Posted On:
31 OCT 2026 8:41PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਅੱਜ 31 ਅਕਤੂਬਰ 2026 ਨੂੰ ਨਾਸਿਕ, ਮਹਾਰਾਸ਼ਟਰ ਵਿੱਚ ਸਿੰਘਸਥ ਮਹਾਕੁੰਭ ਦੇ ਝੰਡੇ ਦੇ ਥੰਮ੍ਹ ਦੀ ਪੂਜਾ, ਝੰਡੇ ਦੀ ਪੂਜਾ ਅਤੇ ਝੰਡਾ ਲਹਿਰਾਉਣ ਦੇ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੌਕੇ 'ਤੇ ਉਨ੍ਹਾਂ ਨੇ ਇੱਕ ਜਨਤਕ ਪ੍ਰੋਗਰਾਮ ਨੂੰ ਵੀ ਸੰਬੋਧਨ ਕੀਤਾ।

ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਨਾਸਿਕ-ਤ੍ਰਯੰਬਕੇਸ਼ਵਰ ਸਿੰਘਸਥ ਮਹਾਕੁੰਭ ਦੀ ਪਰੰਪਰਾ ਜਿੰਨੀ ਪ੍ਰਾਚੀਨ ਹੈ, ਉੱਨੀ ਹੀ ਸਮ੍ਰਿੱਧ ਵੀ ਹੈ। ਹਰਿਦੁਆਰ ਵਿੱਚ ਗੰਗਾ ਦੇ ਕੰਢੇ, ਪ੍ਰਯਾਗਰਾਜ ਵਿੱਚ ਤ੍ਰਿਵੇਣੀ ਸੰਗਮ 'ਤੇ, ਉਜੈਨ ਵਿੱਚ ਸ਼ਿਪਰਾ ਨਦੀ ਦੇ ਕੰਢੇ ਅਤੇ ਨਾਸਿਕ ਵਿੱਚ ਗੋਦਾਵਰੀ ਦੇ ਕੰਢੇ ਆਯੋਜਿਤ ਹੁੰਦੇ ਕੁੰਭ ਸਮਾਗਮ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ। ਸਦੀਆਂ ਤੋਂ ਇਹਨਾਂ ਸਮਾਗਮਾਂ ਦਾ ਲਗਾਤਾਰ ਆਯੋਜਨ ਸਾਡੇ ਦੇਸ਼ ਦੀ ਇਤਿਹਾਸਕ, ਸਭਿਆਚਾਰਕ, ਸਮਾਜਿਕ ਅਤੇ ਅਧਿਆਤਮਿਕ ਪਰੰਪਰਾਵਾਂ ਦੀ ਤਾਕਤ ਦਾ ਸਬੂਤ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਦੀਆਂ ਤੋਂ ਇਹਨਾਂ ਕੁੰਭ ਮੇਲਿਆਂ ਵਿੱਚ ਅਣਗਿਣਤ ਸ਼ਰਧਾਲੂਆਂ ਦਾ ਇਕੱਠੇ ਹੋਣਾ ਭਾਰਤ ਦੀ ਸਭਿਆਚਾਰਕ ਅਤੇ ਅਧਿਆਤਮਿਕ ਏਕਤਾ ਅਤੇ ਪਰੰਪਰਾਵਾਂ ਦੀ ਨਿਰੰਤਰਤਾ ਦਾ ਜਿਊਂਦਾ-ਜਾਗਦਾ ਸਬੂਤ ਹੈ। ਇਹ ਮੇਲੇ ਆਸਥਾ ਅਤੇ ਸਮਾਜਿਕ ਸਦਭਾਵਨਾ ਦੀਆਂ ਮਿਸਾਲਾਂ ਪੇਸ਼ ਕਰਦੇ ਹਨ। ਉਹਨਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਨਾਸਿਕ-ਤ੍ਰਿਅੰਬਕੇਸ਼ਵਰ ਸਿੰਘਸਥ ਮਹਾਕੁੰਭ 2027 ਸਾਡੀ ਪ੍ਰਾਚੀਨ ਵਿਰਾਸਤ ਨੂੰ ਆਧੁਨਿਕ ਪਹਿਲੂਆਂ ਨਾਲ ਜੋੜੇਗਾ। ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਇਹ ਆਯੋਜਨ ਸਾਡੀ ਨਵੀਂ ਪੀੜ੍ਹੀ ਨੂੰ ਭਾਰਤ ਦੀ ਮਹਾਨ ਵਿਰਾਸਤ ਅਤੇ ਇਸ ਦੀਆਂ ਮੁੱਖ ਕਦਰਾਂ-ਕੀਮਤਾਂ ਨਾਲ ਜੋੜਨ ਦਾ ਇੱਕ ਬਹੁਤ ਵਧੀਆ ਮੌਕਾ ਸਾਬਤ ਹੋਵੇ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਵਿੱਚ ਬਹੁਤ ਹੀ ਖਰਾਬ ਮੌਸਮੀ ਸਥਿਤੀਆਂ ਦੇ ਕਾਰਨ ਲੋਕਾਂ ਨੂੰ ਅਨੇਕਾਂ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡੇ ਦੇਸ਼ ਵਿੱਚ ਵੀ, ਮਹਾਰਾਸ਼ਟਰ ਸਮੇਤ ਕਈ ਖੇਤਰਾਂ ਵਿੱਚ, ਸੋਕੇ ਦੀ ਸਥਿਤੀ ਦੇ ਕਾਰਨ, ਬਹੁਤ ਸਾਰੇ ਲੋਕ, ਵਿਸ਼ੇਸ਼ ਤੌਰ 'ਤੇ ਸਾਡੇ ਕਿਸਾਨ ਭੈਣ-ਭਰਾ ਪ੍ਰਭਾਵਿਤ ਹੋਏ ਹਨ। ਕੇਂਦਰ ਅਤੇ ਰਾਜ ਸਰਕਾਰਾਂ ਪੂਰੀ ਤਰ੍ਹਾਂ ਯਤਨਸ਼ੀਲ ਹਨ ਕਿ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨ ਵਿੱਚ ਦੇਸ਼ ਵਾਸੀਆਂ ਨੂੰ ਵਿਸ਼ੇਸ਼ ਤੌਰ 'ਤੇ ਕਿਸਾਨਾਂ ਨੂੰ ਸਹਾਇਤਾ ਪ੍ਰਾਪਤ ਹੋਵੇ।

ਸਫ਼ਾਈ ਅਤੇ ਵਾਤਾਵਰਣ ਪ੍ਰਤੀ ਸੰਵੇਦਨਸ਼ੀਲਤਾ ਦੇ ਮਹੱਤਵ 'ਤੇ ਜ਼ੋਰ ਦਿੰਦਿਆਂ ਰਾਸ਼ਟਰਪਤੀ ਨੇ ਸਾਰੇ ਦੇਸ਼ ਵਾਸੀਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਨਿੱਜੀ ਅਤੇ ਸਾਂਝੇ ਤੌਰ 'ਤੇ ਨਿਰੰਤਰ ਯਤਨ ਕਰਦੇ ਰਹਿਣ ਦੀ ਅਪੀਲ ਕੀਤੀ। ਉਹਨਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਨਾਸਿਕ ਵਿੱਚ ਹੋਣ ਵਾਲੇ ਮਹਾਕੁੰਭ ਦੌਰਾਨ ਮੇਲਾ ਪ੍ਰਬੰਧਨ ਦੇ ਯਤਨਾਂ ਅਤੇ ਜਨਤਕ ਭਾਈਵਾਲੀ ਦੇ ਦਮ 'ਤੇ ਸਫ਼ਾਈ ਅਤੇ ਕੂੜਾ ਪ੍ਰਬੰਧਨ ਦੀਆਂ ਸ਼ਾਨਦਾਰ ਮਿਸਾਲਾਂ ਪੇਸ਼ ਕੀਤੀਆਂ ਜਾਣਗੀਆਂ।




ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
*************
ਐੱਮਜੇਪੀਐੱਸ/ਐੱਸਐੱਸ/ਪੀਆਰਕੇ