Posted On:
10 NOV 2026 12:46PM by PIB Chandigarh
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਅਧੀਨ 'ਮੇਰਾ ਯੁਵਾ ਭਾਰਤ' (ਮਾਈ ਭਾਰਤ) ਨੇ 6 ਅਤੇ 7 ਨਵੰਬਰ 2026 ਨੂੰ 'ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ' ਨਾਮਕ 100-ਹਫ਼ਤਿਆਂ ਦੀ ਮੁਹਿੰਮ ਦੇ 8ਵੇਂ ਹਫ਼ਤੇ ਦੌਰਾਨ, ਦੇਸ਼ ਭਰ ਵਿੱਚ 'ਨਸ਼ਾ ਮੁਕਤ ਯੁਵਾ ਦੀਪੋਤਸਵ – ਇੱਕ ਦੀਆ ਸੰਕਲਪ ਕਾ' ਅਤੇ 'ਨੇਬਰਹੁੱਡ ਯੂਥ ਪਾਰਲੀਮੈਂਟਾਂ' ਰਾਹੀਂ 'ਨਸ਼ਾ ਮੁਕਤ ਯੁਵਾ ਪਰ ਚਰਚਾ' ਦਾ ਆਯੋਜਨ ਕੀਤਾ। ਇਨ੍ਹਾਂ ਦੋਵਾਂ ਪਹਿਲਕਦਮੀਆਂ ਨੇ ਦੀਵਾਲੀ ਦੇ ਜਸ਼ਨਾਂ ਨੂੰ ਨਸ਼ਿਆਂ ਦੀ ਸਮੱਸਿਆ ਬਾਰੇ ਜ਼ਮੀਨੀ ਪੱਧਰ 'ਤੇ ਹੋਣ ਵਾਲੀ ਚਰਚਾ ਨਾਲ ਜੋੜਿਆ। ਇਸ ਵਿੱਚ 30 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 1.19 ਲੱਖ ਤੋਂ ਵੱਧ ਨੌਜਵਾਨਾਂ ਅਤੇ ਨਾਗਰਿਕਾਂ ਨੇ ਸ਼ਮੂਲੀਅਤ ਕੀਤੀ ਅਤੇ ਭਾਗੀਦਾਰਾਂ ਨੇ 'ਨਸ਼ਾ ਮੁਕਤ ਭਾਰਤ' ਬਣਾਉਣ ਦਾ ਸੰਕਲਪ ਲਿਆ।

'ਨਸ਼ਾ ਮੁਕਤ ਯੁਵਾ ਦੀਪੋਤਸਵ – ਇੱਕ ਦੀਆ ਸੰਕਲਪ ਕਾ' ਪਹਿਲਕਦਮੀ ਤਹਿਤ 435 ਪ੍ਰੋਗਰਾਮ ਅਤੇ 568 ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 1,10,101 ਲੋਕਾਂ ਨੇ ਹਿੱਸਾ ਲਿਆ। ਇਨ੍ਹਾਂ ਗਤੀਵਿਧੀਆਂ ਵਿੱਚ ਰੰਗੋਲੀ ਬਣਾਉਣਾ, ਦੀਵੇ ਜਗਾਉਣਾ, ਮਿਠਾਈਆਂ ਵੰਡਣਾ, ਜਾਗਰੂਕਤਾ ਪ੍ਰੋਗਰਾਮ ਅਤੇ 'ਮਾਈ ਭਾਰਤ' ਦੇ ਵਲੰਟੀਅਰਾਂ ਦਾ ਸਨਮਾਨ ਕਰਨਾ ਸ਼ਾਮਲ ਸੀ। ਇਸ ਵਿੱਚ ਬ੍ਰਹਮਾ ਕੁਮਾਰੀਜ਼, ਈ.ਪੀ.ਐਸ.ਆਈ. ਅਤੇ ਹਾਰਟਫੁਲਨੈੱਸ ਸਮੇਤ ਹੋਰ ਸਹਿਯੋਗੀ ਸੰਸਥਾਵਾਂ ਨੇ ਵੀ ਭਾਗ ਲਿਆ।
ਉੱਤਰ ਪ੍ਰਦੇਸ਼ ਵਿੱਚ, 'ਮਾਈ ਭਾਰਤ' ਨੇ ਲਖਨਊ ਵਿੱਚ ਵਲੰਟੀਅਰਾਂ ਨਾਲ ਜਸ਼ਨ ਮਨਾਏ, ਬਾਂਦਾ ਦੇ ਇੱਕ ਬਿਰਧ ਆਸ਼ਰਮ ਵਿੱਚ ਮਿਠਾਈਆਂ ਅਤੇ ਫਲ ਵੰਡੇ, ਅਤੇ ਰਾਮਪੁਰ ਵਿੱਚ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ। ਛੱਤੀਸਗੜ੍ਹ ਵਿੱਚ, ਮੁਗੇਲੀ ਅਤੇ ਧਮਤਰੀ ਵਿਖੇ ਦੀਪੋਤਸਵ ਅਤੇ ਰੰਗੋਲੀ ਦੀਆਂ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਹਿਮਾਚਲ ਪ੍ਰਦੇਸ਼ ਵਿੱਚ, ਕਾਂਗੜਾ ਦੇ ਇੱਕ ਬਿਰਧ ਆਸ਼ਰਮ ਵਿੱਚ ਜਸ਼ਨ ਮਨਾਏ ਗਏ ਅਤੇ ਮਿਠਾਈਆਂ ਵੰਡੀਆਂ ਗਈਆਂ। ਇਸੇ ਤਰ੍ਹਾਂ ਦੀਆਂ ਗਤੀਵਿਧੀਆਂ ਮਹਾਰਾਸ਼ਟਰ ਦੇ ਯਵਤਮਾਲ, ਪੁਡੂਚੇਰੀ ਦੇ ਯਾਨਮ, ਅਤੇ ਜੰਮੂ-ਕਸ਼ਮੀਰ ਵਿੱਚ ਵੀ ਆਯੋਜਿਤ ਕੀਤੀਆਂ ਗਈਆਂ।

ਬਲਾਕ ਪੱਧਰ 'ਤੇ 'ਨੇਬਰਹੁੱਡ ਯੂਥ ਪਾਰਲੀਮੈਂਟਸ' (ਐੱਨ ਵਾਈ ਪੀਜ਼) ਰਾਹੀਂ ਆਯੋਜਿਤ 'ਨਸ਼ਾ ਮੁਕਤ ਯੁਵਾ ਪਰ ਚਰਚਾ' ਪਹਿਲਕਦਮੀ ਤਹਿਤ 85 ਪ੍ਰੋਗਰਾਮ ਅਤੇ 298 ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ 9,526 ਵਿਅਕਤੀਆਂ ਨੇ ਹਿੱਸਾ ਲਿਆ। ਇਨ੍ਹਾਂ ਚਰਚਾਵਾਂ ਦਾ ਮੁੱਖ ਕੇਂਦਰ ਨਸ਼ਿਆਂ ਦੀ ਵਰਤੋਂ, ਇਸ ਨਾਲ ਜੁੜੀਆਂ ਚੁਣੌਤੀਆਂ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਨੌਜਵਾਨਾਂ ਦੀ ਭੂਮਿਕਾ ਸੀ।
ਹਰੇਕ 'ਨੇਬਰਹੁੱਡ ਯੂਥ ਪਾਰਲੀਮੈਂਟ' (ਐੱਨ ਵਾਈ ਪੀ) ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਸੀ ਕਿ ਹਰੇਕ ਬਲਾਕ ਵਿੱਚ ਚਾਰ ਨਿਰਧਾਰਿਤ ਸੈਸ਼ਨਾਂ ਰਾਹੀਂ ਘੱਟੋ-ਘੱਟ 80 ਨੌਜਵਾਨਾਂ ਨੂੰ ਸ਼ਾਮਲ ਕੀਤਾ ਜਾ ਸਕੇ। ਇਨ੍ਹਾਂ ਸੈਸ਼ਨਾਂ ਵਿੱਚ 'ਮਾਈ ਭਾਰਤ' ਪੋਰਟਲ ਬਾਰੇ ਜਾਣਕਾਰੀ; 'ਨਸ਼ਿਆਂ ਦੀ ਵਰਤੋਂ ਨੂੰ ਸਮਝਣਾ: ਭਾਰਤ ਦੇ ਨੌਜਵਾਨਾਂ ਸਾਹਮਣੇ ਚੁਣੌਤੀਆਂ'; 'ਜਾਗਰੂਕਤਾ ਤੋਂ ਕਾਰਵਾਈ ਤੱਕ: ਨਸ਼ਾ ਮੁਕਤ ਯੁਵਾ ਲਈ ਸਾਧਨ' ਅਤੇ 'ਬਦਲਾਅ ਦੀਆਂ ਕਹਾਣੀਆਂ: ਨਸ਼ਾ ਮੁਕਤ ਭਾਰਤ ਵੱਲ ਸਫ਼ਰ' ਸਿਰਲੇਖ ਹੇਠ ਇੱਕ ਆਡੀਓ-ਵਿਜ਼ੂਅਲ ਪੇਸ਼ਕਾਰੀ ਸ਼ਾਮਲ ਸੀ।

ਇਨ੍ਹਾਂ ਚਰਚਾਵਾਂ ਵਿੱਚ ਨਾਅਰੇ ਲਿਖਣਾ, ਰੰਗੋਲੀ ਬਣਾਉਣਾ, ਨੁੱਕੜ ਨਾਟਕ, ਵਿਚਾਰ-ਵਟਾਂਦਰੇ ਦੇ ਸੈਸ਼ਨ ਅਤੇ ਸਹੁੰ ਚੁੱਕਣਾ ਸ਼ਾਮਲ ਸਨ। ਅਜਿਹੀਆਂ ਗਤੀਵਿਧੀਆਂ ਹਰਿਆਣਾ ਦੇ ਫਤਿਹਾਬਾਦ ਵਿੱਚ ਭੂਨਾ; ਮਹਾਰਾਸ਼ਟਰ ਵਿੱਚ ਲਾਤੂਰ; ਪੂਰਬੀ ਦਿੱਲੀ; ਅਤੇ ਛੱਤੀਸਗੜ੍ਹ ਦੇ ਡੋਂਗਰਗੜ੍ਹ ਬਲਾਕ ਵਿੱਚ ਆਯੋਜਿਤ ਕੀਤੀਆਂ ਗਈਆਂ ਸਨ। 'ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ' ਨਾਮਕ 100-ਹਫ਼ਤਿਆਂ ਦੀ ਸੰਕਲਪ ਮੁਹਿੰਮ, ਨਸ਼ਾ ਮੁਕਤ ਭਾਰਤ ਵੱਲ ਨੌਜਵਾਨਾਂ ਦੀ ਲਗਾਤਾਰ ਸ਼ਮੂਲੀਅਤ ਅਤੇ ਭਾਈਚਾਰੇ ਦੀ ਅਗਵਾਈ ਵਾਲੇ ਕਾਰਜਾਂ ਲਈ ਇੱਕ ਦੇਸ਼-ਵਿਆਪੀ ਮੰਚ ਪ੍ਰਦਾਨ ਕਰ ਰਹੀ ਹੈ।
*****
ਗੌਰਵ ਸੈਣੀ