ਸੈਰ ਸਪਾਟਾ ਮੰਤਰਾਲਾ

ਦੇਸ਼ ਭਰ ਤੋਂ 769 ਵਿਦੇਸ਼ੀ ਸੈਲਾਨੀਆਂ ਨੇ 5 ਦਿਨਾਂ ਵਿੱਚ "ਸਟਰੈਂਡਡ ਇਨ ਇੰਡੀਆ" ਪੋਰਟਲ ਉੱਤੇ ਆਪਣੇ ਆਪ ਨੂੰ ਰਜਿਸਟਰ ਕਰਵਾਇਆ

ਇਸ ਪੋਰਟਲ ਰਾਹੀਂ ਮਦਦ ਮੰਗ ਰਹੇ ਲੋਕਾਂ ਦੀ ਵੱਖ-ਵੱਖ ਰੂਪ ਵਿੱਚ ਮਦਦ ਕੀਤੀ ਜਾ ਰਹੀ ਹੈ

Posted On: 06 APR 2020 11:59AM by PIB Chandigarh


ਭਾਰਤ ਸਰਕਾਰ ਦੇ ਟੂਰਿਜ਼ਮ (ਸੈਰ-ਸਪਾਟਾ) ਮੰਤਰਾਲੇ ਨੇ 31 ਮਾਰਚ, 2020 ਨੂੰ ਇੱਕ ਪੋਰਟਲ ਦੀ ਸ਼ੁਰੂਆਤ ਕੀਤੀ ਜਿਸ ਦਾ ਉਦੇਸ਼ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੋਵਿਡ-19 ਮਹਾਮਾਰੀ ਕਾਰਨ ਲਾਗੂ ਹੋਏ ਲੌਕਡਾਊਨ ਵਿੱਚ ਫਸੇ ਵਿਦੇਸ਼ੀ ਸੈਲਾਨੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਦੀ ਮਦਦ ਕਰਨਾ ਹੈ। ਅਜਿਹੇ ਸੈਲਾਨੀਆਂ ਨੂੰ ਪੋਰਟਲ ਉੱਤੇ ਲੌਗ-ਔਨ ਕਰਕੇ ਆਪਣੇ ਬਾਰੇ ਕੁਝ ਮੁਢਲੀ ਜਾਣਕਾਰੀ ਦੇਣ ਤੋਂ ਇਲਾਵਾ ਜੇ ਕੋਈ ਸਮੱਸਿਆ ਆ ਰਹੀ ਹੈ ਤਾਂ ਉਸ ਦਾ ਵੇਰਵਾ ਦੇਣਾ ਪੈਂਦਾ ਹੈ। ਇਸ ਐਪ ਦੇ ਸ਼ੁਰੂ ਹੋਣ ਦੇ 5 ਦਿਨਾਂ ਦੇ ਅੰਦਰ ਹੀ ਦੇਸ਼ ਭਰ ਤੋਂ 769 ਸੈਲਾਨੀਆਂ ਨੇ ਆਪਣੇ ਆਪ ਨੂੰ ਇਸ ਉੱਤੇ ਰਜਿਸਟਰ ਕਰਵਾਇਆ ਹੈ।

ਹਰ ਰਾਜ ਸਰਕਾਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਨੇ ਅਜਿਹੇ ਸੈਲਾਨੀਆਂ ਦੀ ਮਦਦ ਕਰਨ ਲਈ ਇੱਕ ਨੋਡਲ ਅਫਸਰ ਨਿਯੁਕਤ ਕੀਤਾ ਹੈ। ਸੈਰ-ਸਪਾਟਾ ਵਿਭਾਗ ਦੇ 5 ਰੀਜਨਲ ਦਫ਼ਤਰ ਨੋਡਲ ਅਫਸਰਾਂ ਨਾਲ ਨਿਰੰਤਰ ਤਾਲਮੇਲ ਰੱਖ ਰਹੇ ਹਨ ਤਾਕਿ ਉਨ੍ਹਾਂ ਤੋਂ ਲੌਗ-ਇਨ ਬੇਨਤੀਆਂ ਬਾਰੇ ਪਤਾ ਲਗਾ ਸਕਣ ਅਤੇ ਜੇ ਲੋੜ ਹੋਵੇ ਤਾਂ ਉਨ੍ਹਾਂ ਦੀ ਮਦਦ ਕਰ ਸਕਣ। ਸੈਰ-ਸਪਾਟਾ ਮੰਤਰਾਲੇ ਦੇ ਰੀਜਨਲ ਦਫਤਰਾਂ ਦੁਆਰਾ ਬਿਊਰੋ ਆਵ੍ ਇਮੀਗ੍ਰੇਸ਼ਨ ਅਤੇ ਐੱਫਆਰਆਰਓਜ਼ ਨਾਲ ਇਨ੍ਹਾਂ ਫਸੇ ਹੋਏ ਸੈਲਾਨੀਆਂ ਨੂੰ ਪੇਸ਼ ਆ ਰਹੇ ਵੀਜ਼ਾ ਮਸਲਿਆਂ ਬਾਰੇ ਤਾਲਮੇਲ ਰੱਖਿਆ ਜਾ ਰਿਹਾ ਹੈ। ਦੇਸ਼ /ਰਾਜ ਅੰਦਰ ਘੁੰਮਣ ਫਿਰਨ ਲਈ ਅਤੇ ਉਨ੍ਹਾਂ ਦੇ ਦੇਸ਼  ਵਾਪਸ ਭੇਜਣ ਜਿਹੀਆਂ ਅਰਜ਼ੀਆਂ ਬਾਰੇ ਵਿਦੇਸ਼ ਮੰਤਰਾਲੇ, ਗ੍ਰਹਿ ਮੰਤਰਾਲੇ ਅਤੇ ਸਬੰਧਿਤ ਦੂਤਘਰਾਂ/ਹਾਈ ਕਮਿਸ਼ਨਾਂ /ਕਾਊਂਸਲੇਟਾਂ ਨਾਲ ਤਾਲਮੇਲ ਰੱਖਿਆ ਜਾ ਰਿਹਾ ਹੈ।

ਪੋਰਟਲ ਦਾ ਲਾਭ ਲੈਣ ਲਈ ਫਸੇ ਹੋਏ ਵਿਦੇਸ਼ੀ ਸੈਲਾਨੀ ਈ-ਮੇਲਾਂ, ਟੈਲੀਫੋਨਾਂ ਜ਼ਰੀਏ ਅਤੇ ਮਿਲ ਕੇ ਆਪਣੀ ਜ਼ਰੂਰਤ ਬਾਰੇ ਦੱਸ ਰਹੇ ਹਨ। ਉਹ ਭਾਰਤ ਵਿੱਚ ਉਨ੍ਹਾਂ ਦੇਸ਼ਾਂ ਦੇ ਸਬੰਧਿਤ ਵਿਦੇਸ਼ ਦਫਤਰਾਂ ਨਾਲ ਸੰਪਰਕ ਕਰਕੇ ਭਾਰਤ ਤੋਂ ਉਨ੍ਹਾਂ ਦੇ ਜੱਦੀ ਦੇਸ਼ ਲਈ ਉਡਾਨਾਂ ਬਾਰੇ ਉਨ੍ਹਾਂ ਨੂੰ ਸੂਚਨਾ ਪ੍ਰਦਾਨ ਕਰ ਰਹੇ ਹਨ। ਜਿੱਥੇ ਕਿਤੇ ਲੋੜ ਪੈਂਦੀ ਹੈ ਉਹ ਇਨ੍ਹਾਂ ਸੈਲਾਨੀਆਂ ਨੂੰ ਮੈਡੀਕਲ ਸਹਾਇਤਾ, ਖਾਣਾ ਅਤੇ ਰਿਹਾਇਸ਼ ਮੁਹੱਈਆ ਕਰਵਾ ਰਹੇ ਹਨ।

ਇੱਕ ਅਮਰੀਕਨ ਔਰਤ ਕੋਵਿਡ-19 ਲੌਕਡਾਊਨ ਕਾਰਨ ਬਿਹਾਰ ਦੇ ਸੁਪਾਲ (Supaul)  ਜ਼ਿਲ੍ਹੇ ਵਿੱਚ ਰੁਕੀ ਹੋਈ ਸੀ ਜਦਕਿ ਉਸ ਦੇ ਪੁੱਤਰ ਦੀ ਦਿੱਲੀ ਵਿੱਚ ਸਰਜਰੀ ਹੋ ਰਹੀ ਸੀ। ਪੋਰਟਲ ਨੇ ਲੋੜੀਂਦੇ ਅੰਤਰ-ਮੰਤਰਾਲਾ, ਅੰਤਰ-ਵਿਭਾਗੀ ਅਤੇ ਕੇਂਦਰ ਰਾਜ ਤਾਲਮੇਲ ਕਰਕੇ ਉਸ ਲਈ ਦਿੱਲੀ ਆਉਣ ਦਾ ਵਿਸ਼ੇਸ਼ ਤੌਰ ‘ਤੇ ਪ੍ਰਬੰਧ ਕੀਤਾ। ਉਹ ਪੂਰੀ ਸੁਰੱਖਿਆ ਨਾਲ ਆਪਣੇ ਟਿਕਾਣੇ ਉੱਤੇ ਪਹੁੰਚ ਗਈ ਅਤੇ ਉਸ ਨੇ ਸਬੰਧਿਤ ਏਜੰਸੀਆਂ ਦੁਆਰਾ ਕੀਤੀਆਂ ਗਈਆਂ ਕੋਸ਼ਿਸ਼ਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਕੋਸਟਾ ਰੀਕਾ ਦੇ ਦੋ ਨਾਗਰਿਕ, ਜੋ ਕਿ ਸਰਜਰੀ ਕਰਵਾਉਣ (ਮੈਡੀਕਲ ਟੂਰਿਜ਼ਮ) ਲਈ ਚੇਨਈ ਆਏ ਸਨ, ਉਹ ਸਰਜਰੀ ਤੋਂ ਬਾਅਦ ਚੇਨਈ ਵਿੱਚ ਹੀ ਫਸ ਗਏ ਸਨ। ਰਾਜ ਸਰਕਾਰ, ਕੋਸਟਾ ਰੀਕਾ ਦੇ ਦੂਤਘਰ ਅਤੇ ਉਸ ਹੋਟਲ ਜਿਸ ਵਿੱਚ ਇਹ ਸੈਲਾਨੀ ਠਹਿਰੇ ਹੋਏ ਸਨ ਦਰਮਿਆਨ ਤਾਲਮੇਲ ਬਿਠਾ ਕੇ ਇਨ੍ਹਾਂ ਘਬਰਾਏ ਹੋਏ ਸੈਲਾਨੀਆਂ ਦੀ ਮਦਦ ਕੀਤੀ ਗਈ। ਹੁਣ ਉਹ ਸੁਰੱਖਿਅਤ ਅਤੇ ਠੀਕਠਾਕ ਹਨ।

ਇੱਕ ਆਸਟ੍ਰੇਲੀਅਨ ਆਪਣੇ ਪਰਿਵਾਰ ਨਾਲ ਅਹਿਮਦਾਬਾਦ ਵਿੱਚ ਫਸਿਆ ਹੋਇਆ ਸੀ। ਇਸ ਸੈਲਾਨੀ ਨੂੰ ਮਿਰਗੀ ਦਾ ਦੌਰਾ ਪਿਆ ਅਤੇ ਉਹ ਲੌਕਡਾਊਨ ਕਾਰਨ ਆਸਟ੍ਰੇਲੀਅਨ ਡਾਕਟਰ ਦੁਆਰਾ ਸੁਝਾਈ ਗਈ ਦਵਾਈ ਹਾਸਲ ਨਹੀਂ ਕਰ ਸਕਿਆ। ਇਸ ਪੋਰਟਲ ਦੀ ਮਦਦ ਨਾਲ ਸੈਲਾਨੀ ਜ਼ਿਲ੍ਹਾ ਕਲੈਕਟਰ ਦੇ ਦਫ਼ਤਰ ਪਹੁੰਚਿਆ, ਉਸ ਨੂੰ ਲੋੜੀਂਦੀ ਦਵਾਈ ਪ੍ਰਦਾਨ ਕਰਵਾਈ ਗਈ ਅਤੇ ਨਾਲ ਹੀ ਖਾਣੇ ਅਤੇ ਉਸ ਦੀ ਸਥਾਨਕ ਟ੍ਰਾਂਸਪੋਰਟੇਸ਼ਨ ਦਾ ਪ੍ਰਬੰਧ ਕੀਤਾ ਗਿਆ। ਹੁਣ ਇਹ ਪਰਿਵਾਰ ਸੁਰੱਖਿਅਤ ਅਤੇ ਅਰਾਮ ਵਿੱਚ ਹੈ।

ਉਪਰੋਕਤ ਉਦਾਹਰਣਾਂ ਬਹੁਤ ਸਾਰੀਆਂ ਵਿੱਚੋਂ ਕੁਝ ਕੁ ਹਨ ਜਿਨ੍ਹਾਂ ਵਿੱਚ ਪੋਰਟਲ ਤੋਂ ਵਿਦੇਸ਼ੀ ਨਾਗਰਿਕਾਂ ਨੂੰ ਨਾਜ਼ੁਕ ਸਮੇਂ ਵਿੱਚ ਮਦਦ ਮਿਲੀ। ਇਹ ਪੋਰਟਲ ਆਉਣ ਵਾਲੇ ਦਿਨਾਂ ਵਿੱਚ ਆਪਣਾ ਉਦੇਸ਼ ਪੂਰਾ ਕਰਦਾ ਰਹੇਗਾ ਅਤੇ ਸਰਕਾਰ ਵਿਦੇਸ਼ੀ ਮਹਿਮਾਨਾਂ ਦੇ ਭਾਰਤ ਵਿੱਚ ਠਹਿਰਾਅ ਨੂੰ ਸੁਖਾਲ਼ਾ ਬਣਾਉਣਾ ਸੁਨਿਸ਼ਚਿਤ ਕਰਦੀ ਰਹੇਗੀ। ਇਹ "ਅਤਿਥੀ ਦੇਵੋ ਭਵ" (“Atithi Devo Bhava”) ਦੀ ਭਾਵਨਾ ਤਹਿਤ ਹੈ ਜਿਸ ਮੰਤਰ ਅਨੁਸਾਰ ਅਤੁਲਯ ਭਾਰਤ (Incredible India) ਚਲਦਾ ਹੈ!

*****

ਐੱਨਬੀ/ਏਕਜੇ/ਓਏ



(Release ID: 1611578) Visitor Counter : 174