ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਭਾਰਤੀ ਡਾਕ ਨੇ ਊਨਾ ਵਿੱਚ ਕੈਂਸਰ ਪੀੜਤ ਬੱਚੇ ਨੂੰ ਤੁਰੰਤ ਦਵਾਈਆਂ ਮੁਹੱਈਆ ਕਰਵਾਈਆਂ

Posted On: 19 APR 2020 6:16PM by PIB Chandigarh

ਭਾਰਤੀ ਡਾਕ ਨੇ ਹਿਮਾਚਲ ਪ੍ਰਦੇਸ਼ ਦੇ ਊਨਾ ਦੀ ਇੱਕ 8 ਸਾਲ ਦੀ ਕੈਂਸਰ ਪੀੜਤ ਲੜਕੀ ਨੂੰ ਦਵਾਈਆਂ ਮੁਹੱਈਆ ਕਰਵਾਈਆਂ। ਉਸ ਦੀਆਂ ਕਈ ਨਿਯਮਿਤ ਦਵਾਈਆਂ ਊਨਾ ਵਿੱਚ ਖਰੀਦਣੀਆਂ ਮੁਸ਼ਕਿਲ ਹਨ ਅਤੇ ਉਹ ਇਹ ਦਵਾਈਆਂ ਦਿੱਲੀ ਤੋਂ ਕੋਰੀਅਰ ਰਾਹੀਂ ਪ੍ਰਾਪਤ ਕਰਦੀ ਹੈ। ਸ਼ਾਲਿਨੀ ਦੇ ਪਰਿਵਾਰ ਨੇ ਉਨ੍ਹਾਂ ਦੇ ਆਪਣੇ ਦਿੱਲੀ ਵਿੱਚ ਦੋਸਤ ਨਾਲ ਸੰਪਰਕ ਕੀਤਾ ਅਤੇ ਉਸ ਨੂੰ  ਦਿੱਲੀ ਤੋਂ ਊਨਾ ਦਵਾਈਆਂ ਲਿਜਾਣ ਵਿੱਚ ਮਦਦ ਮੰਗੀ। ਲੌਕਡਾਊਨ ਕਾਰਨ ਲੌਜਿਸਟਿਕਸ ਦੀਆਂ ਔਕੜਾਂ ਨੂੰ ਦੇਖਦਿਆਂ, ਉਨ੍ਹਾਂ ਦੇ ਪਰਿਵਾਰਕ ਦੋਸਤ ਨੇ ਕੇਂਦਰੀ ਸੰਚਾਰ, ਕਾਨੂੰਨ ਤੇ ਨਿਆਂ ਅਤੇ ਇਲੈਕਟ੍ਰੌਨਿਕਸ ਤੇ ਆਈਟੀ ਮੰਤਰੀ, ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੂੰ ਬੇਨਤੀ ਕੀਤੀ।

 

ਹਾਲ ਹੀ ਵਿੱਚ ਕੋਵਿਡ-19 ਨੂੰ ਹੋਰ ਫੈਲਣ ਤੋਂ ਰੋਕਣ ਲਈ ਅਚਾਨਕ ਲੌਕਡਾਊਨ ਹੋਣ ਕਾਰਨ, ਸ਼ਾਲਿਨੀ ਦੀ ਦਵਾਈ  ਖ਼ਤਮ ਹੋ ਗਈ ਸੀ ਅਤੇ ਉਸ ਕੋਲ ਅਜਿਹੀਆਂ ਦਵਾਈਆਂ ਸਨ ਜੋ ਸਿਰਫ 19 ਅਪ੍ਰੈਲ 2020 ਤੱਕ ਹੀ ਪੂਰੀਆਂ ਪੈਂਦੀਆਂ।

 

 

ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਭਾਰਤੀ ਡਾਕ ਨੂੰ ਤੁਰੰਤ ਇਹ ਨਿਰਦੇਸ਼ ਦਿੱਤਾ ਕਿ ਉਹ ਹਰ ਸੰਭਵ ਲੌਜਿਸਟਿਕਲ ਸਹਾਇਤਾ ਮੁਹੱਈਆ ਕਰਵਾਉਣ ਤਾਂ ਜੋ 19 ਅਪ੍ਰੈਲ ਤੋਂ ਪਹਿਲਾਂ ਊਨਾ ਵਿੱਚ ਸ਼ਾਲਿਨੀ ਨੂੰ ਦਵਾਈਆਂ ਪਹੁੰਚਣੀਆਂ ਯਕੀਨੀ ਬਣਾਈਆਂ ਜਾਣ। ਦਿੱਲੀ, ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਡਾਕ ਖੇਤਰਾਂ ਨੇ ਇਹ ਯਕੀਨੀ ਕਰਨ ਲਈ ਬਹੁਤ ਹੀ ਸੁਚੱਜੇ ਢੰਗ ਨਾਲ ਕੋਸ਼ਿਸ਼ ਕੀਤੀ ਕਿ ਦਵਾਈਆਂ ਸਮੇਂ ਸਿਰ ਪਹੁੰਚ ਜਾਣ। ਲੌਕਡਾਊਨ ਦੀਆਂ ਰੁਕਾਵਟਾਂ ਕਾਰਨ, ਭਾਰਤੀ ਡਾਕ ਦੇ ਪੰਜਾਬ ਖੇਤਰ ਨੇ ਇੱਕ ਡਾਕ ਮੋਟਰ ਵੈਨ ਦਾ ਵਿਸ਼ੇਸ਼ ਪ੍ਰਬੰਧ ਕੀਤਾ, ਜੋ ਊਨਾ ਲਈ ਚੱਲੀ ਅਤੇ ਸਿੱਧਾ 19 ਅਪ੍ਰੈਲ ਸਵੇਰੇ ਸ਼ਾਲਿਨੀ ਦੇ ਘਰ ਪਹੁੰਚੀ।

 

 

 

ਭਾਰਤੀ ਡਾਕ ਦਾ ਡਾਕੀਆ 19 ਅਪ੍ਰੈਲ ਨੂੰ ਦੁਪਹਿਰ 12 ਵਜੇ ਤੋਂ ਪਹਿਲਾਂ ਦਵਾਈਆਂ ਪਹੁੰਚਾਉਣ ਲਈ ਸ਼ਾਲਿਨੀ ਦੇ ਘਰ ਪਹੁੰਚਿਆ। ਸ਼ਾਲਿਨੀ ਦੀ ਮਾਂ ਨੇ ਇਹ ਦਵਾਈਆਂ ਆਪਣੇ ਘਰ ਪ੍ਰਾਪਤ ਕੀਤੀਆਂ ਅਤੇ ਆਪਣੀ ਧੀ ਦੇ ਬਚਾਅ ਲਈ ਆਉਣ ਲਈ ਭਾਰਤੀ ਡਾਕ ਸੇਵਾ ਦਾ ਭਰਪੂਰ ਧੰਨਵਾਦ ਕੀਤਾ।

 

 

ਇਹ ਪਤਾ ਲੱਗਣ 'ਤੇ ਕਿ ਦਵਾਈਆਂ ਸਮੇਂ ਸਿਰ ਪਹੁੰਚਾਈਆਂ ਗਈਆਂ, ਸੰਚਾਰ ਮੰਤਰੀ ਨੇ ਟਵੀਟ ਕਰਕੇ ਆਪਣੀ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਭਾਰਤੀ ਡਾਕ ਵਿਭਾਗ ਆਪਣੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਦਾਰਿਹਾ ਹੈ ਜਦੋਂ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨਿੱਕੀ ਧੀ ਸ਼ਾਲਿਨੀ ਦੀ ਸਿਹਤ ਅਤੇ ਖੁਸ਼ਹਾਲੀ ਦੀ ਕਾਮਨਾ ਵੀ ਕੀਤੀ।

 

 

ਜ਼ਿਕਰਯੋਗ ਹੈ ਕਿ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਡਾਕ ਵਿਭਾਗ ਨੂੰ ਨਿਰਦੇਸ਼ ਵੀ ਦਿੱਤੇ ਹਨ ਕਿ ਸਮੇਂ ਸਿਰ ਦਵਾਈਆਂ, ਕੋਵਿਡ-19 ਨਾਲ ਸਬੰਧਿਤ ਸਾਜ਼ੋ-ਸਮਾਨ ਅਤੇ ਹੋਰ ਜ਼ਰੂਰੀ ਸੇਵਾਵਾਂ ਦੀ ਸਪਲਾਈ ਯਕੀਨੀ ਬਣਾਈ ਜਾਵੇ।

 

*****

 

ਆਰਜੇ/ਐੱਨਜੀ(Release ID: 1616156) Visitor Counter : 44