Posted On:
31 OCT 2026 9:24PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਏਕਤਾ ਨਗਰ ਵਿੱਚ ਸਰਦਾਰ ਵੱਲਭਭਾਈ ਪਟੇਲ ਦੀ 151ਵੀਂ ਜਯੰਤੀ ਦੇ ਮੌਕੇ ’ਤੇ ਆਯੋਜਿਤ ਰਾਸ਼ਟਰੀ ਏਕਤਾ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸਵੇਰ ਦੇ ਰਵਾਇਤੀ ਪ੍ਰੋਗਰਾਮ ਦੀ ਥਾਂ ਸ਼ਾਮ ਦੇ ਸਮਾਰੋਹ ਵਿੱਚ ਕੀਤੇ ਗਏ ਬਦਲਾਅ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਪਿਛਲੀ ਸ਼ਾਮ ਭਾਰਤ ਪਰਵ ਪਵੇਲੀਅਨ ਵਿੱਚ ਪੇਸ਼ ਕੀਤੀ ਗਈ ਸ਼ਾਨਦਾਰ ਪ੍ਰਦਰਸ਼ਨੀ ਅਤੇ ਸਵੇਰ ਦੀ ਰਨ ਫਾਰ ਯੂਨਿਟੀ ਦੌਰਾਨ ਏਕਤਾ ਬਣਾਏ ਰੱਖਣ ਦੇ ਸੰਕਲਪ ਨਾਲ ਲੱਖਾਂ ਨਾਗਰਿਕਾਂ ਦੀ ਭਾਰੀ ਮੌਜੂਦਗੀ ਨੂੰ ਯਾਦ ਕੀਤਾ।
ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਸਟੈਚੂ ਆਫ਼ ਯੂਨਿਟੀ ਦੇ ਨਿਰਮਾਣ ਵਿੱਚ ਦੇਸ਼-ਵਿਆਪੀ ਸਮੂਹਿਕ ਭਾਗੀਦਾਰੀ, ਇਸ ਸਥਾਨ ਦੇ ਅਲੌਕਿਕ ਮਾਹੌਲ ਅਤੇ ਏਕਤਾ ਦਿਵਸ ਦੀ ਪ੍ਰੇਰਣਾਦਾਇਕ ਊਰਜਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮਾਰਕ ਦਾ ਦੌਰਾ ਕਰਨ ’ਤੇ ਦਿਲ ਇੱਕ ਭਾਰਤੀ ਨਾਗਰਿਕ ਹੋਣ ਦੇ ਮਾਣ ਅਤੇ ਸਰਦਾਰ ਵੱਲਭਭਾਈ ਪਟੇਲ ਪ੍ਰਤੀ ਡੂੰਘੀ ਸ਼ੁਕਰਗੁਜ਼ਾਰੀ ਨਾਲ ਭਰ ਜਾਂਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, "ਸੁਤੰਤਰਤਾ ਤੋਂ ਬਾਅਦ, ਉਨ੍ਹਾਂ ਨੇ 550 ਤੋਂ ਵੱਧ ਰਿਆਸਤਾਂ ਨੂੰ ਇੱਕਜੁੱਟ ਕੀਤਾ ਅਤੇ ਆਪਣੇ ਦ੍ਰਿੜ੍ਹ ਸੰਕਲਪ ਦੇ ਜ਼ੋਰ ’ਤੇ ਇਸ ਰਾਸ਼ਟਰ ਨੂੰ ਏਕਤਾ ਦੇ ਸੂਤਰ ਵਿੱਚ ਪਰੋਇਆ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਸੁਤੰਤਰਤਾ ਕਿਸੇ ਰਾਸ਼ਟਰ ਨੂੰ ਆਪਣਾ ਭਵਿੱਖ ਖ਼ੁਦ ਤੈਅ ਕਰਨ ਦਾ ਅਧਿਕਾਰ ਦਿੰਦੀ ਹੈ ਅਤੇ ਗਣਤੰਤਰ ਦੀ ਪ੍ਰਣਾਲੀ ਜਨਤਕ ਜਵਾਬਦੇਹੀ ਯਕੀਨੀ ਬਣਾਉਣ ਲਈ ਸੰਵਿਧਾਨਕ ਦਾਇਰੇ ਵਿੱਚ ਫ਼ੈਸਲੇ ਲੈਣ ਦਾ ਰਸਤਾ ਪੱਧਰਾ ਕਰਦੀ ਹੈ, ਉੱਥੇ ਹੀ ਇੱਕਜੁੱਟਤਾ ਪੂਰੇ ਦੇਸ਼ ਨੂੰ ਇਕੱਠੇ ਅੱਗੇ ਵਧਣ ਦੀ ਤਾਕਤ ਪ੍ਰਦਾਨ ਕਰਦੀ ਹੈ। ਸ਼੍ਰੀ ਮੋਦੀ ਨੇ ਕਿਹਾ, “ਇਸੇ ਲਈ ਅੱਜ ਸਾਡੇ ਦੇਸ਼ ਵਿੱਚ ਸੁਤੰਤਰਤਾ ਦਿਵਸ, ਗਣਤੰਤਰ ਦਿਵਸ ਅਤੇ ਏਕਤਾ ਦਿਵਸ, ਇਨ੍ਹਾਂ ਤਿੰਨੋਂ ਰਾਸ਼ਟਰੀ ਪੁਰਬਾਂ ਨੂੰ ਪੂਰੇ ਉਤਸ਼ਾਹ ਅਤੇ ਉਮੰਗ ਨਾਲ ਮਨਾਇਆ ਜਾਂਦਾ ਹੈ।”
ਇਸ ਸਾਲ ਏਕਤਾ ਨਗਰ ਵਿੱਚ ਆਯੋਜਿਤ ਰਾਸ਼ਟਰੀ ਏਕਤਾ ਪਰੇਡ ਵਿੱਚ ਰਾਸ਼ਟਰੀ ਏਕਤਾ ਦੇ ਸ਼ਾਨਦਾਰ ਸਰੂਪ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਰੇਡ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਬਹਾਦਰੀ ਨੂੰ ਸਮਰਪਿਤ ਸੀ। ਇਸ ਦੇ ਨਾਲ ਹੀ, ਭਾਰਤ ਦੀ ਵਿਰਾਸਤ ਅਤੇ ਉਮੀਦਾਂ ਨੂੰ ਦਰਸਾਉਂਦੀਆਂ ਝਾਂਕੀਆਂ ਨੇ ਵੀ ਇਸ ਆਯੋਜਨ ਦੀ ਸ਼ੋਭਾ ਵਧਾਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਏਕਤਾ ਦਿਵਸ ਹੁਣ ਕੇਵਲ ਰਸਮੀ ਆਯੋਜਨਾਂ ਤੱਕ ਸੀਮਤ ਨਹੀਂ ਰਹਿ ਗਿਆ ਹੈ, ਸਗੋਂ ਜਨ-ਭਾਗੀਦਾਰੀ ਨਾਲ ਜੁੜਿਆ ਜਨਤਕ ਮਾਣ ਦਾ ਜਸ਼ਨ ਬਣ ਗਿਆ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਇਸ ਮੌਕੇ ’ਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਰਾਸ਼ਟਰੀ ਏਕਤਾ ਦਿਵਸ ਦੀ ਹਾਰਦਿਕ ਵਧਾਈ ਦਿੰਦਾ ਹਾਂ ਅਤੇ ਸਰਦਾਰ ਵੱਲਭਭਾਈ ਪਟੇਲ ਦੇ ਚਰਨਾਂ ਵਿੱਚ ਸਾਦਰ ਨਮਨ ਕਰਦਾ ਹਾਂ।”
ਸਰਦਾਰ ਪਟੇਲ ਨੂੰ ਇੱਕ ਮਹਾਨ ਇਤਿਹਾਸਕ ਸ਼ਖ਼ਸੀਅਤ ਦੱਸਦਿਆਂ, ਜਿਨ੍ਹਾਂ ਤੋਂ ਬਿਨਾਂ ਆਧੁਨਿਕ ਭਾਰਤ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਵਰਤਮਾਨ ਭੂਗੋਲਿਕ ਅਤੇ ਰਾਜਨੀਤਕ ਸਰੂਪ ਨੂੰ ਆਕਾਰ ਦੇਣ ਵਿੱਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, “ਵੰਡ ਤੋਂ ਬਾਅਦ ਵੀ ਹਿਮਾਲਿਆ ਤੋਂ ਲੈ ਕੇ ਹਿੰਦ ਮਹਾਸਾਗਰ ਤੱਕ ਭਾਰਤ ਨੂੰ ਸੁਰੱਖਿਅਤ ਰੱਖਣ ਦਾ ਕੰਮ ਖ਼ੁਦ ਸਰਦਾਰ ਪਟੇਲ ਨੇ ਕੀਤਾ ਸੀ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਨੂੰ ਸਫ਼ਲਤਾ ਇਸ ਲਈ ਮਿਲੀ, ਕਿਉਂਕਿ ਉਹ ਭਾਰਤ ਦੇ ਸੁਭਾਅ ਅਤੇ ਉਸ ਦੀ ਚੇਤਨਾ ਨੂੰ ਡੂੰਘਾਈ ਨਾਲ ਸਮਝਦੇ ਸਨ। ਉਨ੍ਹਾਂ ਨੇ ਵਿਭਿੰਨਤਾ ਨੂੰ ਕਦੇ ਰੁਕਾਵਟ ਨਹੀਂ, ਸਗੋਂ ਰਾਸ਼ਟਰੀ ਏਕਤਾ ਦਾ ਅਸਲ ਅਧਾਰ ਮੰਨਿਆ। ਇਹੀ ਉਹ ਆਧੁਨਿਕ ਅਧਾਰ ਹੈ, ਜਿਸ ਨੇ ਹਜ਼ਾਰਾਂ ਸਾਲਾਂ ਤੋਂ ਭਾਰਤੀ ਸੱਭਿਅਤਾ ਨੂੰ ਇੱਕ ਸੂਤਰ ਵਿੱਚ ਬੰਨ੍ਹ ਕੇ ਰੱਖਿਆ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਇਸੇ ਤਾਕਤ ਦੇ ਜ਼ੋਰ ’ਤੇ ਅਸੀਂ ਤਰੱਕੀ ਅਤੇ ਖ਼ੁਸ਼ਹਾਲੀ ਦੇ ਨਵੇਂ ਸਿਖਰਾਂ ਨੂੰ ਛੂਹਿਆ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਨੇ ਦੇਸ਼ ਨੂੰ ਭੂਗੋਲਿਕ ਅਤੇ ਭਾਵਨਾਤਮਕ, ਦੋਵਾਂ ਰੂਪਾਂ ਵਿੱਚ ਇੱਕਜੁੱਟ ਕਰਕੇ ਆਧੁਨਿਕ ਭਾਰਤ ਦੀ ਨੀਂਹ ਰੱਖੀ। ਉਨ੍ਹਾਂ ਨੇ ਰਾਸ਼ਟਰ ਦੇ ਸੱਭਿਆਚਾਰਕ ਪੁਨਰ-ਉਥਾਨ ਦੀ ਸ਼ੁਰੂਆਤ ਕਰਨ ਵਿੱਚ ਵੀ ਸਰਦਾਰ ਪਟੇਲ ਦੀ ਮਹੱਤਵਪੂਰਨ ਭੂਮਿਕਾ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਗੁਜਰਾਤ ਵਿੱਚ ਸੋਮਨਾਥ ਮੰਦਰ ਦੇ ਪੁਨਰਨਿਰਮਾਣ ਰਾਹੀਂ ਉਨ੍ਹਾਂ ਨੇ ਦੇਸ਼ ਦੇ ਸੱਭਿਆਚਾਰਕ ਪੁਨਰ-ਉਥਾਨ ਦਾ ਰਸਤਾ ਵੀ ਪੱਧਰਾ ਕੀਤਾ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਸੋਮਨਾਥ ਮੰਦਰ ਦੇ ਪੁਨਰਨਿਰਮਾਣ ਦੇ 75 ਸਾਲ ਪੂਰੇ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਹਜ਼ਾਰ ਸਾਲਾਂ ਤੱਕ ਹਮਲਾਵਰਾਂ ਦੀਆਂ ਚੁਣੌਤੀਆਂ ਦੇ ਬਾਵਜੂਦ ਮੰਦਰ ’ਤੇ ਸ਼ਾਨ ਨਾਲ ਲਹਿਰਾਉਂਦੇ ਝੰਡੇ ਨੇ ਦੇਸ਼ ਭਰ ਵਿੱਚ ਮਨਾਏ ਜਾ ਰਹੇ ਸੋਮਨਾਥ ਸਵਾਭਿਮਾਨ ਪਰਵ ਦੀ ਪ੍ਰੇਰਣਾ ਦਿੱਤੀ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਅਤੇ ਇਸ ਸਾਲ ਦੇਸ਼ ਇਸੇ ਉਤਸ਼ਾਹ ਅਤੇ ਉਮੰਗ ਨਾਲ ਇਹ ਪੁਰਬ ਵੀ ਮਨਾ ਰਿਹਾ ਹੈ।”
ਰਾਸ਼ਟਰੀ ਏਕਤਾ ਦੇ ਸ਼ਾਨਦਾਰ ਆਯੋਜਨਾਂ, ਆਲਮੀ ਮੰਚ ’ਤੇ ਭਾਰਤ ਦੇ ਵਧਦੇ ਹੋਏ ਕੱਦ, ਤੇਜ਼ ਆਰਥਿਕ ਵਿਕਾਸ ਅਤੇ ਕਾਸ਼ੀ ਵਿਸ਼ਵਨਾਥ ਤੋਂ ਲੈ ਕੇ ਰਾਮ ਮੰਦਰ ਤੱਕ ਹੋ ਰਹੇ ਸੱਭਿਆਚਾਰਕ ਪੁਨਰ-ਉਥਾਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਅੱਜ ਉਸੇ ਰਸਤੇ ’ਤੇ ਅੱਗੇ ਵਧ ਰਿਹਾ ਹੈ, ਜਿਸ ਦੀ ਕਲਪਨਾ ਸਰਦਾਰ ਪਟੇਲ ਨੇ ਕੀਤੀ ਸੀ। ਸ਼੍ਰੀ ਮੋਦੀ ਨੇ ਕਿਹਾ, “ਇਸ ਲਈ ਇਹ ਦੇਸ਼ ਸਦਾ ਉਨ੍ਹਾਂ ਦਾ ਕਰਜ਼ਾਈ ਰਹੇਗਾ।”
ਸਰਦਾਰ ਪਟੇਲ ਦੀ 150ਵੀਂ ਜਯੰਤੀ ਦੇ ਮੌਕੇ ’ਤੇ ਦੇਸ਼ ਭਰ ਵਿੱਚ ਦੋ ਸਾਲਾਂ ਤੱਕ ਚੱਲੇ ਸਮਾਰੋਹਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੌਰਾਨ ਦੇਸ਼ ਨੇ ਕਈ ਮਹੱਤਵਪੂਰਨ ਸੰਕਲਪ ਲਏ ਸਨ। ਉਨ੍ਹਾਂ ਨੇ ਸਰਦਾਰ ਪਟੇਲ ਦੀ 151ਵੀਂ ਜਯੰਤੀ ’ਤੇ ਇਸ ਗੱਲ ’ਤੇ ਸੰਤੋਸ਼ ਪ੍ਰਗਟ ਕੀਤਾ ਕਿ ਦੇਸ਼ ਨੇ ਇਨ੍ਹਾਂ ਸੰਕਲਪਾਂ ਨੂੰ ਬਹੁਤ ਹੀ ਘੱਟ ਸਮੇਂ ਵਿੱਚ ਪੂਰਾ ਕਰ ਲਿਆ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਇਨ੍ਹਾਂ ਦੋ ਸਾਲਾਂ ਵਿੱਚ ਦੇਸ਼ ਨੇ ਕਈ ਅਜਿਹੇ ਰਿਕਾਰਡ ਬਣਾਏ ਹਨ, ਜੋ ਪਹਿਲਾਂ ਕਦੇ ਨਹੀਂ ਬਣੇ ਸਨ।”
ਸਰਦਾਰ ਪਟੇਲ ਦੀ 150ਵੀਂ ਜਯੰਤੀ ਦੇ ਮੌਕੇ ’ਤੇ ਉਨ੍ਹਾਂ ਦੇ ਚਰਨਾਂ ਵਿੱਚ ਲਈ ਗਈ ਉਸ ਸਹੁੰ ਨੂੰ ਯਾਦ ਕਰਦਿਆਂ ਕਿ ਨਕਸਲਵਾਦ ਅਤੇ ਮਾਓਵਾਦੀ ਅੱਤਵਾਦ ਦੇ ਪੂਰੀ ਤਰ੍ਹਾਂ ਖ਼ਤਮ ਹੋਣ ਤੱਕ ਉਹ ਆਰਾਮ ਨਾਲ ਨਹੀਂ ਬੈਠਣਗੇ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਫ਼ ਇੱਕ ਸਾਲ ਦੇ ਅੰਦਰ ਖੱਬੇ-ਪੱਖੀ ਕੱਟੜਪੰਥ ਦੀ ਕਮਰ ਟੁੱਟ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸਾਲ 2015 ਵਿੱਚ ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ 126 ਸੀ, ਜੋ ਮਾਰਚ 2026 ਤੱਕ ਘੱਟ ਕੇ ਸਿਫ਼ਰ (ਜ਼ੀਰੋ) ਹੋ ਗਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਹਾਕਿਆਂ ਤੱਕ ਹਿੰਸਾ ਤੋਂ ਪ੍ਰਭਾਵਿਤ ਰਹੇ ਖੇਤਰ ਹੁਣ ਵਿਕਾਸ ਦੀ ਮੁੱਖ ਧਾਰਾ ਨਾਲ ਜੁੜ ਰਹੇ ਹਨ। ਇਨ੍ਹਾਂ ਖੇਤਰਾਂ ਵਿੱਚ ਸੜਕਾਂ, ਮੋਬਾਈਲ ਨੈੱਟਵਰਕ, ਸਕੂਲਾਂ ਅਤੇ ਸਿਹਤ ਸਹੂਲਤਾਂ ਦਾ ਵਿਸਤਾਰ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ, “ਜਿਨ੍ਹਾਂ ਨੌਜਵਾਨਾਂ ਸਾਹਮਣੇ ਕਦੇ ਅਨਿਸ਼ਚਿਤਤਾ ਸੀ, ਉਨ੍ਹਾਂ ਲਈ ਹੁਣ ਸਿੱਖਿਆ, ਰੁਜ਼ਗਾਰ ਅਤੇ ਜੀਵਨ ਵਿੱਚ ਅੱਗੇ ਵਧਣ ਦੇ ਨਵੇਂ ਮੌਕੇ ਖੁੱਲ੍ਹ ਰਹੇ ਹਨ।”
ਏਕਤਾ ਦਿਵਸ ਸਮਾਰੋਹ ਵਿੱਚ ਪੂਰਬੀ ਨਕਸਲ ਪ੍ਰਭਾਵਿਤ ਖੇਤਰਾਂ ਤੋਂ ਖ਼ਾਸ ਮਹਿਮਾਨ ਵਜੋਂ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕਰਦਿਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਪ੍ਰਧਾਨ ਮੰਤਰੀ ਨੇ ਸ਼ਾਂਤੀ ਸਥਾਪਨਾ ਲਈ ਆਪਣੇ ਪ੍ਰਾਣਾਂ ਦਾ ਬਲੀਦਾਨ ਦੇਣ ਵਾਲੇ ਸੁਰੱਖਿਆ ਕਰਮਚਾਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਅੱਜ ਮੈਂ ਉਨ੍ਹਾਂ ਸਾਰੇ ਵੀਰ ਜਵਾਨਾਂ ਨੂੰ ਵੀ ਨਮਨ ਕਰਦਾ ਹਾਂ, ਜਿਨ੍ਹਾਂ ਨੇ ਦੇਸ਼ ਦੇ ਇਨ੍ਹਾਂ ਖੇਤਰਾਂ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਆਪਣਾ ਸਰਬ-ਉੱਚ ਬਲੀਦਾਨ ਦਿੱਤਾ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਠੋਸ ਰਾਸ਼ਟਰੀ ਉਪਲਬਧੀਆਂ ਅਤੇ ਸੰਵੇਦਨਸ਼ੀਲ ਪ੍ਰਸ਼ਾਸਨ ਦੇ ਕਾਰਨ ਜਨਤਾ ਦਾ ਵਿਸ਼ਵਾਸ ਵਧਿਆ ਹੈ, ਜਿਸ ਨਾਲ ਅੱਜ ਭਾਰਤ ਪਹਿਲਾਂ ਨਾਲੋਂ ਕਿਤੇ ਵੱਧ ਸੁਰੱਖਿਅਤ ਅਤੇ ਦ੍ਰਿੜ੍ਹ ਸੰਕਲਪ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਗ਼ਰੀਬੀ ਹਟਾਉਣ ਦੇ ਖੇਤਰ ਵਿੱਚ ਹਾਸਲ ਕੀਤੀ ਗਈ ਇਤਿਹਾਸਕ ਪ੍ਰਾਪਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਦਹਾਕਿਆਂ ਤੱਕ ਗ਼ਰੀਬੀ ਹਟਾਉਣ ਦੇ ਖੋਖਲੇ ਨਾਅਰੇ ਦਿੱਤੇ ਗਏ, ਪਰ ਇਹ ਨਾਅਰੇ ਦੇਣ ਵਾਲੇ ਲੋਕ ਆਪਣਾ ਹੀ ਹਿੱਤ ਸਾਧਦੇ ਰਹੇ। ਉਨ੍ਹਾਂ ਨੇ ਹਾਲ ਹੀ ਵਿੱਚ ਜਾਰੀ ਵਿਸ਼ਵ ਬੈਂਕ ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸਾਲ 2024 ਤੋਂ ਪਹਿਲਾਂ ਦੇ 10-12 ਸਾਲਾਂ ਦੌਰਾਨ 50 ਕਰੋੜ ਭਾਰਤੀ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਸ਼੍ਰੀ ਮੋਦੀ ਨੇ ਕਿਹਾ, “ਇਸ ਦਾ ਅਰਥ ਹੈ ਕਿ ਪਹਿਲਾਂ ਜਿੱਥੇ ਹਰ 100 ਵਿੱਚੋਂ 27 ਲੋਕ ਅਤਿਅੰਤ ਗ਼ਰੀਬੀ ਦੀ ਚਪੇਟ ਵਿੱਚ ਸਨ, ਉੱਥੇ ਹੀ ਅੱਜ ਇਹ ਗਿਣਤੀ 3 ਤੋਂ ਵੀ ਘੱਟ ਰਹਿ ਗਈ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਗ਼ਰੀਬਾਂ ਦੀ ਭਲਾਈ ਅਤੇ ਸਸ਼ਕਤੀਕਰਨ ਨੂੰ ਤਰਜੀਹ ਦੇ ਕੇ ਇਹ ਆਲਮੀ ਪੱਧਰ ’ਤੇ ਸ਼ਲਾਘਾਯੋਗ ਪ੍ਰਾਪਤੀ ਹਾਸਲ ਕੀਤੀ ਗਈ ਹੈ। ਇਸ ਲਈ ਬਿਨਾ ਕਿਸੇ ਲੀਕੇਜ ਦੇ ਸਿੱਧੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਧਨਰਾਸ਼ੀ ਤਬਦੀਲ ਕਰਨ (ਡੀਬੀਟੀ), ਮੁਫ਼ਤ ਰਾਸ਼ਨ, ਮੁਫ਼ਤ ਸਿਹਤ ਸੁਵਿਧਾਵਾਂ, ਕਰੋੜਾਂ ਪੱਕੇ ਘਰਾਂ, ਪਖਾਨਿਆਂ, ਧੂੰਏਂ ਤੋਂ ਮੁਕਤ ਰਸੋਈ ਅਤੇ ਵਿਆਪਕ ਬੀਮਾ ਕਵਰੇਜ ਵਰਗੀਆਂ ਯੋਜਨਾਵਾਂ ਦਾ ਸਹਾਰਾ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਾਲ 2014 ਤੋਂ ਪਹਿਲਾਂ ਜਿੱਥੇ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਲਾਭ 25 ਕਰੋੜ ਤੋਂ ਵੀ ਘੱਟ ਲੋਕਾਂ ਤੱਕ ਪਹੁੰਚਦਾ ਸੀ, ਉੱਥੇ ਹੀ ਅੱਜ ਇਸ ਦਾ ਦਾਇਰਾ ਵਧ ਕੇ ਲਗਭਗ 100 ਕਰੋੜ ਨਾਗਰਿਕਾਂ ਤੱਕ ਹੋ ਗਿਆ ਹੈ। ਸਰਦਾਰ ਪਟੇਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਂਦਿਆਂ ਪ੍ਰਧਾਨ ਮੰਤਰੀ ਨੇ ਗ਼ਰੀਬੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਸੰਕਲਪ ਨੂੰ ਦੁਹਰਾਇਆ। ਸ਼੍ਰੀ ਮੋਦੀ ਨੇ ਕਿਹਾ, “ਅਜਿਹੇ ਹੀ ਯਤਨਾਂ ਨਾਲ ਅਸੀਂ ਦੇਸ਼ ਤੋਂ ਗ਼ਰੀਬੀ ਦੂਰ ਕਰਾਂਗੇ ਅਤੇ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਵਾਂਗੇ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਦੇ ਸਭ ਤੋਂ ਉਥਲ-ਪੁਥਲ ਭਰੇ ਆਲਮੀ ਦੌਰ ਵਿੱਚ ਰਾਸ਼ਟਰੀ ਏਕਤਾ ਸਥਿਰਤਾ ਅਤੇ ਸਫ਼ਲਤਾ ਦੀ ਗਾਰੰਟੀ ਹੈ। ਇਸ ਦੌਰ ਵਿੱਚ ਯੁੱਧ, ਆਰਥਿਕ ਸੰਕਟ, ਸਾਧਨਾਂ ਦੀ ਕਮੀ ਅਤੇ ਸਪਲਾਈ ਚੇਨ ਵਿੱਚ ਬਿਖਰਾਉ ਵਰਗੀਆਂ ਚੁਣੌਤੀਆਂ ਸਾਹਮਣੇ ਹਨ। ਉਨ੍ਹਾਂ ਨੇ ਕਿਹਾ ਕਿ ਦੁਨੀਆ ਵਿੱਚ ਆਉਣ ਵਾਲੇ ਹਰ ਸੰਕਟ ਦਾ ਸਾਹਮਣਾ ਕਰਨ ਵਿੱਚ ਭਾਰਤੀਆਂ ਦੀ ਇੱਕਜੁੱਟਤਾ ਹੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ।
ਅੰਤਰਰਾਸ਼ਟਰੀ ਪੱਧਰ ’ਤੇ ਹਾਲ ਹੀ ਵਿੱਚ ਪੈਦਾ ਹੋਏ ਊਰਜਾ ਸੰਕਟ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਕਾਰਨ ਕਈ ਦੇਸ਼ਾਂ ਨੂੰ ਈਂਧਣ ਦੀ ਰਾਸ਼ਨਿੰਗ ਕਰਨੀ ਪਈ। ਭਾਰਤ ਵਰਗੀ ਵੱਡੀ ਆਬਾਦੀ ਵਾਲੇ ਹੋਰ ਤੇਲ ਆਯਾਤ ’ਤੇ ਨਿਰਭਰ ਦੇਸ਼ ਦੇ ਸਾਹਮਣੇ ਭਿਆਨਕ ਸੰਕਟ ਆਉਣ ਦੀਆਂ ਸ਼ੰਕਾਵਾਂ ਜਤਾਈਆਂ ਜਾ ਰਹੀਆਂ ਸਨ। ਇਸ ਦੌਰਾਨ ਭਾਰਤ ਵਿਰੋਧੀ ਤਾਕਤਾਂ ਵੀ ਸਰਗਰਮ ਹੋ ਗਈਆਂ ਸਨ। ਉਨ੍ਹਾਂ ਨੇ ਕਿਹਾ ਕਿ ਕੂਟਨੀਤਕ ਸੂਝ-ਬੂਝ ਅਤੇ ਦੇਸ਼ਵਾਸੀਆਂ ਦੀ ਇੱਕਜੁੱਟਤਾ, ਦੋਵਾਂ ਨੇ ਮਿਲ ਕੇ ਭਾਰਤੀ ਨਾਗਰਿਕਾਂ ਨੂੰ ਇਸ ਸੰਕਟ ਦੇ ਪ੍ਰਭਾਵ ਤੋਂ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਪ੍ਰਧਾਨ ਮੰਤਰੀ ਨੇ ਵੰਡਕਾਰੀ ਤਾਕਤਾਂ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਇੱਕ ਦਹਾਕੇ ਤੋਂ ਵੱਧ ਸਮੇਂ ਦੀ ਸਿਆਸੀ ਨਿਰਾਸ਼ਾ ਤੋਂ ਬਾਅਦ ਅਜਿਹੀਆਂ ਤਾਕਤਾਂ ਹੁਣ ਖੁੱਲ੍ਹ ਕੇ ਸਾਹਮਣੇ ਆ ਗਈਆਂ ਹਨ। ਉਹ ਸਾਜ਼ਿਸ਼ਾਂ ਰਚਣ, ਨਾਗਰਿਕਾਂ ਨੂੰ ਇੱਕ-ਦੂਜੇ ਦੇ ਖ਼ਿਲਾਫ਼ ਭੜਕਾਉਣ ਅਤੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਕੇ ਅਫ਼ਵਾਹਾਂ ਫੈਲਾਉਣ ਅਤੇ ਭਾਰਤ ਦੇ ਅਕਸ ਨੂੰ ਖ਼ਰਾਬ ਕਰਨ ਦਾ ਯਤਨ ਕਰ ਰਹੀਆਂ ਹਨ। ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਗੁਪਤ ਵਿਦੇਸ਼ੀ ਮੀਟਿੰਗਾਂ, ਭਾਰਤ ਵਿਰੋਧੀ ਤੱਤਾਂ ਤੋਂ ਮਿਲਣ ਵਾਲੇ ਬਾਹਰੀ ਸਮਰਥਨ ਅਤੇ ਦੇਸ਼ ਦੇ ਦੁਸ਼ਮਣਾਂ ਦੀ ਭਾਸ਼ਾ ਨਾਲ ਮੇਲ ਖਾਂਦੇ ਬਿਆਨਾਂ ਦੇ ਤੌਰ-ਤਰੀਕਿਆਂ ਨੂੰ ਪਛਾਣਨ। ਸ਼੍ਰੀ ਮੋਦੀ ਨੇ ਚੇਤਾਵਨੀ ਦਿੰਦਿਆਂ ਕਿਹਾ, “ਅਸੀਂ ਦੂਰ-ਦੁਰਾਡੇ ਦੇ ਖੇਤਰਾਂ ਤੋਂ ਨਕਸਲਵਾਦ ਨੂੰ ਸਮਾਪਤ ਕਰ ਦਿੱਤਾ ਹੈ, ਪਰ ਦੇਸ਼ ਵਿੱਚ ਵਿਚਾਰਧਾਰਕ ਕੱਟੜਪੰਥ ਦਾ ਖ਼ਤਰਾ ਅਜੇ ਪੂਰੀ ਤਰ੍ਹਾਂ ਟਲਿਆ ਨਹੀਂ ਹੈ। ਦੇਸ਼ ਨੂੰ ਅਜਿਹੀਆਂ ਤਾਕਤਾਂ ਪ੍ਰਤੀ ਹਮੇਸ਼ਾ ਸੁਚੇਤ ਰਹਿਣਾ ਹੋਵੇਗਾ।”
ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਰਾਸ਼ਟਰੀ ਏਕਤਾ ਦਾ ਮਹਾਨ ਸੰਕਲਪ ਅਤੇ ਇੱਕ ਸ਼ਕਤੀਸ਼ਾਲੀ ਅਤੇ ਸਮਰੱਥ ਭਾਰਤ ਦੇ ਨਿਰਮਾਣ ਦੀ ਯਾਤਰਾ ਮੁਸ਼ਕਲਾਂ ਦੇ ਬਾਵਜੂਦ ਨਿਰੰਤਰ ਜਾਰੀ ਰਹਿਣੀ ਚਾਹੀਦੀ ਹੈ। ਉਨ੍ਹਾਂ ਨੇ ਦੇਸ਼ ਦੀਆਂ ਅਗਲੀਆਂ ਪ੍ਰਮੁੱਖ ਤਰਜੀਹਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਦੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰਨਾ, ਘੁਸਪੈਠ ਅਤੇ ਜਨਸੰਖਿਆ ਤਬਦੀਲੀਆਂ ’ਤੇ ਰੋਕ ਲਗਾਉਣਾ ਅਤੇ ਸੈਕੂਲਰ ਸਿਵਲ ਕੋਡ ਵੱਲ ਅੱਗੇ ਵਧਣਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੱਡੇ ਸੰਕਲਪਾਂ ਅਤੇ ਸਾਹਸੀ ਫ਼ੈਸਲਿਆਂ ਦੇ ਰਾਹ ਵਿੱਚ ਰੁਕਾਵਟਾਂ ਅਤੇ ਚੁਣੌਤੀਆਂ ਆਉਣਾ ਸੁਭਾਵਿਕ ਹੈ, ਪਰ ਦੇਸ਼ ਏਕ ਭਾਰਤ, ਸ਼੍ਰੇਸ਼ਠ ਭਾਰਤ ਅਤੇ ਵਿਕਸਤ ਭਾਰਤ ਦੇ ਸੰਕਲਪ ਤੋਂ ਪਿੱਛੇ ਨਹੀਂ ਹਟੇਗਾ। ਉਨ੍ਹਾਂ ਨੇ ਕਿਹਾ ਕਿ 2047 ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਦੇਸ਼ ਦਾ ਹਰੇਕ ਨਾਗਰਿਕ ਆਪਣੀ ਪੂਰੀ ਊਰਜਾ ਅਤੇ ਸਮਰਪਣ ਨਾਲ ਨਿਰੰਤਰ ਯਤਨ ਕਰਦਾ ਰਹੇਗਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਅਸੀਂ ਮਿਹਨਤ ਦੇ ਸਿਖਰ ਤੱਕ ਜਾਵਾਂਗੇ, ਹਰ ਤੂਫ਼ਾਨ ਦਾ ਡਟ ਕੇ ਮੁਕਾਬਲਾ ਕਰਾਂਗੇ, ਪਰ ਸਾਡਾ ਟੀਚਾ ਇੱਕ ਹੀ ਰਹੇਗਾ—2047 ਤੱਕ ਇੱਕ ਸ਼ਕਤੀਸ਼ਾਲੀ ਅਤੇ ਸਮਰੱਥ ਭਾਰਤ ਦਾ ਨਿਰਮਾਣ!”
ਅੰਤ ਵਿੱਚ ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਪੁਰਬ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਨਾਲ ਆਪਣਾ ਸੰਬੋਧਨ ਸਮਾਪਤ ਕੀਤਾ।
https://x.com/narendramodi/status/2116526215230300505
https://x.com/PMOIndia/status/2116527911914332589
https://x.com/PMOIndia/status/2116528945214685565
https://x.com/PMOIndia/status/2116530420271710634
https://x.com/PMOIndia/status/2116531065628340716
https://x.com/PMOIndia/status/2116533120103301525
****
ਐੱਮਜੇਪੀਐੱਸ/ਐੱਸਐੱਸ/ਪੀਆਰਕੇ