ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰਪਤੀ ਨੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ-ਨੈਸ਼ਨਲ ਇੰਸਟੀਚਿਊਟ ਆਫ਼ ਮਲੇਰੀਆ ਖੋਜ ਸੰਸਥਾਨ ਦੇ ਸਾਲ ਭਰ ਚੱਲਣ ਵਾਲੇ ਗੋਲਡਨ ਜੁਬਲੀ ਸਮਾਗਮਾਂ ਦਾ ਉਦਘਾਟਨ ਕੀਤਾ


ਆਈਸੀਐੱਮਆਰ ਵਰਗੇ ਪ੍ਰਮੁੱਖ ਸੰਸਥਾਨ ਵਿਕਸਤ ਭਾਰਤ ਦੇ ਸਿਹਤ-ਸੰਬੰਧੀ ਟੀਚਿਆਂ ਨੂੰ ਖੋਜ, ਸਹਿਯੋਗ ਅਤੇ ਨਵੀਨਤਾ ਦੇ ਜ਼ਰੀਏ ਪ੍ਰਾਪਤ ਕਰਨ ਵਿੱਚ ਅਗਵਾਈ ਕਰ ਸਕਦੇ ਹਨ: ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ

Posted On: 17 NOV 2026 2:58PM by PIB Chandigarh

ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (17 ਨਵੰਬਰ, 2026) ਨਵੀਂ ਦਿੱਲੀ ਵਿੱਚ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ-ਨੈਸ਼ਨਲ ਇੰਸਟੀਚਿਊਟ ਖੋਜ ਸੰਸਥਾਨ ਦੇ ਸਾਲ ਭਰ ਚੱਲਣ ਵਾਲੇ ਗੋਲਡਨ ਜੁਬਲੀ ਸਮਾਗਮ ਦਾ ਉਦਘਾਟਨ ਕੀਤਾ।

ਇਸ ਮੌਕੇ ’ਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਮਲੇਰੀਆ ਲੰਬੇ ਸਮੇਂ ਤੋਂ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਇੱਕ ਗੰਭੀਰ ਜਨਤਕ ਸਿਹਤ ਚੁਣੌਤੀ ਰਿਹਾ ਹੈ। ਆਜ਼ਾਦੀ ਦੇ ਸਮੇਂ, ਇਹ ਸਾਡੇ ਦੇਸ਼ ਦੀਆਂ ਸਭ ਤੋਂ ਗੰਭੀਰ ਜਨਤਕ ਸਿਹਤ ਚੁਣੌਤੀਆਂ ਵਿੱਚੋਂ ਇੱਕ ਸੀ। ਇਹ ਸੰਤੁਸ਼ਟੀ ਦੀ ਗੱਲ ਹੈ ਕਿ ਭਾਰਤ ਨੇ ਪਿਛਲੇ ਕੁਝ ਸਾਲਾਂ ਵਿੱਚ ਮਲੇਰੀਆ ਕੰਟਰੋਲ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਬਿਹਤਰ ਸਿਹਤ ਸੇਵਾਵਾਂ, ਆਧੁਨਿਕ ਡਾਇਗਨੌਸਟਿਕ ਤਕਨੀਕਾਂ, ਪ੍ਰਭਾਵਸ਼ਾਲੀ ਦਵਾਈਆਂ, ਮੱਛਰ ਕੰਟਰੋਲ ਮੁਹਿੰਮਾਂ ਅਤੇ ਭਾਈਚਾਰਕ ਭਾਗੀਦਾਰੀ ਨੇ ਬਿਮਾਰੀ ਦੇ ਫੈਲਣ ਨੂੰ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮਲੇਰੀਆ ਖ਼ਤਮ ਕਰਨ ਦੀ ਦਿਸ਼ਾ ਵਿੱਚ ਭਾਰਤ ਦੀ ਤਰੱਕੀ ਨੂੰ ਵਿਸ਼ਵ ਪੱਧਰ ’ਤੇ ਮਾਨਤਾ ਮਿਲੀ ਹੈ। 2024 ਵਿੱਚ, ਭਾਰਤ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ‘ਹਾਈ ਬਰਡਨ ਟੂ ਹਾਈ ਇਮਪੈਕਟ’ ਸ਼੍ਰੇਣੀ ਤੋਂ ਬਾਹਰ ਨਿਕਲਿਆ। ਇਹ ਪ੍ਰਾਪਤੀ ਸਾਡੇ ਜਨਤਕ ਸਿਹਤ ਪ੍ਰੋਗਰਾਮਾਂ, ਵਿਗਿਆਨੀਆਂ, ਸਿਹਤ ਕਰਮਚਾਰੀਆਂ ਅਤੇ ਨਾਗਰਿਕਾਂ ਦੇ ਸਮੂਹਿਕ ਯਤਨਾਂ ਨਾਲ ਸੰਭਵ ਹੋਈ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਮਲੇਰੀਆ ਰਿਸਰਚ ਨੇ ਮਲੇਰੀਆ ਵਿਰੁੱਧ ਇਸ ਲੰਬੀ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪਿਛਲੇ ਪੰਜ ਦਹਾਕਿਆਂ ਵਿੱਚ, ਇਸ ਨੇ ਮਲੇਰੀਆ ਪਰਜੀਵੀ, ਮੱਛਰ, ਵੈਕਟਰ ਕੰਟਰੋਲ, ਕੀਟਨਾਸ਼ਕ ਪ੍ਰਤੀਰੋਧ ਅਤੇ ਭਾਈਚਾਰਕ-ਅਧਾਰਿਤ ਨਿਗਰਾਨੀ ਵਰਗੇ ਖੇਤਰਾਂ ਵਿੱਚ ਮੋਹਰੀ ਖੋਜ ਕੀਤੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਜਲਵਾਯੂ ਤਬਦੀਲੀ, ਗੈਰ-ਯੋਜਨਾਬੱਧ ਸ਼ਹਿਰੀਕਰਨ, ਅਤੇ ਮੱਛਰਾਂ ਦੀ ਕੀਟਨਾਸ਼ਕਾਂ ਪ੍ਰਤੀ ਵੱਧ ਰਹੀ ਰੋਧਕ ਸ਼ਕਤੀ ਵਰਗੀਆਂ ਨਵੀਂਆਂ ਚੁਣੌਤੀਆਂ ਮਲੇਰੀਆ ਖ਼ਤਮ ਕਰਨ ਵਿੱਚ ਨਵੀਂਆਂ ਰੁਕਾਵਟਾਂ ਪੈਦਾ ਕਰ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ, ਸਿਰਫ਼ ਸਿਹਤ ਕਰਮਚਾਰੀਆਂ ਦੇ ਯਤਨ ਮਲੇਰੀਆ ਦੇ ਫੈਲਣ ਨੂੰ ਨਹੀਂ ਰੋਕ ਸਕਦੇ। ਪਾਣੀ ਖੜ੍ਹਾ ਹੋਣ ਤੋਂ ਰੋਕਣ, ਮੱਛਰਾਂ ਦੇ  ਪੈਦਾ ਹੋਣ ਦੇ ਸਰੋਤਾਂ ਨੂੰ ਖ਼ਤਮ ਕਰਨ ਅਤੇ ਵਾਤਾਵਰਣ ਪ੍ਰਬੰਧਨ ’ਤੇ ਵੀ ਧਿਆਨ ਕੇਂਦਰਿਤ ਕਰਨਾ ਜ਼ਰੂਰੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਨੀਤੀਘਾੜ੍ਹੇ ਅਤੇ ਵਿਗਿਆਨਕ ਭਾਈਚਾਰਾ ਇਸ ਦਿਸ਼ਾ ਵਿੱਚ ਠੋਸ ਯਤਨ ਕਰ ਰਹੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਡੇਂਗੂ ਵੀ ਦੇਸ਼ ਵਿੱਚ ਇੱਕ ਵੱਡੀ ਚੁਣੌਤੀ ਵਜੋਂ ਉੱਭਰਿਆ ਹੈ। ਗਲੋਬਲ ਤਾਪਮਾਨ ਵਿੱਚ ਵਾਧਾ ਅਤੇ ਮਾਨਸੂਨ ਦੇ ਪੈਟਰਨ ਵਿੱਚ ਤਬਦੀਲੀ ਕਾਰਨ ਇਹ ਚੁਣੌਤੀ ਹੋਰ ਵੀ ਜ਼ਿਆਦਾ ਗੰਭੀਰ ਹੋ ਸਕਦੀ ਹੈ। ਆਈਸੀਐੱਮਆਰ ਵੱਲੋਂ ਕੀਤੇ ਗਏ ਖੋਜ ਅਤੇ ਅਧਿਐਨਾਂ ਨੇ ਤਪਦਿਕ (ਟੀ.ਬੀ.), ਕੋਹੜ (ਕੁਸ਼ਟ ਰੋਗ) ਅਤੇ ਕਾਲਾਜ਼ਾਰ ਵਰਗੀਆਂ ਬਿਮਾਰੀਆਂ ਵਿਰੁੱਧ ਸਾਡੀ ਲੜਾਈ ਨੂੰ ਆਕਾਰ ਦਿੱਤਾ ਹੈ। ਆਈਸੀਐੱਮਆਰ ਨੇ ਸਾਡੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਨੂੰ ਆਕਾਰ ਦੇਣ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਹੈ। ਕੋਵਿਡ-19 ਮਹਾਂਮਾਰੀ ਦੌਰਾਨ, ਇਸ ਨੇ ਰਿਕਾਰਡ ਸਮੇਂ ਵਿੱਚ ਇੱਕ ਰਾਸ਼ਟਰੀ ਟੈਸਟਿੰਗ ਨੈੱਟਵਰਕ ਸਥਾਪਤ ਕੀਤਾ ਅਤੇ ਭਾਰਤ ਦੀ ਪਹਿਲੀ ਸਵਦੇਸ਼ੀ ਕੋਵਿਡ-19 ਵੈਕਸੀਨ ਦੇ ਵਿਕਾਸ ਵਿੱਚ ਭਾਈਵਾਲੀ ਕੀਤੀ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਆਈਸੀਐੱਮਆਰ ਡੇਂਗੂ ਵਰਗੀਆਂ ਬਿਮਾਰੀਆਂ ਦਾ ਪਤਾ ਕਰਨ ਲਈ ਵੀ ਪ੍ਰਭਾਵਸ਼ਾਲੀ ਕਦਮ ਚੁੱਕ ਰਿਹਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਗੋਲਡਨ ਜੁਬਲੀ ਦਾ ਮੌਕਾ ਕੇਵਲ ਬੀਤੇ ਸਮੇਂ ਦੀਆਂ ਪ੍ਰਾਪਤੀਆਂ ’ਤੇ ਵਿਚਾਰ ਕਰਨ ਅਤੇ ਉਨ੍ਹਾਂ ’ਤੇ ਮਾਣ ਕਰਨ ਦਾ ਸਮਾਂ ਨਹੀਂ ਹੈ, ਸਗੋਂ ਭਵਿੱਖ ਲਈ ਫ਼ੈਸਲਾਕੁਨ ਟੀਚੇ ਤੈਅ ਕਰਨ ਦਾ ਮੌਕਾ ਵੀ ਹੈ। ਅਸੀਂ 2047 ਤੱਕ ਵਿਕਸਤ ਭਾਰਤ ਦੇ ਨਿਰਮਾਣ ਦੇ ਟੀਚੇ ਨਾਲ ਅੱਗੇ ਵਧ ਰਹੇ ਹਾਂ। ਖੋਜ ਸੰਸਥਾਨਾਂ, ਤਕਨੀਕੀ ਅਤੇ ਉੱਚ ਸਿੱਖਿਆ ਕੇਂਦਰਾਂ ਅਤੇ ਉਦਯੋਗਿਕ ਖੇਤਰ ਵਿਚਕਾਰ ਮਜ਼ਬੂਤ ਸਹਿਯੋਗ ਇੱਕ ਸਿਹਤਮੰਦ ਅਤੇ ਸਸ਼ਕਤ ਭਾਰਤ ਦੇ ਨਿਰਮਾਣ ਲਈ ਬਹੁਤ ਮਹੱਤਵਪੂਰਨ ਹੈ। ਆਈ.ਸੀ.ਐੱਮ.ਆਰ. ਵਰਗੇ ਪ੍ਰਮੁੱਖ ਸੰਸਥਾਨ ਅਜਿਹੇ ਸਹਿਯੋਗ ਨੂੰ ਹੁਲਾਰਾ ਦੇਣ ਵਿੱਚ ਅਗਵਾਈ ਕਰ ਸਕਦੇ ਹਨ। ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਆਈ.ਸੀ.ਐੱਮ.ਆਰ. ਅਤੇ ਇਸ ਦੇ ਸਹਿਯੋਗੀ ਸੰਸਥਾਨ ਖੋਜ, ਸਹਿਯੋਗ ਅਤੇ ਨਵੀਨਤਾ ਦੇ ਜ਼ਰੀਏ ਵਿਕਸਤ ਭਾਰਤ ਦੇ ਸਿਹਤ-ਸੰਬੰਧੀ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਯੋਗਦਾਨ ਪਾਉਣਗੇ।

ਰਾਸ਼ਟਰਪਤੀ ਦਾ ਭਾਸ਼ਣ ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

*****

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2337887) ਵਿਜ਼ੀਟਰ ਕਾਊਂਟਰ : 5