾ ਬਣਾਏ ਗਏ ਮੈਡੀਕਲ ਨਿਜੀ ਸੁਰੱਖਿਆ ਉਪਕਰਣ (ਪੀਪੀਈ) ਦੇ ਤੇਜ਼ੀ ਨਾਲ ਵੱਡੇ ਪੱਧਰ 'ਤੇ ਨਿਰਮਾਣ ਵਲ ਵੱਡਾ ਕਦਮ ਪੁਟਦਿਆਂ ਰੱਖਿਆ ਮੰਤਰਾਲੇ ਦੇ ਬੌਧਿਕ ਸੰਪਦਾ ਸੁਵਿਧਾ ਸੈੱਲ (ਆਈਪੀਐੱਫ਼ਸੀ) ਦੁਆਰਾ ਸਫ਼ਲਤਾਪੂਰਵਕ ਪੇਟੰਟ ਦਾਖ਼ਲ ਕੀਤਾ ਗਿਆ ਹੈ। ਇਹ ਪੇਟੰਟ ਰਾਸ਼ਟਰੀ ਖੋਜ ਵਿਕਾਸ ਕਾਰਪੋਰੇਸ਼ਨ (ਐੱਨਆਰਡੀਸੀ) ਜੋ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਅਧੀਨ ਅਦਾਰਾ ਹੈ, ਦੇ ਸਹਿਯੋਗ ਨਾਲ ਦਾਖ਼ਲ ਕੀਤਾ ਗਿਆ ਹੈ।

 

 

ਘੱਟ ਲਾਗਤ ਵਾਲੀ ਪੀਪੀਈ ਯਾਨੀ ਨਿਜੀ ਸੁਰੱਖਿਆ ਉਪਕਰਣ ਕਿੱਟ ਨੂੰ ਭਾਰਤੀ ਜਲ ਸੈਨਾ ਦੇ ਡਾਕਟਰ ਨੇ ਬਣਾਇਆ ਹੈ ਜੋ ਇੰਸਟੀਟਿਊਟ ਆਵ੍ ਨੇਵਲ ਮੈਡੀਸਿਨ (ਆਈਐੱਨਐੱਮ) ਮੁੰਬਈ, ਵਿਖੇ ਹਾਲ ਹੀ ਵਿੱਚ ਕਾਇਮ ਕੀਤੇ ਗਏ ਇਨੋਵੇਸ਼ਨ ਸੈੱਲ ਵਿੱਚ ਤੈਨਾਤ ਹੈ। ਇਸ ਸੁਰੱਖਿਆ ਉਪਕਰਣ ਦੀ ਅਜਮਾਇਸ਼ੀ ਖੇਪ ਨੇਵਲ ਡੌਕਯਾਰਡ ਮੁੰਬਈ ਵਿਖੇ ਪਹਿਲਾਂ ਹੀ ਤਿਆਰ ਕੀਤੀ ਜਾ ਚੁਕੀ ਹੈ।

ਜਲ ਸੈਨਾ ਦੁਆਰਾ ਤਿਆਰ ਕੀਤੀ ਗਈ ਪੀਪੀਈ ਵਿਸ਼ੇਸ਼ ਕਪੜੇ ਦੀ ਹੈ ਜੋ ਬਜ਼ਾਰ ਵਿੱਚ ਉਪਲਬਧ ਹੋਰਾਂ ਪੀਪੀਈਜ਼ ਦੇ ਮੁਕਾਬਲੇ ਉੱਚ ਪੱਧਰ ਦੀ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਜਿਸ ਨੂੰ ਪਾ ਕੇ ਸਾਹ ਲੈਣਾ ਅਸਾਨ ਹੈ। ਇਸ ਦੀਆਂ ਵਿਸ਼ੇਸ਼ਤਾਵਾਂ ਨੂੰ ਦੇਖਦਿਆਂ ਇਹ ਭਾਰਤ ਦੇ ਗਰਮ ਅਤੇ ਹੁੰਮਸ ਭਰੇ ਮੌਸਮ ਵਿੱਚ ਵੀ ਵਰਤੋਂ ਵਾਸਤੇ ਪੂਰੀ ਤਰ੍ਹਾਂ ਅਨੁਕੂਲ ਹੈ।

ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ) ਦੀ ਮਨਜ਼ੂਰਸ਼ੁਦਾ ਟੈਸਟਿੰਗ ਲੈਬ ਨੇ ਇਸ ਤਕਨੀਕ ਨੂੰ ਪਰੱਖਿਆ ਅਤੇ ਮਾਨਤਾ ਦਿਤੀ ਹੈ। ਘੱਟ ਕੀਮਤ ਵਾਲੇ ਇਸ ਨਿਜੀ ਸੁਰੱਖਿਆ ਉਪਕਰਣ ਦੇ ਵੱਡੇ ਪੱਧਰ 'ਤੇ ਨਿਰਮਾਣ ਲਈ ਇਸ ਵੇਲੇ ਜਲ ਸੈਨਾ, ਆਈਪੀਐੱਫ਼ਸੀ ਅਤੇ ਐੱਨਆਰਡੀਸੀ ਦੀ ਕੋਰ ਟੀਮ ਦੁਆਰਾ ਜ਼ੋਰਦਾਰ ਯਤਨ ਕੀਤੇ ਜਾ ਰਹੇ ਹਨ। ਪੀਪੀਈ ਦੇ ਲਾਇਸੰਸਸ਼ੁਦਾ ਨਿਰਮਾਣ ਲਈ ਐੱਨਆਰਡੀਸੀ ਦੁਆਰਾ ਯੋਗ ਫ਼ਰਮਾਂ ਦੀ ਪਛਾਣ ਕਰਨ ਦਾ ਕੰਮ ਤੇਜ਼ੀ ਨਾਲ ਜਾਰੀ ਹੈ।

 

ਕੋਰੋਨਾ ਵਾਇਰਸ ਮਹਾਮਾਰੀ ਵਿਰੁਧ ਲੜਾਈ ਵਿੱਚ ਫ਼ੌਰੀ ਅਤੇ ਅਹਿਮ ਲੋੜ ਫ਼ਰੰਟ ਲਾਈਨ ਸਿਹਤ ਪੇਸ਼ੇਵਰਾਂ ਨੂੰ ਅਰਾਮਦਾਇਕ ਪੀਪੀਈਜ਼ ਮੁਹਈਆ ਕਰਵਾਉਣਾ ਹੈ ਜੋ ਬਹੁਤਾ ਨਿਵੇਸ਼ ਕੀਤੇ ਬਗ਼ੈਰ ਘੱਟ ਲਾਗਤ 'ਤੇ ਦੇਸ਼ ਵਿੱਚ ਹੀ ਬਣਾਏ ਜਾ ਸਕਣ। ਲਾਇਸੰਸਸ਼ੁਦਾ ਨਿਰਮਾਣ ਦੀਆਂ ਚਾਹਵਾਨ ਫ਼ਰਮਾਂ ਜਾਂ ਨਵੀਆਂ ਕੰਪਨੀਆਂ   cmdnrdc@nrdcindia.com 'ਤੇ ਸੰਪਰਕ ਕਰ ਸਕਦੀਆਂ ਹਨ। ਜਲ ਸੈਨਾ ਦੇ ਕਾਢਕਾਰਾਂ ਦੀ ਟੀਮ ਆਈਪੀਐੱਫ਼ਸੀ ਜੋ ਮਿਸ਼ਨ ਰਕਸ਼ਾ ਗਿਆਨ ਸ਼ਕਤੀ ਤਹਿਤ ਸਥਾਪਿਤ ਕੀਤਾ ਗਿਆ ਸੀ, ਨਾਲ ਮਿਲ ਕੇ ਕੰਮ ਕਰ ਰਹੀ ਹੈ। ਨਵੰਬਰ 2018 ਵਿੱਚ ਇਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਮਿਸ਼ਨ ਰਕਸ਼ਾ ਗਿਆਨ ਸ਼ਕਤੀ ਤਹਿਤ ਲਗਭਗ 1500 ਆਈਪੀ ਸੰਪਤੀਆਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ। 

 

**********

 

ਵੀਐੱਮ/ਐੱਮਐੱਸ
 


(Release ID: 1623993) Visitor Counter : 257