ਇੱਕ ਅਜਿਹਾ ਸਮਾਜ, ਜੋ ਸ਼ੁਭ ਮੌਕਿਆਂ 'ਤੇ ਟ੍ਰਾਂਸਜੈਂਡਰ ਮਹਿਲਾਵਾਂ ਦਾ ਸਵਾਗਤ ਕਰਦਾ ਹੈ, ਪਰ ਰੋਜ਼ਾਨਾ ਦੇ ਜੀਵਨ ਵਿੱਚ ਅਕਸਰ ਉਨ੍ਹਾਂ ਨੂੰ ਮਾਣ-ਸਨਮਾਨ ਅਤੇ ਸਮਾਜਿਕ ਸਵੀਕ੍ਰਿਤੀ ਦੇਣ ਤੋਂ ਇਨਕਾਰ ਕਰ ਦਿੰਦਾ ਹੈ। ਨੇਪਾਲੀ ਫੀਚਰ ਫਿਲਮ 'ਐਲੀਫੈਂਟਸ ਇਨ ਦ ਫੌਗ' ਇਸੇ ਵਿਰੋਧਾਭਾਸ ਨੂੰ ਆਪਣੀ ਕਹਾਣੀ ਦਾ ਕੇਂਦਰੀ ਵਿਸ਼ਾ ਬਣਾਉਂਦੀ ਹੈ। ਫਿਲਮ ਦੇ ਡਾਇਰੈਕਟਰ ਅਤੇ ਪਟਕਥਾ ਲੇਖਕ ਅਬਿਨਾਸ਼ ਬਿਕਰਮ ਸ਼ਾਹ ਅਤੇ ਮੁੱਖ ਅਦਾਕਾਰਾ ਪੁਸ਼ਪਾ ਥਿੰਗ ਲਾਮਾ ਨੇ ਗੋਆ ਵਿੱਚ ਆਯੋਜਿਤ 57ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਦੌਰਾਨ ਇੱਕ ਪ੍ਰੈੱਸ ਕਾਨਫਰੰਸ ਵਿੱਚ ਫਿਲਮ ਅਤੇ ਇਸ ਨਾਲ ਜੁੜੇ ਵਿਸ਼ਿਆਂ 'ਤੇ ਚਰਚਾ ਕੀਤੀ।
ਇਸ ਫ਼ਿਲਮ ਨੇ 79ਵੇਂ ਕਾਨ ਫ਼ਿਲਮ ਮਹੋਤਸਵ ਦੇ 'ਅਨ ਸਰਟੇਨ ਰਿਗਾਰਡ' ਸੈਕਸ਼ਨ ਵਿੱਚ ਜਿਊਰੀ ਪੁਰਸਕਾਰ ਅਤੇ ਬੈਸਟ ਸਾਊਂਡ ਕ੍ਰਿਏਸ਼ਨ ਐਵਾਰਡ ਹਾਸਲ ਕੀਤਾ। ਇਸ ਦੇ ਨਾਲ ਹੀ, ਇਸ ਨੇ ਅੰਤਰਰਾਸ਼ਟਰੀ ਮੰਚ 'ਤੇ ਨੇਪਾਲੀ ਸਿਨੇਮਾ ਲਈ ਇੱਕ ਹੋਰ ਮਹੱਤਵਪੂਰਨ ਉਪਲਬਧੀ ਦਰਜ ਕੀਤੀ ਹੈ।

ਨੇਪਾਲ ਦੇ ਪਿਛੋਕੜ 'ਤੇ ਅਧਾਰਿਤ ਫ਼ਿਲਮ 'ਐਲੀਫੈਂਟਸ ਇਨ ਦ ਫੌਗ' ਪਿਰਾਤੀ ਦੀ ਕਹਾਣੀ ਹੈ, ਜੋ ਇੱਕ ਟ੍ਰਾਂਸਜੈਂਡਰ ਮਹਿਲਾ ਅਤੇ ਤਿੰਨ ਬੇਟੀਆਂ ਦੀ ਮਾਂ ਹੈ। ਉਹ ਆਪਣੇ ਪਿਆਰੇ ਪੁਰਸ਼ ਨਾਲ ਇੱਕ ਨਵੀਂ ਜ਼ਿੰਦਗੀ ਵਸਾਉਣ ਦਾ ਸੁਪਨਾ ਦੇਖਦੀ ਹੈ। ਪਰ ਉਸ ਦੀਆਂ ਇੱਛਾਵਾਂ ਨੂੰ ਉਸ ਵੇਲੇ ਝਟਕਾ ਲੱਗਦਾ ਹੈ, ਜਦੋਂ ਜੰਗਲੀ ਹਾਥੀਆਂ ਤੋਂ ਪਿੰਡ ਦੀ ਰੱਖਿਆ ਲਈ ਆਯੋਜਿਤ ਰਾਤ ਦੀ ਗਸ਼ਤ ਦੌਰਾਨ ਉਸ ਦੀ ਸਭ ਤੋਂ ਛੋਟੀ ਬੇਟੀ ਅਪਸਰਾ ਲਾਪਤਾ ਹੋ ਜਾਂਦੀ ਹੈ। ਬੇਟੀ ਦੀ ਭਾਲ ਦੇ ਨਾਲ ਅੱਗੇ ਵਧਦੀ ਇਹ ਫ਼ਿਲਮ ਮਾਤ੍ਰਤਵ, ਪਛਾਣ, ਨਿੱਜੀ ਸੁਤੰਤਰਤਾ ਅਤੇ ਸਮਾਜਿਕ ਬੇਦਖਲੀ ਦੇ ਆਪਸੀ ਸਬੰਧਾਂ ਅਤੇ ਉਨ੍ਹਾਂ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦੀ ਪੜਚੋਲ ਕਰਦੀ ਹੈ।
ਫ਼ਿਲਮ ਦੇ ਕਾਨ ਤੱਕ ਦੇ ਸਫ਼ਰ ਦਾ ਅਨੁਭਵ ਸਾਂਝਾ ਕਰਦੇ ਹੋਏ ਸ਼ਾਹ ਨੇ ਅੰਤਰਰਾਸ਼ਟਰੀ ਪੱਧਰ 'ਤੇ ਮਿਲੀ ਪਛਾਣ ਨੂੰ ਅਵਿਸ਼ਵਾਸਯੋਗ ਦੱਸਿਆ ਅਤੇ ਵਿਸ਼ਵਵਿਆਪੀ ਮੰਚ 'ਤੇ ਨੇਪਾਲੀ ਸਿਨੇਮਾ ਦੀ ਪ੍ਰਤੀਨਿਧਤਾ ਕਰਨ 'ਤੇ ਸੰਤੋਸ਼ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਦੋ ਪੁਰਸਕਾਰ ਹਾਸਲ ਕਰਨਾ ਖ਼ਾਸ ਤੌਰ 'ਤੇ ਸੁਖਦ ਰਿਹਾ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਬੈਸਟ ਸਾਊਂਡ ਕ੍ਰਿਏਸ਼ਨ ਐਵਾਰਡ ਫ਼ਿਲਮ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਇਹ ਉਨ੍ਹਾਂ ਆਵਾਜ਼ਾਂ ਅਤੇ ਅਨੁਭਵਾਂ ਨੂੰ ਸਾਹਮਣੇ ਲਿਆਉਣ ਦਾ ਯਤਨ ਕਰਦੀ ਹੈ, ਜਿਨ੍ਹਾਂ ਨੂੰ ਅਕਸਰ ਅਣਸੁਣਿਆ ਕਰ ਦਿੱਤਾ ਜਾਂਦਾ ਹੈ।
ਫ਼ਿਲਮ ਦੇ ਸਿਰਲੇਖ ਦੀ ਵਿਆਖਿਆ ਕਰਦੇ ਹੋਏ ਸ਼ਾਹ ਨੇ ਦੱਸਿਆ ਕਿ ਹਾਥੀ ਮੂਲ ਪਟਕਥਾ ਦਾ ਹਿੱਸਾ ਨਹੀਂ ਸਨ, ਪਰ ਹੌਲੀ-ਹੌਲੀ ਉਹ ਫ਼ਿਲਮ ਦੇ ਕੇਂਦਰੀ ਵਿਸ਼ੇ ਨੂੰ ਪ੍ਰਗਟ ਕਰਨ ਵਾਲੇ ਰੂਪਕ ਵਜੋਂ ਉਭਰ ਕੇ ਸਾਹਮਣੇ ਆਏ। ਉਨ੍ਹਾਂ ਨੇ ਹਾਥੀਆਂ ਅਤੇ ਟ੍ਰਾਂਸਜੈਂਡਰ ਲੋਕਾਂ ਦੀ ਸਥਿਤੀ ਦਰਮਿਆਨ ਸਮਾਨਤਾ ਦਰਸਾਉਂਦੇ ਹੋਏ ਕਿਹਾ ਕਿ ਹਾਥੀਆਂ ਨੂੰ ਜਦੋਂ ਤੱਕ ਸਮਾਜ ਵੱਲੋਂ ਤੈਅ ਨਿਰਧਾਰਿਤ ਸੀਮਾਵਾਂ ਦੇ ਅੰਦਰ ਦੇਖਿਆ ਜਾਂਦਾ ਹੈ, ਉਦੋਂ ਤੱਕ ਉਨ੍ਹਾਂ ਦਾ ਆਦਰ ਕੀਤਾ ਜਾਂਦਾ ਹੈ, ਪਰ ਉਨ੍ਹਾਂ ਸੀਮਾਵਾਂ ਨੂੰ ਪਾਰ ਕਰਦੇ ਹੋਏ ਹੀ ਉਹ ਡਰ ਦਾ ਕਾਰਨ ਬਣ ਜਾਂਦੇ ਹਨ। ਇਸੇ ਤਰ੍ਹਾਂ, ਟ੍ਰਾਂਸਜੈਂਡਰ ਲੋਕਾਂ ਦਾ ਸ਼ੁਭ ਮੌਕਿਆਂ 'ਤੇ ਸਵਾਗਤ ਤਾਂ ਕੀਤਾ ਜਾਂਦਾ ਹੈ, ਪਰ ਰੋਜ਼ਾਨਾ ਦੇ ਜੀਵਨ ਵਿੱਚ ਅਕਸਰ ਉਨ੍ਹਾਂ ਨੂੰ ਮਾਣ-ਸਨਮਾਨ ਅਤੇ ਸਮਾਜਿਕ ਸਵੀਕ੍ਰਿਤੀ ਤੋਂ ਵਾਂਝਾ ਰੱਖਿਆ ਜਾਂਦਾ ਹੈ। ਇਸ ਵਿਰੋਧਾਭਾਸ ਰਾਹੀਂ, ਇਹ ਫ਼ਿਲਮ ਹਾਸ਼ੀਏ 'ਤੇ ਧੱਕੇ ਭਾਈਚਾਰਿਆਂ ਨੂੰ ਸਮਾਜ ਵੱਲੋਂ ਸ਼ਰਤਬੱਧ ਸਵੀਕ੍ਰਿਤੀ ਦੇਣ 'ਤੇ ਸਵਾਲ ਚੁੱਕਦੀ ਹੈ।

ਪੁਸ਼ਪਾ ਥਿੰਗ ਲਾਮਾ ਲਈ ਪਿਰਾਤੀ ਦਾ ਕਿਰਦਾਰ ਨਿਭਾਉਣਾ ਚੁਣੌਤੀਪੂਰਨ ਹੋਣ ਦੇ ਨਾਲ-ਨਾਲ ਬੇਹੱਦ ਨਿਜੀ ਅਨੁਭਵ ਵੀ ਰਿਹਾ। ਇੱਕ ਟ੍ਰਾਂਸਜੈਂਡਰ ਮਹਿਲਾ ਵਜੋਂ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਟ੍ਰਾਂਸਜੈਂਡਰ ਭਾਈਚਾਰੇ ਨੂੰ ਅੱਜ ਵੀ ਸਮਾਜਿਕ ਸਵੀਕ੍ਰਿਤੀ ਅਤੇ ਪਛਾਣ ਹਾਸਲ ਕਰਨ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਫਿਲਮ ਨੂੰ ਆਪਣੇ ਭਾਈਚਾਰੇ ਦੇ ਅਨੁਭਵਾਂ ਨੂੰ ਵਿਆਪਕ ਦਰਸ਼ਕਾਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਦੇਖਣ, ਸੁਣਨ ਅਤੇ ਸਮਝਣ ਦਾ ਮੌਕਾ ਦੱਸਿਆ।
ਇਸ ਭੂਮਿਕਾ ਦੀ ਤਿਆਰੀ ਦੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਲਾਮਾ ਨੇ ਕਿਹਾ ਕਿ ਇਸ ਦੇ ਲਈ ਉਨ੍ਹਾਂ ਨੂੰ ਆਪਣੇ ਅਸਲ ਜੀਵਨ ਦੇ ਅਨੁਭਵਾਂ ਅਤੇ ਭਾਵਨਾਵਾਂ ਨੂੰ ਅਧਾਰ ਬਣਾਉਣਾ ਪਿਆ ਅਤੇ ਕਿਰਦਾਰ ਦੀ ਯਾਤਰਾ ਨੂੰ ਅੰਦਰ ਤੋਂ ਸਮਝਣਾ ਪਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਮਾਂ ਦੀ ਪਰਵਰਿਸ਼ ਅਤੇ ਉਨ੍ਹਾਂ ਤੋਂ ਮਿਲੀ ਸਿੱਖ ਨੇ ਜੀਵਨ ਦੇ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ, ਦ੍ਰਿੜ੍ਹਤਾ ਅਤੇ ਸਮਾਜਿਕ ਚੁਣੌਤੀਆਂ ਨਾਲ ਜੁਝਣ ਦੀ ਉਨ੍ਹਾਂ ਦੀ ਸਮਰੱਥਾ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਫਿਲਮਕਾਰ ਨੇ ਦੱਸਿਆ ਕਿ ਇਸ ਫਿਲਮ ਨੂੰ ਬਣਨ ਵਿੱਚ ਲਗਭਗ ਤਿੰਨ ਸਾਲ ਦਾ ਸਮਾਂ ਲਗਿਆ। ਪਿਰਾਤੀ ਦੀ ਜੀਵਨ-ਯਾਤਰਾ ਅਤੇ ਹਾਥੀਆਂ ਦੇ ਰੂਪਕ ਰਾਹੀਂ ‘ਐਲੀਫੈਂਟਸ ਇਨ ਦ ਫੌਗ’ ਪਛਾਣ ਅਤੇ ਆਪਣੇਪਣ ਨਾਲ ਜੁੜੀਆਂ ਸਮਾਜਿਕ ਸਰਹੱਦਾਂ ਦੀ ਪੜਚੋਲ ਕਰਦੀ ਹੈ। ਇਹ ਫਿਲਮ ਪ੍ਰਤੀਕਾਤਮਕ ਸਵੀਕ੍ਰਿਤੀ ਅਤੇ ਰੋਜ਼ਾਨਾ ਦੇ ਜੀਵਨ ਵਿੱਚ ਮਾਣ ਤੋਂ ਵਾਂਝੇ ਕੀਤੇ ਜਾਣ ਦਰਮਿਆਨ ਦੇ ਅੰਤਰ ਨੂੰ ਉਜਾਗਰ ਕਰਦੀ ਹੈ।
ਇਸ ਪ੍ਰੈੱਸ ਕਾਨਫਰੰਸ ਦਾ ਸੰਚਾਲਨ ਲਕਸ਼ਮੀ ਪ੍ਰਿਆ ਨੇ ਕੀਤਾ।
ਪੂਰੀ ਪ੍ਰੈੱਸ ਕਾਨਫਰੰਸ ਇੱਥੇ ਦੇਖੋ
ਇੱਫੀਇਲੌਡ ਇੱਥੇ ਪੜ੍ਹੋ:
https://www.pib.gov.in/iffi/57/iffiLoid.aspx?yr=2026&lang=1®=48
* * *
ਪੀਆਈਬੀ ਇੱਫੀ ਟੀਮ/ ਰਬੀਹਾਸ਼ਮੀ/ ਸੁਪ੍ਰਿਆ/ ਸਮਿਤਾ ਦਰਸ਼ਨਾ/ ਏਕੇ IFFI 57 – 089