ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੀ ਰਾਸ਼ਟਰਪਤੀ ਨੇ ਲਿਕਟੇਂਸਟਾਇਨ ਦੇ ਵੰਸ਼ਾਵਾਦੀ ਰਾਜਕੁਮਾਰ ਏਲੋਇਸ ਅਤੇ ਰਾਜਕੁਮਾਰੀ ਸੋਫੀ ਦੀ ਮੇਜ਼ਬਾਨੀ ਕੀਤੀ


ਉੱਨਤ ਨਿਰਮਾਣ, ਨਵੀਨਤਾ ਅਤੇ ਵਿੱਤੀ ਸੇਵਾਵਾਂ ਦੇ ਖੇਤਰਾਂ ਵਿੱਚ ਲਿਕਟੇਂਸਟਾਇਨ ਦੀ ਮੁਹਾਰਤ ਨੂੰ ਭਾਰਤ ਦੇ ਕੁਸ਼ਲ ਕਾਰਜਬਲ, ਨਿਰਮਾਣ ਸਮਰੱਥਾ ਅਤੇ ਤੇਜ਼ੀ ਨਾਲ ਵਧ ਰਹੇ ਬਾਜ਼ਾਰ ਨਾਲ ਜੋੜ ਕੇ ਅਸੀਂ ਆਪਸੀ ਲਾਭਕਾਰੀ ਭਾਈਵਾਲੀ ਵਿਕਸਿਤ ਕਰ ਸਕਦੇ ਹਾਂ: ਰਾਸ਼ਟਰਪਤੀ ਦ੍ਰੌਪਦੀ ਮੁਰਮੂ

Posted On: 27 OCT 2026 9:57PM by PIB Chandigarh

ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ 27 ਅਕਤੂਬਰ, 2026 ਨੂੰ ਰਾਸ਼ਟਰਪਤੀ ਭਵਨ ਵਿੱਚ ਲਿਕਟੇਂਸਟਾਇਨ ਦੇ ਮਹਾਮਹਿਮ ਵੰਸ਼ਵਾਦੀ ਰਾਜਕੁਮਾਰ ਏਲੋਇਸ ਅਤੇ ਰਾਜਕੁਮਾਰੀ ਸੋਫੀ ਦਾ ਸਵਾਗਤ ਕੀਤਾ। ਰਾਸ਼ਟਰਪਤੀ ਨੇ ਉਹਨਾਂ ਦੇ ਸਨਮਾਨ ਵਿੱਚ ਰਾਤ ਦੇ ਖਾਣੇ ਦਾ ਵੀ ਆਯੋਜਨ ਕੀਤਾ।

ਵੰਸ਼ਵਾਦੀ ਰਾਜਕੁਮਾਰ ਏਲੋਇਸ ਅਤੇ ਉਹਨਾਂ ਦੇ ਵਫ਼ਦ ਦਾ ਭਾਰਤ ਵਿੱਚ ਸਵਾਗਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨਾਲ ਉਹਨਾਂ ਦਾ ਲਗਾਤਾਰ ਜੁੜਾਅ ਅਤੇ ਸੰਪਰਕ ਭਾਰਤ ਅਤੇ ਲਿਕਟੇਂਸਟਾਇਨ ਦੇ ਵਿਚਕਾਰ ਦੁਵੱਲੇ ਸਬੰਧਾਂ ਪ੍ਰਤੀ ਉਹਨਾਂ ਦੀ ਲੰਮੇ ਸਮੇਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਰਾਸ਼ਟਰਪਤੀ ਨੇ ਇਸ ਗੱਲ 'ਤੇ ਖ਼ੁਸ਼ੀ ਪ੍ਰਗਟਾਈ ਕਿ ਭਾਰਤ ਅਤੇ ਲਿਕਟੇਂਸਟਾਇਨ ਦੇ ਵਿਚਕਾਰ ਵਪਾਰ, ਨਿਵੇਸ਼, ਵਿਗਿਆਨ ਅਤੇ ਤਕਨਾਲੋਜੀ, ਨਵੀਨਤਾ, ਸਭਿਆਚਾਰ ਅਤੇ ਲੋਕਾਂ ਦੇ ਆਪਸੀ ਸਬੰਧਾਂ ਵਰਗੇ ਖੇਤਰਾਂ ਵਿੱਚ ਸਹਿਯੋਗ ਲਗਾਤਾਰ ਵਧ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮੌਜੂਦਾ ਅਨਿਸ਼ਚਿਤ ਭੂ-ਰਾਜਨੀਤਿਕ ਅਤੇ ਭੂ-ਆਰਥਿਕ ਦ੍ਰਿਸ਼ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨਾ ਪਹਿਲਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੋ ਗਿਆ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਸਾਲ 2024 ਵਿੱਚ ਹੋਏ ਭਾਰਤ ਅਤੇ ਯੂਰਪੀਅਨ ਮੁਫ਼ਤ ਵਪਾਰ ਸੰਘ ਦੇ ਵਿਚਕਾਰ ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤੇ ਨੇ ਸਾਡੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ ਅਵਸਰ ਮੁਹੱਈਆ ਕਰਵਾਏ ਹਨ। ਉਹਨਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਅਗਲੇ 15 ਸਾਲਾਂ ਵਿੱਚ ਭਾਰਤ ਵਿੱਚ 100 ਬਿਲੀਅਨ ਡਾਲਰ ਦੇ ਨਿਵੇਸ਼ ਨੂੰ ਸੁਖਾਲਾ ਬਣਾਉਣ ਅਤੇ 10 ਲੱਖ ਪ੍ਰਤੱਖ ਰੋਜ਼ਗਾਰ ਪੈਦਾ ਕਰਨ ਦੀ ਵਚਨਬੱਧਤਾ, ਸਾਡੀਆਂ ਸਾਂਝੀਆਂ ਤਰਜੀਹਾਂ ਵਾਲੇ ਖੇਤਰਾਂ ਵਿੱਚ ਸਹਿਯੋਗ ਦਾ ਵਿਸਤਾਰ ਕਰਨ ਲਈ ਇੱਕ ਮਜ਼ਬੂਤ ਨੀਂਹ ਦਾ ਕੰਮ ਕਰੇਗੀ।

 

ਰਾਸ਼ਟਰਪਤੀ ਨੇ ਇਸ ਗੱਲ 'ਤੇ ਖ਼ੁਸ਼ੀ ਪ੍ਰਗਟਾਈ ਕਿ ਲਿਕਟੇਂਸਟਾਇਨ ਦੀਆਂ ਕਈ ਕੰਪਨੀਆਂ ਉੱਨਤ ਵਿਨਿਰਮਾਣ, ਫਿਨਟੈਕ, ਖੇਤੀਬਾੜੀ ਖੋਜ, ਟਿਕਾਊ ਬੁਨਿਆਦੀ ਢਾਂਚੇ, ਸਿਹਤ ਸੰਭਾਲ ਅਤੇ ਪਦਾਰਥ ਵਿਗਿਆਨ ਵਰਗੇ ਖੇਤਰਾਂ ਵਿੱਚ ਭਾਰਤ ਨਾਲ ਆਪਣੇ ਸਹਿਯੋਗ ਦਾ ਵਿਸਤਾਰ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਉਦਯੋਗ ਅਤੇ ਵਿਦਿਅਕ ਅਦਾਰਿਆਂ ਵਿਚਕਾਰ ਭਾਈਵਾਲੀ ਨੂੰ ਉਤਸ਼ਾਹਿਤ ਕਰਕੇ ਹੁਨਰ ਵਿਕਾਸ ਅਤੇ ਵਪਾਰਕ ਸਿਖਲਾਈ ਦੇ ਖੇਤਰ ਵਿੱਚ ਮੌਜੂਦ ਬੇਅੰਤ ਸੰਭਾਵਨਾਵਾਂ ਦਾ ਲਾਭ ਉਠਾਇਆ ਜਾ ਸਕਦਾ ਹੈ।

ਉਹਨਾਂ ਨੇ ਕਿਹਾ ਕਿ ਉੱਨਤ ਵਿਨਿਰਮਾਣ, ਨਵੀਨਤਾ, ਅਤੇ ਵਿੱਤੀ ਸੇਵਾਵਾਂ ਦੇ ਖੇਤਰਾਂ ਵਿੱਚ ਲਿਕਟੇਂਸਟਾਇਨ ਦੀ ਮੁਹਾਰਤ ਨੂੰ ਭਾਰਤ ਦੇ ਕੁਸ਼ਲ ਕਾਰਜਬਲ, ਨਿਰਮਾਣ ਸਮਰੱਥਾ ਅਤੇ ਤੇਜ਼ੀ ਨਾਲ ਵਧ ਰਹੇ ਬਾਜ਼ਾਰ ਨਾਲ ਜੋੜ ਕੇ ਅਸੀਂ ਆਪਸੀ ਲਾਭਕਾਰੀ ਭਾਈਵਾਲੀ ਵਿਕਸਿਤ ਕਰ ਸਕਦੇ ਹਾਂ।

ਦੋਵਾਂ ਨੇਤਾਵਾਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਕਿ ਭਾਰਤ ਅਤੇ ਲਿਕਟੇਂਸਟਾਇਨ ਦੇ ਵਿਚਕਾਰ ਨੇੜਲੇ ਸਹਿਯੋਗ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਵੱਡਾ ਲਾਭ ਹੋ ਸਕਦਾ ਹੈ। ਉਹਨਾਂ ਨੇ ਇਸ ਗੱਲ 'ਤੇ ਵੀ ਸਹਿਮਤੀ ਪ੍ਰਗਟਾਈ ਕਿ ਇਹ ਯਾਤਰਾ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਯੋਗਦਾਨ ਦੇਵੇਗੀ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

https://static.pib.gov.in/WriteReadData/specificdocs/documents/2026/oct/doc_10282_20261027_21554201.pdf

****

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2329582) ਵਿਜ਼ੀਟਰ ਕਾਊਂਟਰ : 8