ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਪੁਣੇ ਵਿੱਚ ਸਿੰਬਾਇਓਸਿਸ ਇੰਟਰਨੈਸ਼ਨਲ ਯੂਨੀਵਰਸਿਟੀ ਦੇ 23ਵੇਂ ਡਿਗਰੀ ਵੰਡ ਸਮਾਗਮ ਨੂੰ ਸੰਬੋਧਨ ਕੀਤਾ


ਭਾਰਤ ਵਿੱਚ ਹੁਣ 1,400 ਤੋਂ ਵੱਧ ਯੂਨੀਵਰਸਿਟੀਆਂ ਹਨ, ਜਦਕਿ 2014-15 ਵਿੱਚ ਇਨ੍ਹਾਂ ਦੀ ਗਿਣਤੀ 760 ਸੀ: ਉਪ-ਰਾਸ਼ਟਰਪਤੀ

ਸਿੱਖਿਆ ਨੂੰ ਰਾਸ਼ਟਰਾਂ, ਸੱਭਿਆਚਾਰਾਂ ਅਤੇ ਭਾਈਚਾਰਿਆਂ ਵਿਚਕਾਰ ਇੱਕ ਪੁਲ ਬਣਨਾ ਚਾਹੀਦਾ ਹੈ: ਉਪ-ਰਾਸ਼ਟਰਪਤੀ

ਭਾਰਤ ਅੰਤਰਰਾਸ਼ਟਰੀ ਵਿੱਦਿਅਕ ਭਾਈਵਾਲੀਆਂ ਰਾਹੀਂ ਇੱਕ ਆਲਮੀ ਗਿਆਨ ਕੇਂਦਰ ਵਜੋਂ ਉੱਭਰ ਰਿਹਾ ਹੈ: ਉਪ-ਰਾਸ਼ਟਰਪਤੀ

2014 ਤੋਂ ਹੁਣ ਤੱਕ ਗਲੋਬਲ ਸਾਊਥ ਦੇ 80,000 ਤੋਂ ਵੱਧ ਪੇਸ਼ਾਵਰਾਂ ਨੂੰ ਆਈ.ਟੀ.ਈ.ਸੀ. ਸਿਖਲਾਈ ਤੋਂ ਲਾਭ ਮਿਲਿਆ ਹੈ: ਉਪ-ਰਾਸ਼ਟਰਪਤੀ

Posted On: 21 NOV 2026 2:23PM by PIB Chandigarh

ਭਾਰਤ ਦੇ ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਅੱਜ ਮਹਾਰਾਸ਼ਟਰ ਦੇ ਪੁਣੇ ਵਿੱਚ ਸਿੰਬਾਇਓਸਿਸ ਇੰਟਰਨੈਸ਼ਨਲ (ਡੀਮਡ ਯੂਨੀਵਰਸਿਟੀ) ਦੇ 23ਵੇਂ ਡਿਗਰੀ ਵੰਡ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ।

ਉਨ੍ਹਾਂ ਸਿੰਬਾਇਓਸਿਸ ਨੂੰ ਅੰਤਰਰਾਸ਼ਟਰੀ ਸਮਝ, ਅਕਾਦਮਿਕ ਉੱਤਮਤਾ ਅਤੇ ਸਮਾਵੇਸ਼ੀ ਸਿੱਖਿਆ ਪ੍ਰਤੀ ਭਾਰਤ ਦੀ ਵਚਨਬੱਧਤਾ ਦਾ ਪ੍ਰਤੀਕ ਦੱਸਦਿਆਂ ਕਿਹਾ, “ਇਸ ਦਾ ਨਾਮ ਹੀ ਸਹਿ-ਹੋਂਦ, ਆਪਸੀ ਸਤਿਕਾਰ ਅਤੇ ਵੱਖ-ਵੱਖ ਸੱਭਿਆਚਾਰਾਂ ਤੇ ਵਿਚਾਰਾਂ ਨੂੰ ਇਕੱਠੇ ਲਿਆਉਣ ਨਾਲ ਮਿਲਣ ਵਾਲੇ ਭਰਪੂਰ ਤਜਰਬੇ ਨੂੰ ਦਰਸਾਉਂਦਾ ਹੈ।” ਉਨ੍ਹਾਂ ਭਾਰਤ ਦੀ 'ਵਸੁਧੈਵ ਕੁਟੁੰਬਕਮ' ਦੀ ਸਭਿਅਕ ਭਾਵਨਾ ਦਾ ਜ਼ਿਕਰ ਕਰਦਿਆਂ ਕਿਹਾ, “ਅਜਿਹੇ ਸਮੇਂ ਜਦੋਂ ਦੁਨੀਆ ਗੁੰਝਲਦਾਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਸਿੱਖਿਆ ਨੂੰ ਵੱਖ-ਵੱਖ ਰਾਸ਼ਟਰਾਂ, ਸੱਭਿਆਚਾਰਾਂ ਅਤੇ ਭਾਈਚਾਰਿਆਂ ਵਿਚਕਾਰ ਇੱਕ ਪੁਲ ਦਾ ਕੰਮ ਕਰਨਾ ਚਾਹੀਦਾ ਹੈ।”

ਉਨ੍ਹਾਂ ਸਿੰਬਾਇਓਸਿਸ ਦੇ ਅੰਤਰਰਾਸ਼ਟਰੀ ਵਿਸਤਾਰ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਨੇ 2024 ਵਿੱਚ ਦੁਬਈ ਵਿੱਚ ਆਪਣਾ ਪਹਿਲਾ ਅੰਤਰਰਾਸ਼ਟਰੀ ਸ਼ਾਖਾ ਕੈਂਪਸ ਸਥਾਪਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਕਾਰ ਵਿੱਦਿਅਕ ਸਬੰਧਾਂ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਆਲਮੀ ਉੱਚ ਸਿੱਖਿਆ ਵਿੱਚ ਭਾਰਤ ਦੀ ਮਹੱਤਤਾ ਨੂੰ ਵਧਾਉਂਦੀਆਂ ਹਨ।

ਉਪ-ਰਾਸ਼ਟਰਪਤੀ ਨੇ ਦੱਸਿਆ ਕਿ ਅਕਾਦਮਿਕ ਸਾਲ 2025-26 ਵਿੱਚ ਸਿੰਬਾਇਓਸਿਸ ਵਿੱਚ 62,000 ਤੋਂ ਵੱਧ ਵਿਦਿਆਰਥੀ ਹਨ, ਜਿਨ੍ਹਾਂ ਵਿੱਚ ਪੂਰੇ ਭਾਰਤ ਤੋਂ 29,000 ਤੋਂ ਵੱਧ ਮਹਿਲਾਵਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ 85 ਦੇਸ਼ਾਂ ਦੇ 3,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੌਜੂਦਗੀ ਇਹ ਦਰਸਾਉਂਦੀ ਹੈ ਕਿ ਯੂਨੀਵਰਸਿਟੀ ਸਮਾਵੇਸ਼ੀ ਅਤੇ ਅੰਤਰਰਾਸ਼ਟਰੀ ਸਿੱਖਿਆ ਪ੍ਰਤੀ ਦ੍ਰਿੜ ਹੈ।

ਉਨ੍ਹਾਂ ਉੱਚ ਸਿੱਖਿਆ ਵਿੱਚ ਮਹਿਲਾਵਾਂ ਦੀਆਂ ਵਧਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਭਰ ਵਿੱਚ ਡਿਗਰੀ ਵੰਡ ਸਮਾਗਮਾਂ ਦੌਰਾਨ ਉਨ੍ਹਾਂ ਨੇ ਹਮੇਸ਼ਾ ਪੁਰਸ਼ਾਂ ਦੇ ਮੁਕਾਬਲੇ ਵੱਧ ਮਹਿਲਾਵਾਂ ਨੂੰ ਡਿਗਰੀਆਂ ਅਤੇ ਤਗਮੇ ਪ੍ਰਾਪਤ ਕਰਦਿਆਂ ਦੇਖਿਆ ਹੈ। ਉਨ੍ਹਾਂ ਕਿਹਾ, "ਮੇਰੇ ਲਈ, ਇਹ 'ਨਾਰੀ ਸ਼ਕਤੀ' ਦੀ ਵਧਦੀ ਸਮਰੱਥਾ ਦਾ ਸਪੱਸ਼ਟ ਸਬੂਤ ਹੈ। ਇਹੀ ਅਸਲ ਮਹਿਲਾ ਸਸ਼ਕਤੀਕਰਨ ਹੈ।" ਉਨ੍ਹਾਂ ਮੈਡੀਕਲ ਸਿੱਖਿਆ ਵਿੱਚ ਮਹਿਲਾਵਾਂ ਲਈ ਮੌਕਿਆਂ ਦਾ ਵਿਸਤਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ 'ਸਿੰਬਾਇਓਸਿਸ ਮੈਡੀਕਲ ਕਾਲਜ ਫ਼ਾਰ ਵਿਮੈਨ' ਦੀ ਸਥਾਪਨਾ ਦੀ ਵੀ ਸ਼ਲਾਘਾ ਕੀਤੀ।

ਉਪ-ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ 2047 ਤੱਕ 'ਵਿਕਸਿਤ ਭਾਰਤ' ਦੇ ਟੀਚੇ ਵੱਲ ਅੱਗੇ ਵਧ ਰਿਹਾ ਹੈ। ਉਨ੍ਹਾਂ ਪਿਛਲੇ ਬਾਰ੍ਹਾਂ ਸਾਲਾਂ ਵਿੱਚ ਉੱਚ ਸਿੱਖਿਆ ਦੇ ਵਿਆਪਕ ਵਿਸਤਾਰ 'ਤੇ ਜ਼ੋਰ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀਆਂ ਦੀ ਗਿਣਤੀ 2014-15 ਵਿੱਚ 760 ਸੀ, ਜੋ ਅੱਜ ਵਧ ਕੇ 1,400 ਤੋਂ ਵੱਧ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਆਈ.ਆਈ.ਟੀ. ਦੀ ਗਿਣਤੀ 16 ਤੋਂ ਵਧ ਕੇ 23, ਆਈ.ਆਈ.ਐੱਮ. ਦੀ ਗਿਣਤੀ 13 ਤੋਂ ਵਧ ਕੇ 22 ਅਤੇ ਏਮਜ਼ ਸੰਸਥਾਵਾਂ ਦੀ ਗਿਣਤੀ 8 ਤੋਂ ਵਧ ਕੇ 23 ਹੋ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉੱਚ ਸਿੱਖਿਆ ਵਿੱਚ ਦਾਖਲਾ 2014-15 ਵਿੱਚ 3.4 ਕਰੋੜ ਸੀ, ਜੋ ਹੁਣ ਵਧ ਕੇ 4.5 ਕਰੋੜ ਤੋਂ ਵੱਧ ਵਿਦਿਆਰਥੀਆਂ ਤੱਕ ਪਹੁੰਚ ਗਿਆ ਹੈ।

ਉਪ-ਰਾਸ਼ਟਰਪਤੀ ਨੇ ਇੱਕ ਜ਼ੁੰਮੇਵਾਰ ਆਲਮੀ ਭਾਈਵਾਲ ਵਜੋਂ ਭਾਰਤ ਦੀ ਭੂਮਿਕਾ 'ਤੇ ਜ਼ੋਰ ਦਿੰਦਿਆਂ 'ਇੰਡੀਅਨ ਟੈਕਨੀਕਲ ਐਂਡ ਇਕਨਾਮਿਕ ਕੋਆਪਰੇਸ਼ਨ' ਪ੍ਰੋਗਰਾਮ ਦਾ ਜ਼ਿਕਰ ਕੀਤਾ। ਇਸ ਨਾਲ 160 ਤੋਂ ਵੱਧ ਭਾਈਵਾਲ ਦੇਸ਼ਾਂ ਦੇ ਪੇਸ਼ਾਵਰਾਂ ਅਤੇ ਅਧਿਕਾਰੀਆਂ ਨੂੰ ਲਾਭ ਮਿਲਦਾ ਹੈ। ਉਨ੍ਹਾਂ ਦੱਸਿਆ ਕਿ 2014 ਤੋਂ ਹੁਣ ਤੱਕ ਗਲੋਬਲ ਸਾਊਥ ਦੇ 80,000 ਤੋਂ ਵੱਧ ਪੇਸ਼ਾਵਰਾਂ ਨੇ—ਜਿਨ੍ਹਾਂ ਵਿੱਚ 30,000 ਮਹਿਲਾਵਾਂ ਸ਼ਾਮਲ ਹਨ—ਆਈ.ਟੀ.ਈ.ਸੀ. ਸਿਖਲਾਈ ਤੋਂ ਲਾਭ ਲਿਆ ਹੈ। ਉਨ੍ਹਾਂ ਕਿਹਾ, "ਭਾਰਤ ਆਪਸੀ ਸਤਿਕਾਰ ਅਤੇ ਬਰਾਬਰੀ ਦੇ ਆਧਾਰ 'ਤੇ ਆਪਣੇ ਭਾਈਵਾਲ ਦੇਸ਼ਾਂ ਨਾਲ ਗਿਆਨ, ਹੁਨਰ ਅਤੇ ਮੁਹਾਰਤ ਸਾਂਝੀ ਕਰਨ ਵਿੱਚ ਦ੍ਰਿੜ ਵਿਸ਼ਵਾਸ ਰੱਖਦਾ ਹੈ।"

ਉਨ੍ਹਾਂ ਕਿਹਾ ਕਿ ਯੂ.ਪੀ.ਆਈ. ਅਤੇ ਇੰਡੀਆ ਸਟੈਕ ਵਰਗੀਆਂ ਪਹਿਲਕਦਮੀਆਂ ਆਲਮੀ ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਵਿੱਤੀ ਸਮਾਵੇਸ਼ ਅਤੇ ਸੁਸ਼ਾਸਨ ਵਿੱਚ ਭਾਰਤ ਦੇ ਵਧਦੇ ਯੋਗਦਾਨ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਤਨਜ਼ਾਨੀਆ ਦੇ ਜ਼ਾਂਜ਼ੀਬਾਰ ਵਿੱਚ ਆਈ.ਆਈ.ਟੀ. ਮਦਰਾਸ ਦਾ ਅੰਤਰਰਾਸ਼ਟਰੀ ਕੈਂਪਸ, ਅਫ਼ਰੀਕਾ ਨਾਲ ਭਾਰਤ ਦੀ ਵਧਦੀ ਵਿੱਦਿਅਕ ਅਤੇ ਤਕਨੀਕੀ ਭਾਈਵਾਲੀ ਦੀ ਇੱਕ ਹੋਰ ਉਦਾਹਰਣ ਹੈ।

ਉਪ-ਰਾਸ਼ਟਰਪਤੀ ਨੇ 2023 ਵਿੱਚ ਭਾਰਤ ਦੀ ਜੀ-20 (G20) ਪ੍ਰਧਾਨਗੀ ਨੂੰ ਯਾਦ ਕਰਦਿਆਂ ਜੀ-20 ਵਿੱਚ ਅਫ਼ਰੀਕੀ ਸੰਘ ਨੂੰ ਸਥਾਈ ਮੈਂਬਰ ਵਜੋਂ ਸ਼ਾਮਲ ਕੀਤੇ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਇਸ ਨੂੰ ਆਲਮੀ ਫ਼ੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਅਫ਼ਰੀਕਾ ਦੀ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ।

ਉਪ-ਰਾਸ਼ਟਰਪਤੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ, ਡਿਜੀਟਲ ਤਕਨਾਲੋਜੀ, ਨਵਿਆਉਣਯੋਗ ਊਰਜਾ ਅਤੇ ਵਿਗਿਆਨਕ ਨਵੀਨਤਾਵਾਂ ਸਦਕਾ ਤੇਜ਼ੀ ਨਾਲ ਹੋ ਰਹੇ ਤਕਨੀਕੀ ਬਦਲਾਵਾਂ ਦਾ ਜ਼ਿਕਰ ਕਰਦਿਆਂ, ਗ੍ਰੈਜੂਏਟਾਂ ਨੂੰ ਜੀਵਨ ਭਰ ਸਿੱਖਦੇ ਰਹਿਣ ਦੀ ਆਦਤ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਤੁਹਾਡੀਆਂ ਡਿਗਰੀਆਂ ਇੱਕ ਮਜ਼ਬੂਤ ਨੀਂਹ ਹਨ, ਪਰ ਜੀਵਨ ਭਰ ਸਿੱਖਦੇ ਰਹਿਣਾ ਤੁਹਾਡੀ ਸਭ ਤੋਂ ਵੱਡੀ ਪੂੰਜੀ ਹੋਵੇਗੀ।”

ਉਨ੍ਹਾਂ ਵਿਦਿਆਰਥੀਆਂ ਨੂੰ ਇਮਾਨਦਾਰੀ ਨਾਲ ਉੱਤਮਤਾ ਵੱਲ ਵਧਣ ਲਈ ਪ੍ਰੇਰਿਤ ਕਰਦਿਆਂ ਕਿਹਾ, “ਪੇਸ਼ੇਵਰ ਸਫਲਤਾ ਮਹੱਤਵਪੂਰਨ ਹੈ, ਪਰ ਚਰਿੱਤਰ ਅਤੇ ਨੈਤਿਕ ਆਚਰਣ ਹੀ ਲੰਬੇ ਸਮੇਂ ਤੱਕ ਸਤਿਕਾਰ ਦਿਵਾਉਂਦੇ ਹਨ।” ਉਨ੍ਹਾਂ ਗ੍ਰੈਜੂਏਟਾਂ ਨੂੰ ਉੱਦਮਤਾ, ਖੋਜ, ਲੋਕ ਸੇਵਾ, ਉਦਯੋਗ ਅਤੇ ਸਮਾਜਿਕ ਨਵੀਨਤਾ ਰਾਹੀਂ ਰਾਸ਼ਟਰ-ਨਿਰਮਾਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।

ਉਨ੍ਹਾਂ ਕਿਹਾ, “ਰਾਸ਼ਟਰ-ਨਿਰਮਾਣ ਸਿਰਫ਼ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਹੈ। ਇਹ ਨਾਗਰਿਕਾਂ, ਵਿੱਦਿਅਕ ਸੰਸਥਾਵਾਂ, ਕਾਰੋਬਾਰਾਂ ਅਤੇ ਭਾਈਚਾਰਿਆਂ ਦਾ ਇੱਕ ਸਾਂਝਾ ਮਿਸ਼ਨ ਹੈ।”

ਉਨ੍ਹਾਂ 2026 ਦੇ ਗ੍ਰੈਜੂਏਟ ਬੈਚ 'ਤੇ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਨੌਜਵਾਨ ਪੇਸ਼ੇਵਰ ‘ਵਿਕਸਿਤ ਭਾਰਤ @2047’ ਵੱਲ ਭਾਰਤ ਦੀ ਯਾਤਰਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨ੍ਹਾਂ ਵਿਦਿਆਰਥੀਆਂ ਨੂੰ ਸਿੰਬਾਇਓਸਿਸ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ, ਸਮਾਜ ਵਿੱਚ ਯੋਗਦਾਨ ਪਾਉਣ ਅਤੇ ਆਪਣੇ ਪਰਿਵਾਰਾਂ ਤੇ ਸੰਸਥਾ ਦਾ ਮਾਣ ਵਧਾਉਣ ਦੀ ਅਪੀਲ ਕੀਤੀ।

ਉਨ੍ਹਾਂ ਵਿਦਿਆਰਥੀਆਂ ਨੂੰ “ਨਸ਼ਿਆਂ ਤੋਂ ਦੂਰ ਰਹਿਣ” ਦੀ ਵੀ ਅਪੀਲ ਕੀਤੀ।

ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਸਮਾਗਮ ਦੌਰਾਨ ਭਾਰਤ ਦੇ ਉਪ-ਰਾਸ਼ਟਰਪਤੀ ਨੂੰ ਵੱਖ-ਵੱਖ ਦੇਸ਼ਾਂ ਦੇ ਝੰਡੇ ਭੇਟ ਕੀਤੇ। ਇਹ ਝੰਡੇ ਯੂਨੀਵਰਸਿਟੀ ਦੇ ਵਿਭਿੰਨ ਅੰਤਰਰਾਸ਼ਟਰੀ ਵਿਦਿਆਰਥੀ ਭਾਈਚਾਰੇ ਦਾ ਪ੍ਰਤੀਕ ਹਨ ਅਤੇ ਵੱਖ-ਵੱਖ ਰਾਸ਼ਟਰਾਂ ਵਿਚਕਾਰ ਸ਼ਾਂਤੀ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਦੇ ਹਨ।

ਉਪ-ਰਾਸ਼ਟਰਪਤੀ ਨੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਅਤੇ ਉੱਤਮਤਾ ਲਈ 'ਆਊਟਸਟੈਂਡਿੰਗ ਫੌਰਨ ਸਟੂਡੈਂਟ ਆਫ਼ ਦ ਈਅਰ' ਦਾ 'ਪ੍ਰੋ. (ਡਾ.) ਐੱਸ. ਬੀ. ਮਜੂਮਦਾਰ ਪੁਰਸਕਾਰ' ਅਤੇ ਸੋਨ ਤਗਮੇ ਵੀ ਪ੍ਰਦਾਨ ਕੀਤੇ।

ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਜਿਸ਼ਨੂ ਦੇਵ ਵਰਮਾ; ਮਹਾਰਾਸ਼ਟਰ ਸਰਕਾਰ ਦੇ ਉੱਚ ਸਿੱਖਿਆ ਅਤੇ ਤਕਨੀਕੀ ਸਿੱਖਿਆ ਮੰਤਰੀ ਸ਼੍ਰੀ ਚੰਦਰਕਾਂਤ ਪਾਟਿਲ; ਸਿੰਬਾਇਓਸਿਸ ਇੰਟਰਨੈਸ਼ਨਲ (ਡੀਮਡ ਯੂਨੀਵਰਸਿਟੀ) ਦੀ ਚਾਂਸਲਰ ਡਾ. ਵਿਦਿਆ ਯੇਰਵਡੇਕਰ; ਵਾਈਸ-ਚਾਂਸਲਰ ਡਾ. ਰਾਮਕ੍ਰਿਸ਼ਨਨ ਰਮਨ ਸਮੇਤ ਕਈ ਪਤਵੰਤੇ ਸੱਜਣ ਉੱਥੇ ਮੌਜੂਦ ਸਨ।

*************

ਪੀਆਰ/ਏਐੱਸਐੱਮ/ਵੀਐੱਮ


(Release ID: 2341121) ਵਿਜ਼ੀਟਰ ਕਾਊਂਟਰ : 10