Posted On:
25 NOV 2026 3:59PM by PIB Chandigarh
ਰੱਖਿਆ ਮੰਤਰਾਲੇ ਦੇ ਰੱਖਿਆ ਉਤਪਾਦਨ ਵਿਭਾਗ (ਡੀਡੀਪੀ) ਨੇ ਗਲੋਬਲ ਅਤੇ ਘਰੇਲੂ ਪ੍ਰਦਰਸ਼ਕਾਂ ਦੀ ਵਧਦੀ ਮੰਗ ਦੇ ਜਵਾਬ ਵਿੱਚ ਏਰੋ ਇੰਡੀਆ 2027 ਲਈ ਇੱਕ ਬੁਨਿਆਦੀ ਢਾਂਚਾ ਦੇ ਵਿਸਥਾਰ ਦਾ ਕੰਮ ਵੱਡੇ ਪੱਧਰ ‘ਤੇ ਸ਼ੁਰੂ ਕੀਤਾ ਹੈ। ਏਸ਼ੀਆ ਦੀਆਂ ਸਭ ਤੋਂ ਵੱਡੀਆਂ ਹਵਾਬਾਜ਼ੀ ਪ੍ਰਦਰਸ਼ਨੀਆਂ ਵਿੱਚੋਂ ਇੱਕ ਅਤੇ ਦੁਨੀਆ ਦੀਆਂ ਪ੍ਰਮੁੱਖ ਏਰੋਸਪੇਸ ਅਤੇ ਰੱਖਿਆ ਪ੍ਰਦਰਸ਼ਨੀਆਂ ਵਿੱਚੋਂ ਇੱਕ, ਏਰੋ ਇੰਡੀਆ ਦਾ 16ਵਾਂ ਐਡੀਸ਼ਨ 8-12 ਫਰਵਰੀ, 2027 ਤੱਕ ਏਅਰ ਫੋਰਸ ਸਟੇਸ਼ਨ ਯੈਲਹਾਂਕਾ, ਬੰਗਲੁਰੂ ਵਿਖੇ ਆਯੋਜਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਲਈ ਪ੍ਰਦਰਸ਼ਨੀ ਸਥਾਨ ਦੀ ਮੰਗ ਉਪਲਬਧ ਸਮਰੱਥਾ ਤੋਂ ਲਗਭਗ 12,000 ਵਰਗ ਮੀਟਰ ਵੱਧ ਹੈ। ਇਹ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਏਰੋਸਪੇਸ ਅਤੇ ਰੱਖਿਆ ਈਕੋਸਿਸਟਮ ਦਾ ਇੱਕ ਪ੍ਰਤੱਖ ਪ੍ਰਮਾਣ ਹੈ।
ਭਾਰਤੀ ਹਵਾਈ ਸੈਨਾ ਲਈ ਇੱਕ ਸਰਗਰਮ ਸਿਖਲਾਈ ਅਧਾਰ ਦੇ ਰੂਪ ਵਿੱਚ, ਯੈਲਹਾਂਕਾ ਨੂੰ ਸਖ਼ਤ ਹਵਾਬਾਜ਼ੀ ਸੁਰੱਖਿਆ ਅਤੇ ਸੰਚਾਲਨ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਹੈ। ਇਹ ਵਿਸਥਾਰ ਦੀ ਸੰਭਾਵਨਾ ਨੂੰ ਸੀਮਿਤ ਕਰਦਾ ਹੈ। ਇਸ ਸਪੇਸ ਦੀ ਕਮੀ ਨੂੰ ਹੱਲ ਕਰਨ ਅਤੇ ਪ੍ਰਦਰਸ਼ਕਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਅਨੁਕੂਲ ਬਣਾਉਣ ਲਈ, ਰੱਖਿਆ ਉਤਪਾਦਨ ਵਿਭਾਗ ਨੇ ਦੋ ਮੁੱਖ ਉਪਾਅ ਕੀਤੇ ਹਨ:
ਦੋ ਨਵੀਆਂ ਪ੍ਰਦਰਸ਼ਨੀ ਇਮਾਰਤਾਂ ਦਾ ਨਿਰਮਾਣ: ਪ੍ਰਦਰਸ਼ਨੀ ਲਈ ਉਪਲਬਧ ਕੁੱਲ ਖੇਤਰ ਨੂੰ ਵਧਾਉਣ ਦੇ ਉਦੇਸ਼ ਨਾਲ ਦੋ ਨਵੀਆਂ ਪ੍ਰਦਰਸ਼ਨੀ ਇਮਾਰਤਾਂ ਬਣਾਈਆਂ ਜਾ ਰਹੀਆਂ ਹਨ।
ਪਹਿਲੀ ਵਾਰ ਮੱਧਵਰਤੀ ਮੰਜ਼ਿਲਾਂ ਦੀ ਇਜਾਜ਼ਤ: ਪ੍ਰਦਰਸ਼ਨੀ ਖੇਤਰ ਦਾ ਵਿਸਤਾਰ ਕੀਤੇ ਬਿਨਾ ਉਪਲਬਧ ਉਚਾਈ ਦੀ ਬਿਹਤਰ ਵਰਤੋਂ ਕਰਨ ਲਈ, ਏਰੋ ਇੰਡੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ, ਪ੍ਰਦਰਸ਼ਕਾਂ ਨੂੰ ਆਪਣੇ ਨਿਰਧਾਰਿਤ ਸਟਾਲਾਂ ਅੰਦਰ ਵਿਚਕਾਰਲੀਆਂ ਮੰਜ਼ਿਲਾਂ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਹਾਲਾਂਕਿ, ਇਮਾਰਤ ਦੀ ਉਚਾਈ ਕਾਫ਼ੀ ਹੋਣੀ ਚਾਹੀਦੀ ਹੈ। ਇਹਨਾਂ ਸਾਰੇ ਢਾਂਚਿਆਂ ਦੇ ਨਿਰਮਾਣ ਵਿੱਚ ਢਾਂਚਾਗਤ ਸਥਿਰਤਾ, ਭਾਰ ਚੁੱਕਣ ਦੀ ਸਮਰੱਥਾ ਅਤੇ ਸੁਰੱਖਿਆ ਲਈ ਨਿਰਧਾਰਿਤ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ ਜ਼ਰੂਰੀ ਹੋਵੇਗਾ।
ਰੱਖਿਆ ਉਤਪਾਦਨ ਵਿਭਾਗ ਦਾ ਉਦੇਸ਼ ਏਰੋ ਇੰਡੀਆ 2027 ਵਿੱਚ ਵਿਸ਼ਵਵਿਆਪੀ ਏਰੋਸਪੇਸ ਕੰਪਨੀਆਂ, ਘਰੇਲੂ ਨਿਰਮਾਤਾਵਾਂ ਅਤੇ ਨਵੀਨਤਾਕਾਰਾਂ ਨੂੰ ਆਪਣੀਆਂ ਅਤਿ-ਆਧੁਨਿਕ ਸਮਰੱਥਾਵਾਂ ਅਤੇ ਤਕਨਾਲੋਜੀਆਂ ਦਾ ਪ੍ਰਦਰਸ਼ਨ ਕਰਨ ਲਈ ਭਰਪੂਰ ਮੌਕੇ ਪ੍ਰਦਾਨ ਕਰਨਾ ਹੈ।
*****
ਐੱਸਆਰ/ਐੱਸਏਵੀਵੀਵੀ/ਏਕੇ