ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਸ਼੍ਰੀ ਸੰਜੈ ਧੋਤ੍ਰੇ ਨੇ ਦੇਸ਼ ਵਿੱਚ ਆਈਟੀ ਸੇਵਾਵਾਂ ਦੀ ਸਥਿਤੀ ਦੀ ਸਮੀਖਿਆ ਕੀਤੀ 75 ਮਿਲੀਅਨ ਲੋਕ ਹੁਣ ਤੱਕ ਆਰੋਗਯ ਸੇਤੂ ਐਪ ਡਾਊਨਲੋਡ ਕਰ ਚੁੱਕੇ ਹਨ
Posted On:
24 APR 2020 6:16PM by PIB Chandigarh
ਇਲੈਕਟ੍ਰੌਨਿਕਸ ਤੇ ਆਈਟੀ, ਸੰਚਾਰ ਅਤੇ ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ, ਸ਼੍ਰੀ ਸੰਜੈ ਧੋਤ੍ਰੇ ਨੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਤਹਿਤ ਆਉਣ ਵਾਲੇ ਵੱਖ-ਵੱਖ ਵਿਭਾਗਾਂ ਅਤੇ ਅਦਾਰਿਆਂ ਦੁਆਰਾ ਕੋਵਿਡ-19 ਲੌਕਡਾਊਨ ਦੌਰਾਨ ਕੀਤੀਆਂ ਗਈਆਂ ਪਹਿਲਾਂ ਦਾ ਜਾਇਜ਼ਾ ਅੱਜ ਵੀਡੀਓ ਕਾਨਫਰੰਸ ਕਰਕੇ ਲਿਆ। ਮੰਤਰੀ ਨੇ ਚੁੱਕੇ ਗਏ ਵੱਖ-ਵੱਖ ਕਦਮਾਂ ਉੱਤੇ ਤਸੱਲੀ ਪ੍ਰਗਟਾਈ ਅਤੇ ਵਿਭਾਗਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਦੇਸ਼ ਦੀ ਸੇਵਾ ਕਰਦੇ ਰਹਿਣ ਲਈ ਕਿਹਾ।
ਮੰਤਰੀ ਨੇ ਸੂਚਿਤ ਕੀਤਾ ਕਿ ਦੇਸ਼ ਵਿੱਚ 75 ਮਿਲੀਅਨ ਲੋਕ ਆਪਣੇ ਮੋਬਾਈਲ ਫੋਨਾਂ ਵਿੱਚ ਆਰੋਗਯ ਸੇਤੂ ਐਪ ਡਾਊਨਲੋਡ ਕਰ ਚੁੱਕੇ ਹਨ। ਉਨ੍ਹਾਂ ਨੇ ਇਸ ਐਪ ਨੂੰ ਕੋਵਿਡ-19 ਨਾਲ ਜੰਗ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਆਮ ਜਨਤਾ ਲਈ ਇੱਕ ਲਾਈਫਲਾਈਨ (ਜੀਵਨ-ਰੇਖਾ) ਕਰਾਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਐਪ ਦਾ ਪੂਰੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਨ, ਖਾਸ ਤੌਰ ‘ਤੇ ਜੰਮੂ ਅਤੇ ਕਸ਼ਮੀਰ ਦੇ ਖੇਤਰ ਜਿਹੇ ਇਲਾਕਿਆਂ ਵਿੱਚ ਜਿੱਥੇ ਇੰਟਰਨੈੱਟ ਕਨੈਕਟੀਵਿਟੀ ਬਹੁਤ ਘੱਟ ਹੈ ਜਾਂ ਸਿਰਫ 2ਜੀ ਸੇਵਾਵਾਂ ਹੀ ਚਲ ਰਹੀਆਂ ਹਨ।
ਮੰਤਰੀ ਦੁਆਰਾ ਸੂਚਨਾ ਟੈਕਨੋਲੋਜੀ (ਆਈਟੀ) ਅਤੇ ਆਈਟੀ-ਅਧਾਰਿਤ ਸੇਵਾਵਾਂ (ਆਈਟੀਈਐੱਸ) ਖੇਤਰਾਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਲੌਕਡਾਊਨ ਤੋਂ ਬਾਅਦ ਇਨ੍ਹਾਂ ਖੇਤਰਾਂ ਨੂੰ ਹੌਲੀ ਹੌਲੀ ਖੋਲ੍ਹਣ ਬਾਰੇ ਪ੍ਰਮੁੱਖ ਅਧਿਕਾਰੀਆਂ ਨਾਲ ਵਿਸਤ੍ਰਿਤ ਚਰਚਾ ਕੀਤੀ। ਉਨ੍ਹਾਂ ਅਧਿਕਾਰੀਆਂ ਅਤੇ ਪ੍ਰਤੀਭਾਗੀਆਂ ਨੂੰ ਸੱਦਾ ਦਿੱਤਾ ਕਿ ਉਹ ਆਈਟੀ ਸਮਾਧਾਨ ਅਤੇ ਸੇਵਾਵਾਂ ਇਸ ਢੰਗ ਨਾਲ ਪ੍ਰਦਾਨ ਕਰਨ ਕਿ ਉਨ੍ਹਾਂ ਦਾ ਲਾਭ ਇਸ ਭਾਰੀ ਸੰਕਟ ਸਮੇਂ ਆਮ ਜਨਤਾ ਤੱਕ ਪਹੁੰਚੇ। ਉਨ੍ਹਾਂ ਆਈਟੀ ਦੀ ਨਾਜ਼ੁਕ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਦੇਸ਼ ਦੀ ਰੀੜ੍ਹ ਹੈ। ਉਨ੍ਹਾਂ ਕਿਹਾ ਕਿ ਸੰਕਟ ਦੇ ਇਸ ਸਮੇਂ ਵਿੱਚ ਭਾਰਤ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਹੇਠ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਜੋ ਮਨੁੱਖਤਾ ਦੀ ਸੇਵਾ ਕਰਨ ਦਾ ਇਤਿਹਾਸਿਕ ਮੌਕਾ ਹਾਸਲ ਹੋਇਆ ਹੈ, ਉਸ ਦੀ ਪੂਰੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਮ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਹਰ ਯਤਨ ਕਰਨਾ ਚਾਹੀਦਾ ਹੈ।
ਦੇਸ਼ ਭਰ ਵਿੱਚ ਕਾਮਨ ਸਰਵਿਸ ਸੈਂਟਰਾਂ (ਸੀਐੱਸਸੀ) ਦੀ ਭੂਮਿਕਾ ਬਾਰੇ ਦੱਸਦੇ ਹੋਏ, ਮੰਤਰੀ ਨੇ ਕਿਹਾ ਕਿ ਸੰਕਟ ਦੇ ਇਸ ਸਮੇਂ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਟੈਲੀ ਮੈਡੀਸਿਨ ਸੇਵਾਵਾਂ, ਖਾਸ ਤੌਰ ‘ਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਮੁੱਹਈਆ ਕਰਵਾਉਣ ਲਈ, ਲਈਆਂ ਜਾਣੀਆਂ ਚਾਹੀਦੀਆਂ ਹਨ। ਇਸ ਨਾਲ ਉਨ੍ਹਾਂ ਲੋਕਾਂ ਨੂੰ ਲੋੜੀਂਦੀ ਰਾਹਤ ਮਿਲ ਸਕੇਗੀ ਜੋ ਕਿ ਇਸ ਲੌਕਡਾਊਨ ਦੌਰਾਨ ਮੈਡੀਕਲ ਸੇਵਾਵਾਂ ਤੱਕ ਪਹੁੰਚਣ ਵਿੱਚ ਮੁਸ਼ਕਿਲ ਮਹਿਸੂਸ ਕਰ ਰਹੇ ਹਨ।
****
ਆਰਜੇ/ਆਰਪੀ
(Release ID: 1617924)
Visitor Counter : 250