ਪ੍ਰਧਾਨ ਮੰਤਰੀ ਦਫਤਰ
azadi ka amrit mahotsav

23ਵੇਂ ਆਸੀਆਨ-ਭਾਰਤ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਸ਼ੁਰੂਆਤੀ ਬਿਆਨ ਦਾ ਪੰਜਾਬੀ ਅਨੁਵਾਦ

Posted On: 17 NOV 2026 12:16PM by PIB Chandigarh

ਮਹਾਮਹਿਮ, ਰਾਸ਼ਟਰਪਤੀ ਮਾਰਕੋਸ

ਮਹਾਮਹਿਮ,
ਹੋਰ ਮਹਾਮਹਿਮ,

ਨਮਸਕਾਰ।

ਆਪਣੇ ਆਸੀਆਨ ਪਰਿਵਾਰ ਨਾਲ ਇੱਕ ਵਾਰ ਫਿਰ ਜੁੜ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਆਸੀਆਨ ਦੀ ਸਫ਼ਲ ਪ੍ਰਧਾਨਗੀ ਅਤੇ ਭਾਰਤ ਦੇ ਕੰਟਰੀ ਕੋਆਰਡੀਨੇਟਰ ਵਜੋਂ ਮਹੱਤਵਪੂਰਨ ਯੋਗਦਾਨ ਦੇਣ ਲਈ, ਮੈਂ ਰਾਸ਼ਟਰਪਤੀ ਮਾਰਕੋਸ ਨੂੰ ਦਿਲੋਂ ਵਧਾਈ ਦਿੰਦਾ ਹਾਂ ਅਤੇ ਧੰਨਵਾਦ ਕਰਦਾ ਹਾਂ।

ਅੱਜ ਇਸ ਫ਼ਾਰਮੈਟ ਵਿੱਚ ਆਸੀਆਨ ਆਗੂਆਂ ਨਾਲ ਇਹ ਮੇਰਾ 13ਵਾਂ ਸੰਵਾਦ ਹੈ। ਪਿਛਲੇ ਸਾਲਾਂ ਵਿੱਚ ਸਾਡੀ ਐਕਟ ਈਸਟ ਪਾਲਿਸੀ ਨੇ ਭਾਰਤ-ਆਸੀਆਨ ਸਬੰਧਾਂ ਨੂੰ ਨਵੀਂ ਗਤੀ ਅਤੇ ਨਵੀਂ ਡੂੰਘਾਈ ਦਿੱਤੀ ਹੈ। ਸਾਡੀ ਭਾਈਵਾਲੀ ਹੁਣ ਸਾਂਝੇ ਸੱਭਿਆਚਾਰ ਅਤੇ ਵਿਰਸੇ ਤੋਂ ਅੱਗੇ ਵਧ ਕੇ ਡਿਜੀਟਲ, ਡਿਫੈਂਸ ਅਤੇ ਪੁਲਾੜ ਵਰਗੇ ਖੇਤਰਾਂ ਵਿੱਚ ਨਵੇਂ ਆਯਾਮ ਪ੍ਰਾਪਤ ਕਰ ਰਹੀ ਹੈ।

ਸਾਲ 2014 ਤੋਂ ਹੁਣ ਤੱਕ, ਅਸੀਂ ਜਨ-ਜਨ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ 100 ਤੋਂ ਵੱਧ ਪਹਿਲਕਦਮੀਆਂ ਕੀਤੀਆਂ ਹਨ, ਲਗਭਗ 250 ਤੁਰੰਤ ਪ੍ਰਭਾਵ ਵਾਲੇ ਪ੍ਰੋਜੈਕਟ ਲਾਂਚ ਕੀਤੇ ਹਨ, ਅਤੇ 10 ਹਜ਼ਾਰ ਤੋਂ ਵੱਧ ਹੁਨਰ ਵਿਕਾਸ ਵਜ਼ੀਫ਼ੇ ਦਿੱਤੇ ਹਨ।

 

ਅੱਜ ਭਾਰਤ ਅਤੇ ਨੌਂ ਆਸੀਆਨ ਦੇਸ਼ਾਂ ਵਿਚਕਾਰ ਸਿੱਧੀਆਂ ਉਡਾਣਾਂ ਅਤੇ ਵਧਦਾ ਸੈਰ-ਸਪਾਟਾ ਵੀ ਸਾਡੀ ਨੇੜਤਾ ਦਾ ਇੱਕ ਪ੍ਰਮਾਣ ਹੈ।

ਸਾਥੀਓ,

ਪਿਛਲੇ ਕੁਝ ਸਾਲਾਂ ਵਿੱਚ ਦੁਨੀਆ ਇੱਕ ਤੋਂ ਬਾਅਦ ਇੱਕ ਕਈ ਸੰਕਟਾਂ ਵਿੱਚੋਂ ਲੰਘੀ ਹੈ। ਅੱਜ ਦੁਨੀਆ ਨੂੰ ਸਭ ਤੋਂ ਵੱਧ ਜ਼ਰੂਰਤ ਹੈ—ਸ਼ਾਂਤੀ, ਸਥਿਰਤਾ ਅਤੇ ਭਵਿੱਖਵਾਣੀ ਦੀ। ਇਸ ਸੰਦਰਭ ਵਿੱਚ, ਇਸ ਸਾਲ ਦਾ ਸਾਡਾ ਵਿਸ਼ਾ “ਆਪਣੇ ਭਵਿੱਖ ਦੀ ਦਿਸ਼ਾ, ਮਿਲ ਕੇ ਤੈਅ ਕਰਨਾ” ਵਿਸ਼ੇਸ਼ ਮਹੱਤਵ ਰੱਖਦਾ ਹੈ।

ਭਾਰਤ ਅਤੇ ਆਸੀਆਨ ਮਿਲ ਕੇ ਦੁਨੀਆ ਦੀ ਲਗਭਗ ਇੱਕ-ਚੌਥਾਈ ਆਬਾਦੀ ਦੀ ਨੁਮਾਇੰਦਗੀ ਕਰਦੇ ਹਨ। ਇਸੇ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਸਾਡਾ ਭਵਿੱਖ ਮੁਕਾਬਲੇ ਨਾਲ ਨਹੀਂ, ਸਗੋਂ ਸਹਿਯੋਗ ਨਾਲ ਤੈਅ ਹੋਵੇ। ਸਾਡੇ ਕੋਲ ਸਮਰੱਥਾ ਵੀ ਹੈ ਅਤੇ ਸਾਡੇ ਕੋਲ ਸੰਕਲਪ ਵੀ ਹੈ। ਅਸੀਂ ਮਿਲ ਕੇ ਇਸ ਖੇਤਰ ਨੂੰ ਸ਼ਾਂਤੀ ਅਤੇ ਸਥਿਰਤਾ ਦਾ ਪ੍ਰਤੀਕ ਬਣਾ ਸਕਦੇ ਹਾਂ।

 

ਸਾਥੀਓ,

ਇਸ ਸਾਲ ਆਸੀਆਨ ਦੇਸ਼ਾਂ ਦੀ ਇਹ ਮੇਰੀ ਤੀਜੀ ਯਾਤਰਾ ਹੈ। ਇਹ ਭਾਰਤ ਲਈ ਆਸੀਆਨ ਦੇ ਵਿਸ਼ੇਸ਼ ਮਹੱਤਵ ਨੂੰ ਦਰਸਾਉਂਦੀ ਹੈ। ਸਾਡਾ ਵਿਸ਼ਵਾਸ ਹੈ ਕਿ ਭਾਰਤ ਦਾ ਵਿਕਾਸ ਅਤੇ ਆਸੀਆਨ ਦੀ ਖ਼ੁਸ਼ਹਾਲੀ ਇੱਕ-ਦੂਜੇ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ।

ਆਉਣ ਵਾਲੇ ਸਾਲਾਂ ਵਿੱਚ ਆਸੀਆਨ ਕਮਿਊਨਿਟੀ ਵਿਜ਼ਨ 2045 ਅਤੇ ਵਿਕਸਤ ਭਾਰਤ 2047, ਸਾਡੀ ਸਾਂਝੀ ਇੱਛਾ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।

 

ਪਿਛਲੇ 12 ਸਾਲਾਂ ਵਿੱਚ ਅਸੀਂ ਆਪਣੀ ਭਾਈਵਾਲੀ ਨੂੰ ਨਵੀਂ ਗਤੀ ਦਿੱਤੀ ਹੈ। ਹੁਣ ਸਾਨੂੰ ਮਿਲ ਕੇ ਆਪਣੇ ਖੇਤਰ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣੀ ਹੈ। ਇਸ ਭਾਈਵਾਲੀ ਵਿੱਚ ਆਸੀਆਨ ਦੀ ਏਕਤਾ ਅਤੇ ਕੇਂਦਰੀਤਾ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਅਟੱਲ ਹੈ ਅਤੇ ਅਟੱਲ ਰਹੇਗੀ।

ਮੈਨੂੰ ਵਿਸ਼ਵਾਸ ਹੈ ਕਿ ਅੱਜ ਦੀ ਮੀਟਿੰਗ ਸਾਡੀ ਵਿਆਪਕ ਰਣਨੀਤਕ ਭਾਈਵਾਲੀ ਨੂੰ ਨਵੀਂਆਂ ਉਚਾਈਆਂ ਪ੍ਰਦਾਨ ਕਰੇਗੀ ਅਤੇ ਇੱਕ ਸੁਰੱਖਿਅਤ, ਸਮਾਵੇਸ਼ੀ, ਖ਼ੁਸ਼ਹਾਲ ਇੰਡੋ-ਪ੍ਰਸ਼ਾਂਤ ਦੇ ਨਿਰਮਾਣ ਵਿੱਚ ਯੋਗਦਾਨ ਦੇਵੇਗੀ।

ਮੈਂ ਤੁਹਾਡੇ ਸਾਰਿਆਂ ਦੇ ਵਿਚਾਰ ਅਤੇ ਸੁਝਾਅ ਸੁਣਨ ਲਈ ਉਤਸੁਕ ਹਾਂ।

ਬਹੁਤ-ਬਹੁਤ ਧੰਨਵਾਦ।

 ***************

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਐੱਸ


(Release ID: 2337437) ਵਿਜ਼ੀਟਰ ਕਾਊਂਟਰ : 16