Posted On:
21 NOV 2026 5:55PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ 'ਆਪ੍ਰੇਸ਼ਨ ਮੌਨਸੂਨ ਥੰਡਰ' ਦੀ ਸ਼ਾਨਦਾਰ ਸਫਲਤਾ 'ਤੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਅਤੇ ਅਮਰੀਕੀ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ (DEA) ਨੂੰ ਵਧਾਈ ਦਿੱਤੀ ਹੈ। ਇਹ ਆਪ੍ਰੇਸ਼ਨ ਡਰੱਗਸ ਦੀ ਸਰਹੱਦ ਪਾਰ ਤਸਕਰੀ ਨੂੰ ਰੋਕਣ ਲਈ ਸਾਂਝੇ ਤੌਰ 'ਤੇ ਚਲਾਇਆ ਗਿਆ ਸੀ।
ਗ੍ਰਹਿ ਮੰਤਰੀ ਨੇ X 'ਤੇ ਪੋਸਟ ਕੀਤਾ, “ਡਰੱਗਸ ਦੀ ਸਰਹੱਦ ਪਾਰ ਤਸਕਰੀ ਨੂੰ ਰੋਕਣ ਲਈ ਸਾਂਝੇ ਤੌਰ 'ਤੇ ਚਲਾਏ ਗਏ ‘ਆਪ੍ਰੇਸ਼ਨ ਮਾਨਸੂਨ ਥੰਡਰ’ ਦੀ ਸ਼ਾਨਦਾਰ ਸਫਲਤਾ 'ਤੇ NCB ਅਤੇ US DEA ਨੂੰ ਹਾਰਦਿਕ ਵਧਾਈ। ਇਸ ਮੁਹਿੰਮ ਦੇ ਤਹਿਤ ਭਾਰਤ ਅਤੇ ਅਮਰੀਕਾ ਵਿੱਚ ਕੀਤੀਆਂ ਗਈਆਂ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ, ਨਸ਼ੀਲੇ ਪਦਾਰਥਾਂ ਦੇ ਖ਼ਤਰੇ ਨੂੰ ਰੋਕਣ ਵਿੱਚ ਭਾਰਤ-ਅਮਰੀਕਾ ਸਾਂਝੇਦਾਰੀ ਦੀ ਤਾਕਤ ਦਾ ਪ੍ਰਮਾਣ ਹਨ। ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਹੇਠ, ਅਸੀਂ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਕਿ ਨਸ਼ੀਲੇ ਪਦਾਰਥਾਂ ਦਾ ਇੱਕ ਗ੍ਰਾਮ ਵੀ ਨਾ ਤਾਂ ਭਾਰਤ ਵਿੱਚ ਆ ਸਕੇ ਅਤੇ ਨਾ ਹੀ ਇੱਥੋਂ ਦੂਜੇ ਦੇਸ਼ਾਂ ਵਿੱਚ ਜਾ ਸਕੇ।”
ਭਾਰਤ ਵਿੱਚ ਅਮਰੀਕੀ ਰਾਜਦੂਤ ਸ਼੍ਰੀ ਸਰਜੀਓ ਗੋਰ ਨੇ 'ਆਪ੍ਰੇਸ਼ਨ ਮੌਨਸੂਨ ਥੰਡਰ' ਦੀ ਸ਼ਲਾਘਾ ਕੀਤੀ ਅਤੇ ਇਸ ਵਿੱਚ NCB ਅਤੇ ਅਮਰੀਕੀ DEA ਦੀ ਸਾਂਝੀ ਸਫਲਤਾ ਨੂੰ ਉਜਾਗਰ ਕੀਤਾ।
ਅਮਰੀਕੀ ਰਾਜਦੂਤ ਨੇ X 'ਤੇ ਪੋਸਟ ਕੀਤਾ, "ਇਹ ਅਮਰੀਕਾ-ਭਾਰਤ ਸਾਂਝੇਦਾਰੀ ਦੀ ਇੱਕ ਬਿਹਤਰੀਨ ਉਦਾਹਰਣ ਹੈ! 'ਆਪ੍ਰੇਸ਼ਨ ਮੌਨਸੂਨ ਥੰਡਰ' ਦੇ ਤਹਿਤ, ਭਾਰਤ ਦੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ US DEA ਦੇ ਨਾਲ ਮਿਲ ਕੇ ਇੱਕ ਅਜਿਹੇ ਅੰਤਰਰਾਸ਼ਟਰੀ ਡਰੱਗ ਤਸਕਰੀ ਨੈੱਟਵਰਕ ਨੂੰ ਤਬਾਹ ਕੀਤਾ, ਜੋ ਪੂਰੇ ਅਮਰੀਕਾ ਵਿੱਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਪਹੁੰਚਾ ਰਿਹਾ ਸੀ। ਇਸ ਕਾਰਵਾਈ ਵਿੱਚ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤੁਹਾਡੀ ਅਗਵਾਈ ਲਈ ਧੰਨਵਾਦ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ।"
ਆਪ੍ਰੇਸ਼ਨ ਦਾ ਨਤੀਜਾ:
* ਭਾਰਤ ਦੇ 4 ਸ਼ਹਿਰਾਂ ਤੋਂ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
* ਲਗਭਗ 3,000 ਪਾਰਸਲਾਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਵਿੱਚ ਲਗਭਗ 5 ਲੱਖ ਗੋਲੀਆਂ ਸਨ; ਇਨ੍ਹਾਂ ਨੂੰ ਅਮਰੀਕਾ ਦੇ ਅੰਦਰ ਭੇਜਿਆ ਗਿਆ ਸੀ।
* ਅਮਰੀਕਾ ਨਾਲ ਜੁੜੇ 59,000 ਤੋਂ ਵੱਧ ਲੋਕਾਂ ਦਾ ਡੇਟਾ ਅਮਰੀਕੀ DEA ਨਾਲ ਸਾਂਝਾ ਕੀਤਾ ਗਿਆ।
* ਅਮਰੀਕੀ DEA ਨੇ 2 ਖੇਪਾਂ ਫੜੀਆਂ।
ਇਹ ਆਪ੍ਰੇਸ਼ਨ ਭਾਰਤ ਅਤੇ ਅਮਰੀਕਾ ਦਰਮਿਆਨ ਕਾਨੂੰਨ ਲਾਗੂ ਕਰਨ ਵਿੱਚ ਸਹਿਯੋਗ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ, ਅਤੇ ਅੰਤਰਰਾਸ਼ਟਰੀ ਡਰੱਗ ਤਸਕਰੀ ਨੈੱਟਵਰਕ ਨੂੰ ਖ਼ਤਮ ਕਰਨ ਲਈ ਦੋਵਾਂ ਏਜੰਸੀਆਂ ਦੀ ਵਚਨਬੱਧਤਾ ਨੂੰ ਜ਼ਾਹਿਰ ਕਰਦਾ ਹੈ। ਇਸ ਮਾਮਲੇ ਵਿੱਚ ਅੱਗੇ ਦੀ ਜਾਂਚ ਚੱਲ ਰਹੀ ਹੈ, ਜਿਸ ਦਾ ਮਕਸਦ ਮਾਸਟਰਮਾਈਂਡ ਅਤੇ ਡ੍ਰੌਪਸ਼ਿਪਰ ਦੀ ਪਛਾਣ ਕਰਨਾ, ਪੈਸਿਆਂ ਦੇ ਲੈਣ-ਦੇਣ ਦਾ ਪਤਾ ਲਗਾਉਣਾ ਅਤੇ ਵਿਆਪਕ ਅੰਤਰਰਾਸ਼ਟਰੀ ਸਬੰਧਾਂ ਦਾ ਖ਼ੁਲਾਸਾ ਕਰਨਾ ਹੈ।
****
ਆਰਕੇ/ਪੀਆਰ/ਪੀਐੱਸ/ਏਕੇ