Posted On:
21 NOV 2026 5:11PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ 22 ਨਵੰਬਰ, 2026 ਨੂੰ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਦੇ ਦੋਰਜੀ ਖਾਂਡੂ ਸਟੇਟ ਕਨਵੈਨਸ਼ਨ ਸੈਂਟਰ ਵਿਖੇ ਆਯੋਜਿਤ ਹੋਣ ਵਾਲੇ ਸਹਿਕਾਰੀ ਸਮਾਰੋਹ ਵਿੱਚ ਹਿੱਸਾ ਲੈਣਗੇ ਅਤੇ ਰਾਜ ਲਈ ਵੱਖ-ਵੱਖ ਵਿਕਾਸ ਯੋਜਨਾਵਾਂ ਦੀ ਸ਼ੁਰੂਆਤ ਕਰਨਗੇ। ਇਹ ਸਮਾਗਮ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ "ਸਹਕਾਰ ਸੇ ਸਮ੍ਰਿੱਧੀ" ਦੇ ਦ੍ਰਿਸ਼ਟੀਕੋਣ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਸਹਿਕਾਰੀ ਖੇਤਰ ਨੂੰ ਮਜ਼ਬੂਤ, ਸਵੈ-ਨਿਰਭਰ ਅਤੇ ਸਮਾਵੇਸ਼ੀ ਬਣਾਉਣ ਦੇ ਯਤਨਾਂ ਦੇ ਅਨੁਸਾਰ ਮਹੱਤਵਪੂਰਨ ਹੋਵੇਗਾ। ਇਹ ਸਮਾਰੋਹ ਸਹਿਕਾਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ, ਗ੍ਰਾਮੀਣ ਜੀਵਨ ਨਿਰਬਾਹ, ਮਹਿਲਾ ਸਸ਼ਕਤੀਕਰਣ, ਵਿੱਤੀ ਸਮਾਵੇਸ਼ ਅਤੇ ਰਾਜ ਦੇ ਸਮੁੱਚੇ ਵਿਕਾਸ ਨਾਲ ਸਬੰਧਿਤ ਕਈ ਮੁੱਖ ਪਹਿਲਕਦਮੀਆਂ ਨੂੰ ਉਜਾਗਰ ਕਰੇਗਾ। ਇਸ ਸਮਾਗਮ ਵਿੱਚ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ, ਸੰਸਦੀ ਮਾਮਲਿਆਂ ਅਤੇ ਘੱਟ ਗਿਣਤੀ ਮਾਮਲਿਆਂ ਦੇ ਕੇਂਦਰੀ ਮੰਤਰੀ ਸ਼੍ਰੀ ਕਿਰੇਨ ਰਿਜਿਜੂ, ਅਰੁਣਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਸ਼੍ਰੀ ਚੌਨਾ ਮੇਂ (Chowna Mein) ਅਤੇ ਅਰੁਣਾਚਲ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਸ਼੍ਰੀ ਗੈਬਰੀਅਲ ਡੇਨਵਾਂਗ ਵਾਂਗਸੂ ਸਮੇਤ ਹੋਰ ਪਤਵੰਤੇ ਵੀ ਸ਼ਾਮਲ ਹੋਣਗੇ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਇਸ ਮੌਕੇ ਅਰੁਣਾਚਲ ਪ੍ਰਦੇਸ਼ ਲਈ ਕਈ ਮਹੱਤਵਪੂਰਨ ਵਿਕਾਸ ਯੋਜਨਾਵਾਂ ਵੀ ਲਾਂਚ ਕਰਨਗੇ। ਇਨ੍ਹਾਂ ਵਿੱਚ 1,500 ਕਰੋੜ ਰੁਪਏ ਦੀ ਲਾਗਤ ਵਾਲਾ 'ਮਿਸ਼ਨ ਸ਼ਿਕਸ਼ੀਤ ਅਰੁਣਾਚਲ-ਪੜਾਅ II', 2,000 ਕਰੋੜ ਰੁਪਏ ਦੀ ਲਾਗਤ ਵਾਲਾ 'ਮੁੱਖ ਮੰਤਰੀ ਵਿਆਪਕ ਰਾਜ ਬਿਜਲੀ ਵਿਕਾਸ ਪ੍ਰੋਗਰਾਮ' ਅਤੇ 2,000 ਕਰੋੜ ਰੁਪਏ ਦੀ ਲਾਗਤ ਵਾਲਾ 'ਮੁੱਖ ਮੰਤਰੀ ਵਿਆਪਕ ਰਾਜ ਗ੍ਰਾਮੀਣ ਸੜਕ ਵਿਕਾਸ ਪ੍ਰੋਗਰਾਮ' ਸ਼ਾਮਲ ਹਨ। ਇਸ ਤੋਂ ਇਲਾਵਾ, ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦੇ ਤਹਿਤ, ਰਾਜ ਦੇ 11 ਸਰਹੱਦੀ ਜ਼ਿਲ੍ਹਿਆਂ ਵਿੱਚ 110.95 ਕਰੋੜ ਰੁਪਏ ਦੇ 199 ਪ੍ਰੋਜੈਕਟ ਲਾਂਚ ਕੀਤੇ ਜਾਣਗੇ। ਸ਼੍ਰੀ ਅਮਿਤ ਸ਼ਾਹ 'ਮਿਸ਼ਨ ਸੁਰਕਸ਼ਾ' ਵੀ ਲਾਂਚ ਕਰਨਗੇ। ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਰਾਜ ਵਿੱਚ ਸਿੱਖਿਆ, ਬਿਜਲੀ ਅਤੇ ਸੜਕੀ ਬੁਨਿਆਦੀ ਢਾਂਚੇ, ਸਰਹੱਦੀ ਖੇਤਰਾਂ ਦਾ ਵਿਕਾਸ ਅਤੇ ਜਨ ਭਲਾਈ ਸਹੂਲਤਾਂ ਨੂੰ ਮਜ਼ਬੂਤ ਕਰਨਾ ਹੈ।
ਇਸ ਮੌਕੇ 'ਤੇ ਸਹਿਕਾਰੀ ਖੇਤਰ ਵਿੱਚ ਬੁਨਿਆਦੀ ਢਾਂਚੇ ਅਤੇ ਬਜ਼ਾਰ ਪਹੁੰਚ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਪਹਿਲਕਦਮੀਆਂ ਵੀ ਸ਼ੁਰੂ ਕੀਤੀਆਂ ਜਾਣਗੀਆਂ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਫੂਡ ਸਟੋਰੇਜ ਸਕੀਮ ਦੇ ਤਹਿਤ ਰਾਗਾ ਐਲਏਐੱਮਪੀਐੱਸ ਵਿਖੇ ਬਣੇ ਅਨਾਜ ਸਟੋਰੇਜ ਗੋਦਾਮ ਦਾ ਰਿਮੋਟਲੀ ਉਦਘਾਟਨ ਕਰਨਗੇ। ਇਹ ਸਥਾਨਕ ਪੱਧਰ 'ਤੇ ਸਟੋਰੇਜ ਸਹੂਲਤਾਂ ਨੂੰ ਮਜ਼ਬੂਤ ਕਰਨ ਅਤੇ ਸਹਿਕਾਰੀ ਸੰਸਥਾਵਾਂ ਦੀ ਭੂਮਿਕਾ ਦਾ ਵਿਸਤਾਰ ਕਰਨ ਵਿੱਚ ਮਦਦ ਕਰੇਗਾ। ਸ਼੍ਰੀ ਅਮਿਤ ਸ਼ਾਹ ਅਰੁਣਾਚਲ ਪ੍ਰਦੇਸ਼ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ (ArSRLM) ਦੇ ਉਤਪਾਦਾਂ ਲਈ ਇੱਕ ਈ-ਕਾਮਰਸ ਵੈੱਬਪੇਜ ਵੀ ਲਾਂਚ ਕਰਨਗੇ। ਇਸ ਪਹਿਲਕਦਮੀ ਤੋਂ ਡਿਜੀਟਲ ਸਾਧਨਾਂ ਰਾਹੀਂ ਗ੍ਰਾਮੀਣ ਉਤਪਾਦਾਂ ਲਈ ਇੱਕ ਵਿਸ਼ਾਲ ਬਜ਼ਾਰ ਪ੍ਰਦਾਨ ਕਰਨ ਅਤੇ ਮਹਿਲਾ ਸਵੈ-ਸਹਾਇਤਾ ਸਮੂਹਾਂ ਦੀਆਂ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਦੀ ਉਮੀਦ ਹੈ।
ਇਸ ਸਮਾਗਮ ਦੌਰਾਨ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ "ਅਰੁਣਾਚਲ ਪ੍ਰਦੇਸ਼ ਸਹਿਕਾਰੀ ਵਿਜ਼ਨ 2047" ਦਾ ਉਦਘਾਟਨ ਕਰਨਗੇ। ਇਹ ਵਿਜ਼ਨ ਦਸਤਾਵੇਜ਼ ਰਾਜ ਵਿੱਚ ਸਹਿਕਾਰੀ ਲਹਿਰ ਦੇ ਲੰਬੇ ਸਮੇਂ ਦੇ ਵਿਕਾਸ ਵੱਲ ਇੱਕ ਮਹੱਤਵਪੂਰਨ ਪਹਿਲਕਦਮੀ ਹੋਵੇਗੀ। ਸ਼੍ਰੀ ਅਮਿਤ ਸ਼ਾਹ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਸਹਿਕਾਰੀ ਸਭਾਵਾਂ ਨੂੰ ਵੀ ਸਨਮਾਨਿਤ ਕਰਨਗੇ। ਇਸ ਵਿੱਚ ਨਮਸਾਈ ਡੇਅਰੀ ਸਹਿਕਾਰੀ ਸਭਾ ਨੂੰ "ਸਹਿਕਾਰੀ ਸਨਮਾਨ ਪੁਰਸਕਾਰ", ਲੋਅਰ ਸੁਬਨਸਿਰੀ ਮਤਸਯ ਕ੍ਰਿਸ਼ਕ ਸਹਿਕਾਰੀ ਸਭਾ ਨੂੰ ਸਰਬੋਤਮ ਮੱਛੀ ਪਾਲਣ ਸਹਿਕਾਰੀ ਸਭਾ, ਕੇਮਲੀ LAMPS ਨੂੰ ਸਰਵੋਤਮ ਹੈਂਡਲੂਮ, ਟੈਕਸਟਾਈਲ ਅਤੇ ਬੁਣਕਰ ਸਹਿਕਾਰੀ ਸਭਾ, ਅਤੇ ਜੰਗ LAMPS ਨੂੰ ਸਰਵੋਤਮ PACS/LAMPS ਸ਼ਾਮਲ ਹਨ।
ਸਹਿਕਾਰੀ ਸਭਾਵਾਂ ਦੀ ਵਿੱਤੀ ਸਮਰੱਥਾ ਅਤੇ ਗਤੀਵਿਧੀਆਂ ਨੂੰ ਵਧਾਉਣ ਦੇ ਉਦੇਸ਼ ਨਾਲ, ਇਸ ਸਮਾਗਮ ਵਿੱਚ ਵੱਖ-ਵੱਖ ਸਹਿਕਾਰੀ ਸਭਾਵਾਂ ਨੂੰ ਵਿੱਤੀ ਸਹਾਇਤਾ ਅਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ 'ਤੇ, ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (NCDC) ਲਾਗੁਨਾ ਮਲਟੀਪਰਪਜ਼ ਕੋਆਪ੍ਰੇਟਿਵ ਸੋਸਾਇਟੀ ਲਿਮਿਟੇਡ ਨੂੰ ਇੱਕ ਕ੍ਰੈਡਿਟ ਸਰਟੀਫਿਕੇਟ ਪੇਸ਼ ਕਰੇਗਾ। ਭਾਰਤੀ ਬੀਜ ਸਹਿਕਾਰੀ ਸਭਾ ਲਿਮਿਟੇਡ (BBSSL) ਦੁਆਰਾ ਸਬਜ਼ੀਆਂ ਦੇ ਬੀਜਾਂ ਦੀਆਂ ਮਿੰਨੀਕਿੱਟਾਂ ਵੰਡੀਆਂ ਜਾਣਗੀਆਂ। ਇਸ ਤੋਂ ਇਲਾਵਾ, ਨਾਬਾਰਡ ਪੋਮਾ ਜੂਟ ਡੇਅਰੀ ਅਤੇ ਪਸ਼ੂਧਨ ਸਹਿਕਾਰੀ ਸਭਾ ਨੂੰ ਇੱਕ ਮਾਈਕ੍ਰੋ-ਏਟੀਐੱਮ ਪ੍ਰਦਾਨ ਕਰੇਗਾ, ਜਦੋਂ ਕਿ ਅਰੁਣਾਚਲ ਪ੍ਰਦੇਸ਼ ਰਾਜ ਸਹਿਕਾਰੀ ਐਪੈਕਸ ਬੈਂਕ ਲਿਮਿਟੇਡ ਵਾਕਰੋ LAMPS ਨੂੰ ਇੱਕ ਕ੍ਰੈਡਿਟ ਸਰਟੀਫਿਕੇਟ ਪ੍ਰਦਾਨ ਕਰੇਗਾ। ਮਹਿਲਾ ਸਵੈ-ਸਹਾਇਤਾ ਸਮੂਹਾਂ ਦੇ ਕਲਸਟਰ ਪੱਧਰੀ ਫੈੱਡਰੇਸ਼ਨ (CLF) ਤੋਂ ਬਣੀ ਖਮੀਅਰ ਅਨੇ ਮਲਟੀਪਰਪਜ਼ ਕੋਆਪ੍ਰੇਟਿਵ ਸੋਸਾਇਟੀ ਲਿਮਿਟੇਡ ਨੂੰ ਇੱਕ ਰਜਿਸਟ੍ਰੇਸ਼ਨ ਸਰਟੀਫਿਕੇਟ ਵੀ ਪੇਸ਼ ਕੀਤਾ ਜਾਵੇਗਾ। ਇਨ੍ਹਾਂ ਪਹਿਲਕਦਮੀਆਂ ਤੋਂ ਸਹਿਕਾਰੀ ਸਭਾਵਾਂ ਦੀ ਵਿੱਤੀ ਪਹੁੰਚ, ਸੰਸਥਾਗਤ ਸਮਰੱਥਾ ਅਤੇ ਆਰਥਿਕ ਗਤੀਵਿਧੀਆਂ ਨੂੰ ਵਧਾਉਣ ਦੀ ਉਮੀਦ ਹੈ।
ਸਮਾਗਮ ਦੀ ਸ਼ੁਰੂਆਤ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਇੱਕ ਮੋਬਾਈਲ ਮੈਡੀਕਲ ਵੈਨ ਨੂੰ ਹਰੀ ਝੰਡੀ ਦਿਖਾ ਕੇ ਸਰਸ ਮੇਲੇ ਦਾ ਉਦਘਾਟਨ ਕਰਨਗੇ। ਉਹ ਮੇਲੇ ਵਿੱਚ ਲਗਾਈ ਗਈਆਂ ਵੱਖ-ਵੱਖ ਸਟਾਲਾਂ ਦਾ ਦੌਰਾ ਕਰਨਗੇ ਅਤੇ ਮਹਿਲਾ ਸਵੈ-ਸਹਾਇਤਾ ਸਮੂਹਾਂ ਅਤੇ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ। ਇਹ ਸਮਾਗਮ ਸਥਾਨਕ ਉਤਪਾਦਾਂ, ਰਵਾਇਤੀ ਸ਼ਿਲਪਕਾਰੀ, ਔਰਤਾਂ ਦੇ ਉੱਦਮਤਾ ਅਤੇ ਸਹਿਕਾਰੀ ਸਭਾਵਾਂ ਦੀਆਂ ਗਤੀਵਿਧੀਆਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਹੋਵੇਗਾ।
ਅਰੁਣਾਚਲ ਪ੍ਰਦੇਸ਼ ਵਿੱਚ ਇਹ ਸਮਾਗਮ ਸਹਿਕਾਰੀ ਸਭਾਵਾਂ ਰਾਹੀਂ ਗ੍ਰਾਮੀਣ ਅਰਥਵਿਵਸਥਾ ਨੂੰ ਮਜ਼ਬੂਤ ਕਰਨ, ਸਥਾਨਕ ਸਰੋਤਾਂ ਦੀ ਬਿਹਤਰ ਵਰਤੋਂ ਕਰਨ, ਔਰਤਾਂ ਦੀ ਅਗਵਾਈ ਵਾਲੇ ਉੱਦਮਾਂ ਨੂੰ ਉਤਸ਼ਾਹਿਤ ਕਰਨ ਅਤੇ ਸਹਿਕਾਰੀ ਸਭਾਵਾਂ ਨੂੰ ਆਧੁਨਿਕ ਵਿੱਤੀ ਅਤੇ ਡਿਜੀਟਲ ਸਹੂਲਤਾਂ ਨਾਲ ਜੋੜਨ ਦਾ ਇੱਕ ਮਹੱਤਵਪੂਰਨ ਮੌਕਾ ਹੋਵੇਗਾ। ਸਿੱਖਿਆ, ਬਿਜਲੀ, ਸੜਕਾਂ ਅਤੇ ਸਰਹੱਦੀ ਖੇਤਰਾਂ ਨਾਲ ਸਬੰਧਿਤ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਰਾਜ ਦੇ ਸਮਾਵੇਸ਼ੀ ਅਤੇ ਸੰਤੁਲਿਤ ਵਿਕਾਸ ਨੂੰ ਤੇਜ਼ ਕਰਨ ਵਿੱਚ ਮਦਦ ਕਰੇਗੀ।
****
ਏਕੇ/ਏਪੀ/ਏਕੇ