ਵਿੱਤ ਮੰਤਰਾਲਾ
azadi ka amrit mahotsav

ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਜਵਾਹਰਲਾਲ ਨਹਿਰੂ ਪੋਰਟ ਅਥਾਰਿਟੀ ਪੋਰਟ ‘ਤੇ 4 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੀਆਂ ਲਗਭਗ 13 ਹਜ਼ਾਰ ਈ-ਸਿਗਰੇਟਸ ਜ਼ਬਤ ਕੀਤੀਆਂ

Posted On: 10 NOV 2026 3:09PM by PIB Chandigarh

ਪਾਬੰਦੀਸ਼ੁਦਾ ਵਸਤੂਆਂ ਦੀ ਤਸਕਰੀ ਅਤੇ ਜੰਗਲੀ ਜੀਵਾਂ ਅਤੇ ਵਾਤਾਵਰਣ ਦੀ ਦ੍ਰਿਸ਼ਟੀ ਪੱਖੋਂ ਸੰਵੇਦਨਸ਼ੀਲ ਵਸਤਾਂ ਦੇ ਗੈਰ-ਕਾਨੂੰਨੀ ਅੰਤਰਰਾਸ਼ਟਰੀ ਵਪਾਰ ਦੀ ਤਸਕਰੀ ਦਾ ਪਤਾ ਲਗਾਉਣ ਅਤੇ ਉਸ ਨੂੰ ਰੋਕਣ ਵਾਲੀ ਸੰਸਥਾ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ-ਡੀਆਰਆਈ ਦੇ ਅਧਿਕਾਰੀਆਂ ਨੇ ਇੱਕ ਵਿਸ਼ੇਸ਼ ਸੂਚਨਾ ਦੇ ਅਧਾਰ ‘ਤੇ ਨਵੀ ਮੁੰਬਈ ਵਿਖੇ ਜਵਾਹਰਲਾਲ ਨਹਿਰੂ ਪੋਰਟ ਅਥਾਰਿਟੀ ਦੀ ਬੰਦਰਗਾਹ ‘ਤੇ ਆਯਾਤ ਕੀਤੀ ਇੱਕ ਖੇਪ ਫੜੀ, ਜਿਸ ਵਿੱਚ ਈ-ਸਿਗਰੇਟ ਹੋਣ ਦਾ ਸ਼ੱਕ ਸੀ। ਇਸ ਖੇਪ ਵਿੱਚ ਮਾਲ ਨੂੰ ਗਲਤ ਢੰਗ ਨਾਲ ਮੌਪ ਰੌਡ-ਪੋਚਾ ਲਗਾਉਣ ਦਾ ਡੰਡਾ ਘੋਸ਼ਿਤ ਕੀਤਾ ਗਿਆ ਸੀ। ਕੰਟੇਨਰ ਦੀ ਡੂੰਘੀ ਜਾਂਚ ਵਿੱਚ ਉਸ ਵਿੱਚ ਘੋਸ਼ਿਤ ਮੌਪ ਰੌਡ ਦੀ ਖੇਪ ਵਿੱਚ ਕੰਟੇਨਰ ਦੇ ਹੇਠਲੇ ਹਿੱਸੇ ਵਿੱਚ ਲੁਕਾ ਕੇ ਰੱਖੀਆਂ ਗਈਆਂ 6 ਹਜ਼ਾਰ ਯੂਟੋ ਥਾਨੋਸ ਈ-ਸਿਗਰੇਟਾਂ ਅਤੇ 7 ਹਜ਼ਾਰ ਯੂਟੋ ਲੈਂਸ ਬ੍ਰਾਂਡ ਦੀਆਂ ਈ-ਸਿਗਰੇਟਾਂ ਬਰਾਮਦ ਹੋਈਆਂ।

ਕੁੱਲ 13 ਹਜ਼ਾਰ ਈ-ਸਿਗਰੇਟਾਂ ਅਤੇ ਉਨ੍ਹਾਂ ਨੂੰ ਲੁਕਾਉਣ ਲਈ ਵਰਤੋਂ ਵਿੱਚ ਲਿਆਂਦੇ ਗਏ ਕਵਰ ਕਾਰਗੋ (ਆੜ ਵਜੋਂ ਘੋਸ਼ਿਤ ਮਾਲ) ਨੂੰ ਕਸਟਮ ਡਿਊਟੀ ਐਕਟ ਨਾਲ ਸਬੰਧਿਤ ਧਾਰਾਵਾਂ ਦੇ ਤਹਿਤ ਜ਼ਬਤ ਕਰ ਲਿਆ ਗਿਆ। ਇਨ੍ਹਾਂ ਦੀ ਕੁੱਲ ਕੀਮਤ 4 ਹਜ਼ਾਰ ਕਰੋੜ ਰੁਪਏ ਤੋਂ ਵੱਧ ਲਗਾਈ ਗਈ ਹੈ।

ਭਾਰਤ ਵਿੱਚ ਇਲੈਕਟ੍ਰੌਨਿਕ ਸਿਗਰੇਟ ਅਤੇ ਹਰ ਤਰ੍ਹਾਂ ਦੀਆਂ ਇਲੈਕਟ੍ਰੌਨਿਕ ਨਿਕੋਟੀਨ ਸਬੰਧੀ ਪ੍ਰਣਾਲੀਆਂ ਪਾਬੰਦੀਸ਼ੁਦਾ ਹਨ। ਜਨਤਕ ਸਿਹਤ ਅਤੇ ਲੋਕਾਂ ਨੂੰ ਇਨ੍ਹਾਂ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਬਚਾਉਣ ਦੇ ਉਦੇਸ਼ ਨਾਲ ਵਰ੍ਹੇ 2019 ਵਿੱਚ ਇਲੈਕਟ੍ਰੌਨਿਕ ਸਿਗਰੇਟ ‘ਤੇ ਪਾਬੰਦੀ (ਉਤਪਾਦਨ, ਮੈਨੂਫੈਕਚਰਿੰਗ, ਆਯਾਤ, ਨਿਰਯਾਤ, ਆਵਾਜਾਈ, ਵਿਕਰੀ, ਵੰਡ, ਸਟੋਰੇਜ ਅਤੇ ਇਸ਼ਤਿਹਾਰਬਾਜੀ) ਐਕਟ ਲਾਗੂ ਕੀਤਾ ਗਿਆ ਸੀ। 

ਮੌਜੂਦਾ ਵਿੱਤੀ ਸਾਲ 2026-27 ਵਿੱਚ, ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਨੇ ਮਹਾਰਾਸ਼ਟਰ, ਗੁਜਰਾਤ, ਦਿੱਲੀ ਅਤੇ ਪੱਛਮ ਬੰਗਾਲ ਵਿੱਚ ਵੱਖ-ਵੱਖ ਬੰਦਰਗਾਹਾਂ, ਹਵਾਈ ਅੱਡਿਆਂ ਅਤੇ ਅੰਦਰੂਨੀ ਕੰਟੇਨਰ ਡਿਪੂਆਂ (ICDs) 'ਤੇ ਕਾਰਵਾਈ ਕਰਦੇ ਹੋਏ ਲਗਭਗ 3,55,000 ਈ-ਸਿਗਰੇਟਾਂ ਜ਼ਬਤ ਕੀਤੀਆਂ ਹਨ, ਜਿਨ੍ਹਾਂ ਦੀ ਕੀਮਤ 135 ਕਰੋੜ ਰੁਪਏ ਤੋਂ ਵੱਧ ਹੈ।

ਇਹ ਜ਼ਬਤੀਆਂ ਸਰਹੱਦ ਪਾਰੋਂ ਹੋਣ ਵਾਲੀ ਤਸਕਰੀ ਨੂੰ ਰੋਕਣ ਅਤੇ ਦੇਸ਼ ਦੇ ਆਰਥਿਕ ਹਿਤਾਂ ਅਤੇ ਜਨਤਕ ਸਿਹਤ ਦੀ ਰੱਖਿਆ ਕਰਨ ਪ੍ਰਤੀ DRI ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।

************

ਕੇਟੀ/ਕੇਐੱਮਐੱਨ/ਏਕੇ


(Release ID: 2334713) ਵਿਜ਼ੀਟਰ ਕਾਊਂਟਰ : 4