ਲੋਕ ਸਭਾ ਸਕੱਤਰੇਤ
azadi ka amrit mahotsav

ਲੋਕ ਸਭਾ ਸਪੀਕਰ ਨੇ ਜਨਤਕ ਪ੍ਰਤੀਨਿਧੀਆਂ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਅਸਹਿਮਤੀ ਦਾ ਸਨਮਾਨ ਕਰਨ ਦਾ ਸੱਦਾ ਦਿੱਤਾ


ਲੋਕ ਸਭਾ ਸਪੀਕਰ ਨੇ ਜਨਤਕ ਪ੍ਰਤੀਨਿਧੀਆਂ ਨੂੰ ਸਮਾਜ ਦੇ ਅੰਤਿਮ ਵਿਅਕਤੀ ਦੀ ਸੇਵਾ ਨੂੰ ਤਰਜੀਹ ਦੇਣ ਦੀ ਤਾਕੀਦ ਕੀਤੀ

ਹਰਿਆਣਾ ਦੀ ਛੇ ਦਹਾਕਿਆਂ ਦੀ ਵਿਕਾਸ ਯਾਤਰਾ ਭਾਰਤ ਦੇ ਲੋਕਤੰਤਰ ਦੀ ਮਜ਼ਬੂਤੀ ਅਤੇ ਸ਼ਕਤੀ ਦੀ ਗੌਰਵਸ਼ਾਲੀ ਉਦਾਹਰਣ ਹੈ: ਲੋਕ ਸਭਾ ਸਪੀਕਰ

ਸੰਵਿਧਾਨ ਸਿਰਫ਼ ਸ਼ਾਸਨ ਚਲਾਉਣ ਦਾ ਦਸਤਾਵੇਜ ਨਹੀਂ, ਸਗੋਂ ਭਾਰਤ ਦੀ ਆਤਮਾ ਅਤੇ ਨੈਤਿਕ ਮਾਰਗਦਰਸ਼ਕ ਹੈ: ਲੋਕ ਸਭਾ ਸਪੀਕਰ

ਲੋਕ ਸਭਾ ਸਪੀਕਰ ਨੇ ਪੰਚਕੂਲਾ ਵਿਖੇ ਹਰਿਆਣਾ ਵਿਧਾਨ ਸਭਾ ਦੁਆਰਾ ਸੰਵਿਧਾਨ ਪਖਵਾੜਾ ਪ੍ਰੋਗਰਾਮ ਅਧੀਨ ਆਯੋਜਿਤ ਜਨਪ੍ਰਤੀਨਿਧੀ ਸੰਮੇਲਨ (Janpratinidhi Sammelan) ਦਾ ਉਦਘਾਟਨ ਕੀਤਾ

Posted On: 02 NOV 2026 3:20PM by PIB Chandigarh

ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਅੱਜ ਕਿਹਾ ਕਿ ਇੱਕ ਸਿਹਤਮੰਦ ਅਤੇ ਮਜ਼ਬੂਤ ਲੋਕਤੰਤਰ ਵਿੱਚ ਸਹਿਮਤੀ ਅਤੇ ਅਸਹਿਮਤੀ ਦੋਨਾਂ ਦੀ ਬਰਾਬਰ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਅਸਹਿਮਤੀ ਦਾ ਸੁਆਗਤ ਅਤੇ ਸਨਮਾਨ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਨਵੇਂ ਵਿਚਾਰ ਸਾਹਮਣੇ ਆਉਂਦੇ ਹਨ, ਪ੍ਰਸ਼ਾਸਨ ਦੀਆਂ ਕਮੀਆਂ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਬਿਹਤਰ ਸ਼ਾਸਨ ਵਿਵਸਥਾ ਨੂੰ ਹੁਲਾਰਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤਿਕ, ਪਾਰਟੀ ਜਾਂ ਵਿਚਾਰਧਾਰਕ ਮਤਭੇਦਾਂ ਤੋਂ ਉੱਪਰ ਉੱਠ ਕੇ ਸਾਰੇ ਜਨ ਪ੍ਰਤੀਨਿਧੀਆਂ ਦਾ ਮੁੱਖ ਉਦੇਸ਼ ਰਾਜ ਅਤੇ ਦੇਸ਼ ਦੀ ਨਿਰੰਤਰ ਤਰੱਕੀ ਹੋਣਾ ਚਾਹੀਦਾ ਹੈ।

ਸ਼੍ਰੀ ਬਿਰਲਾ ਅੱਜ ਪੰਚਕੂਲਾ ਵਿਖੇ ਸੰਵਿਧਾਨ ਪਖਵਾੜਾ ਪ੍ਰੋਗਰਾਮ ਅਧੀਨ ਹਰਿਆਣਾ ਵਿਧਾਨ ਸਭਾ ਦੁਆਰਾ ਆਯੋਜਿਤ ‘ਜਨਪ੍ਰਤੀਨਿਧੀ ਸੰਮੇਲਨ’ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਹਰਿਆਣਾ ਵਿਧਾਨ ਸਭਾ ਦੇ ਮੌਜੂਦਾ ਅਤੇ ਸਾਬਕਾ ਮੈਂਬਰਾਂ ਅਤੇ ਸਾਬਕਾ ਮੰਤਰੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਹਰਿਆਣਾ ਦੀ ਛੇ ਦਹਾਕਿਆਂ ਦੀ ਵਿਕਾਸ ਯਾਤਰਾ, ਸਮਾਜਿਕ ਅਤੇ ਆਰਥਿਕ ਮਜ਼ਬੂਤੀ ਅਤੇ ਵੱਖ-ਵੱਖ ਖੇਤਰਾਂ ਵਿੱਚ ਰਾਜ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀਆਂ ਇਨ੍ਹਾਂ ਪ੍ਰਾਪਤੀਆਂ ਦਾ ਅਧਾਰ ਭਾਰਤ ਦੀਆਂ ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਲੋਕਤੰਤਰੀ ਪਰੰਪਰਾਵਾਂ ਹਨ।

ਪਿਛਲੇ ਸੱਠ ਵਰ੍ਹਿਆਂ ਵਿੱਚ ਹਰਿਆਣਾ ਦੇ ਵਿਕਾਸ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਬਿਰਲਾ ਨੇ ਕਿਹਾ ਕਿ ਕਈ ਇਤਿਹਾਸਕ ਅਤੇ ਪ੍ਰਸ਼ਾਸਨਿਕ ਚੁਣੌਤੀਆਂ ਦੇ ਬਾਵਜੂਦ ਹਰਿਆਣਾ ਨੇ ਦੇਸ਼ ਦੀ ਤਰੱਕੀ ਵਿੱਚ ਹਮੇਸ਼ਾ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਭਗਵਤ ਗੀਤਾ ਵਿੱਚ ਦਿੱਤੇ ਗਏ ਕਰਮ ਦੇ ਸੰਦੇਸ਼ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਸਾਨਾਂ ਦੀ ਸ਼ਲਾਘਾ ਕੀਤੀ , ਜਿਨ੍ਹਾਂ ਨੇ ਆਧੁਨਿਕ ਖੇਤੀਬਾੜੀ ਤਕਨੀਕਾਂ ਨੂੰ ਆਪਣਾਇਆ, ਫਸਲ ਉਤਪਾਦਨ ਵਧਾਇਆ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਵਿੱਚ ਅਹਿਮ ਯੋਗਦਾਨ ਦਿੱਤਾ। ਉਨ੍ਹਾਂ ਨੇ ਹਰਿਆਣਾ ਦੇ ਨੌਜਵਾਨਾਂ ਦੀ ਵੀ ਸ਼ਲਾਘਾ ਕੀਤੀ, ਜੋ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹੋ ਕੇ ਦੇਸ਼ ਦੀਆਂ ਸਰਹੱਦਾਂ ਅਤੇ ਅੰਦਰੂਨੀ ਸੁਰੱਖਿਆ ਦੀ ਰੱਖਿਆ ਵਿੱਚ ਅਦੁੱਤੀ ਦਲੇਰੀ ਦਾ ਪਰੀਚੈ ਦੇ ਰਹੇ ਹਨ। ਉਨ੍ਹਾਂ ਨੇ ਹਰਿਆਣਾ ਦੇ ਖਿਡਾਰੀਆਂ ਦੀ ਵੀ ਸ਼ਲਾਘਾ ਕੀਤੀ, ਜੋ ਅੰਤਰਰਾਸ਼ਟਰੀ ਖੇਡ ਮੰਚਾਂ ‘ਤੇ ਭਾਰਤ ਦਾ ਮਾਣ ਵਧਾ ਰਹੇ ਹਨ।

ਭਾਰਤ ਦੇ ਸੰਵਿਧਾਨ ਨਿਰਮਾਣ ਪ੍ਰਕਿਰਿਆ ਦੀ ਸਮਾਵੇਸ਼ੀ ਅਤੇ ਵਿਚਾਰ-ਵਟਾਂਦਰੇ ‘ਤੇ ਅਧਾਰਿਤ ਪਰੰਪਰਾ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਬਿਰਲਾ ਨੇ ਕਿਹਾ ਕਿ ਸੰਵਿਧਾਨ ਨੇ ਡਰਾਫਟ ਕਮੇਟੀ ਦੇ ਚੇਅਰਮੈਨ ਬਾਬਾ ਸਾਹੇਬ ਡਾ. ਬੀ.ਆਰ. ਅੰਬੇਡਕਰ ਦੀ ਅਗਵਾਈ ਹੇਠ ਅਤੇ ਹਰਿਆਣਾ ਅਤੇ ਪੰਜਾਬ ਸਮੇਤ ਵੱਖ-ਵੱਖ ਖੇਤਰਾਂ ਦੇ ਉੱਘੇ ਨੇਤਾਵਾਂ ਦੇ ਸਹਿਯੋਗ ਨਾਲ, ਭਾਸ਼ਾਈ, ਸੱਭਿਆਚਾਰਕ ਅਤੇ ਧਾਰਮਿਕ ਵਿਭਿੰਨਤਾਵਾਂ ਦੇ ਦਰਮਿਆਨ ਇੱਕ ਮਜ਼ਬੂਤ ​​ਸੰਸਦੀ ਲੋਕਤੰਤਰ ਦੀ ਨੀਂਹ ਰੱਖੀ। ਉਨ੍ਹਾਂ ਕਿਹਾ ਕਿ ਭਾਰਤ ਦੀ ਵਿਭਿੰਨਤਾ ਅਤੇ ਫੈੱਡਰਲ ਸਿਸਟਮ ਦੇ ਬਾਵਜੂਦ ਲੋਕਤੰਤਰ ਦੀ ਨਿਰੰਤਰ ਮਜ਼ਬੂਤੀ ਪੂਰੀ ਦੁਨੀਆ ਲਈ ਭਾਰਤੀ ਲੋਕਤੰਤਰੀ ਵਿਵਸਥਾ ਦੀ ਮਜ਼ਬੂਤੀ ਦੀ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਸਿਰਫ਼ ਸਰਕਾਰ ਚਲਾਉਣ ਦਾ ਇੱਕ ਢਾਂਚਾ ਨਹੀਂ ਹੈ, ਸਗੋਂ ਇਹ ਭਾਰਤ ਦੀ ਆਤਮਾ ਹੈ, ਜਿਸ ਵਿੱਚ ਸਾਡੀ ਰਾਸ਼ਟਰੀ ਚੇਤਨਾ ਅਤੇ ਕਰੋੜਾਂ ਲੋਕਾਂ ਦੀਆਂ ਇੱਛਾਵਾਂ ਸ਼ਾਮਲ ਹਨ।

ਸ਼੍ਰੀ ਬਿਰਲਾ ਨੇ ਕਿਹਾ ਕਿ ਵਿਧਾਇਕਾਂ ਵਿੱਚ ਕਿਸੇ ਵਿਅਕਤੀ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਵੀ ਜਨਤਕ ਸੇਵਾ ਦੀ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ। ਉਨ੍ਹਾਂ ਨੇ ਜਨਪ੍ਰਤੀਨਿਧੀਆਂ ਨੂੰ ਤਾਕੀਦ ਕੀਤੀ ਕਿ ਉਹ ਸ਼ਾਸਨ ਅਤੇ ਪ੍ਰਸ਼ਾਸਨ ਨੂੰ ਸਿਰਫ ਸਰਕਾਰੀ ਵਿਵਸਥਾ ਵਜੋਂ ਨਾ ਦੇਖਣ, ਸਗੋਂ ਇਸ ਨੂੰ ਆਮ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਦਾ ਜ਼ਰੀਆ ਬਣਾਉਣ। ਉਨ੍ਹਾਂ ਕਿਹਾ ਕਿ ਰਾਜਨੀਤਿਕ ਅਤੇ ਸਮਾਜਿਕ ਜੀਵਨ ਦੀ ਅਸਲੀ ਸਫਲਤਾ ਇਸੇ ਵਿੱਚ ਹੈ ਕਿ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਅਤੇ ਲਾਈਨ ਵਿੱਚ ਖੜ੍ਹੇ ਅੰਤਿਮ ਵਿਅਕਤੀ ਦੇ ਜੀਵਨ ਵਿੱਚ ਅਸਲ ਸਮਾਜਿਕ ਅਤੇ ਆਰਥਿਕ ਤਬਦੀਲੀ ਆਏ ਅਤੇ ਉਨ੍ਹਾਂ ਦੇ ਜੀਵਨ ਵਿੱਚ ਖੁਸ਼ਹਾਲੀ ਆਏ।

ਸ਼੍ਰੀ ਬਿਰਲਾ ਨੇ ਹਰਿਆਣਾ ਵਿਧਾਨ ਸਭਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪਿਛਲੇ ਛੇ ਦਹਾਕਿਆਂ ਵਿੱਚ ਵਿਧਾਨ ਸਭਾ ਨੇ ਉੱਚ ਪੱਧਰੀ ਚਰਚਾ, ਸਾਰਥਕ ਸੰਵਾਦ ਅਤੇ ਸਦਨ ਦੀ ਗਰਿਮਾ (ਸ਼ਾਨ) ਬਣਾਈ ਰੱਖਣ ਦੀ ਇੱਕ ਵਧੀਆ ਪਰੰਪਰਾ ਸਥਾਪਿਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿਧਾਨ ਸਭਾ ਦੇਸ਼ ਦੀਆਂ ਹੋਰ ਵਿਧਾਨ ਸਭਾਵਾਂ ਦੇ ਲਈ ਪ੍ਰੇਰਣਾ ਦਾ ਸਰੋਤ ਬਣੀ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਲੋਕਤੰਤਰੀ ਸੰਸਥਾਵਾਂ ਤਾਂ ਹੀ ਮਜ਼ਬੂਤ ਹੁੰਦੀਆਂ ਹਨ, ਜਦੋਂ ਉਹ ਜਨਤਕ ਭਲਾਈ ਅਤੇ ਜਵਾਬਦੇਹੀ ਨੂੰ ਸਰਬਉੱਚ ਤਰਜੀਹ ਦਿੰਦੀਆਂ ਹਨ।

ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਨੀ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਹਰਵਿੰਦਰ ਕਲਿਆਣ, ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਭੂਪੇਂਦਰ ਸਿੰਘ ਹੁੱਡਾ, ਹਰਿਆਣਾ ਦੇ ਸੰਸਦੀ ਮਾਮਲੇ ਮੰਤਰੀ ਸ਼੍ਰੀ ਮਹੀਪਾਲ ਢਾਂਡਾ ਅਤੇ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਲਾਲ ਮਿੱਡਾ ਵੀ ਮੌਜੂਦ ਸਨ।

********

ਏਐੱਮ/ਏਕੇ


(Release ID: 2331797) ਵਿਜ਼ੀਟਰ ਕਾਊਂਟਰ : 6