Posted On:
22 NOV 2026 6:23PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਵਿੱਚ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐੱਨਡੀਆਰਐੱਫ) ਦੇ 12ਵੇਂ ਬਟਾਲੀਅਨ ਕੰਪਲੈਕਸ ਦਾ ਉਦਘਾਟਨ ਕੀਤਾ। ਇਸ ਮੌਕੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ, ਕੇਂਦਰੀ ਮੰਤਰੀ ਸ਼੍ਰੀ ਕਿਰੇਨ ਰਿਜਿਜੂ, ਅਰੁਣਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਸ਼੍ਰੀ ਚੌਨਾ ਮੀਨ, ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਗੋਵਿੰਦ ਮੋਹਨ, ਇੰਟੈਲੀਜੈਂਸ ਬਿਊਰੋ (ਆਈਬੀ) ਦੇ ਡਾਇਰੈਕਟਰ ਡਾ. ਮਹੇਸ਼ ਦੀਕਸ਼ਿਤ ਅਤੇ ਐੱਨਡੀਆਰਐੱਫ ਦੇ ਡਾਇਰੈਕਟਰ ਜਨਰਲ ਸ਼੍ਰੀ ਪਿਊਸ਼ ਆਨੰਦ ਸਮੇਤ ਕਈ ਪਤਵੰਤੇ ਮੌਜੂਦ ਸਨ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਐੱਨਡੀਆਰਐੱਫ ਦੀ 12ਵੀਂ ਬਟਾਲੀਅਨ ਦਾ ਅਧਿਕਾਰਤ ਉਦਘਾਟਨ ਇੱਥੇ ਹੋ ਰਿਹਾ ਹੈ। ਅਰੁਣਾਚਲ ਪ੍ਰਦੇਸ਼ ਅਤੇ ਪੂਰਾ ਉੱਤਰ-ਪੂਰਬ ਕੁਦਰਤੀ ਆਫ਼ਤਾਂ ਲਈ ਸਭ ਤੋਂ ਵੱਧ ਕਮਜ਼ੋਰ ਖੇਤਰ ਹਨ। ਇਹ ਪੂਰਾ ਕੰਪਲੈਕਸ, ਇਸ ਦੀਆਂ ਸਾਰੀਆਂ ਇਮਾਰਤਾਂ, ਭੂਚਾਲ-ਰੋਧਕ ਮਾਪਦੰਡਾਂ ਅਨੁਸਾਰ ਬਣਾਈਆਂ ਗਈਆਂ ਹਨ। ਕੁਦਰਤੀ ਆਫ਼ਤਾਂ ਵਿਰੁੱਧ ਪਹਿਲੀ ਲੜਾਈ ਦੀ ਸ਼ੁਰੂਆਤ ਸਾਡੀ 12ਵੀਂ ਬਟਾਲੀਅਨ ਦੀਆਂ ਇਮਾਰਤਾਂ ਤੋਂ ਹੁੰਦੀ ਹੈ। ਇਹ ਕੰਪਲੈਕਸ ਨਾ ਸਿਰਫ਼ ਅਰੁਣਾਚਲ ਪ੍ਰਦੇਸ਼ ਨੂੰ ਸਗੋਂ ਪੂਰੇ ਉੱਤਰ-ਪੂਰਬ ਅਤੇ ਆਲੇ-ਦੁਆਲੇ ਦੇ ਕਈ ਖੇਤਰਾਂ ਨੂੰ ਕੁਦਰਤੀ ਆਫ਼ਤਾਂ ਤੋਂ ਸੁਰੱਖਿਆ ਪ੍ਰਦਾਨ ਕਰੇਗਾ। ਉੱਤਰ-ਪੂਰਬ ਦੇ ਸਾਰੇ ਅੱਠ ਰਾਜਾਂ ਦੇ ਐੱਸਡੀਆਰਐੱਫ ਕਰਮਚਾਰੀਆਂ ਦੀ ਸਿਖਲਾਈ ਵੀ ਇੱਥੇ ਹੋਵੇਗੀ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸੈਨਿਕਾਂ ਦੀ ਸਿਖਲਾਈ ਲਈ ਇੱਥੇ ਇੱਕ ਓਲੰਪਿਕ-ਆਕਾਰ ਦਾ ਪੂਲ ਅਤੇ ਡਾਈਵਿੰਗ ਟੈਂਕ ਵੀ ਬਣਾਇਆ ਗਿਆ ਹੈ। ਇਹ ਓਲੰਪਿਕ-ਆਕਾਰ ਦਾ ਪੂਲ ਈਟਾਨਗਰ ਅਤੇ ਅਰੁਣਾਚਲ ਪ੍ਰਦੇਸ਼ ਦੇ ਸਾਰੇ ਤੈਰਾਕੀ ਖਿਡਾਰੀਆਂ ਲਈ ਮੁਫਤ ਖੋਲ੍ਹਿਆ ਜਾਵੇਗਾ। ਜੇਕਰ ਉੱਤਰ-ਪੂਰਬ ਦਾ ਕੋਈ ਤੈਰਾਕ 2036 ਦੇ ਓਲੰਪਿਕ ਵਿੱਚ ਮੈਡਲ ਜਿੱਤਦਾ ਹੈ, ਤਾਂ ਇਸ ਪੂਲ ਤੋਂ ਉਸਦੀ ਲਹਿਰ ਉੱਠੇਗੀ, ਕਿਉਂਕਿ ਸਾਡੇ ਉੱਤਰ-ਪੂਰਬ ਦੇ ਖਿਡਾਰੀ ਖੇਡਾਂ ਵਿੱਚ ਮੈਡਲ ਜਿੱਤਣ ਵਿੱਚ ਮੋਹਰੀ ਹਨ। ਗ੍ਰਹਿ ਮੰਤਰਾਲੇ ਨੇ 2019 ਅਤੇ 2026 ਦੇ ਵਿਚਕਾਰ 8 ਕਰੋੜ ਤੋਂ ਵੱਧ ਰੁੱਖ ਲਗਾਉਣ ਅਤੇ ਪਾਲਣ-ਪੋਸ਼ਣ ਦੇ ਟੀਚੇ ਨੂੰ ਸਫਲਤਾਪੂਰਵਕ ਪ੍ਰਾਪਤ ਕੀਤਾ ਹੈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਰੇਕ ਕੇਂਦਰੀ ਹਥਿਆਰਬੰਦ ਪੁਲਿਸ ਬਲ (CAPF) ਅਤੇ NDRF ਰੁੱਖ ਲਗਾਉਣ ਦੇ ਕੰਮ ਵਿੱਚ ਸਰਗਰਮੀ ਨਾਲ ਸ਼ਾਮਲ ਹੈ। ਇਹ 8 ਕਰੋੜ ਰੁੱਖ ਯਕੀਨੀ ਤੌਰ 'ਤੇ ਕੁਦਰਤ ਦੀ ਸੇਵਾ ਕਰਨਗੇ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਆਫ਼ਤ ਪ੍ਰਬੰਧਨ ਐਕਟ ਦੇ ਲਾਗੂ ਹੋਣ ਦੇ ਨਾਲ ਉਸੇ ਸਾਲ ਐੱਨਡੀਆਰਐਫ ਦਾ ਗਠਨ ਕੀਤਾ ਗਿਆ। ਹਾਲਾਂਕਿ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਮੁੱਚੇ ਆਫ਼ਤ ਪ੍ਰਬੰਧਨ ਪ੍ਰਣਾਲੀ ਵਿੱਚ ਇੱਕ ਬੁਨਿਆਦੀ ਤਬਦੀਲੀ ਸ਼ੁਰੂ ਹੋਈ। ਇਸ ਤੋਂ ਪਹਿਲਾਂ, ਆਫ਼ਤਾਂ ਪ੍ਰਤੀ ਦੇਸ਼ ਦਾ ਸਮੁੱਚਾ ਦ੍ਰਿਸ਼ਟੀਕੋਣ ਮੁੱਖ ਤੌਰ 'ਤੇ ਰਾਹਤ-ਕੇਂਦ੍ਰਿਤ ਅਤੇ ਪ੍ਰਤੀਕਿਰਿਆਸ਼ੀਲ ਸੀ। ਸਰਕਾਰਾਂ ਆਫ਼ਤ ਆਉਣ ਤੋਂ ਬਾਅਦ ਰਾਹਤ ਕਾਰਜਾਂ ਲਈ ਪ੍ਰਭਾਵਿਤ ਖੇਤਰਾਂ ਤੱਕ ਹੀ ਪਹੁੰਚਦੀਆਂ ਸਨ ਅਤੇ ਤਬਾਹੀ ਤੋਂ ਬਾਅਦ ਅਤੇ ਮੁਰੰਮਤ ਦੇ ਕੰਮ ਵਿੱਚ ਸ਼ਾਮਲ ਹੁੰਦੀਆਂ ਸਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਕਾਰਜਕਾਲ ਵਿੱਚ, ਦੇਸ਼ ਪੂਰਵ ਚੇਤਾਵਨੀ ਪ੍ਰਣਾਲੀਆਂ, ਰੋਕਥਾਮ, ਘਟਾਉਣ, ਤਿਆਰੀ, ਆਫ਼ਤ ਜੋਖਮ ਘਟਾਉਣ ਅਤੇ ਜ਼ੀਰੋ-ਜਾਨੀ ਨੁਕਸਾਨ ਪਹੁੰਚ ਵੱਲ ਅਗ੍ਰਸਰ ਹੋਇਆ ਹੈ। ਅਸੀਂ ਹੁਣ ਵਿਹਲੇ ਨਹੀਂ ਬੈਠਦੇ। ਜਿਵੇਂ ਹੀ ਪੂਰਵ ਚੇਤਾਵਨੀ ਪ੍ਰਣਾਲੀ ਤੋਂ ਚੇਤਾਵਨੀ ਮਿਲਦੀ ਹੈ, ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੇ ਕਰਮਚਾਰੀ ਲੋਕਾਂ ਦੀ ਸਹਾਇਤਾ ਕਰਨ ਅਤੇ ਪ੍ਰਭਾਵਸ਼ਾਲੀ ਬਚਾਅ ਅਤੇ ਰਾਹਤ ਕਾਰਜਾਂ ਨੂੰ ਅੰਜਾਮ ਦੇਣ ਲਈ ਤੁਰੰਤ ਆਫ਼ਤ ਸਥਾਨ 'ਤੇ ਪਹੁੰਚ ਜਾਂਦੇ ਹਨ। ਆਫ਼ਤ ਆਉਣ ਤੋਂ ਪਹਿਲਾਂ ਨਾ ਸਿਰਫ਼ ਨਾਗਰਿਕਾਂ ਨੂੰ, ਸਗੋਂ ਉਨ੍ਹਾਂ ਦੇ ਜਾਨਵਰਾਂ ਨੂੰ ਵੀ ਬਾਹਰ ਕੱਢਿਆ ਅਤੇ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਜਾਂਦਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 2014 ਅਤੇ 2026 ਦੇ ਵਿਚਕਾਰ, NDRF, SDRF, ਅਤੇ ਸਾਰੇ ਰਾਜਾਂ ਦੇ ਤਾਲਮੇਲ ਵਾਲੇ ਯਤਨਾਂ ਨੇ ਲੱਖਾਂ ਨਾਗਰਿਕਾਂ ਦੀਆਂ ਜਾਨਾਂ ਬਚਾਈਆਂ ਹਨ। ਇੱਕ ਵਿਆਪਕ ਪ੍ਰਣਾਲੀ ਵਿਕਸਿਤ ਕੀਤੀ ਗਈ ਹੈ ਜਿਸ ਵਿੱਚ ਨਾ ਸਿਰਫ਼ NDRF ਅਤੇ SDRF, ਸਗੋਂ ਪਟਵਾਰੀਆਂ ਤੋਂ ਲੈ ਕੇ NCC ਕੈਡਿਟਾਂ, ਸਕਾਊਟ ਬੱਚਿਆਂ ਅਤੇ ਪਿੰਡਾਂ ਵਿੱਚ ਫੈਲੇ ਆਪਦਾ ਮਿੱਤਰ (ਆਫ਼ਤ ਮਿੱਤਰ) ਤੱਕ ਹਰ ਕੋਈ ਆਫ਼ਤ ਆਉਣ ਤੋਂ ਪਹਿਲਾਂ ਹੀ ਲੋਕਾਂ ਦੀ ਸਹਾਇਤਾ ਲਈ ਤਿਆਰ ਹੈ। ਇਹ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰਦਾ ਹੈ। ਸੰਸਥਾਗਤ ਤਿਆਰੀ ਤੋਂ ਬਿਨਾਂ, ਕਿਸੇ ਵੀ ਆਫ਼ਤ ਨੂੰ ਰੋਕਿਆ ਨਹੀਂ ਜਾ ਸਕਦਾ, ਨਾ ਹੀ ਇਸਦੇ ਨੁਕਸਾਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। 2014 ਤੋਂ, ਭਾਰਤ ਸਰਕਾਰ ਨੇ ਇੱਕ ਮਜ਼ਬੂਤ ਅਤੇ ਤਾਲਮੇਲ ਪ੍ਰਣਾਲੀ ਸਥਾਪਿਤ ਕੀਤੀ ਹੈ, ਜਿਸ ਵਿੱਚ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ (NDMA), NDRF, SDRF, ਗ੍ਰਹਿ ਮੰਤਰਾਲੇ ਅਤੇ ਰਾਜ ਮਸ਼ੀਨਰੀ ਨੂੰ ਪਟਵਾਰੀ ਪੱਧਰ ਤੱਕ, ਡੂੰਘਾਈ ਨਾਲ ਨੀਤੀਗਤ ਵਿਚਾਰ-ਵਟਾਂਦਰੇ, ਗ੍ਰਹਿ ਮੰਤਰਾਲੇ ਦੇ ਅੰਦਰ ਨੀਤੀ ਨਿਰਮਾਣ ਅਤੇ NDRF, SDRF ਅਤੇ ਰਾਜ ਮਸ਼ੀਨਰੀ ਦੁਆਰਾ ਉਨ੍ਹਾਂ ਨੂੰ ਲਾਗੂ ਕਰਨਾ ਸ਼ਾਮਲ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਨੇ ਵੱਖ-ਵੱਖ ਕਿਸਮਾਂ ਦੀਆਂ ਆਫ਼ਤਾਂ ਨਾਲ ਨਜਿੱਠਣ ਲਈ ਢੰਗ ਅਤੇ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐੱਸਓਪੀ) ਵਿਕਸਿਤ ਕੀਤੀਆਂ ਹਨ ਅਤੇ ਰਾਜਾਂ ਨੂੰ ਪ੍ਰਦਾਨ ਕੀਤੀਆਂ ਹਨ। 2014 ਅਤੇ 2026 ਦੇ ਵਿਚਕਾਰ, ਐੱਨਡੀਆਰਐੱਫ ਦਾ ਦਾਇਰਾ ਅਤੇ ਮੌਜੂਦਗੀ ਕਾਫ਼ੀ ਵਧੀ ਹੈ। ਅੱਜ, ਐੱਨਡੀਆਰਐੱਫ ਦੇਸ਼ ਭਰ ਵਿੱਚ 70 ਤੋਂ ਵੱਧ ਥਾਵਾਂ 'ਤੇ ਤਾਇਨਾਤ ਹੈ। ਐੱਨਡੀਆਰਐੱਫ ਟੀਮਾਂ ਹੜ੍ਹ ਆਉਣ ਤੋਂ ਬਹੁਤ ਪਹਿਲਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚ ਜਾਂਦੀਆਂ ਹਨ। ਵਿਗਿਆਨ ਅਤੇ ਤਕਨਾਲੋਜੀ ਵਿੱਚ ਤਰੱਕੀ ਦੇ ਕਾਰਨ, ਚੱਕਰਵਾਤ ਚੇਤਾਵਨੀਆਂ, ਜਿਸ ਵਿੱਚ ਪਹਿਲਾਂ 24 ਤੋਂ 48 ਘੰਟੇ ਲੱਗਦੇ ਸਨ, ਹੁਣ ਸੱਤ ਦਿਨ ਪਹਿਲਾਂ ਉਪਲਬਧ ਹਨ। ਸਾਰੇ ਨਾਗਰਿਕਾਂ ਨੂੰ ਚੱਕਰਵਾਤ ਪ੍ਰਭਾਵਿਤ ਖੇਤਰਾਂ ਤੋਂ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ ਜਾਂਦਾ ਹੈ। ਇਸ ਪ੍ਰਭਾਵਸ਼ਾਲੀ ਪ੍ਰਣਾਲੀ ਨੇ ਪਿਛਲੇ ਚਾਰ ਵਰ੍ਹਿਆਂਵਿੱਚ ਕਈ ਚੱਕਰਵਾਤਾਂ ਦੌਰਾਨ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ ਵਰ੍ਹਿਆਂ ਵਿੱਚ ਕਈ ਚੱਕਰਵਾਤਾਂ ਦੌਰਾਨ, ਇੱਕ ਵੀ ਵਿਅਕਤੀ ਦੀ ਮੌਤ ਨਹੀਂ ਹੋਈ। ਇਹ ਸਾਡੀ ਪਹਿਲਾਂ ਤੋਂ ਤਿਆਰੀ ਦਾ ਸਿੱਧਾ ਨਤੀਜਾ ਹੈ। NDRF ਨੇ ਹੁਣ ਤੱਕ 11,000 ਤੋਂ ਵੱਧ ਅਭਿਆਨ ਸੰਪੰਨ ਕੀਤੇ ਹਨ, ਜਿਸ ਨਾਲ 161,000 ਤੋਂ ਵੱਧ ਲੋਕਾਂ ਦੀ ਜਾਨ ਬਚਾਈ ਗਈ ਹੈ। ਸਿਰਫ਼ ਭਾਰਤ ਵਿੱਚ ਹੀ ਨਹੀਂ, ਸਗੋਂ ਜਪਾਨ, ਨੇਪਾਲ, ਤੁਰਕੀ ਅਤੇ ਸ੍ਰੀਲੰਕਾ ਸਮੇਤ ਕਈ ਦੇਸ਼ਾਂ ਵਿੱਚ, NDRF ਨੇ ਬਚਾਅ ਕਾਰਜ ਕੀਤੇ ਹਨ, ਜਿਸ ਨਾਲ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ ਅਤੇ ਭਾਰਤੀ ਝੰਡੇ ਦਾ ਸਨਮਾਨ ਹੁੰਦਾ ਹੈ। ਪਹਿਲਾਂ, ਜਦੋਂ ਦੇਸ਼ ਵਿੱਚ ਆਫ਼ਤਾਂ ਆਉਂਦੀਆਂ ਸਨ, ਤਾਂ ਦੁਨੀਆ ਭਰ ਦੀਆਂ ਆਫ਼ਤ ਪ੍ਰਤੀਕਿਰਿਆ ਏਜੰਸੀਆਂ ਸਹਾਇਤਾ ਲਈ ਭਾਰਤ ਆਉਂਦੀਆਂ ਸਨ। ਹੁਣ, ਜਦੋਂ ਵੀ ਦੁਨੀਆ ਵਿੱਚ ਕਿਤੇ ਵੀ ਆਫ਼ਤਾਂ ਆਉਂਦੀਆਂ ਹਨ, ਤਾਂ ਸਾਡੀ NDRF ਮਾਣ ਨਾਲ ਭਾਰਤ ਵੱਲੋਂ ਉੱਥੇ ਜਾਂਦੀ ਹੈ ਅਤੇ ਜਾਨਾਂ ਬਚਾਉਂਦੀ ਹੈ। ਇਹ ਭਾਰਤ ਸਰਕਾਰ ਦੀ ਇੱਕ ਬਹੁਤ ਮਹੱਤਵਪੂਰਨ ਪ੍ਰਾਪਤੀ ਹੈ।
ਗ੍ਰਹਿ ਮੰਤਰਾਲੇ ਨੇ NDRF ਦੇ ਵਿਸਥਾਰ, ਸਰੋਤਾਂ ਅਤੇ ਸਿਖਲਾਈ ਦੇ ਤਿੰਨ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਸਰੋਤਾਂ ਦਾ ਮਤਲਬ ਸਿਰਫ਼ ਬਜਟ ਪ੍ਰਬੰਧ ਨਹੀਂ ਹਨ; ਗ੍ਰਹਿ ਮੰਤਰਾਲੇ ਨੇ ਆਧੁਨਿਕ ਉਪਕਰਣਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਾਲ 2026 ਨੂੰ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ ਦੀ ਸਮਰੱਥਾ ਨਿਰਮਾਣ ਦਾ ਸਾਲ ਘੋਸ਼ਿਤ ਕੀਤਾ ਗਿਆ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਲਦੀ ਹੀ NDRF ਦੁਨੀਆ ਦੀਆਂ ਸਾਰੀਆਂ ਆਫ਼ਤ ਪ੍ਰਤੀਕਿਰਿਆ ਏਜੰਸੀਆਂ ਵਿੱਚ ਇੱਕ ਮੋਹਰੀ ਸਥਾਨ 'ਤੇ ਪਹੁੰਚ ਜਾਵੇਗਾ। ਉੱਤਰ-ਪੂਰਬੀ ਭਾਰਤ ਸਾਡੇ ਦੇਸ਼ ਦਾ ਇੱਕ ਬਹੁਤ ਮਹੱਤਵਪੂਰਨ ਖੇਤਰ ਹੈ। ਇਹ ਕਈ ਦੇਸ਼ਾਂ ਨਾਲ ਲੱਗਦੀ ਹੈ ਅਤੇ ਉੱਤਰ-ਪੂਰਬ ਕਈ ਮਹੱਤਵਪੂਰਨ ਪ੍ਰੋਗਰਾਮਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਅੱਜ, ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਖੇਤਰ ਵਿੱਚ ਈਟਾਨਗਰ ਦੇ ਨੇੜੇ ਇੱਕ NDRF ਦੀ ਬਟਾਲੀਅਨ ਸਥਾਪਿਤ ਕੀਤੀ ਗਈ ਹੈ। ਸਾਡੇ NDRF ਕਰਮਚਾਰੀ ਪੂਰੇ ਉੱਤਰ-ਪੂਰਬੀ ਖੇਤਰ ਨੂੰ ਆਫ਼ਤਾਂ ਤੋਂ ਬਚਾਉਣ, ਬਹਾਦਰੀ ਦਿਖਾਉਣ ਅਤੇ ਸਕਾਰਾਤਮਕ ਨਤੀਜਿਆਂ ਨੂੰ ਯਕੀਨੀ ਬਣਾਉਣ ਦੇ ਯੋਗ ਹੋਣਗੇ। ਕੇਂਦਰ ਸਰਕਾਰ ਪੂਰੇ ਉੱਤਰ-ਪੂਰਬੀ ਖੇਤਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ ਅਤੇ ਇੱਥੋਂ ਤੋਂ ਹਜ਼ਾਰਾਂ-ਲੱਖਾਂ ਲੋਕਾਂ ਦੀ ਜਾਨ ਬਚਾਉਣ ਲਈ ਅਭਿਆਨ ਸਾਲ ਭਰ 24 ਘੰਟੇ ਨਿਰੰਤਰ ਜਾਰੀ ਰਹਿਣਗੇ।

****
ਆਰਕੇ/ਪੀਐੱਸ/ਪੀਆਰ/ਏਕੇ