ਰੇਲ ਮੰਤਰਾਲਾ
azadi ka amrit mahotsav

ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਕਾਨਪੁਰ ਦੇ ਸੰਸਦ ਮੈਂਬਰ ਸ੍ਰੀ ਰਮੇਸ਼ ਅਵਸਥੀ ਨੇ ਕਾਨਪੁਰ ਸੈਂਟਰਲ ਅਤੇ ਆਨੰਦ ਵਿਹਾਰ ਟਰਮੀਨਲ ਵਿਚਕਾਰ ਨਵੀਂ ਕਾਨਪੁਰ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ


ਕਾਨਪੁਰ ਐਕਸਪ੍ਰੈੱਸ ਉੱਤਰ ਪ੍ਰਦੇਸ਼ ਦੇ ਪ੍ਰਮੁੱਖ ਉਦਯੋਗਿਕ, ਚਮੜਾ ਉਦਯੋਗ ਅਤੇ ਵਿੱਦਿਅਕ ਕੇਂਦਰ ਕਾਨਪੁਰ ਨੂੰ ਦਿੱਲੀ ਦੇ ਪ੍ਰਮੁੱਖ ਮਲਟੀਮਾਡਲ ਆਵਾਜਾਈ ਕੇਂਦਰ ਨਾਲ ਸਿੱਧਾ ਜੋੜੇਗੀ

16 ਕਿੱਲੋਮੀਟਰ ਲੰਬੇ ਐਲੀਵੇਟਿਡ ਰੇਲਵੇ ਟ੍ਰੈਕ ਦੇ ਨਿਰਮਾਣ ਨਾਲ ਕਾਨਪੁਰ ਨੂੰ ਰੇਲਵੇ ਕਰਾਸਿੰਗ ’ਤੇ ਦਹਾਕਿਆਂ ਪੁਰਾਣੀ ਜਾਮ ਦੀ ਸਮੱਸਿਆ ਤੋਂ ਸਥਾਈ ਰਾਹਤ ਮਿਲੇਗੀ: ਸ੍ਰੀ ਅਸ਼ਵਿਨੀ ਵੈਸ਼ਣਵ

Posted On: 16 NOV 2026 5:43PM by PIB Chandigarh

ਕੇਂਦਰੀ ਰੇਲ, ਸੂਚਨਾ ਅਤੇ ਪ੍ਰਸਾਰਣ ਅਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਣਵ ਅਤੇ ਸੰਸਦ ਮੈਂਬਰ ਸ੍ਰੀ ਰਮੇਸ਼ ਅਵਸਥੀ ਨੇ ਅੱਜ ਨਵੀਂ ਕਾਨਪੁਰ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਰੇਲਗੱਡੀ ਕਾਨਪੁਰ ਸੈਂਟਰਲ ਤੋਂ ਆਨੰਦ ਵਿਹਾਰ ਟਰਮੀਨਲ ਵਿਚਕਾਰ ਚੱਲੇਗੀ, ਜਿਸ ਨਾਲ ਕਾਨਪੁਰ ਅਤੇ ਦਿੱਲੀ ਵਿਚਕਾਰ ਰੇਲ ਸੰਪਰਕ ਹੋਰ ਵਧੇਰੇ ਸੁਚਾਰੂ ਹੋਵੇਗਾ ਅਤੇ ਯਾਤਰੀਆਂ ਨੂੰ ਆਉਣ-ਜਾਣ ਦੀ ਬਿਹਤਰ ਸਹੂਲਤ ਮਿਲੇਗੀ।

ਇਸ ਮੌਕੇ ’ਤੇ ਕਾਨਪੁਰ ਨਗਰ ਨਿਗਮ ਦੀ ਮੇਅਰ ਸ਼੍ਰੀਮਤੀ ਪ੍ਰਮਿਲਾ ਪਾਂਡੇ, ਅਕਬਰਪੁਰ ਦੇ ਸੰਸਦ ਮੈਂਬਰ ਸ਼੍ਰੀ ਦੇਵੇਂਦਰ ਸਿੰਘ ਭੋਲੇ ਸਮੇਤ ਹੋਰ ਪਤਵੰਤੇ ਅਤੇ ਰੇਲਵੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਇਸ ਰੋਜ਼ਾਨਾ ਰੇਲ ਸੇਵਾ ਦੇ ਸ਼ੁਰੂ ਹੋਣ ਨਾਲ ਉੱਤਰ ਪ੍ਰਦੇਸ਼ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ਵਿਚਕਾਰ ਰੇਲ ਸੰਪਰਕ ਹੋਰ ਮਜ਼ਬੂਤ ਹੋਵੇਗਾ। ਇਸ ਦੇ ਨਾਲ ਹੀ, ਕਾਨਪੁਰ ਅਤੇ ਦਿੱਲੀ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਆਉਣ-ਜਾਣ ਦਾ ਇੱਕ ਵਾਧੂ ਵਿਕਲਪ ਮਿਲੇਗਾ।

ਨਵੀਂ ਰੇਲ ਸੇਵਾ ਨਾਲ ਪ੍ਰਮੁੱਖ ਉਦਯੋਗਿਕ ਅਤੇ ਵਪਾਰਕ ਕੇਂਦਰਾਂ ਵਿਚਕਾਰ ਆਪਸੀ ਸੰਪਰਕ ਨੂੰ ਹੁਲਾਰਾ ਮਿਲੇਗਾ

428 ਕਿੱਲੋਮੀਟਰ ਦੀ ਦੂਰੀ ਤੈਅ ਕਰਨ ਵਾਲੀ ਇਸ ਰੇਲਗੱਡੀ ਵਿੱਚ 22 ਆਧੁਨਿਕ ਐੱਲ.ਐੱਚ.ਬੀ. ਕੋਚ ਹੋਣਗੇ। ਇਹ ਆਪਣੇ ਰਸਤੇ ਵਿੱਚ ਪੈਣ ਵਾਲੇ ਕਈ ਮਹੱਤਵਪੂਰਨ ਸ਼ਹਿਰਾਂ ਅਤੇ ਆਰਥਿਕ ਕੇਂਦਰਾਂ ਨੂੰ ਆਪਸ ਵਿੱਚ ਜੋੜੇਗੀ।

ਇਸ ਰੇਲ ਸੇਵਾ ਤੋਂ ਫਫੂੰਦ ਦੇ ਯਾਤਰੀਆਂ ਨੂੰ ਵਿਸ਼ੇਸ਼ ਲਾਭ ਮਿਲੇਗਾ, ਜਿੱਥੋਂ ਔਰਈਆ ਦੇ ਉਦਯੋਗਿਕ ਖੇਤਰਾਂ, ਜਿਨ੍ਹਾਂ ਵਿੱਚ ਐੱਨ.ਟੀ.ਪੀ.ਸੀ. ਔਰਈਆ ਅਤੇ ਗੇਲ ਪਾਟਾ ਸ਼ਾਮਲ ਹਨ, ਤੱਕ ਪਹੁੰਚ ਆਸਾਨ ਹੋਵੇਗੀ। ਇਸ ਤੋਂ ਇਲਾਵਾ, ਪ੍ਰਮੁੱਖ ਖੇਤੀਬਾੜੀ ਕੇਂਦਰ ਇਟਵਾ ਅਤੇ ਸ਼ੀਸ਼ਾ ਉਦਯੋਗ ਲਈ ਪ੍ਰਸਿੱਧ ਫ਼ਿਰੋਜ਼ਾਬਾਦ ਖੇਤਰ ਦੇ ਯਾਤਰੀਆਂ ਨੂੰ ਵੀ ਇਸ ਰੇਲ ਸੇਵਾ ਨਾਲ ਆਉਣ-ਜਾਣ ਦੀ ਬਿਹਤਰ ਸਹੂਲਤ ਮਿਲੇਗੀ। ਟੂੰਡਲਾ ਰਾਹੀਂ ਫ਼ਿਰੋਜ਼ਾਬਾਦ ਖੇਤਰ ਨੂੰ ਵੀ ਇਸ ਰੇਲਗੱਡੀ ਤੋਂ ਆਪਸੀ ਸੰਪਰਕ ਮਿਲੇਗਾ।

ਇਹ ਰੇਲਗੱਡੀ ਹੀਂਗ ਪ੍ਰੋਸੈਸਿੰਗ, ਪਿੱਤਲ ਦੇ ਉਤਪਾਦਾਂ ਅਤੇ ਖੇਤੀਬਾੜੀ ਅਧਾਰਿਤ ਉਦਯੋਗਾਂ ਲਈ ਪ੍ਰਸਿੱਧ ਹਾਥਰਸ ਨੂੰ ਵੀ ਰੇਲ ਨੈੱਟਵਰਕ ਨਾਲ ਜੋੜੇਗੀ। ਇਸ ਦੇ ਨਾਲ ਹੀ, ਤਾਲਾ ਉਦਯੋਗ ਲਈ ਦੇਸ਼ ਭਰ ਵਿੱਚ ਪਛਾਣ ਰੱਖਣ ਵਾਲੇ ਅਲੀਗੜ੍ਹ, ਜਿੱਥੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵੀ ਸਥਿਤ ਹੈ ਅਤੇ ਸਿਰੇਮਿਕ ਤੇ ਮਿੱਟੀ ਦੇ ਭਾਂਡਿਆਂ ਦੇ ਉਦਯੋਗ ਲਈ ਪ੍ਰਸਿੱਧ ਖੁਰਜਾ ਤੱਕ ਰੇਲ ਸੰਪਰਕ ਨੂੰ ਵੀ ਮਜ਼ਬੂਤ ਕਰੇਗੀ।

ਇਸ ਤੋਂ ਇਲਾਵਾ, ਇਹ ਰੇਲਗੱਡੀ ਇੱਕ ਪ੍ਰਮੁੱਖ ਲੌਜਿਸਟਿਕਸ ਅਤੇ ਉਦਯੋਗਿਕ ਕੇਂਦਰ ਦਾਦਰੀ ਨੂੰ ਵੀ ਜੋੜੇਗੀ। ਇਸ ਤੋਂ ਬਾਅਦ ਐੱਨ.ਸੀ.ਆਰ. ਦੇ ਪ੍ਰਮੁੱਖ ਉਦਯੋਗਿਕ ਕੇਂਦਰਾਂ ਵਿੱਚ ਸ਼ਾਮਲ ਗਾਜ਼ੀਆਬਾਦ ਤੋਂ ਹੁੰਦੇ ਹੋਏ ਦਿੱਲੀ ਦੇ ਪ੍ਰਮੁੱਖ ਮਲਟੀਮਾਡਲ ਆਵਾਜਾਈ ਕੇਂਦਰ ਆਨੰਦ ਵਿਹਾਰ ਟਰਮੀਨਲ ਤੱਕ ਪਹੁੰਚੇਗੀ।

ਖੇਤਰੀ ਵਿਕਾਸ ਨੂੰ ਹੁਲਾਰਾ ਅਤੇ ਯਾਤਰੀਆਂ ਨੂੰ ਮਿਲੇਗੀ ਬਿਹਤਰ ਆਵਾਜਾਈ ਸਹੂਲਤ

ਇਹ ਨਵੀਂ ਰੇਲ ਸੇਵਾ ਉੱਤਰ ਪ੍ਰਦੇਸ਼ ਦੇ ਪ੍ਰਮੁੱਖ ਉਦਯੋਗਿਕ, ਚਮੜਾ ਉਦਯੋਗ ਅਤੇ ਵਿੱਦਿਅਕ ਕੇਂਦਰਾਂ ਵਿੱਚ ਸ਼ਾਮਲ ਕਾਨਪੁਰ ਨੂੰ ਦਿੱਲੀ ਦੇ ਪ੍ਰਮੁੱਖ ਮਲਟੀਮਾਡਲ ਆਵਾਜਾਈ ਕੇਂਦਰ ਆਨੰਦ ਵਿਹਾਰ ਟਰਮੀਨਲ ਨਾਲ ਸਿੱਧਾ ਜੋੜੇਗੀ। ਆਨੰਦ ਵਿਹਾਰ ਟਰਮੀਨਲ ਰਾਹੀਂ ਯਾਤਰੀਆਂ ਨੂੰ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਣ ਦੀ ਸਹੂਲਤ ਮਿਲੇਗੀ। ਇਸ ਰੇਲ ਸੰਪਰਕ ਨਾਲ ਕਾਨਪੁਰ ਅਤੇ ਦਿੱਲੀ ਵਿਚਕਾਰ ਯਾਤਰਾ ਕਰਨ ਵਾਲੇ ਵਪਾਰੀਆਂ, ਵਿਦਿਆਰਥੀਆਂ, ਕਾਮਿਆਂ ਅਤੇ ਹੋਰ ਯਾਤਰੀਆਂ ਨੂੰ ਸੁਵਿਧਾਜਨਕ ਆਵਾਜਾਈ ਦਾ ਬਦਲ ਮਿਲੇਗਾ।

ਸ੍ਰੀ ਅਸ਼ਵਿਨੀ ਵੈਸ਼ਣਵ ਨੇ ਕਾਨਪੁਰ ਦੇ ਲੋਕਾਂ ਨੂੰ ਨਵੀਂ ਰੇਲ ਸੇਵਾ ਦੀ ਸ਼ੁਰੂਆਤ ’ਤੇ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ੍ਰੀ ਯੋਗੀ ਆਦਿਤਿਆਨਾਥ ਨੇ ਵੀ ਇਸ ਨਵੀਂ ਰੇਲ ਸੇਵਾ ਲਈ ਕਾਨਪੁਰ ਵਾਸੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਆਉਣ ਵਾਲੇ ਪ੍ਰਮੁੱਖ ਰੇਲਵੇ ਪ੍ਰੋਜੈਕਟ

ਸ਼ਹਿਰ ਵਿੱਚ ਆਉਣ ਵਾਲੇ ਰੇਲ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਜ਼ਿਕਰ ਕਰਦੇ ਹੋਏ, ਰੇਲ ਮੰਤਰੀ ਨੇ ਕਿਹਾ ਕਿ ਅਨਵਰਗੰਜ ਅਤੇ ਮੰਧਨਾ ਵਿਚਕਾਰ 16 ਕਿੱਲੋਮੀਟਰ ਲੰਬੇ ਐਲੀਵੇਟਿਡ ਰੇਲਵੇ ਟ੍ਰੈਕ ਦੇ ਨਿਰਮਾਣ ਨਾਲ ਕਾਨਪੁਰ ਵਿੱਚ ਰੇਲਵੇ ਕਰਾਸਿੰਗਾਂ ’ਤੇ ਦਹਾਕਿਆਂ ਪੁਰਾਣੀ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਥਾਈ ਹੱਲ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਤਿਆਰ ਕਰ ਲਈ ਗਈ ਹੈ ਅਤੇ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰ ਲਈਆਂ ਗਈਆਂ ਹਨ। ਪ੍ਰੋਜੈਕਟ ’ਤੇ ਨਿਰਮਾਣ ਦਾ ਕੰਮ ਛੇਤੀ ਹੀ ਸ਼ੁਰੂ ਹੋਣ ਦੀ ਉਮੀਦ ਹੈ।

ਪ੍ਰਸਤਾਵਿਤ ਬੁਲੇਟ ਟ੍ਰੇਨ ਪ੍ਰੋਜੈਕਟ ਦੇ ਸਬੰਧ ਵਿੱਚ ਰੇਲ ਮੰਤਰੀ ਨੇ ਕਿਹਾ ਕਿ ਬੁਲੇਟ ਟ੍ਰੇਨ ਦਾ ਨਾਰਥ (ਉੱਤਰੀ) ਕੌਰੀਡੋਰ ਕਾਨਪੁਰ ਦੇ ਵਿਕਾਸ ਵਿੱਚ ਇੱਕ ਨਵਾਂ ਅਧਿਆਇ ਜੋੜੇਗਾ। ਪ੍ਰਸਤਾਵਿਤ ਕੌਰੀਡੋਰ ਦਿੱਲੀ, ਆਗਰਾ, ਕਾਨਪੁਰ, ਵਾਰਾਣਸੀ, ਲਖਨਊ ਅਤੇ ਅਯੁੱਧਿਆ ਨੂੰ ਜੋੜਦੇ ਹੋਏ ਅੱਗੇ ਪਟਨਾ, ਸਿਲੀਗੁੜੀ ਅਤੇ ਗੁਹਾਟੀ ਤੱਕ ਫੈਲਿਆ ਹੋਵੇਗਾ । ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਤੋਂ ਬਾਅਦ ਦਿੱਲੀ ਤੋਂ ਕਾਨਪੁਰ ਦੀ ਦੂਰੀ ਬੁਲੇਟ ਟ੍ਰੇਨ ਰਾਹੀਂ ਲਗਭਗ 1 ਘੰਟਾ 45 ਮਿੰਟ ਵਿੱਚ ਤੈਅ ਕੀਤੀ ਜਾ ਸਕੇਗੀ। ਉੱਥੇ ਹੀ, ਲਖਨਊ ਤੋਂ ਕਾਨਪੁਰ ਦਾ ਸਫ਼ਰ ਕਰੀਬ 27 ਮਿੰਟ ਅਤੇ ਕਾਨਪੁਰ ਤੋਂ ਪ੍ਰਯਾਗਰਾਜ ਦਾ ਸਫ਼ਰ ਲਗਭਗ 1 ਘੰਟਾ 15 ਮਿੰਟ ਵਿੱਚ ਪੂਰਾ ਹੋਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਹਾਈ-ਸਪੀਡ ਰੇਲ ਸੰਪਰਕ ਕਾਨਪੁਰ ਦੇ ਪ੍ਰਮੁੱਖ ਸ਼ਹਿਰਾਂ ਨਾਲ ਸੰਪਰਕ ਨੂੰ ਹੋਰ ਮਜ਼ਬੂਤ ​​ਕਰੇਗਾ ਅਤੇ ਖੇਤਰੀ ਅਤੇ ਆਰਥਿਕ ਵਿਕਾਸ ਨੂੰ ਨਵੀਂ ਗਤੀ ਦੇਵੇਗਾ।

ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ ਦੇ ਪੁਨਰ-ਵਿਕਾਸ ਕੰਮਾਂ ਦੇ ਸੰਬੰਧ ਵਿੱਚ ਰੇਲ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਸਟੇਸ਼ਨ ’ਤੇ ਚੱਲ ਰਹੇ ਪੁਨਰ-ਵਿਕਾਸ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਕਾਨਪੁਰ ਵਿੱਚ ਰੇਲਵੇ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਜੁੜੇ ਕਈ ਹੋਰ ਪ੍ਰੋਜੈਕਟ ਵੀ ਸ਼ੁਰੂ ਕੀਤੇ ਜਾਣਗੇ।

ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਰਮੇਸ਼ ਅਵਸਥੀ ਨੇ ਕਿਹਾ ਕਿ ਕਾਨਪੁਰ ਦੀ ਗੁਆਚੀ ਹੋਈ ਸ਼ਾਨ ਨੂੰ ਮੁੜ ਸਥਾਪਤ ਕਰਨ ਦਾ ਸੰਕਲਪ ਹੁਣ ਜ਼ਮੀਨੀ ਪੱਧਰ ਤੇ ਸਾਕਾਰ ਹੁੰਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਨਪੁਰ ਵਿੱਚ ਬੁਲੇਟ ਟ੍ਰੇਨ ਦੇ ਰੁਕਣ  ਦੇ ਐਲਾਨ ਨਾਲ ਸ਼ਹਿਰ ਵਾਸੀਆਂ ਵਿੱਚ ਅਥਾਹ ਖ਼ੁਸ਼ੀ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਨੇ ਅਨਵਰਗੰਜ-ਮੰਧਨਾ ਰੇਲਵੇ ਸੈਕਸ਼ਨ ’ਤੇ ਐਲੀਵੇਟਿਡ ਕੌਰੀਡੋਰ ਦੇ ਨਿਰਮਾਣ ਦੀ ਕਾਨਪੁਰ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ  (2017-18) ਨੂੰ ਮਨਜ਼ੂਰੀ ਦੇ ਦਿੱਤੀ ਹੈ। ਸ੍ਰੀ ਅਵਸਥੀ ਨੇ ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ ਦੇ ਪੁਨਰ-ਵਿਕਾਸ ਅਤੇ ਕਾਨਪੁਰ ਲਈ ਨਵੀਂ ਰੇਲ ਸੇਵਾ ਸ਼ੁਰੂ ਹੋਣ ’ਤੇ ਵੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।ਇਸ ਰੇਲ ਸੇਵਾ ਦੀ ਸ਼ੁਰੂਆਤ ਯਾਤਰੀ ਸੰਪਰਕ ਨੂੰ ਮਜ਼ਬੂਤ ​​ਕਰਨ ਅਤੇ ਯਾਤਰੀਆਂ ਨੂੰ ਆਧੁਨਿਕ, ਆਰਾਮਦਾਇਕ ਅਤੇ ਭਰੋਸੇਮੰਦ ਰੇਲ ਯਾਤਰਾ ਦੀਆਂ ਸਹੂਲਤਾਂ ਮੁਹੱਈਆ ਕਰਨ ਲਈ ਭਾਰਤੀ ਰੇਲਵੇ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ।

*****

ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਮਾਨਿਕ ਸ਼ਰਮਾ/ਵੰਸ਼ਿਤਾ ਜੈਸਵਾਲ


(Release ID: 2337479) ਵਿਜ਼ੀਟਰ ਕਾਊਂਟਰ : 8