ਰਸਾਇਣ ਤੇ ਖਾਦ ਮੰਤਰਾਲਾ

ਕੋਵਿਡ-19 ਮਹਾਮਾਰੀ ਦਰਮਿਆਨ ਖਾਦ ਵਿਭਾਗ ਦੁਆਰਾ ਦੇਸ਼ ਵਿੱਚ ਖਾਦ ਦੇ ਉਤਪਾਦਨ, ਢੋਆ-ਢੁਆਈ ਅਤੇ ਉਪਲੱਬਧਤਾ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ ਤਾਕਿ ਕਿਸਾਨਾਂ ਨੂੰ ਕਾਫੀ ਮਾਤਰਾ ਵਿੱਚ ਖਾਦਾਂ ਮਿਲ ਸਕਣ

Posted On: 16 APR 2020 3:08PM by PIB Chandigarh

ਕੋਵਿਡ-19 ਮਹਾਮਾਰੀ ਦੇ ਫੈਲਣ ਨਾਲ ਪੈਦਾ ਹੋਈ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ, ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਮੰਡਾਵੀਆ ਅਤੇ ਖਾਦ ਵਿਭਾਗ ਦੇ ਸਕੱਤਰ ਸ਼੍ਰੀ ਸ਼ਬਲੇਂਦਰ ਰਾਓ ਦੁਆਰਾ ਖਾਦਾਂ ਦੇ ਉਤਪਾਦਨ ਅਤੇ ਵੰਡ ਦੀਆਂ ਸਰਗਰਮੀਆਂ ਉੱਤੇ ਨੇੜੇਓ ਨਜ਼ਰ ਰੱਖੀ ਜਾ ਰਹੀ ਹੈ ਵਿਭਾਗ ਵਿੱਚ ਉਪਰਲੇ ਪੱਧਰ ਉੱਤੇ ਹੋ ਰਹੀ ਦਖ਼ਲਅੰਦਾਜ਼ੀ ਦੇਸ਼ ਭਰ ਵਿੱਚ ਖਾਦਾਂ ਦੀ ਉਪਲੱਬਧਤਾ ਯਕੀਨੀ ਬਣਾ ਰਹੀ ਹੈ ਵਿਭਾਗ ਦੁਆਰਾ ਜੋ ਅਸਲ ਤੌਰ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ ਉਹ ਉਤਪਾਦਨ ਅਤੇ ਸਪਲਾਈ ਚੇਨ ਉੱਤੇ ਕਾਬੂ ਪਾਉਣ ਲਈ ਹੈ ਕੇਂਦਰ ਅਤੇ ਰਾਜ /ਕੇਂਦਰ ਸ਼ਾਸਿਤ ਪ੍ਰਸ਼ਾਸਨ ਵਿੱਚ ਵੱਖ-ਵੱਖ ਏਜੰਸੀਆਂ ਵਿੱਚ ਮੁਕੰਮਲ ਤਾਲਮੇਲ ਰੱਖਿਆ ਜਾ ਰਿਹਾ ਹੈ ਤਾਕਿ ਖਾਦਾਂ ਦੀ ਕਾਫੀ ਉਪਲੱਬਧਤਾ ਯਕੀਨੀ ਬਣੀ ਰਹੇ

 

ਕਿਸਾਨਾਂ ਨੂੰ ਖਾਦਾਂ ਦੀ ਸਪਲਾਈ ਯਕੀਨੀ ਬਣਾਉਣ ਦੇ ਸਰਕਾਰ ਦੇ ਵਾਅਦੇ ਬਾਰੇ ਗੱਲ ਕਰਦੇ ਹੋਏ ਸ਼੍ਰੀ ਗੌੜਾ ਨੇ ਟਵੀਟ ਕੀਤਾ "ਹੁਣ ਦੀ ਸਥਿਤੀ ਅਨੁਸਾਰ ਖਾਦਾਂ ਦੀ ਉਪਲੱਬਧਤਾ ਤਸੱਲੀਬਖਸ਼ ਹੈ"

 

ਖਾਦ ਵਿਭਾਗ ਨੇ ਅੰਤਰ ਮੰਤਰਾਲਾ ਪੱਧਰ ਉੱਤੇ ਜਦੋਂ ਜ਼ਰੂਰੀ ਹੋਵੇ ਅਤੇ ਰਾਜ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਰਮਿਆਨ ਜ਼ਰੂਰੀ ਤਾਲਮੇਲ ਅਪ੍ਰੇਸ਼ਨਲ ਰੁਕਾਵਟਾਂ ਨੂੰ ਦੂਰ ਕਰਨ ਲਈ ਰੱਖਿਆ ਜਾਂਦਾ ਹੈ

 

ਖਾਦ ਵਿਭਾਗ ਨੇ ਸਾਰੀਆਂ ਖਾਦ ਕੰਪਨੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਪਲਾਂਟਾਂ ਤੋਂ ਬੰਦਰਗਾਹਾਂ ਤੱਕ ਖਾਦਾਂ ਦੀ ਸਹੀ ਢੁਆਈ ਯਕੀਨੀ ਬਣਾਈ ਜਾਵੇ ਅਤੇ ਖਾਦਾਂ ਦੇ ਉਨ੍ਹਾਂ ਰੈਕਾਂ ਦੇ ਵੇਰਵੇ ਪ੍ਰਦਾਨ ਕੀਤੇ ਜਾਣ ਜੋ ਕਿ ਲੌਕਡਾਊਨ ਕਾਰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫਸੇ ਪਏ ਹਨ ਫਸੇ ਪਏ ਰੇਕਾਂ ਦੀ ਲੁਹਾਈ ਰੇਲਵੇ ਮੰਤਰਾਲੇ ਨਾਲ ਤਾਲਮੇਲ ਕਰਕੇ ਸਬੰਧਿਤ ਰਾਜ ਖੇਤੀ ਵਿਭਾਗਾਂ ਰਾਹੀਂ ਕਰਵਾਈ ਜਾ ਰਹੀ ਹੈ ਘੰਟਿਆਂ ਅਤੇ ਦਿਹਾੜੀ ਦੇ ਆਧਾਰ ਉੱਤੇ ਇਸ ਕੰਮ ਦੀ ਵਿਸਤ੍ਰਿਤ ਨਿਗਰਾਨੀ ਕਰਵਾਈ ਜਾ ਰਹੀ ਹੈ

 

ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਨੇੜੇ ਦੇ ਪਲਾਂਟਾਂ ਵਿੱਚ ਖਾਦਾਂ ਦੀ ਵਾਧੂ ਸਟੋਰੇਜ ਦੀ ਸੰਭਾਵਨਾ ਦਾ ਪਤਾ ਲਗਾਇਆ ਜਾਵੇ

 

ਖਾਦ ਵਿਭਾਗ ਦੁਆਰਾ ਜਹਾਜ਼ਰਾਨੀ ਮੰਤਰਾਲੇ ਨਾਲ ਤਾਲਮੇਲ ਕਰਕੇ ਖਾਦਾਂ ਦੀ ਪਹਿਲ ਦੇ ਅਧਾਰ ‘ਤੇ ਬੁਕਿੰਗ ਕਰਵਾਈ ਜਾ ਰਹੀ ਹੈ ਅਤੇ ਨਾਲ ਹੀ ਬੰਦਰਗਾਹਾਂ ਉੱਤੇ ਖਾਦਾਂ ਦੀ ਲੁਹਾਈ ਅਤੇ ਆਵਾਜਾਈ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ

 

ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੇਤੀ ਵਿਭਾਗਾਂ, ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਖਾਦਾਂ ਦੀ ਇੱਕ ਜ਼ਰੂਰੀ ਵਸਤ ਵਜੋਂ ਨਿਰੰਤਰ ਆਵਾਜਾਈ ਯਕੀਨੀ ਬਣਾਈ ਜਾਵੇ ਜ਼ਮੀਨੀ ਪੱਧਰ ਉੱਤੇ ਤਾਲਮੇਲ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਇਸ ਦੇ ਲਈ ਸਾਰੀਆਂ ਖਾਦ ਕੰਪਨੀਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਸਥਾਨਕ ਪ੍ਰਸ਼ਾਸਨ ਨਾਲ ਨਜ਼ਦੀਕੀ ਤਾਲਮੇਲ ਕਰਕੇ ਲੌਜਿਸਟਿਕਸ ਚੇਨ ਬਣਾਈ ਰੱਖਣ ਅਤੇ ਇੱਕ ਥਾਂ ਲਈ ਜ਼ਿਆਦਾ ਰੈਕ ਨਾ ਭੇਜੇ ਜਾਣ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਸਾਰੇ ਅਪ੍ਰੇਸ਼ਨ ਸਿਹਤ ਸੰਭਾਲ਼ ਅਤੇ ਸਮਾਜਿਕ ਦੂਰੀ ਪ੍ਰੋਟੋਕੋਲਜ਼ ਦੀ ਪਾਲਣਾ ਕਰਕੇ ਚਲਾਏ ਜਾਣ

 

ਖਾਦ ਵਿਭਾਗ ਭਾਰਤ ਸਰਕਾਰ ਦੁਆਰਾ ਸਮੇਂ ਸਮੇਂ ਉੱਤੇ ਜਾਰੀ ਹੁੰਦੀਆਂ ਵੱਖ-ਵੱਖ ਹਿਦਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਸਾਰੇ ਸਰਗਰਮ ਕਦਮ ਚੁੱਕ ਰਿਹਾ ਹੈ ਅਤੇ ਉਸ ਹਿਸਾਬ ਨਾਲ ਹੀ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ ਅਤੇ ਜਨਤਕ ਖੇਤਰ ਦੇ ਅਦਾਰਿਆਂ ਨੂੰ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਸਮਾਜਿਕ ਦੂਰੀ ਯਕੀਨੀ ਬਣਾ ਕੇ ਰੱਖੀ ਜਾਵੇ, ਸਵੱਛਤਾ ਅਤੇ ਸਫਾਈ ਦੇ ਸਾਰੇ ਮਿਆਰਾਂ ਦੀ ਪਾਲਣਾ ਕੀਤੀ ਜਾਵੇ ਤਾਕਿ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ

 

ਅਧਿਕਾਰੀਆਂ ਦੀ ਇੱਕ ਟੀਮ ਸਥਾਪਿਤ ਕੀਤੀ ਗਈ ਹੈ ਜੋ ਪ੍ਰਮੁੱਖ ਸੁਧਾਰਾਂ ਅਤੇ ਹੋਰ ਪਹਿਲਾਂ ਬਾਰੇ ਇੱਕ ਸਪਸ਼ਟ ਰੋਡਮੈਪ ਤਿਆਰ ਕਰੇਗੀ ਤਾਕਿ ਖਾਦ ਖੇਤਰ ਵਿੱਚ ਦਰਮਿਆਨੇ ਅਤੇ ਲੰਬੀ ਮਿਆਦ ਦੇ ਵਿਕਾਸ ਨੂੰ ਬਹਾਲ ਕੀਤਾ ਜਾ ਸਕੇ ਅਤੇ ਰੋਡਮੈਪ ਨੂੰ ਲਾਗੂ ਕਰਨ ਉੱਤੇ ਨਜ਼ਰ ਰੱਖੀ ਜਾ ਸਕੇ

 

ਸਮਾਜਿਕ ਜ਼ਿੰਮੇਵਾਰੀ ਦੇ ਮੁੱਦੇ ਉੱਤੇ ਰਸਾਇਣ ਅਤੇ ਖਾਦ ਮੰਤਰੀ ਨੇ ਸਾਰੇ ਜਨਤਕ ਖੇਤਰ ਦੇ ਅਦਾਰਿਆਂ ਅਤੇ ਖਾਦ ਉਦਯੋਗ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸੀਐੱਸਆਰ ਬਜਟਾਂ ਵਿਚੋਂ ਪੈਸਾ ਦਾਨ ਕਰਨ ਤਾਕਿ ਮਹਾਮਾਰੀ ਨੂੰ ਫੈਲਣੋਂ ਰੋਕਣ ਦੇ ਕਦਮਾਂ ਉੱਤੇ ਅਮਲ ਹੋ ਸਕੇ ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਸਭ ਨੂੰ ਅਪੀਲ ਕੀਤੀ ਕਿ ਉਹ ਪੀਐੱਮ ਕੇਅਰਸ ਫੰਡ ਵਿੱਚ ਪੈਸਾ ਦਾਨ ਕਰਨ ਜੋ ਕਿ ਭਾਰਤ ਸਰਕਾਰ ਦੁਆਰਾ ਸਥਾਪਿਤ ਕੀਤਾ ਗਿਆ ਹੈ ਹੁਣ ਤੱਕ ਵੱਖ-ਵੱਖ ਕੰਪਨੀਆਂ, ਜਿਨ੍ਹਾਂ ਵਿੱਚ ਪੀਐੱਸਯੂਜ਼ ਵੀ ਸ਼ਾਮਲ ਹਨ, ਨੇ ਪੀਐੱਮਕੇਅਰਜ਼ ਫੰਡ ਵਿੱਚ 45 ਕਰੋੜ ਰੁਪਏ ਦਾਨ ਕੀਤੇ ਹਨ

 

ਖਾਦ ਵਿਭਾਗ ਦੇ ਸਟਾਫ ਅਤੇ ਖਾਦ ਵਿਭਾਗ ਦੇ ਪ੍ਰਸ਼ਾਸਕੀ ਕੰਟਰੋਲ ਹੇਠ ਕੰਮ ਕਰਦੇ ਸੀਪੀਐੱਸਈਜ਼ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਤਨਖਾਹ ਵਿਚੋਂ ਪੀਐੱਮ-ਕੇਅਰਸ ਫੰਡ ਵਿੱਚ ਦਾਨ ਦੇਣ

 

ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਸਿਹਤ ਮੰਤਰਾਲਾ ਨੇ ਇੱਕ ਸਲਾਹ ਜਾਰੀ ਕੀਤੀ ਹੈ ਕਿ ਹਸਪਤਾਲ ਕੋਵਿਡ-19 ਪ੍ਰਭਾਵਿਤ ਵਿਅਕਤੀਆਂ ਦੇ ਇਲਾਜ ਲਈ ਤਿਆਰ ਬਰ ਤਿਆਰ ਰਹਿਣ ਇਹ ਸਲਾਹ ਐੱਨਐੱਫਐੱਲ ਅਤੇ ਆਰਸੀਐੱਫ, ਜਿਨ੍ਹਾਂ ਦੇ ਕਿ ਖਾਦ ਵਿਭਾਗ ਤਹਿਤ ਆਪਣੇ ਹਸਪਤਾਲ ਹਨ, ਨੂੰ ਵੀ ਜਾਰੀ ਕੀਤੀ ਗਈ ਹੈ

 

****

 

ਆਰਸੀਜੇ/ਆਰਕੇਐੱਮ



(Release ID: 1615093) Visitor Counter : 191