Posted On:
18 NOV 2026 12:30PM by PIB Chandigarh
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ 100 ਸਫਲ ਤਕਨਾਲੋਜੀ ਟ੍ਰਾਂਸਫਰ ਡੀਲ ਕਰਕੇ ਉਪਲਬਧੀ ਹਾਸਲ ਕੀਤੀ, ਜੋ ਕਿ ਸਵਦੇਸ਼ੀ ਸਿਹਤ ਖੋਜ ਨੂੰ ਵਿਆਪਕ ਜਨਤਕ ਵਰਤੋਂ ਲਈ ਤਕਨਾਲੋਜੀਆਂ ਅਤੇ ਹੱਲਾਂ ਵਿੱਚ ਬਦਲਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਪ੍ਰਾਪਤੀ ਦਾ ਐਲਾਨ ਤੀਜੇ ਡਿਪਾਰਟਮੈਂਟ ਆਫ਼ ਹੈਲਥ ਰਿਸਰਚ (DHR)-ICMR ਹੈਲਥ ਰਿਸਰਚ ਐਕਸੀਲੈਂਸ ਸਮਿਟ ਵਿੱਚ ਕੀਤਾ ਗਿਆ, ਜੋ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸਮਾਪਤ ਹੋਇਆ।
16 ਅਤੇ 17 ਨਵੰਬਰ, 2026 ਨੂੰ DHR ਅਤੇ ICMR ਦੁਆਰਾ ਆਯੋਜਿਤ ਦੋ-ਦਿਨਾਂ ਸੰਮੇਲਨ ਵਿੱਚ ICMR ਸੰਸਥਾਵਾਂ, ਭਾਈਵਾਲ ਸੰਸਥਾਵਾਂ, ਸਰਕਾਰੀ ਸੰਗਠਨਾਂ ਅਤੇ ਅਕਾਦਮਿਕ ਸੰਸਥਾਵਾਂ ਦੇ 600 ਤੋਂ ਵੱਧ ਵਿਗਿਆਨੀ, ਖੋਜਕਰਤਾ, ਨਵੀਨਤਾਕਾਰੀ, ਪ੍ਰਸ਼ਾਸਕ ਅਤੇ ਨੀਤੀ ਨਿਰਮਾਤਾ ਇਕੱਠੇ ਹੋਏ। ਸੰਮੇਲਨ ਨੇ ਦੇਸ਼ ਵਿੱਚ ਬਾਇਓਮੈਡੀਕਲ ਅਤੇ ਸਿਹਤ ਖੋਜ ਵਿੱਚ ICMR ਦੇ 115 ਵਰ੍ਹਿਆਂ ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕੀਤਾ।
ਇਹ ਸਮਿਟ ਸਿਹਤ ਖੋਜ ਵਿੱਚ ਉੱਤਮਤਾ ਨੂੰ ਮਾਨਤਾ ਦੇਣ ਅਤੇ ਵਿਗਿਆਨਕ ਸਬੂਤਾਂ ਦੇ ਠੋਸ ਨਤੀਜਿਆਂ ਵਿੱਚ ਤਬਦੀਲ ਕਰਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਰਾਸ਼ਟਰੀ ਪਲੈਟਫਾਰਮ ਵਜੋਂ ਕੰਮ ਕਰਦਾ ਹੈ। ਇਹ ਖੋਜ ਪ੍ਰਕਾਸ਼ਨਾਂ, ਤਕਨਾਲੋਜੀਆਂ, ਪੇਟੈਂਟਾਂ ਅਤੇ ਖੋਜ ਪ੍ਰਬੰਧਨ ਵਿੱਚ ਆਈਸੀਐੱਮਆਰ ਸੰਸਥਾਵਾਂ ਅਤੇ ਬਾਹਰੀ ਭਾਈਵਾਲ ਸੰਸਥਾਵਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਵੀ ਦਰਸਾਉਂਦਾ ਹੈ, ਨਾਲ ਹੀ ਖੋਜਕਰਤਾਵਾਂ, ਉਦਯੋਗ ਅਤੇ ਨੀਤੀ ਨਿਰਮਾਤਾਵਾਂ ਵਿਚਕਾਰ ਸਹਿਯੋਗ ਦੀ ਸਹੂਲਤ ਦਿੰਦਾ ਹੈ।
ਤਕਨਾਲੋਜੀ ਟ੍ਰਾਂਸਫਰ ਸਮਾਰੋਹ ਦੌਰਾਨ, ਆਈਸੀਐੱਮਆਰ ਨੇ ਨੌਂ ਭਾਰਤੀ ਕੰਪਨੀਆਂ ਨਾਲ ਅੱਠ ਤਕਨਾਲੋਜੀਆਂ ਨਾਲ ਸਬੰਧਿਤ 20 ਲਾਇਸੈਂਸਿੰਗ ਸਮਝੌਤਿਆਂ ਦਾ ਅਦਾਨ-ਪ੍ਰਦਾਨ ਕੀਤਾ। ਇਸ ਦੇ ਨਾਲ, ਸਫਲ ਤਕਨਾਲੋਜੀ ਤਬਾਦਲਾ ਸਮਝੌਤਿਆਂ ਦੀ ਕੁੱਲ ਗਿਣਤੀ 100 ਹੋ ਗਈ ਹੈ। ਇਹ ਪ੍ਰਾਪਤੀ ਆਈਸੀਐੱਮਆਰ ਦੀ ਪ੍ਰਮੁੱਖ ਪਹਿਲਕਦਮੀ, "ਮੈਡੀਕਲ ਇਨੋਵੇਸ਼ਨ ਪੇਟੈਂਟ ਮਿੱਤਰਾ" ਦੀ ਸ਼ੁਰੂਆਤ ਤੋਂ ਬਾਅਦ ਦੋ ਵਰ੍ਹਿਆਂ ਤੋਂ ਵੀ ਘੱਟ ਸਮੇਂ ਵਿੱਚ ਪ੍ਰਾਪਤ ਕੀਤੀ ਗਈ ਹੈ। ਇਹ ਪਹਿਲਕਦਮੀ ਮਾਰਚ 2025 ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜੇ.ਪੀ. ਨੱਡਾ ਦੁਆਰਾ ਸ਼ੁਰੂ ਕੀਤੀ ਗਈ ਸੀ। ਇਹ ਮਹੱਤਵਪੂਰਨ ਪ੍ਰਾਪਤੀ ਉਦਯੋਗ ਨਾਲ ਸਾਂਝੇਦਾਰੀ ਰਾਹੀਂ ਖੋਜ ਅਤੇ ਸਵਦੇਸ਼ੀ ਨਵੀਨਤਾਵਾਂ ਨੂੰ ਵਿਵਹਾਰਕ ਵਰਤੋਂ ਵਿੱਚ ਤਬਦੀਲ ਕਰਨ ਅਤੇ ਸਿਹਤ ਖੇਤਰ ਵਿੱਚ ਉਨ੍ਹਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਆਈਸੀਐੱਮਆਰ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦੀ ਹੈ।
ਇੱਕ ਨਵੀਨਤਾ ਪ੍ਰਦਰਸ਼ਨੀ ਵਿੱਚ ਆਈਸੀਐੱਮਆਰ ਸੰਸਥਾਵਾਂ ਅਤੇ ਬਾਹਰੀ ਭਾਈਵਾਲ ਸੰਸਥਾਵਾਂ ਦੁਆਰਾ ਵਿਕਸਿਤ 17 ਤਕਨਾਲੋਜੀਆਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਇਲਾਵਾ, ਸੈਸ਼ਨ ਦੌਰਾਨ 10 ਤਕਨਾਲੋਜੀਆਂ ਅਤੇ ਅੱਠ ਪੇਟੈਂਟ ਕੀਤੀਆਂ ਤਕਨਾਲੋਜੀਆਂ ਪੇਸ਼ ਕੀਤੀਆਂ ਗਈਆਂ, ਜੋ ਦੇਸ਼ ਦੇ ਸਿਹਤ ਖੋਜ ਵਾਤਾਵਰਣ ਪ੍ਰਣਾਲੀ ਤੋਂ ਉੱਭਰ ਰਹੇ ਨਵੀਨਤਾ ਦੀ ਵਿਸ਼ਾਲਤਾ ਨੂੰ ਉਜਾਗਰ ਕਰਦੀਆਂ ਹਨ।
ਸਮਿਟ ਵਿੱਚ ਤਿੰਨ ਨਵੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ। DHR ਦੀ 'ਰਿਸਰਚ ਟੂ ਐਕਸ਼ਨ ਵਰਟੀਕਲ' ਪਹਿਲਕਦਮੀ ਦਾ ਉਦੇਸ਼ ਖੋਜ ਤੋਂ ਪ੍ਰਾਪਤ ਸਬੂਤਾਂ ਨੂੰ ਉਪਯੋਗੀ ਅਤੇ ਫੈਸਲਾ-ਅਧਾਰਿਤ ਉਤਪਾਦਾਂ ਵਿੱਚ ਬਦਲਣਾ ਹੈ ਜੋ ਸਰਕਾਰੀ ਨੀਤੀਆਂ ਅਤੇ ਸਿਹਤ ਪ੍ਰੋਗਰਾਮਾਂ ਦੇ ਨਿਰਮਾਣ ਅਤੇ ਲਾਗੂਕਰਨ ਵਿੱਚ ਵਰਤੇ ਜਾ ਸਕਦੇ ਹਨ। ਸਿੰਡਰੋਮਿਕ ਨਿਗਰਾਨੀ: DHR ਦੀ ਵਾਇਰਸ ਖੋਜ ਅਤੇ ਡਾਇਗਨੌਸਟਿਕ ਪ੍ਰਯੋਗਸ਼ਾਲਾਵਾਂ (VRDL) ਯੋਜਨਾ ਦੇ ਤਹਿਤ, ਸਮੇਂ ਸਿਰ ਬਿਮਾਰੀ ਦੇ ਪ੍ਰਕੋਪ ਦੀ ਪਛਾਣ ਕਰਨ ਲਈ 70 VRDLs ਅਤੇ ਛੂਤ ਵਾਲੇ ਰੋਗ ਖੋਜ ਅਤੇ ਡਾਇਗਨੌਸਟਿਕ ਪ੍ਰਯੋਗਸ਼ਾਲਾਵਾਂ (IRDLs) ਨੂੰ ਜੋੜ ਕੇ ਇੱਕ ਸ਼ੁਰੂਆਤੀ ਚੇਤਾਵਨੀ ਨੈੱਟਵਰਕ ਸਥਾਪਿਤ ਕੀਤਾ ਜਾਵੇਗਾ। ਅੱਜ ਲਾਂਚ ਕੀਤਾ ਗਿਆ ਡਾ. ਐੱਮ.ਕੇ. ਭਾਨ ਯੰਗ ਮੈਡੀਕਲ ਫੈਕਲਟੀ ਪੀਐੱਚਡੀ ਪੋਰਟਲ, ਸੰਭਾਵੀ ਬਿਨੈਕਾਰਾਂ ਲਈ ਇੱਕ ਕੇਂਦਰੀਕ੍ਰਿਤ ਡਿਜੀਟਲ ਪਲੈਟਫਾਰਮ ਵਜੋਂ ਕੰਮ ਕਰੇਗਾ, ਜੋ ਪੀਐੱਚਡੀ ਪ੍ਰੋਗਰਾਮ ਨਾਲ ਸਬੰਧਿਤ ਜ਼ਰੂਰੀ ਜਾਣਕਾਰੀ ਪ੍ਰਦਾਨ ਕਰੇਗਾ।
ਆਈਸੀਐੱਮਆਰ ਨੇ ਐਂਟੀਮਾਈਕਰੋਬਾਇਲ ਰੇਜ਼ਿਸਟੈਂਸ (ਏਐੱਮਆਰ) ਸਲਾਨਾ ਰਿਪੋਰਟ ਅਤੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਵੀ ਜਾਰੀ ਕੀਤੀਆਂ, ਜੋ ਐਂਟੀਮਾਈਕਰੋਬਾਇਲ ਰੇਜ਼ਿਸਟੈਂਸ ਅਤੇ ਮਾਨਕੀਕ੍ਰਿਤ ਪ੍ਰਯੋਗਸ਼ਾਲਾ ਪ੍ਰਕਿਰਿਆਵਾਂ 'ਤੇ ਰਾਸ਼ਟਰੀ ਸਬੂਤ ਅਧਾਰ ਨੂੰ ਇਕਜੁੱਟ ਕਰਦੀਆਂ ਹਨ। ਆਈਸੀਐੱਮਆਰ ਕੰਪੈਂਡੀਅਮ ਵੀ ਜਾਰੀ ਕੀਤਾ ਗਿਆ, ਜਿਸ ਵਿੱਚ ਖੋਜ ਨੂੰ ਜਨਤਕ-ਵਰਤੋਂ ਦੇ ਨਤੀਜਿਆਂ ਵਿੱਚ ਕਿਵੇਂ ਪਰਿਵਰਤਿਤ ਕਰਨ ਸਬੰਧੀ 25 ਪ੍ਰੇਰਨਾਦਾਇਕ ਕਹਾਣੀਆਂ ਸ਼ਾਮਲ ਕੀਤਾ ਗਿਆ ਹੈ ।
ਰਿਸਰਚ ਐਕਸੀਲੈਂਸ ਸ਼ੋਅਕੇਸ ਵਿੱਚ ਚੋਣਵੇਂ ਖੋਜ ਪ੍ਰਕਾਸ਼ਨ ਪੇਸ਼ ਕੀਤੇ ਗਏ। ਇਨੋਵੇਸ਼ਨ ਐਕਸੀਲੈਂਸ ਸ਼ੋਅਕੇਸ ਵਿੱਚ ਚੁਣੀਆਂ ਗਈਆਂ ਤਕਨਾਲੋਜੀਆਂ ਅਤੇ ਪੇਟੈਂਟ ਵੀ ਪ੍ਰਦਰਸ਼ਿਤ ਕੀਤੇ ਗਏ। ਰਿਸਰਚ ਐਡਮਿਨਿਸਟ੍ਰੇਸ਼ਨ ਅਤੇ ਵਿੱਤ ਬਾਰੇ ਇੱਕ ਵਿਸ਼ੇਸ਼ ਸੈਸ਼ਨ ਵਿੱਚ ਗ੍ਰਾਂਟ ਪ੍ਰਬੰਧਨ, ਖਰੀਦ ਅਤੇ ਵਿੱਤੀ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ, ਸੁਚਾਰੂ ਬਣਾਉਣ ਅਤੇ ਵਧੇਰੇ ਕੁਸ਼ਲ ਬਣਾਉਣ ਦੇ ਤਰੀਕਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਆਈਸੀਐੱਮਆਰ-ਨੈਸ਼ਨਲ ਇੰਸਟੀਟਿਊਟ ਆਫ਼ ਮਲੇਰੀਆ ਰਿਸਰਚ (ਆਈਸੀਐੱਮਆਰ- ਐਨਆਈਐੱਮਆਰ) ਦੀ ਗੋਲਡਨ ਜੁਬਲੀ ਦੇ ਮੌਕੇ 'ਤੇ, ਇੰਸਟੀਟਿਊਟ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਇੱਕ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਗਿਆ। ਇੰਸਟੀਟਿਊਟ ਦੇ ਮਲੇਰੀਆ ਖੋਜ ਵਿੱਚ ਪੰਜ ਦਹਾਕਿਆਂ ਦੇ ਯੋਗਦਾਨ ਨੂੰ ਉਜਾਗਰ ਕੀਤਾ ਗਿਆ।
ਕਾਨਫਰੰਸ ਨੇ ਖੋਜ, ਨਵੀਨਤਾ ਅਤੇ ਸੰਸਥਾਗਤ ਉੱਤਮਤਾ ਮਾਨਤਾ ਰਾਹੀਂ ਸਿਹਤ ਖੋਜ ਵਾਤਾਵਰਣ ਪ੍ਰਣਾਲੀ ਵਿੱਚ ਸ਼ਾਨਦਾਰ ਯੋਗਦਾਨ ਨੂੰ ਵੀ ਮਾਨਤਾ ਦਿੱਤੀ। ਖੋਜਕਰਤਾਵਾਂ ਅਤੇ ਸੰਸਥਾਵਾਂ ਨੂੰ ਨੌਂ ਸ਼੍ਰੇਣੀਆਂ ਵਿੱਚ ਪ੍ਰਕਾਸ਼ਨਾਂ, ਤਕਨਾਲੋਜੀਆਂ, ਪੇਟੈਂਟਾਂ ਅਤੇ ਸੰਸਥਾਗਤ ਪ੍ਰਦਰਸ਼ਨ ਵਿੱਚ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਆਈਸੀਐੱਮਆਰ ਖੋਜ ਪ੍ਰਬੰਧਨ ਉੱਤਮਤਾ ਮਾਨਤਾ ਨੇ ਪ੍ਰੋਜੈਕਟ ਚੋਣ, ਇੰਡੀਅਨ ਜਰਨਲ ਆਫ਼ ਮੈਡੀਕਲ ਰਿਸਰਚ, ਵਿਗਿਆਨਕ ਵਿਭਾਗਾਂ, ਵਿਗਿਆਨਕ ਸਹਾਇਤਾ ਇਕਾਈਆਂ, ਪ੍ਰਸ਼ਾਸਨ ਅਤੇ ਵਿੱਤ ਟੀਮਾਂ ਵਿੱਚ ਸ਼ਾਮਲ ਸਮੀਖਿਅਕਾਂ ਦੇ ਯੋਗਦਾਨ ਨੂੰ ਵੀ ਮਾਨਤਾ ਦਿੱਤੀ, ਜਿਨ੍ਹਾਂ ਨੇ ਖੋਜ ਵਾਤਾਵਰਣ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਅਤੇ ਉੱਚ-ਗੁਣਵੱਤਾ ਖੋਜ ਦਾ ਸਮਰਥਨ ਕੀਤਾ।
SHINE ਰਾਸ਼ਟਰੀ ਮੁਕਾਬਲੇ ਰਾਹੀਂ ਚੁਣੇ ਗਏ ਚੋਟੀ ਦੇ 100 ਸਕੂਲੀ ਵਿਦਿਆਰਥੀਆਂ ਨੂੰ ਵੀ ਸੰਮੇਲਨ ਵਿੱਚ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਦਿਆਰਥੀਆਂ ਨੂੰ ਜਨਤਕ ਸਿਹਤ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਉਨ੍ਹਾਂ ਦੇ ਵਿਗਿਆਨਕ ਸੁਭਾਅ ਲਈ ਮਾਨਤਾ ਦਿੱਤੀ ਗਈ। SHINE ICMR ਦੀ ਇੱਕ ਦੇਸ਼ ਵਿਆਪੀ ਪਹਿਲ ਹੈ, ਜੋ ਦੇਸ਼ ਭਰ ਦੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਵਿੱਚ 9 ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ ਹੈ। ਇਸ ਪਹਿਲ ਦਾ ਉਦੇਸ਼ ਵਿਗਿਆਨਕ ਸੁਭਾਅ ਵਿਕਸਿਤ ਕਰਨਾ, ਉਤਸੁਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਨੌਜਵਾਨ ਵਿਦਿਆਰਥੀਆਂ ਨੂੰ ਬਾਇਓਮੈਡੀਕਲ ਅਤੇ ਸਿਹਤ ਖੋਜ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਨਾ ਹੈ।
ਇਸ ਸੰਮੇਲਨ ਨੇ ਰਾਸ਼ਟਰੀ ਸਿਹਤ ਤਰਜੀਹਾਂ ਨੂੰ ਸੰਬੋਧਿਤ ਕਰਨ ਅਤੇ ਪਹੁੰਚਯੋਗ, ਕਿਫਾਇਤੀ ਅਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਵੱਲ ਭਾਰਤ ਦੇ ਮਾਰਗ ਨੂੰ ਅੱਗੇ ਵਧਾਉਣ ਲਈ ਇੱਕ ਮਜ਼ਬੂਤ, ਸਹਿਯੋਗੀ ਅਤੇ ਨਵੀਨਤਾ-ਅਧਾਰਿਤ ਸਿਹਤ ਖੋਜ ਵਾਤਾਵਰਣ ਪ੍ਰਣਾਲੀ ਦੀ ਮਹੱਤਤਾ ਪ੍ਰਤੀ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਭਾਰਤ ਵਿੱਚ ਬਾਇਓਮੈਡੀਕਲ ਖੋਜ ਦੇ ਨਿਰਮਾਣ, ਤਾਲਮੇਲ ਅਤੇ ਪ੍ਰਚਾਰ ਲਈ ਇੱਕ ਸਿਖਰਲੀ ਸੰਸਥਾ ਹੈ। ਨਵੀਂ ਦਿੱਲੀ ਵਿੱਚ ਮੁੱਖ ਦਫਤਰ, ਇਹ ਦੁਨੀਆ ਦੇ ਸਭ ਤੋਂ ਪੁਰਾਣੇ ਮੈਡੀਕਲ ਖੋਜ ਸੰਗਠਨਾਂ ਵਿੱਚੋਂ ਇੱਕ ਹੈ। 1911 ਵਿੱਚ ਸਥਾਪਿਤ, ICMR ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਿਹਤ ਖੋਜ ਵਿਭਾਗ ਦੇ ਅਧੀਨ ਕੰਮ ਕਰਦਾ ਹੈ।











****
ਐੱਸਆਰ/ਜੀਐੱਸ/ਏਕੇ