Posted On:
18 NOV 2026 6:40PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਅੱਜ, 18 ਨਵੰਬਰ, 2026 ਨੂੰ ਨਵੀਂ ਦਿੱਲੀ ਵਿੱਚ ਸ਼੍ਰੀ ਰਾਮ ਕਾਲਜ ਆਫ਼ ਕਾਮਰਸ (ਐੱਸਆਰਸੀਸੀ) ਦੇ ਸ਼ਤਾਬਦੀ ਸਮਾਰੋਹਾਂ ਦੇ ਸਮਾਪਤੀ ਸਮਾਗਮ ਵਿੱਚ ਸ਼ਾਮਲ ਹੋਏ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਮੋਹਰੀ ਵਿੱਦਿਅਕ ਅਦਾਰਿਆਂ ਨੂੰ ਵਿਸ਼ਵ ਪੱਧਰੀ ਸੰਸਥਾਵਾਂ ਵਜੋਂ ਵਿਕਸਤ ਹੋਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ਼ ਭਾਰਤ ਨੂੰ ਇੱਕ ਵਿਸ਼ਵ-ਵਿਆਪੀ ਗਿਆਨ ਮਹਾਂਸ਼ਕਤੀ ਬਣਾਉਣ ਦੇ ਰਾਸ਼ਟਰੀ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਮਦਦ ਮਿਲੇਗੀ, ਸਗੋਂ ਉੱਚ ਸਿੱਖਿਆ ਲਈ ਦੇਸ਼ ਅਤੇ ਵਿਦੇਸ਼ ਦੇ ਪ੍ਰਤਿਭਾਸ਼ਾਲੀ ਵਿਦਿਆਰਥੀ ਵੀ ਇਨ੍ਹਾਂ ਸੰਸਥਾਵਾਂ ਵੱਲ ਆਕਰਸ਼ਿਤ ਹੋਣਗੇ।

ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਦੌਰਾਨ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਿਕਾਸ ਵਾਲੀਆਂ ਪ੍ਰਮੁੱਖ ਅਰਥ-ਵਿਵਸਥਾਵਾਂ ਵਿੱਚੋਂ ਇੱਕ ਬਣਿਆ ਹੋਇਆ ਹੈ। ਦੇਸ਼ ਵਿੱਚ ਬੁਨਿਆਦੀ ਢਾਂਚੇ ਦਾ ਬੇਮਿਸਾਲ ਵਿਸਥਾਰ ਹੋਇਆ ਹੈ, ਡਿਜੀਟਲ ਦੁਨੀਆ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਆਈਆਂ ਹਨ ਅਤੇ ਵਿੱਤੀ ਸਮਾਵੇਸ਼ਨ ਅਤੇ ਸਮਾਜਿਕ ਵਿਕਾਸ ਨੂੰ ਹਾਸਲ ਕੀਤਾ ਗਿਆ ਹੈ। ਸਟਾਰਟਅੱਪਸ ਲਈ ਅਨੁਕੂਲ ਈਕੋਸਿਸਟਮ ਤਿਆਰ ਹੋਇਆ ਹੈ, ਅਤੇ ਕਾਰੋਬਾਰ ਕਰਨ ਵਿੱਚ ਸੌਖ ਨੂੰ ਉੱਚ ਤਰਜੀਹ ਦਿੱਤੀ ਗਈ ਹੈ। ਨਾਲ ਹੀ ਇਹ ਯਕੀਨੀ ਬਣਾਉਣ ਦੇ ਦ੍ਰਿਸ਼ਟੀਕੋਣ ਤੋਂ ਪ੍ਰਭਾਵਸ਼ਾਲੀ ਭਲਾਈ ਉਪਾਅ ਲਾਗੂ ਕੀਤੇ ਗਏ ਹਨ ਕਿ ਕੋਈ ਵੀ ਯੋਗ ਲਾਭਪਾਤਰੀ ਯੋਜਨਾਵਾਂ ਦੇ ਲਾਭਾਂ ਤੋਂ ਵਾਂਝਾ ਨਾ ਰਹੇ। ਹਾਲ ਹੀ ਦੇ ਸਾਲਾਂ ਵਿੱਚ, ਲਗਭਗ 50 ਕਰੋੜ ਦੇਸ਼ਵਾਸੀ ਅਤਿ ਦੀ ਗ਼ਰੀਬੀ ਵਿੱਚੋਂ ਬਾਹਰ ਆਏ ਹਨ। ਅਨਿਸ਼ਚਿਤਤਾ ਅਤੇ ਸੰਘਰਸ਼ਾਂ ਨਾਲ ਘਿਰੇ ਵਿਸ਼ਵ-ਵਿਆਪੀ ਮਾਹੌਲ ਦੀਆਂ ਚੁਣੌਤੀਆਂ ਦੇ ਬਾਵਜੂਦ ਇਹ ਪ੍ਰਾਪਤੀਆਂ ਹਾਸਲ ਹੋਈਆਂ ਹਨ। ਇਸ ਕਾਲਜ ਦੇ ਵਿਦਿਆਰਥੀ ਖ਼ੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਭਾਰਤੀ ਅਰਥ-ਵਿਵਸਥਾ ਦੀ ਇਸ ਮਜ਼ਬੂਤੀ ਅਤੇ ਸਫ਼ਲਤਾ ਨੂੰ ਦੇਖਣ ਅਤੇ ਉਸ ਤੋਂ ਸਿੱਖਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਉਹ ਇਸ ਸਿੱਖਿਆ ਦੀ ਵਰਤੋਂ ਸਾਡੀ ਵਿਕਾਸ ਯਾਤਰਾ ਨੂੰ ਹੋਰ ਤੇਜ਼ ਕਰਨ ਲਈ ਕਰਨਗੇ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨਵੀਂ ਊਰਜਾ ਅਤੇ ਨਵੇਂ ਦ੍ਰਿਸ਼ਟੀਕੋਣ ਨਾਲ ਵਿਸ਼ਵ ਪੱਧਰ ’ਤੇ ਆਪਣੀ ਆਰਥਿਕ ਭੂਮਿਕਾ ਦਾ ਵਿਸਥਾਰ ਕਰ ਰਿਹਾ ਹੈ। ਸਾਡੇ ਨੌਜਵਾਨ ਸਾਡੇ ਉਤਸ਼ਾਹੀ ਯਤਨਾਂ ਨੂੰ ਅੱਗੇ ਵਧਾਉਣਗੇ, ਪਰ ਮਹੱਤਵਪੂਰਨ ਗੱਲ ਇਹ ਹੈ ਕਿ ਸਾਡੇ ਕੋਲ ਦੁਨੀਆ ਵਿੱਚ ਨੌਜਵਾਨ ਪ੍ਰਤਿਭਾਵਾਂ ਦਾ ਸਭ ਤੋਂ ਵਧੀਆ ਭੰਡਾਰ, ਜੋ ਐੱਸ.ਆਰ.ਸੀ.ਸੀ. ਵਰਗੇ ਕਾਲਜਾਂ ਤੋਂ ਝਲਕਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ "ਭਾਰਤ ਦਾ, ਭਾਰਤ ਵੱਲੋਂ ਅਤੇ ਭਾਰਤ ਲਈ" ਉਹ ਦ੍ਰਿਸ਼ਟੀਕੋਣ ਹੈ, ਜਿਸ ਦੇ ਆਧਾਰ ਤੇ ਸਾਡੇ ਨੌਜਵਾਨਾਂ ਨੂੰ ਆਪਣੀਆਂ ਇੱਛਾਵਾਂ ਅਤੇ ਭੂਮਿਕਾਵਾਂ ਨੂੰ ਪਰਿਭਾਸ਼ਿਤ ਕਰਨਾ ਚਾਹੀਦਾ ਹੈ। ਇਸ ਸੰਦਰਭ ਵਿੱਚ, "ਭਾਰਤ ਵੱਲੋਂ" ਦਾ ਅਰਥ ਹੈ ਕਿ ਸਮਾਜ ਅਤੇ ਸੰਸਥਾਵਾਂ ਨੇ ਵਿਦਿਆਰਥੀਆਂ ਦੀਆਂ ਸਮਰੱਥਾਵਾਂ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਹੈ। ਇਸ ਲਈ, ਸਮਾਜ ਅਤੇ ਦੇਸ਼ ਪ੍ਰਤੀ ਉਨ੍ਹਾਂ ਦੀ ਵਿਸ਼ੇਸ਼ ਜ਼ੁੰਮੇਵਾਰੀ ਹੈ।

ਰਾਸ਼ਟਰਪਤੀ ਨੇ ਇਸ ਗੱਲ ’ਤੇ ਖ਼ੁਸ਼ੀ ਪ੍ਰਗਟ ਕੀਤੀ ਕਿ ਸ਼੍ਰੀ ਰਾਮ ਕਾਲਜ ਆਫ਼ ਕਾਮਰਸ ਦੇ ਵਿਦਿਆਰਥੀ ਇਮਤਿਹਾਨਾਂ ਵਿੱਚ ਸ਼ਾਨਦਾਰ ਅੰਕ ਹਾਸਲ ਕਰ ਰਹੇ ਹਨ ਅਤੇ ਪ੍ਰੀਖਿਆਵਾਂ ਵਿੱਚ ਉੱਚ ਸਥਾਨ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਤੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਇਸ ਗੱਲ ਦੀ ਮਿਸਾਲ ਕਾਇਮ ਕਰਨਗੇ ਕਿ ਕਿਵੇਂ ਧਨ-ਸਿਰਜਣਾ ਨਾਲ ਰਾਸ਼ਟਰ ਨਿਰਮਾਣ ਹੁੰਦਾ ਹੈ; ਉਹ ਖ਼ੁਦ ਤਾਂ ਚੰਗਾ ਕਰਨ ਹੀ , ਨਾਲ ਹੀ ਖ਼ਾਸ ਕਰਕੇ ਵਾਂਝੇ ਵਰਗਾਂ ਲਈ ਵੀ ਮੌਕਿਆਂ ਦੀ ਸਿਰਜਣਾ ਕਰਨ; ਭਾਰਤੀ ਕਦਰਾਂ-ਕੀਮਤਾਂ ਨਾਲ ਜੁੜੇ ਰਹਿ ਕੇ ਵਿਸ਼ਵ ਪੱਧਰੀ ਉੱਤਮਤਾ ਹਾਸਲ ਕਰਨ; ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਸੰਵੇਦਨਸ਼ੀਲਤਾ ਅਤੇ ਜ਼ੁੰਮੇਵਾਰੀ ਨਾਲ ਕਰਨ; ਅਤੇ ਹਮਦਰਦੀ , ਨੈਤਿਕਤਾ ਅਤੇ ਸਦਾਚਾਰ ਦੇ ਨਾਲ ਪੇਸ਼ਾਵਰ ਉੱਤਮਤਾ ਵੱਲ ਅੱਗੇ ਵਧਣ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਐੱਸ.ਆਰ.ਸੀ.ਸੀ. ਪਰਿਵਾਰ ਦੇ ਮੈਂਬਰ ਸਾਲ 2047 ਤੱਕ ‘ਵਿਕਸਿਤ ਭਾਰਤ’ ਦੇ ਨਿਰਮਾਣ ਅਤੇ ਉਸ ਤੋਂ ਬਾਅਦ ਵੀ ਦੇਸ਼ ਦੀ ਸ਼ਾਨਦਾਰ ਵਿਕਾਸ ਯਾਤਰਾ ਵਿੱਚ ਲਗਾਤਾਰ ਯੋਗਦਾਨ ਦਿੰਦੇ ਰਹਿਣਗੇ।
ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।
*****
ਐੱਮਜੇਪੀਐੱਸ/ਐੱਸਐੱਸ/ਪੀਆਰਕੇ