Posted On:
17 NOV 2026 6:55PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ-ਨੈਸ਼ਨਲ ਇੰਸਟੀਟਿਊਟ ਆਫ਼ ਮਲੇਰੀਆ ਰਿਸਰਚ (ਆਈਸੀਐੱਮਆਰ-ਐੱਨਆਈਐੱਮਆਰ) ਦੇ ਗੋਲਡਨ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ। ਸੰਸਥਾ ਨਾਲ ਜੁੜੇ ਪੁਰਾਣੇ ਅਤੇ ਮੌਜੂਦਾ ਵਿਗਿਆਨੀਆਂ, ਖੋਜਕਰਤਾਵਾਂ ਅਤੇ ਸਿਹਤ ਕਰਮਚਾਰੀਆਂ ਨੂੰ ਵਧਾਈ ਦਿੰਦੇ ਹੋਏ, ਰਾਸ਼ਟਰਪਤੀ ਨੇ ਯਾਦ ਕੀਤਾ ਕਿ ਮਲੇਰੀਆ ਇਤਿਹਾਸਿਕ ਤੌਰ 'ਤੇ ਭਾਰਤ ਦੀਆਂ ਸਭ ਤੋਂ ਗੰਭੀਰ ਜਨਤਕ ਸਿਹਤ ਚੁਣੌਤੀਆਂ ਵਿੱਚੋਂ ਇੱਕ ਰਿਹਾ ਹੈ, ਖਾਸ ਕਰਕੇ ਪੇਂਡੂ ਅਤੇ ਕਬਾਇਲੀ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ। ਪਿੰਡਾਂ ਵਿੱਚ ਮਲੇਰੀਆ ਦੇ ਪ੍ਰਭਾਵ ਨੂੰ ਦੇਖਣ ਦੇ ਆਪਣੇ ਨਿਜੀ ਅਨੁਭਵ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਨੇ ਦੱਸਿਆ ਕਿ ਇਸ ਬਿਮਾਰੀ ਨੇ ਲੋਕਾਂ ਦੀ ਰੋਜ਼ੀ-ਰੋਟੀ, ਸਿੱਖਿਆ ਅਤੇ ਭਵਿੱਖ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਪ੍ਰਭਾਵਸ਼ਾਲੀ ਇਲਾਜ ਨੂੰ ਯਕੀਨੀ ਬਣਾਉਣ ਅਤੇ ਦੁਬਾਰਾ ਹੋਣ ਤੋਂ ਰੋਕਣ ਲਈ ਨਿਰਧਾਰਿਤ ਦਵਾਈਆਂ ਦਾ ਪੂਰਾ ਕੋਰਸ ਲੈਣ ਸਬੰਧੀ ਜਨਤਕ ਜਾਗਰੂਕਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਰਾਸ਼ਟਰਪਤੀ ਨੇ ਮਲੇਰੀਆ ਕੰਟਰੋਲ ਵਿੱਚ ਭਾਰਤ ਦੀ ਪ੍ਰਗਤੀ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ 2015 ਤੋਂ 2025 ਦੇ ਵਿਚਕਾਰ ਮਲੇਰੀਆ ਦੇ ਮਾਮਲਿਆਂ ਅਤੇ ਮੌਤਾਂ ਵਿੱਚ ਲਗਭਗ 80 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਜ਼ਿਆਦਾ ਮਲੇਰੀਆ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ 155 ਤੋਂ ਘਟ ਕੇ 33 ਹੋ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ 2022 ਤੋਂ 2025 ਦੌਰਾਨ 160 ਜ਼ਿਲ੍ਹਿਆਂ ਵਿੱਚ ਸਥਾਨਕ ਮਲੇਰੀਆ ਦੇ ਕੇਸ ਜ਼ੀਰੋ ਰਹੇ। 2024 ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਹਾਈ ਬਰਡਨ ਟੂ ਹਾਈ ਇਮਪੈਕਟ (ਐੱਚਬੀਐੱਚਆਈ) ਸਮੂਹ ਤੋਂ ਭਾਰਤ ਦੇ ਬਾਹਰ ਨਿਕਲਣ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਨੇ ਵਿਗਿਆਨੀਆਂ, ਸਿਹਤ ਕਰਮਚਾਰੀਆਂ ਅਤੇ ਨਾਗਰਿਕਾਂ ਦੇ ਸਮੂਹਿਕ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਮਲੇਰੀਆ ਪਰਜੀਵੀਆਂ, ਮੱਛਰ ਵੈਕਟਰ, ਵੈਕਟਰ ਕੰਟਰੋਲ, ਕੀਟਨਾਸ਼ਕ ਪ੍ਰਤੀਰੋਧ ਅਤੇ ਭਾਈਚਾਰਕ ਨਿਗਰਾਨੀ 'ਤੇ ਖੋਜ ਵਿੱਚ ਆਈਸੀਐੱਮਆਰ-ਐੱਨਆਈਐੱਮਆਰ ਦੇ ਪੰਜ ਦਹਾਕਿਆਂ ਦੇ ਯੋਗਦਾਨ ਨੂੰ ਵੀ ਉਜਾਗਰ ਕੀਤਾ।
ਨਿਰੰਤਰ ਚੌਕਸੀ ਅਤੇ ਪ੍ਰਭਾਵਸ਼ਾਲੀ ਉਪਾਵਾਂ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ, ਰਾਸ਼ਟਰਪਤੀ ਨੇ ਮਲੇਰੀਆ ਟੈਸਟਿੰਗ, ਇਲਾਜ ਅਤੇ ਨਿਗਰਾਨੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ, ਮੱਛਰਾਂ ਦੇ ਨਿਯੰਤਰਣ, ਨਵੀਆਂ ਦਵਾਈਆਂ ਅਤੇ ਟੀਕਿਆਂ ਦੇ ਵਿਕਾਸ ਅਤੇ ਜਨਤਕ ਜਾਗਰੂਕਤਾ ਅਤੇ ਭਾਈਚਾਰਕ ਭਾਗੀਦਾਰੀ ਵਧਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵਿਗਿਆਨਕ ਖੋਜ ਅਤੇ ਇਸ ਦੇ ਨਤੀਜੇ ਉਨ੍ਹਾਂ ਪਿੰਡਾਂ ਅਤੇ ਭਾਈਚਾਰਿਆਂ ਤੱਕ ਪਹੁੰਚਣੇ ਚਾਹੀਦੇ ਹਨ ਜਿੱਥੇ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਹੈ। ਜਲਵਾਯੂ ਪਰਿਵਰਤਨ, ਗੈਰ-ਯੋਜਨਾਬੱਧ ਸ਼ਹਿਰੀਕਰਣ ਅਤੇ ਮੱਛਰਾਂ ਵਿੱਚ ਕੀਟਨਾਸ਼ਕ ਪ੍ਰਤੀਰੋਧ ਵਧਾਉਣ ਵਰਗੀਆਂ ਉਭਰ ਰਹੀਆਂ ਚੁਣੌਤੀਆਂ ਵੱਲ ਇਸ਼ਾਰਾ ਕਰਦੇ ਹੋਏ, ਉਨ੍ਹਾਂ ਨੇ ਪਾਣੀ ਭਰਨ ਨੂੰ ਰੋਕਣ, ਮੱਛਰਾਂ ਦੇ ਪ੍ਰਜਨਨ ਸਥਾਨਾਂ ਨੂੰ ਖਤਮ ਕਰਨ ਅਤੇ ਵਾਤਾਵਰਣ ਪ੍ਰਬੰਧਨ ਨੂੰ ਮਜ਼ਬੂਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭੁਵਨੇਸ਼ਵਰ ਵਿੱਚ ਵਿਕਸਿਤ ਕੀਤੇ ਜਾ ਰਹੇ ਸਵਦੇਸ਼ੀ ਮਲੇਰੀਆ ਟੀਕੇ ਵਿੱਚ ਆਈਸੀਐੱਮਆਰ-ਐੱਨਆਈਐੱਮਆਰ ਦੇ ਯੋਗਦਾਨ 'ਤੇ ਵੀ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਇਸ ਨਾਲ ਭਾਰਤ ਦੇ ਮਲੇਰੀਆ ਨੂੰ ਖਤਮ ਕਰਨ ਦੇ ਯਤਨਾਂ ਵਿੱਚ ਮਦਦ ਮਿਲੇਗੀ।
ਰਾਸ਼ਟਰਪਤੀ ਨੇ ਟੀਬੀ, ਕੁਸ਼ਠ ਰੋਗ (ਕੋਹੜ), ਕਾਲਾ-ਅਜ਼ਰ ਅਤੇ ਕੋਵਿਡ-19 ਵਿਰੁੱਧ ਖੋਜ ਵਿੱਚ ਆਈਸੀਐੱਮਆਰ ਦੇ ਯੋਗਦਾਨ ਨੂੰ ਵੀ ਉਜਾਗਰ ਕੀਤਾ। ਇਸ ਵਿੱਚ ਇੱਕ ਦੇਸ਼-ਵਿਆਪੀ ਟੈਸਟਿੰਗ ਨੈੱਟਵਰਕ ਸਥਾਪਿਤ ਕਰਨਾ ਅਤੇ ਭਾਰਤ ਦੇ ਪਹਿਲੇ ਸਵਦੇਸ਼ੀ ਕੋਵਿਡ-19 ਟੀਕੇ ਦੇ ਵਿਕਾਸ ਵਿੱਚ ਭਾਈਵਾਲੀ ਸ਼ਾਮਲ ਹੈ। ਡੇਂਗੂ ਨੂੰ ਇੱਕ ਉਭਰ ਰਹੀ ਜਨਤਕ ਸਿਹਤ ਚੁਣੌਤੀ ਦੱਸਦਿਆਂ, ਉਨ੍ਹਾਂ ਨੇ ਪ੍ਰਭਾਵਸ਼ਾਲੀ ਖੋਜ ਅਤੇ ਟੈਸਟਿੰਗ ਉਪਾਵਾਂ ਦੀ ਮੰਗ ਕੀਤੀ। ਉਨ੍ਹਾਂ ਨੇ ਮਨੁੱਖਾਂ, ਜਾਨਵਰਾਂ ਅਤੇ ਵਾਤਾਵਰਣਕ ਆਪਸੀ ਤਾਲਮੇਲ ਤੋਂ ਪੈਦਾ ਹੋਣ ਵਾਲੇ ਸਿਹਤ ਜੋਖਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਭਾਰਤ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਵਿੱਚ ਨੈਸ਼ਨਲ ਵੰਨ ਹੈਲਥ ਮਿਸ਼ਨ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਸਵਦੇਸ਼ੀ ਡਾਕਟਰੀ ਤਕਨਾਲੋਜੀਆਂ ਅਤੇ ਕਿਫਾਇਤੀ, ਗੁਣਵੱਤਾ ਵਾਲੀ ਸਿਹਤ ਸੰਭਾਲ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ 2047 ਤੱਕ ਇੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਖੋਜ ਸੰਸਥਾਵਾਂ, ਤਕਨੀਕੀ ਅਤੇ ਉੱਚ ਸਿੱਖਿਆ ਸੰਸਥਾਵਾਂ ਅਤੇ ਉਦਯੋਗਾਂ ਵਿਚਕਾਰ ਮਜ਼ਬੂਤ ਸਹਿਯੋਗ ਦੀ ਮੰਗ ਕੀਤੀ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਆਈਸੀਐੱਮਆਰ-ਐੱਨਆਈਐੱਮਆਰ ਨੂੰ ਸਮਰਪਿਤ ਵਿਗਿਆਨਕ ਸੇਵਾ ਦੇ 50 ਵਰ੍ਹੇ ਪੂਰੇ ਕਰਨ 'ਤੇ ਵਧਾਈ ਦਿੱਤੀ। ਸੰਸਥਾ ਦੇ ਯੋਗਦਾਨ ਨੂੰ ਮਨੁੱਖਤਾ ਲਈ ਇੱਕ ਮਹੱਤਵਪੂਰਨ ਸੇਵਾ ਵਜੋਂ ਦਰਸਾਉਂਦੇ ਹੋਏ, ਉਨ੍ਹਾਂ ਨੇ ਖੋਜ ਅਤੇ ਮਲੇਰੀਆ ਰੋਕਥਾਮ ਪ੍ਰਤੀ ਇਸ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਮਲੇਰੀਆ ਨਿਯੰਤਰਣ ਵਿੱਚ ਭਾਰਤ ਦੀ ਪ੍ਰਗਤੀ ਇੱਕ ਵਿਆਪਕ ਪਹੁੰਚ ਦਾ ਨਤੀਜਾ ਹੈ, ਜਿਸ ਵਿੱਚ ਮੱਛਰਾਂ ਦੇ ਵਿਵਹਾਰ ਅਤੇ ਮਲੇਰੀਆ ਪਰਜੀਵੀਆਂ 'ਤੇ ਖੋਜ, ਭਾਈਚਾਰਕ ਭਾਗੀਦਾਰੀ, ਪ੍ਰਭਾਵਸ਼ਾਲੀ ਰੋਕਥਾਮ, ਜਲਦੀ ਪਤਾ ਲਗਾਉਣਾ ਅਤੇ ਢੁਕਵਾਂ ਇਲਾਜ ਸ਼ਾਮਲ ਹੈ।
ਸ਼੍ਰੀ ਨੱਡਾ ਨੇ ਕਿਹਾ ਕਿ 2015 ਅਤੇ 2025-26 ਦੇ ਵਿਚਕਾਰ ਮਲੇਰੀਆ ਦੇ ਮਾਮਲਿਆਂ ਵਿੱਚ ਲਗਭਗ 80 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ ਅਤੇ ਬਹੁਤ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ 155 ਤੋਂ ਘਟ ਕੇ 33 ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਦਕਿ ਦੁਨੀਆ ਦੀ ਲਗਭਗ 16 ਪ੍ਰਤੀਸ਼ਤ ਆਬਾਦੀ ਭਾਰਤ ਵਿੱਚ ਰਹਿੰਦੀ ਹੈ, ਪਰ ਵਿਸ਼ਵਵਿਆਪੀ ਮਲੇਰੀਆ ਦੇ ਮਾਮਲਿਆਂ ਵਿੱਚ ਭਾਰਤ ਦੀ ਹਿੱਸੇਦਾਰੀ ਲਗਭਗ 0.7 ਪ੍ਰਤੀਸ਼ਤ ਅਤੇ ਮਲੇਰੀਆ ਦੀਆਂ ਮੌਤਾਂ ਦਾ ਲਗਭਗ 0.6 ਪ੍ਰਤੀਸ਼ਤ ਹੈ। ਉਨ੍ਹਾਂ ਨੇ ਡਬਲਿਊਐੱਚਓ ਹਾਈ ਬਰਡਨ ਹਾਈ ਇਮਪੈਕਟ ਪਹਿਲਕਦਮੀ ਵਿੱਚ ਭਾਰਤ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ ਅਤੇ 2030 ਤੱਕ ਮਲੇਰੀਆ ਦੇ ਖਾਤਮੇ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਵਿਸ਼ਵਾਸ ਪ੍ਰਗਟ ਕੀਤਾ। ਉਨ੍ਹਾਂ ਕਿਹਾ, "ਅਸੀਂ ਆਪਣੀਆਂ ਰਣਨੀਤੀਆਂ ਅਤੇ ਨੀਤੀਆਂ ਵਿੱਚ ਜ਼ਰੂਰੀ ਬਦਲਾਅ ਕਰਕੇ 2030 ਤੱਕ ਮਲੇਰੀਆ ਨੂੰ ਖਤਮ ਕਰ ਦੇਵਾਂਗੇ।" ਉਨ੍ਹਾਂ ਆਈਸੀਐੱਮਆਰ-ਐੱਨਆਈਐੱਮਆਰ ਨੂੰ ਨਵੇਂ ਸੰਕਲਪ ਨਾਲ ਕੰਮ ਕਰਨ ਦਾ ਸੱਦਾ ਦਿੱਤਾ।
ਕੇਂਦਰੀ ਮੰਤਰੀ ਨੇ ਮੈਡੀਕਲ ਨਵੀਨਤਾ ਵਿੱਚ ਆਈਸੀਐੱਮਆਰ ਦੇ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ, ਜਿਸ ਵਿੱਚ ਮੈਡਟੈੱਕ ਮਿਤ੍ਰਾ, ਪੇਟੈਂਟ ਮਿਤ੍ਰਾ ਅਤੇ ਡੇਂਗੂ, ਚਿਕਨਗੁਨੀਆ, ਜਾਪਾਨੀ ਇਨਸੇਫਲਾਇਟਿਸ ਅਤੇ ਹੋਰ ਛੂਤ ਦੀਆਂ ਬਿਮਾਰੀਆਂ ਲਈ ਐਲੀਸਾ-ਅਧਾਰਿਤ ਅਣੂ ਟੈਸਟ ਸ਼ਾਮਲ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਦੇ ਸਰਕਾਰ ਦੇ ਯਤਨਾਂ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਕਿਹਾ ਕਿ ਡਾਕਟਰੀ ਇਲਾਜ 'ਤੇ ਜੇਬ ਤੋਂ ਖਰਚ 63 ਪ੍ਰਤੀਸ਼ਤ ਤੋਂ ਘਟ ਕੇ 42 ਪ੍ਰਤੀਸ਼ਤ ਹੋ ਗਿਆ ਹੈ, ਜਦਕਿ ਸਿਹਤ 'ਤੇ ਸਰਕਾਰੀ ਖਰਚ 6 ਪ੍ਰਤੀਸ਼ਤ ਤੋਂ ਵਧ ਕੇ 23 ਪ੍ਰਤੀਸ਼ਤ ਹੋ ਗਿਆ ਹੈ। ਉਨ੍ਹਾਂ ਵਿਗਿਆਨਕ ਅਤੇ ਸਿਹਤ ਸੰਭਾਲ ਭਾਈਚਾਰੇ ਨੂੰ ਆਪਣੇ ਯਤਨਾਂ ਨੂੰ ਤੇਜ਼ ਕਰਨ ਅਤੇ ਭਾਰਤ ਨੂੰ ਸਿਹਤ ਸੰਭਾਲ ਵਿੱਚ ਮੋਹਰੀ ਬਣਾਉਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਸਿਹਤ ਖੋਜ ਵਿਭਾਗ ਦੇ ਸਕੱਤਰ ਅਤੇ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਿਲ ਨੇ 1977 ਵਿੱਚ ਇਸ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਆਈਸੀਐੱਮਆਰ-ਐੱਨਆਈਐੱਮਆਰ ਦੇ 50 ਵਰ੍ਹਿਆਂ ਦੇ ਸਫ਼ਰ 'ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਇਹ ਸੰਸਥਾ ਮਲੇਰੀਆ ਅਤੇ ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਖੋਜ ਲਈ ਭਾਰਤ ਦੇ ਪ੍ਰਮੁੱਖ ਸੰਸਥਾਨਾਂ ਵਿੱਚੋਂ ਇੱਕ ਬਣ ਗਈ ਹੈ। ਇਸ ਨੇ ਮਲੇਰੀਆ ਫੈਲਾਉਣ ਵਾਲੇ ਮੱਛਰਾਂ, ਪਰਜੀਵੀ ਜੀਵ ਵਿਗਿਆਨ, ਕੀਟਨਾਸ਼ਕ ਪ੍ਰਤੀਰੋਧ, ਇਲਾਜ ਅਤੇ ਜਾਂਚ ਦੇ ਖੇਤਰਾਂ ਵਿੱਚ ਖੋਜ ਵਿੱਚ ਯੋਗਦਾਨ ਦਿੱਤਾ ਹੈ।
ਉਨ੍ਹਾਂ ਨੇ ਰਾਜ ਸਰਕਾਰ ਦੇ ਸਹਿਯੋਗ ਨਾਲ ਓਡੀਸ਼ਾ ਵਿੱਚ ਕਰਵਾਏ ਗਏ ਵਿਆਪਕ ਮਰੀਜ਼ ਪ੍ਰਬੰਧਨ ਪ੍ਰੋਜੈਕਟ ਦਾ ਜ਼ਿਕਰ ਕੀਤਾ। ਇਸ ਪ੍ਰੋਜੈਕਟ ਨੇ ਦਿਖਾਇਆ ਕਿ ਟੈਸਟਿੰਗ, ਸੰਪੂਰਨ ਇਲਾਜ ਅਤੇ ਮਜ਼ਬੂਤ ਨਿਗਰਾਨੀ ਪ੍ਰਣਾਲੀਆਂ ਤੱਕ ਵਿਆਪਕ ਪਹੁੰਚ ਦੂਰ-ਦੁਰਾਡੇ ਭਾਈਚਾਰਿਆਂ ਸਮੇਤ ਵਿਭਿੰਨ ਖੇਤਰਾਂ ਵਿੱਚ ਮਲੇਰੀਆ ਦੇ ਸੰਚਾਰ ਨੂੰ ਕਾਫ਼ੀ ਘਟਾ ਸਕਦੀ ਹੈ। ਉਨ੍ਹਾਂ ਨੇ 2027 ਤੱਕ ਜ਼ੀਰੋ ਸਥਾਨਕ ਮਲੇਰੀਆ ਕੇਸਾਂ ਅਤੇ 2030 ਤੱਕ ਮਲੇਰੀਆ ਦੇ ਖਾਤਮੇ ਦੇ ਟੀਚਿਆਂ ਨੂੰ ਦਰਸਾਇਆ। ਉਨ੍ਹਾਂ ਨੇ ਜਲਵਾਯੂ ਪਰਿਵਰਤਨ, ਮੱਛਰਾਂ ਦੇ ਵਿਕਸਿਤ ਪੈਟਰਨਾਂ ਅਤੇ ਡਰੱਗ ਪ੍ਰਤੀਰੋਧ ਵਰਗੀਆਂ ਉਭਰ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਜ਼ਬੂਤ ਨਿਗਰਾਨੀ, ਅੰਤਰ-ਅਨੁਸ਼ਾਸਨੀ ਖੋਜ ਅਤੇ ਸਹਿਯੋਗ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਬੁਨਿਆਦੀ ਵਿਗਿਆਨਕ ਖੋਜ ਅਤੇ ਸ਼ੁਰੂਆਤੀ ਪੜਾਅ ਦੇ ਵਿਕਾਸ ਤੋਂ ਲੈ ਕੇ ਡਾਕਟਰੀ ਤਕਨਾਲੋਜੀਆਂ ਅਤੇ ਦਖਲਅੰਦਾਜ਼ੀ ਦੇ ਕਲੀਨਿਕਲ ਮੁਲਾਂਕਣ ਤੱਕ ਖੋਜ ਦਾ ਸਮਰਥਨ ਕਰਨ ਲਈ ਆਈਸੀਐੱਮਆਰ ਦੀ ਵਚਨਬੱਧਤਾ ਨੂੰ ਦੁਹਰਾਇਆ।
ਇਸ ਮੌਕੇ 'ਤੇ, ਭਾਰਤ ਦੇ ਰਾਸ਼ਟਰਪਤੀ ਨੇ ਆਈਸੀਐੱਮਆਰ-ਨੈਸ਼ਨਲ ਇੰਸਟੀਟਿਊਟ ਆਫ਼ ਮਲੇਰੀਆ ਰਿਸਰਚ ਦੀ ਗੋਲਡਨ ਜੁਬਲੀ ਮਨਾਉਣ ਲਈ ਇੱਕ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ। ਇਸ ਤੋਂ ਪਹਿਲਾਂ, ਇਸਦਾ ਉਦਘਾਟਨ ਡਾਕ ਸੇਵਾਵਾਂ ਬੋਰਡ ਦੀ ਮੈਂਬਰ ਸੁਸ਼੍ਰੀ ਮਰੀਅੰਮਾ ਥੌਮਸ (Ms. Mariamma Thomas) ਦੁਆਰਾ ਕੀਤਾ ਗਿਆ ਸੀ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਆਈਸੀਐੱਮਆਰ-ਐੱਨਆਈਐੱਮਆਰ ਕੌਫੀ ਟੇਬਲ ਬੁੱਕ ਅਤੇ "ਆਈਸੀਐੱਮਆਰ-ਐੱਨਆਈਐੱਮਆਰ ਰਿਸਰਚ ਜਰਨੀ: ਫਾਈਵ ਡਿਕੇਡਸ ਆਫ ਸਾਇੰਸ, ਸਰਵਿਸ ਐਂਡ ਇਮਪੈਕਟ" ਸਿਰਲੇਖ ਵਾਲੀ ਕਿਤਾਬ ਜਾਰੀ ਕੀਤੀ। ਦੋਵਾਂ ਕਿਤਾਬਾਂ ਦੀਆਂ ਪਹਿਲੀਆਂ ਕਾਪੀਆਂ ਰਾਸ਼ਟਰਪਤੀ ਨੂੰ ਭੇਟ ਕੀਤੀਆਂ ਗਈਆਂ।
ਇਸ ਮੌਕੇ 'ਤੇ, ਆਈਸੀਐੱਮਆਰ-ਐੱਨਆਈਐੱਮਆਰ ਦੇ ਡਾਇਰੈਕਟਰ ਡਾ. ਅਨੂਪ ਅਨਵੀਕਰ ਨੇ ਇੱਕ ਵੀਡੀਓ ਫਿਲਮ ਰਾਹੀਂ, ਪਿਛਲੇ 50 ਵਰ੍ਹਿਆਂ ਵਿੱਚ ਸੰਸਥਾ ਦੇ ਸਫ਼ਰ ਅਤੇ ਮਲੇਰੀਆ ਖਾਤਮੇ ਦੇ ਯਤਨਾਂ ਵਿੱਚ ਇਸਦੇ ਯੋਗਦਾਨ 'ਤੇ ਚਾਨਣਾ ਪਾਇਆ।
ਗੋਲਡਨ ਜੁਬਲੀ ਸਮਾਰੋਹ ਆਈਸੀਐੱਮਆਰ-ਐੱਨਆਈਐੱਮਆਰ ਦੇ ਮਲੇਰੀਆ ਖੋਜ ਅਤੇ ਭਾਰਤ ਵਿੱਚ ਜਨਤਕ ਸਿਹਤ ਦੇ ਖੇਤਰ ਵਿੱਚ ਯੋਗਦਾਨ ਦੇ ਪੰਜ ਦਹਾਕਿਆਂ ਦਾ ਪ੍ਰਤੀਕ ਹੈ।





***********
ਐੱਸਆਰ/ਜੀਐੱਸ /ਏਕੇ