ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ ਵਿੱਚ ਉੱਚ-ਪੱਧਰੀ ਬੈਠਕ ਵਿੱਚ ਗੁਜਰਾਤ ਦੀ ਕਾਨੂੰਨ-ਵਿਵਸਥਾ ਅਤੇ ਅੰਦਰੂਨੀ ਸੁਰੱਖਿਆ ਦੀ ਸਮੀਖਿਆ ਕੀਤੀ


ਗ੍ਰਹਿ ਮੰਤਰੀ ਨੇ ਸਰਹੱਦ ਅਤੇ ਤਟਵਰਤੀ ਸੁਰੱਖਿਆ ਮਜ਼ਬੂਤ ਕਰਨ, ਡਰੱਗ ਨੈੱਟਵਰਕ ‘ਤੇ ਕਾਰਵਾਈ ਅਤੇ ਸਾਈਬਰ ਅਪਰਾਧਾਂ ‘ਤੇ ਪ੍ਰਭਾਵਸ਼ਾਲੀ ਨਿਯੰਤਰਣ ਦੇ ਨਿਰਦੇਸ਼ ਦਿੱਤੇ

ਗੁਜਰਾਤ ਦੀ ਲਗਭਗ 2340 ਕਿਲੋਮੀਟਰ ਲੰਬੀ ਤਟ ਰੇਖਾ ਦੀ ਨਿਗਰਾਨੀ ਮਜ਼ਬੂਤ ਕਰਨ ਅਤੇ ਬੀਐੱਸਐੱਫ, ਰਾਜ ਪੁਲਿਸ, ਤਟਰੱਖਿਅਕ ਬਲ ਅਤੇ ਕੇਂਦਰੀ ਏਜੰਸੀਆਂ ਦਰਮਿਆਨ ਬਿਹਤਰ ਤਾਲਮੇਲ ‘ਤੇ ਜ਼ੋਰ
ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਗੁਜਰਾਤ ਦਾ ਪ੍ਰਦਰਸ਼ਨ ਸ਼ਲਾਘਾਯੋਗ, ਰਾਜ ਵਿੱਚ 60 ਦਿਨਾਂ ਵਿੱਚ 92% ਅਤੇ 90 ਦਿਨਾਂ ਵਿੱਚ 86% ਆਰੋਪ-ਪੱਤਰ ਦਾਖਲ

ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਤੇ ਸਿਰਫ਼ ਛੋਟੇ ਤਸਕਰਾਂ ਤੱਕ ਸੀਮਤ ਨਾ ਰਹਿ ਕੇ ਪੂਰੇ ਡਰੱਗ ਨੈੱਟਵਰਕ ਅਤੇ ਮੁੱਖ ਆਗੂਆਂ ‘ਤੇ ਕਾਰਵਾਈ ਅਤੇ ਅਵੈਧ ਸੰਪਤੀਆਂ ਜ਼ਬਤ ਕਰਨ ਲਈ ਵਿੱਤੀ ਜਾਂਚ ਨੂੰ ਤਰਜੀਹ ਦੇਣ ‘ਤੇ ਜ਼ੋਰ

S4C ਅਤੇ 1930 ਹੈਲਪਲਾਈਨ ਦੀ ਸਮਰੱਥਾ ਵਧਾਉਣ, ਅੱਤਵਾਦ ਵਿਰੋਧੀ ਏਜੰਸੀਆਂ ਨੂੰ ਮਜ਼ਬੂਤ ਕਰਨ ਅਤੇ ਅਵੈਧ ਵਿਦੇਸ਼ੀ ਨਾਗਰਿਕਾਂ ਦੀ ਪਛਾਣ ਅਤੇ ਨਿਯਮ ਅਨੁਸਾਰ ਨਿਰਵਾਸਨ (deportation -ਜਲਾਵਤਨੀ) ਵਿੱਚ ਤੇਜ਼ੀ ਦੇ ਨਿਰਦੇਸ਼

ਗ੍ਰਹਿ ਮੰਤਰੀ ਨੇ ਸੁਰੱਖਿਅਤ, ਵਿਕਸਿਤ ਅਤੇ ਨਸ਼ਾ ਮੁਕਤ ਗੁਜਰਾਤ ਰਾਹੀਂ ਸੁਰੱਖਿਅਤ ਭਾਰਤ ਦੇ ਨਿਰਮਾਣ ਦੇ ਸੰਕਲਪ ‘ਤੇ ਜ਼ੋਰ ਦਿੱਤਾ

Posted On: 07 NOV 2026 7:41PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ ਵਿੱਚ ਇੱਕ ਉੱਚ ਪੱਧਰੀ ਬੈਠਕ ਵਿੱਚ ਗੁਜਰਾਤ ਵਿੱਚ ਕਾਨੂੰਨ-ਵਿਵਸਥਾ ਅਤੇ ਅੰਦਰੂਨੀ ਸੁਰੱਖਿਆ ਦੀ ਸਥਿਤੀ ਦੀ ਸਮੀਖਿਆ ਕੀਤੀ।

ਬੈਠਕ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਉਪ ਮੁੱਖ ਮੰਤਰੀ ਸ਼੍ਰੀ ਹਰਸ਼ ਸੰਘਵੀ, ਕੇਂਦਰੀ ਗ੍ਰਹਿ ਸਕੱਤਰ, ਗ੍ਰਹਿ ਮੰਤਰਾਲੇ ਅਤੇ ਅਧੀਨ ਦਫ਼ਤਰਾਂ ਦੇ ਸੀਨੀਅਰ ਅਧਿਕਾਰੀ ਅਤੇ ਰਾਜ ਦੇ ਗ੍ਰਹਿ ਵਿਭਾਗ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ।

ਬੈਠਕ ਵਿੱਚ ਸਰਹੱਦੀ ਅਤੇ ਤਟਵਰਤੀ ਸੁਰੱਖਿਆ, ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂ ਕਰਨ, ਨਸ਼ਿਆ ਦੀ ਤਸਕਰੀ, ਸਾਈਬਰ ਅਪਰਾਧ, ਅੱਤਵਾਦ, ਅਵੈਧ ਪ੍ਰਵਾਸੀਆਂ ਅਤੇ ਆਪਦਾ ਪ੍ਰਬੰਧਨ ਨਾਲ ਜੜੇ ਕਈ ਮਹੱਤਵਪੂਰਨ ਵਿਸ਼ਿਆ ਬਾਰੇ ਚਰਚਾ ਕੀਤੀ ਗਈ।

ਕੇਂਦਰੀ ਗ੍ਰਹਿ ਮੰਤਰੀ ਨੇ ਗੁਜਰਾਤ ਦੀ ਲਗਭਗ 2,340 ਕਿਲੋਮੀਟਰ ਲੰਬੀ ਤਟਰੇਖਾ ਅਤੇ ਪਾਕਿਸਤਾਨ ਦੇ ਨਾਲ ਅੰਤਰਰਾਸ਼ਟਰੀ ਸਰਹੱਦ ਨੂੰ ਦੇਖਦੇ ਹੋਏ ਸਰਹੱਦ ਅਤੇ ਤਟਵਰਤੀ ਨਿਗਰਾਨੀ ਮਜ਼ਬੂਤ ਕਰਨ ਅਤੇ ਸਰਹੱਦ ਸੁਰੱਖਿਆ ਬਲ (BSF), ਰਾਜ ਪੁਲਿਸ ਤਟਰੱਖਿਅਕ ਬਲ ਅਤੇ ਕੇਂਦਰੀ ਏਜੰਸੀਆਂ ਦੇ ਦਰਮਿਆਨ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ।

ਸ਼੍ਰੀ ਅਮਿਤ ਸ਼ਾਹ ਨੇ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਗੁਜਰਾਤ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਰਾਜ ਵਿੱਚ 60 ਦਿਨਾਂ ਵਿੱਚ 92% ਅਤੇ 90 ਦਿਨਾਂ ਵਿੱਚ 86% ਆਰੋਪ-ਪੱਤਰ ਦਾਖਲ ਕੀਤੇ ਗਏ ਹਨ। ਗ੍ਰਹਿ ਮੰਤਰੀ ਨੇ 25,000 ਤੋਂ ਵੱਧ ਪੈਂਡਿੰਗ ਫੌਰੈਂਸਿਕ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਅਭਿਆਨ ਚਲਾਉਣ ਦੇ ਨਿਰਦੇਸ਼ ਦਿੱਤੇ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਨਸ਼ਿਆ ਦੀ ਤਸਕਰੀ ਵਿਰੁੱਧ ਸਿਰਫ਼ ਛੋਟੇ ਤਸਕਰਾਂ ਤੱਕ ਸੀਮਤ ਨਾ ਰਹਿੰਦੇ ਹੋਏ ਪੂਰੇ ਡਰੱਗ ਨੈੱਟਵਰਕ ਅਤੇ ਉਸ ਦੇ ਮੁੱਖ ਆਗੂਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਅਵੈਧ ਸੰਪਤੀਆਂ ਨੂੰ ਜ਼ਬਤ ਕਰਨ ਲਈ ਵਿੱਤੀ ਜਾਂਚ ਨੂੰ ਤਰਜੀਹ ਦਿੱਤੀ ਜਾਵੇ।

ਸ਼੍ਰੀ ਅਮਿਤ ਸ਼ਾਹ ਨੇ ਸਾਈਬਰ ਅਪਰਾਧਾਂ ਨਾਲ ਨਿਪਟਣ ਲਈ S4C ਅਤੇ 1930 ਹੈਲਪਲਾਈਨ ਦੀ ਸਮਰੱਥਾ ਵਧਾਉਣ, ਅੱਤਵਾਦ ਵਿਰੋਧੀ ਏਜੰਸੀਆਂ ਨੂੰ ਮਜ਼ਬੂਤ ਕਰਨ ਅਤੇ ਅਵੈਧ ਵਿਦੇਸ਼ੀ ਨਾਗਰਿਕਾਂ ਦੀ ਪਛਾਣ ਅਤੇ ਨਿਯਮ ਅਨੁਸਾਰ ਜਲਾਵਤਨੀ ਦੀ ਕਾਰਵਾਈ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਵਿਸ਼ੇਸ਼ ਅਭਿਆਨਾਂ ਅਧੀਨ 2,412 ਅਵੈਧ ਵਿਦੇਸ਼ੀ ਨਾਗਰਿਕਾਂ ਦੇ ਜਲਾਵਤਨੀ ਦੀ ਸ਼ਲਾਘਾ ਕੀਤੀ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਆਪਦਾ ਪ੍ਰਬੰਧਨ, ਅਗਨੀ ਸੁਰੱਖਿਆ, ਅਹਿਮਦਾਬਾਦ ਸ਼ਹਿਰੀ ਹੜ੍ਹ ਪ੍ਰਬੰਧਨ ਪ੍ਰੋਜੈਕਟ ਅਤੇ ਦੁਸ਼ਮਣ ਸੰਪਤੀਆਂ ਦੇ ਸਰਵੇਖਣ ਅਤੇ ਨਿਪਟਾਰੇ ਵਿੱਚ ਤੇਜ਼ੀ ਲਿਆਉਣ ‘ਤੇ ਵੀ ਜ਼ੋਰ ਦਿੱਤਾ।

ਬੈਠਕ ਦੇ ਅੰਤ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੇ ਕੇਂਦਰ ਅਤੇ ਰਾਜ ਦੀਆਂ ਸਾਰੀਆਂ ਏਜੰਸੀਆਂ ਨੂੰ ਬਿਹਤਰ ਤਾਲਮੇਲ ਨਾਲ ਕਾਰਜ ਕਰਨ ਅਤੇ ਨਿਰਧਾਰਿਤ ਟੀਚਿਆਂ ਨੂੰ ਨਿਯਮਿਤ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸੁਰੱਖਿਅਤ, ਵਿਕਸਿਤ ਅਤੇ ਨਸ਼ਾ ਮੁਕਤ ਗੁਜਰਾਤ ਰਾਹੀਂ ਸੁਰੱਖਿਅਤ ਭਾਰਤ ਦੇ ਨਿਰਮਾਣ ਦੇ ਸੰਕਲਪ ਨੂੰ ਬਲ ਦਿੱਤਾ।

****

ਆਰਕੇ/ਆਰਆਰ/ਪੀਐੱਸ/ਪੀਆਰ/ਏਕੇ


(Release ID: 2334138) ਵਿਜ਼ੀਟਰ ਕਾਊਂਟਰ : 18