ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਨੇ ਸਿੱਕਿਮ ਦੇ ਮੋਹਰੀ ਮੋਰਚਿਆਂ ‘ਤੇ ਤਾਇਨਾਤ ਸੈਨਿਕਾਂ ਨਾਲ ਦੀਪਾਵਲੀ ਮਨਾਈ


ਦੁਰਗਮ (ਮੁਸ਼ਕਲ) ਅਤੇ ਵਧੇਰੇ-ਉਚਾਈ ਵਾਲੇ ਖੇਤਰਾਂ ਵਿੱਚ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰ ਰਹੇ ਸੈਨਿਕਾਂ ਦੀ ਹੌਂਸਲੇ, ਪੇਸ਼ੇਵਰਤਾ ਅਤੇ ਸਮਰਪਣ ਦੀ ਸ਼ਲਾਘਾ ਕੀਤੀ

ਸ਼੍ਰੀ ਰਾਜਨਾਥ ਸਿੰਘ ਨੇ ਸ਼ੇਰਾਥਾਂਗ ਯੁੱਧ ਸਮਾਰਕ ‘ਤੇ ਸ਼ਹੀਦ ਸੈਨਿਕਾਂ ਨੂੰ ਸਨਮਾਨ ਭੇਟ ਕੀਤਾ; ਬਾਬਾ ਹਰਭਜਨ ਸਿੰਘ ਸਮਾਰਕ ‘ਤੇ ਵੀ ਸ਼ਰਧਾਂਜਲੀ ਭੇਟ ਕੀਤੀ

Posted On: 08 NOV 2026 3:08PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 8 ਨਵੰਬਰ, 2026 ਨੂੰ ਸਿੱਕਿਮ ਦੇ ਮੋਹਰੀ ਖੇਤਰਾਂ ਵਿੱਚ ਤਾਇਨਾਤ ਤ੍ਰਿਸ਼ਕਤੀ ਕੋਰ (33 ਕੋਰ) ਦੇ ਸੈਨਿਕਾਂ ਦੇ ਨਾਲ ਦੀਪਾਵਲੀ ਮਨਾਈ। ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਥਲ ਸੈਨਾ ਮੁਖੀ ਜਨਰਲ ਧੀਰਜ ਸੇਠ, ਈਸਟਰਨ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼ ਲੈਫਟੀਨੈਂਟ ਜਨਰਲ ਵੀ.ਐੱਮ.ਬੀ. ਕ੍ਰਿਸ਼ਣਨ, 33 ਕੋਰ ਦੇ ਜਨਰਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਮਾਨ ਰਾਜ ਸਿੰਘ ਮਾਨ ਅਤੇ ਭਾਰਤੀ ਸੈਨਾ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਸ਼੍ਰੀ ਰਾਜਨਾਥ ਸਿੰਘ ਨੇ ਸ਼ੇਰਾਧਾਂਗ ਵਿਖੇ ਸੈਨਿਕਾਂ ਨਾਲ ਗੱਲਬਾਤ ਦੇ ਦੌਰਾਨ ਉਨ੍ਹਾਂ ਨੂੰ ਦੀਪਾਵਲੀ ਦਾ ਸਭ ਤੋਂ ਉੱਜਲਾ ਪ੍ਰਕਾਸ਼ ਦੱਸਿਆ। ਉਨ੍ਹਾਂ ਕਿਹਾ ਕਿ ਸਰਹੱਦਾਂ ‘ਤੇ ਸੈਨਿਕਾਂ ਦੇ ਸਮਰਪਣ ਅਤੇ ਚੌਕਸੀ ਦੇ ਕਾਰਨ ਹੀ ਪੂਰਾ ਦੇਸ਼ ਸੁਰੱਖਿਅਤ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ, ‘ਜਿਵੇਂ ਇੱਕ ਦੀਪਕ ਬਿਨਾ ਕਿਸੇ ਦਿਖਾਵੇ ਦੇ ਹਨ੍ਹੇਰੇ ਨੂੰ ਦੂਰ ਕਰਦਾ ਹੈ, ਉਸੇ ਤਰ੍ਹਾਂ ਸੈਨਿਕ ਵੀ ਚੁੱਪਚਾਪ ਆਪਣਾ ਫਰਜ਼ ਨਿਭਾਉਂਦੇ ਹਨ, ਤਾਂ ਜੋ ਦੇਸ਼ਵਾਸੀ ਸ਼ਾਂਤੀ ਅਤੇ ਸੁਰੱਖਿਆ ਦੇ ਨਾਲ ਤਿਉਹਾਰ ਮਨਾ ਸਕਣ।’

 

ਰਕਸ਼ਾ ਮੰਤਰੀ ਨੇ ਸੈਨਿਕਾਂ ਦੀ ਕਾਰਜ ਕੁਸ਼ਲਤਾ ਦੇ ਨਾਲ ਉਨ੍ਹਾਂ ਦੀ ਪੇਸ਼ੇਵਰਤਾ, ਉੱਚ ਮਨੋਬਲ ਅਤੇ ਦੁਰਗਮ ਪਹਾੜੀ ਖੇਤਰਾਂ ਵਿੱਚ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਪ੍ਰਤੀ ਉਨ੍ਹਾਂ ਦੇ ਅਟੁੱਟ ਸੰਕਲਪ ਦੀ ਸ਼ਲਾਘਾ ਕੀਤੀ। ਸ਼੍ਰੀ ਸਿੰਘ ਨੇ ਸੈਨਿਕਾਂ ਨੂੰ ਇਸੇ ਹਿੰਮਤ ਅਤੇ ਸਮਰਪਣ ਨਾਲ ਮਾਤ੍ਰਭੂਮੀ ਦੀ ਰੱਖਿਆ ਕਰਦੇ ਰਹਿਣ ਦੀ ਤਾਕੀਦ ਕੀਤੀ। ਨਾਲ ਹੀ, ਉਨ੍ਹਾਂ ਨੇ ਉਨ੍ਹਾਂ ਸੈਨਿਕਾਂ ਦੇ ਤਿਆਗ ਅਤੇ ਬਲੀਦਾਨ ਨੂੰ ਨਮਨ ਕੀਤਾ, ਜੋ ਆਪਣੇ ਪਰਿਵਾਰਾਂ ਨੂੰ ਦੂਰ ਰਹਿ ਕੇ ਨਿਜੀ ਸੁਖ-ਸਹੂਲਤਾਂ ਅਤੇ ਤਿਉਹਾਰਾਂ ਤੋਂ ਉੱਪਰ ਉੱਠ ਕੇ ਰਾਸ਼ਟਰ ਦੇ ਪ੍ਰਤੀ ਆਪਣੇ ਫਰਜ਼ ਨੂੰ ਸਭ ਤੋਂ ਉੱਪਰ ਰੱਖਦੇ ਹਨ। 

ਸ਼੍ਰੀ ਰਾਜਨਾਥ ਸਿੰਘ ਨੇ ਅਨੁਸ਼ਾਸਨ ਅਤੇ ਦਲੇਰੀ ਦੇ ਮਹੱਤਵ ਦਾ ਦ੍ਰਿੜ੍ਹਤਾ ਨਾਲ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਤਕਨੀਕ ਕਿੰਨੀ ਵੀ ਉੱਨਤ ਕਿਉਂ ਨਾ ਹੋ ਜਾਵੇ, ਅਨੁਸ਼ਾਸਨ ਅਤੇ ਹਿੰਮਤ ਤੋਂ ਬਿਨਾ ਉਸ ਦਾ ਕੋਈ ਮਹੱਤਵ ਨਹੀਂ ਹੈ। ਰਕਸ਼ਾ ਮੰਤਰੀ ਨੇ ਕਿਹਾ ਕਿ ਸੈਨਿਕਾਂ ਦਾ ਚਰਿੱਤਰ, ਵਰਦੀ, ਭਾਸ਼ਾ ਅਤੇ ਸੰਜਮ ਸਥਾਨਕ ਭਾਈਚਾਰਿਆਂ ਦਰਮਿਆਨ ਸੈਨਾ ਦਾ ਅਕਸ ਤੈਅ ਕਰਦੇ ਹਨ। ਉਨ੍ਹਾਂ ਨੇ ਸੈਨਿਕਾਂ ਨੂੰ ਸ਼ੇਰਾਥਾਂਗ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਭਾਰਤੀ ਸੈਨਾ ਅਤੇ ਸਥਾਨਕ ਲੋਕਾਂ ਦਰਮਿਆਨ ਵਿਸ਼ਵਾਸ ਅਤੇ ਸਦਭਾਵਨਾ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਤਾਕੀਦ ਕੀਤੀ।

ਰਕਸ਼ਾ ਮੰਤਰੀ ਨੇ ਸ਼ੇਰਾਥਾਂਗ ਯੁੱਧ ਸਮਾਰਕ ‘ਤੇ ਦੇਸ਼ ਦੀ ਸੇਵਾ ਵਿੱਚ ਸਰਬਉੱਚ ਬਲੀਦਾਨ ਦੇਣ ਵਾਲੇ ਵੀਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਬਾਬਾ ਹਰਭਜਨ ਸਿੰਘ ਸਮਾਰਕ ‘ਤੇ ਜਾ ਕੇ ਉਨ੍ਹਾਂ ਨੂੰ ਨਮਨ ਕੀਤਾ। ਬਾਬਾ ਹਰਭਜਨ ਸਿੰਘ ਦੀ ਵਿਰਾਸਤ ਅੱਜ ਵੀ ਇਸ ਖੇਤਰ ਦੀਆਂ ਸੈਨਿਕ ਅਤੇ ਨਾਗਰਿਕ ਪਰੰਪਰਾਵਾਂ ਵਿੱਚ ਵਿਸ਼ੇਸ਼ ਥਾਂ ਰੱਖਦੀ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਸ਼ੇਰਾਥਾਂਗ ਯੁੱਧ ਸਮਾਰਕ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਅਜਿਹੇ ਸਮਾਰਕ ਸਿਰਫ਼ ਅਤੀਤ ਦੀਆਂ ਘਟਨਾਵਾਂ ਅਤੇ ਬਲੀਦਾਨਾਂ ਦੀ ਯਾਦ ਨਹੀਂ ਦਿਵਾਉਂਦੇ, ਸਗੋਂ ਸਮੂਹਿਕ ਯਾਦ ਨੂੰ ਸੰਜੋਣ ਦੇ ਨਾਲ –ਨਾਲ ਰਾਸ਼ਟਰੀ ਚੇਤਨਾ ਅਤੇ ਮਾਣ ਦੀ ਭਾਵਨਾ ਨੂੰ ਵੀ ਜਾਗ੍ਰਿਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮਾਰਕ ਵਿੱਚ ਸਨਮਾਨਿਤ ਸੈਨਿਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਨਾਗਾਲੈਂਡ, ਉੱਤਰ ਪ੍ਰਦੇਸ਼, ਤਮਿਲ ਨਾਡੂ, ਰਾਜਸਥਾਨ ਅਤੇ ਅਸਾਮ ਤੋਂ ਸਨ। ਇਨ੍ਹਾਂ ਬਹਾਦਰ ਸੈਨਿਕਾਂ ਨੇ ਦੇਸ਼ਵਾਸੀਆਂ ਦੀ ਰੱਖਿਆ ਦੇ ਲਈ ਆਪਣੇ ਪ੍ਰਾਣ ਨਿਓਛਾਵਰ ਕਰ ਦਿੱਤੇ ਅਤੇ ਇਸ ਦੌਰਾਨ ਖੇਤਰ, ਭਾਸ਼ਾ ਜਾਂ ਭਾਈਚਾਰੇ ਦਾ ਭੇਦਭਾਵ ਨਹੀਂ ਕੀਤਾ ਗਿਆ। ਰਕਸ਼ਾ ਮੰਤਰੀ ਨੇ ਕਿਹਾ ਕਿ ਏਕਤਾ ਅਤੇ ਨਿਰਸੁਆਰਥ ਸੇਵਾ ਦੀ ਇਹੋ ਭਾਵਨਾ ਭਾਰਤ ਦੀ ਆਤਮਾ ਅਤੇ ਮੂਲ ਪਛਾਣ ਹੈ, ਜਿੱਥੇ ਹਰੇਕ ਨਾਗਰਿਕ ਆਪਣੇ ਸਾਥੀ ਭਾਰਤੀਆਂ ਨੂੰ ਇੱਕ ਹੀ ਪਰਿਵਾਰ ਦਾ ਮੈਂਬਰ ਮੰਨਦਾ ਹੈ।

ਰਕਸ਼ਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਨੇ ਨਵੀਂ ਦਿੱਲੀ ਵਿਖੇ ਰਾਸ਼ਟਰੀ ਯੁੱਧ ਸਮਾਰਕ ਦੀ ਸਥਾਪਨੀ ਕੀਤੀ ਹੈ। ਇਸ ਦਾ ਉਦੇਸ਼ ਦੇਸ਼ ਦੀ ਸੇਵਾ ਵਿੱਚ ਸਰਬਉੱਚ ਬਲੀਦਾਨ ਦੋਣ ਵਾਲੇ ਬਹਾਦਰ ਸੈਨਿਕਾਂ ਨੂੰ ਸਨਮਾਨ ਦੇਣਾ ਹੈ। ਉਨ੍ਹਾਂ ਕਿਹਾ, ‘ਸ਼ਹੀਦ ਸੈਨਿਕਾਂ ਦੀ ਅਦੁੱਤੀ ਬਹਾਦਰੀ ਅਤੇ ਬਲੀਦਾਨ ਨੂੰ ਸਨਮਾਨ ਦੇਣ ਲਈ ਰਾਸ਼ਟਰੀ ਯੁੱਧ ਸਮਾਰਕ ‘ਤੇ ਉਨ੍ਹਾਂ ਦੇ ਲਗਭਗ 26 ਹਜ਼ਾਰ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖੇ ਗਏ ਹਨ। ਸਮਾਰਕ ‘ਤੇ ਆਪਣੇ ਕਿਸੇ ਅਜੀਜ਼ ਦਾ ਨਾਮ ਦੇਖ ਕੇ ਸ਼ਹੀਦਾਂ ਦੇ ਪਰਿਵਾਰਾਂ, ਰਿਸ਼ਤੇਦਾਰਾਂ ਅਤੇ ਉਨ੍ਹਾਂ ਦੇ ਜੱਦੀ ਪਿੰਡਾਂ ਅਤੇ ਖੇਤਰ ਦੇ ਲੋਕਾਂ ਵਿੱਚ ਮਾਣ ਦੀ ਡੂੰਘੀ ਭਾਵਨਾ ਜਾਗ੍ਰਿਤ ਹੁੰਦੀ ਹੈ। ਅਜਿਹੇ ਸਮਾਰਕ ਮੌਜੂਦਾ ਸਮੇਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਹਨ।’

 

******

ਐੱਸਆਰ/ਸੇਵੀ/ਏਕੇ


(Release ID: 2334387) ਵਿਜ਼ੀਟਰ ਕਾਊਂਟਰ : 10