Posted On:
06 NOV 2026 8:26AM by PIB Chandigarh
ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਅਤੇ ਪੰਚਾਇਤੀ ਰਾਜ ਮੰਤਰੀ, ਸ਼੍ਰੀ ਰਾਜੀਵ ਰੰਜਨ ਸਿੰਘ ਉਰਫ਼ ਲੱਲਨ ਸਿੰਘ ਨੇ 5 ਨਵੰਬਰ, 2026 ਨੂੰ ਪਦਮ ਸ਼੍ਰੀ ਡਾ. ਅਯੱਪਨ ਕਾਨਫਰੰਸ ਹਾਲ, ਐਨਐਫਡੀਬੀ, ਹੈਦਰਾਬਾਦ ਵਿਖੇ ਰਾਸ਼ਟਰੀ ਮੱਛੀ ਪਾਲਣ ਵਿਕਾਸ ਬੋਰਡ (ਐਨਐਫਡੀਬੀ) ਦੀ 13ਵੀਂ ਗਵਰਨਿੰਗ ਬਾਡੀ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਮੀਟਿੰਗ ਵਿੱਚ ਤੇਲੰਗਾਨਾ ਸਰਕਾਰ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ਼੍ਰੀ ਵਾਕੀਤੀ ਸ਼੍ਰੀਹਰੀ; ਅਰੁਣਾਚਲ ਪ੍ਰਦੇਸ਼ ਸਰਕਾਰ ਦੇ ਮੱਛੀ ਪਾਲਣ ਮੰਤਰੀ ਸ਼੍ਰੀ ਗੈਬਰੀਅਲ ਡੇਨਵਾਂਗ ਵਾਂਗਸੂ ਅਤੇ ਤ੍ਰਿਪੁਰਾ ਸਰਕਾਰ ਦੇ ਮੱਛੀ ਪਾਲਣ ਮੰਤਰੀ ਸ਼੍ਰੀ ਸੁਧਾਂਸ਼ੂ ਦਾਸ ਤੋਂ ਇਲਾਵਾ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੱਛੀ ਪਾਲਣ ਵਿਭਾਗ ਦੇ ਪ੍ਰਤੀਨਿਧੀ ਅਤੇ ਐਨਐਫਡੀਬੀ ਗਵਰਨਿੰਗ ਬਾਡੀ ਦੇ 13 ਗੈਰ-ਸਰਕਾਰੀ ਮੈਂਬਰ ਸ਼ਾਮਲ ਹੋਏ।
ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਨੇ ਮੀਟਿੰਗ ਦੌਰਾਨ ਐਨਐਫਡੀਬੀ ਨੂੰ ਮੱਛੀ ਪਾਲਕਾਂ ਤੱਕ ਵਧੇਰੇ ਪਹੁੰਚ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਨਜ਼ਦੀਕੀ ਤਾਲਮੇਲ ਰਾਹੀਂ ਇੱਕ ਸਰਗਰਮ ਵਿਕਾਸ ਸੰਸਥਾ ਵਜੋਂ ਆਪਣੀ ਭੂਮਿਕਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ । ਉਨ੍ਹਾਂ ਨੇ ਮਛੇਰਿਆਂ ਦੀ ਆਮਦਨ ਅਤੇ ਰੋਜ਼ੀ-ਰੋਟੀ ਸੁਰੱਖਿਆ ਨੂੰ ਵਧਾਉਣ ਲਈ ਪ੍ਰੋਜੈਕਟਾਂ ਨੂੰ ਸਮੇਂ ਸਿਰ ਲਾਗੂ ਕਰਨ ਅਤੇ ਪੂਰਾ ਕਰਨ ਅਤੇ ਫੰਡਾਂ ਦੀ ਪ੍ਰਭਾਵਸ਼ਾਲੀ ਵਰਤੋਂ 'ਤੇ ਜ਼ੋਰ ਦਿੱਤਾ। ਮੰਤਰੀ ਨੇ ਉਤਪਾਦਨ, ਸਪਲਾਈ ਅਤੇ ਖਪਤ ਵਿੱਚ ਪਾੜੇ ਨੂੰ ਪੂਰਾ ਕਰਨ ਅਤੇ ਆਤਮ-ਨਿਰਭਰਤਾ ਵੱਲ ਵਧਣ ਲਈ ਉੱਤਰ-ਪੂਰਬੀ ਅਤੇ ਅੰਦਰੂਨੀ ਰਾਜਾਂ ਨੂੰ ਕੇਂਦ੍ਰਿਤ ਸਹਾਇਤਾ ਦੇ ਨਿਰਦੇਸ਼ ਦਿੱਤੇ। ਮੱਛੀ ਉਤਪਾਦਨ 2019-20 ਵਿੱਚ 141.64 ਲੱਖ ਟਨ ਤੋਂ ਵਧ ਕੇ 197.75 ਲੱਖ ਟਨ ਹੋ ਗਿਆ ਹੈ, ਇਸ ਨੂੰ ਦੇਖਦੇ ਹੋਏ, ਉਨ੍ਹਾਂ ਨੇ ਐਨਐਫਡੀਬੀ ਦੇ ਭਵਿੱਖ ਦੀ ਦਖਲਅੰਦਾਜ਼ੀ ਦਾ ਮਾਰਗਦਰਸ਼ਨ ਕਰਨ ਵਾਲੇ ਔਸਤ ਦਰਜੇ ਦੇ ਨਤੀਜਿਆਂ ਦੇ ਨਾਲ ਉਤਪਾਦਨ ਅਤੇ ਉਤਪਾਦਕਤਾ ਵਿੱਚ ਹੋਰ ਵਾਧੇ 'ਤੇ ਜ਼ੋਰ ਦਿੱਤਾ ।
ਡਾ. ਅਭਿਲਕਸ਼ ਲਿਖੀ, ਸਕੱਤਰ (ਮੱਛੀ ਪਾਲਣ), ਮੱਛੀ ਪਾਲਣ ਵਿਭਾਗ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਨੇ ਜਲ-ਖੇਤੀ ਦੇ ਵਿਸਥਾਰ ਅਤੇ ਸਮੁੰਦਰੀ ਭੋਜਨ ਨਿਰਯਾਤ ਨੂੰ ਮਜ਼ਬੂਤ ਕਰਨ ਲਈ ਵਿਭਾਗ ਅਤੇ ਰਾਜਾਂ ਦੇ ਯਤਨਾਂ ਨੂੰ ਉਜਾਗਰ ਕੀਤਾ, ਜਿਸਦਾ ਮੌਜੂਦਾ ਮੁੱਲ ਲਗਭਗ ₹70,000 ਕਰੋੜ ਹੈ। ਉਨ੍ਹਾਂ ਨੇ ਕਾਰੋਬਾਰ ਕਰਨ ਦੀ ਸੌਖ ਨੂੰ ਬਿਹਤਰ ਬਣਾਉਣ ਲਈ ਐਨਐੱਫਡੀਬੀ ਦੀ ਡਿਜੀਟਲ ਮੌਜੂਦਗੀ ਨੂੰ ਮਜ਼ਬੂਤ ਕਰਨ ਅਤੇ ਹਿੱਤਧਾਰਕਾਂ ਦੇ ਸਮਰਥਨ ਅਤੇ ਫੀਡਬੈਕ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਹਿਕਾਰੀ ਸਭਾਵਾਂ, ਮੱਛੀ ਪਾਲਣ ਉਤਪਾਦਕ ਸੰਗਠਨਾਂ (ਐੱਫਐੱਫਪੀਓਸ), ਸਟਾਰਟ-ਅੱਪਸ ਅਤੇ ਨਿੱਜੀ ਉੱਦਮੀਆਂ ਰਾਹੀਂ ਵਧੇਰੇ ਨਿੱਜੀ ਨਿਵੇਸ਼ ਅਤੇ ਉੱਦਮਤਾ ਦਾ ਸੱਦਾ ਵੀ ਦਿੱਤਾ ਜਦਕਿ ਮੱਛੀ ਪਾਲਣ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਨਿਰੰਤਰ ਸੁਧਾਰ ਲਈ ਰਾਜਾਂ ਅਤੇ ਹਿੱਤਧਾਰਕਾਂ ਦੀ ਪ੍ਰਤੀਕ੍ਰਿਆ ਨੂੰ ਰੇਖਾਂਕਿਤ ਕੀਤਾ।
ਰਾਜਾਂ ਦੇ ਮੱਛੀ ਪਾਲਣ ਮੰਤਰੀਆਂ ਨੇ ਮੱਛੀ ਪਾਲਣ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ 'ਤੇ ਚਾਨਣਾ ਪਾਇਆ ਅਤੇ ਮੱਛੀ ਬਾਜ਼ਾਰਾਂ ਅਤੇ ਏਕੀਕ੍ਰਿਤ ਐਕਵਾ ਪਾਰਕਾਂ ਦੀ ਸਥਾਪਨਾ ਲਈ ਨਿਰੰਤਰ ਕੇਂਦਰੀ ਸਹਾਇਤਾ ਦੀ ਮੰਗ ਕੀਤੀ। ਉਨ੍ਹਾਂ ਨੇ ਮੱਛੀ ਪਾਲਣ ਦੇ ਵਿਕਾਸ ਲਈ ਅੰਮ੍ਰਿਤ ਸਰੋਵਰਾਂ, ਜਲ ਭੰਡਾਰਾਂ ਅਤੇ ਹੋਰ ਜਲ ਸਰੋਤਾਂ ਦੀ ਉਤਪਾਦਕ ਵਰਤੋਂ ਲਈ ਮੱਛੀ ਪਾਲਣ ਅਤੇ ਪੇਂਡੂ ਵਿਕਾਸ ਪ੍ਰੋਗਰਾਮਾਂ ਵਿਚਕਾਰ ਵਧੇਰੇ ਤਾਲਮੇਲ 'ਤੇ ਜ਼ੋਰ ਦਿੱਤਾ। ਮੰਤਰੀਆਂ ਨੇ ਪੀਐਮਐਮਐਸਵਾਈ ਅਧੀਨ ਲਾਭਪਾਤਰੀਆਂ ਦੀ ਨਿਰੰਤਰ ਸਿਖਲਾਈ ਦੇ ਨਾਲ-ਨਾਲ ਸਿਖਲਾਈ, ਸਮਰੱਥਾ ਨਿਰਮਾਣ ਅਤੇ ਮਛੇਰਿਆਂ, ਉੱਦਮੀਆਂ, ਔਰਤਾਂ, ਸਵੈ-ਸਹਾਇਤਾ ਸਮੂਹਾਂ ਅਤੇ ਅਧਿਕਾਰੀਆਂ ਲਈ ਅੰਤਰ-ਰਾਜੀ ਅਤੇ ਅੰਤਰਰਾਸ਼ਟਰੀ ਪ੍ਰਦਰਸ਼ਨ ਵਧਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਨੇ ਪੋਸ਼ਣ-ਕੇਂਦ੍ਰਿਤ ਜਾਗਰੂਕਤਾ ਪਹਿਲਕਦਮੀਆਂ ਰਾਹੀਂ ਮੱਛੀ ਦੀ ਖਪਤ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ।
ਰਾਸ਼ਟਰੀ ਮੱਛੀ ਪਾਲਣ ਵਿਕਾਸ ਬੋਰਡ ਦੇ ਮੁੱਖ ਕਾਰਜਕਾਰੀ ਡਾ. ਬਿਜੈ ਕੁਮਾਰ ਬੇਹਰਾ ਨੇ ਮੱਛੀ ਪਾਲਣ ਅਤੇ ਜਲ-ਖੇਤੀ ਖੇਤਰ ਵਿੱਚ ਬੋਰਡ ਦੀਆਂ ਪ੍ਰਮੁੱਖ ਗਤੀਵਿਧੀਆਂ, ਪ੍ਰਾਪਤੀਆਂ ਅਤੇ ਚੱਲ ਰਹੀਆਂ ਪਹਿਲਕਦਮੀਆਂ ਦੀ ਸੰਖੇਪ ਜਾਣਕਾਰੀ ਪੇਸ਼ ਕੀਤੀ। ਉਨ੍ਹਾਂ ਨੇ ਐਨਐਫਡੀਬੀ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਵੱਖ-ਵੱਖ ਮੱਛੀ ਪਾਲਣ ਗਤੀਵਿਧੀਆਂ, ਯੋਜਨਾਵਾਂ ਅਤੇ ਪ੍ਰੋਗਰਾਮਾਂ ਤਹਿਤ ਹੋਈ ਪ੍ਰਗਤੀ 'ਤੇ ਚਾਨਣਾ ਪਾਇਆ ਅਤੇ ਗਵਰਨਿੰਗ ਬੌਡੀ ਨੂੰ ਸੈਕਟਰ ਦੇ ਵਿਕਾਸ ਲਈ ਬੋਰਡ ਦੀ ਚੱਲ ਰਹੀ ਦਖਲਅੰਦਾਜ਼ੀ ਤੋਂ ਜਾਣੂ ਕਰਵਾਇਆ।
ਮੀਟਿੰਗ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ, ਮਜ਼ਬੂਤ ਕੇਂਦਰ-ਰਾਜ ਤਾਲਮੇਲ ਅਤੇ ਨਤੀਜਾ-ਮੁਖੀ ਦਖਲਅੰਦਾਜ਼ੀ ਰਾਹੀਂ ਮੱਛੀ ਪਾਲਣ ਅਤੇ ਜਲ-ਖੇਤੀ ਵਿਕਾਸ ਵਿੱਚ ਤੇਜ਼ੀ ਲਿਆਉਣ ਦੀ ਦਿਸ਼ਾ ਵੱਲ ਕੇਂਦਰ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਐਨਐਫਡੀਬੀ ਅਤੇ ਹੋਰ ਹਿਤਧਾਰਕਾਂ ਦੀ ਸਮੂਹਿਕ ਵਚਨਬੱਧਤਾ ਦੀ ਪੁਸ਼ਟੀ ਕੀਤੀ ਗਈ ।
***********
ਜੇਪੀ/ਏਕੇ