Posted On:
22 OCT 2026 8:16AM by PIB Chandigarh
ਮੱਧ ਪ੍ਰਦੇਸ਼ ਸਰਕਾਰ ਦਾ ਮੱਛੀ ਪਾਲਣ ਵਿਭਾਗ ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦਾ ਮੱਛੀ ਪਾਲਣ ਵਿਭਾਗ 23 ਅਕਤੂਬਰ, 2026 ਨੂੰ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਮੱਛੀ ਪਾਲਣ ਨਿਵੇਸ਼ਕ ਅਤੇ ਨਿਰਯਾਤਕ ਸੰਮੇਲਨ 2026 ਦਾ ਆਯੋਜਨ ਕਰਨ ਜਾ ਰਿਹਾ ਹੈ। ਇਸ ਸੰਮੇਲਨ ਦਾ ਉਦੇਸ਼ ਅੰਦਰੂਨੀ ਮੱਛੀ ਉਤਪਾਦਨ ਨੂੰ ਨਿਵੇਸ਼, ਪ੍ਰੋਸੈੱਸਿੰਗ, ਕੋਲਡ ਚੇਨ ਬੁਨਿਆਦੀ ਢਾਂਚਾ, ਮੁੱਲ ਜੋੜਨ ਅਤੇ ਨਿਰਯਾਤ ਬਜ਼ਾਰਾਂ ਨਾਲ ਜੋੜਨ ਲਈ ਬਿਹਤਰ ਤਾਲਮੇਲ ਸਥਾਪਿਤ ਕਰਨਾ ਹੈ। ਇਸ ਦਾ ਟੀਚਾ ਮੁੱਖ ਤੌਰ 'ਤੇ ਉਤਪਾਦਨ-ਕੇਂਦ੍ਰਿਤ ਦ੍ਰਿਸ਼ਟੀਕੋਣ ਤੋਂ ਅੱਗੇ ਵਧ ਕੇ ਅਤੇ ਇੱਕ ਏਕੀਕ੍ਰਿਤ ਮੁੱਲ ਲੜੀ ਮਾਡਲ ਨੂੰ ਉਤਸ਼ਾਹਿਤ ਕਰਨਾ ਹੈ, ਜਿਸ ਵਿੱਚ ਮਛੇਰਿਆਂ ਅਤੇ ਮੱਛੀ ਪਾਲਕਾਂ ਲਈ ਮਾਰਕੀਟ ਪਹੁੰਚ ਅਤੇ ਆਰਥਿਕ ਲਾਭਾਂ ਨੂੰ ਵਧਾਉਣ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਇਸ ਸੰਮੇਲਨ ਵਿੱਚ ਨਿਵੇਸ਼ਕ, ਨਿਰਯਾਤਕ, ਮਛੇਰੇ, ਮੱਧ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ 1,000 ਤੋਂ ਵੱਧ ਮੱਛੀ ਪਾਲਕਾਂ, ਮੱਛੀ ਪਾਲਣ ਸਹਿਕਾਰੀ ਕਮੇਟੀਆਂ, ਮੱਛੀ ਪਾਲਣ ਉਤਪਾਦਕ ਸੰਗਠਨ, ਉੱਦਮੀ, ਸਟਾਰਟਅੱਪ, ਪ੍ਰੋਸੈੱਸਰ, ਵਿੱਤੀ ਸੰਸਥਾਵਾਂ, ਖੋਜ ਸੰਗਠਨਾਂ ਅਤੇ ਹੋਰ ਹਿੱਤਧਾਰਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਹ ਉੱਦਮ ਵਿਕਾਸ, ਵਿੱਤ ਤੱਕ ਪਹੁੰਚ, ਬਜ਼ਾਰ ਸਬੰਧਾਂ ਅਤੇ ਸਮੁੱਚੀ ਅੰਦਰੂਨੀ ਮੱਛੀ ਪਾਲਣ ਮੁੱਲ ਲੜੀ ਵਿੱਚ ਸਹਿਯੋਗ ਬਾਰੇ ਚਰਚਾ ਕਰੇਗਾ। ਇਸ ਦੌਰਾਨ ਅੰਦਰੂਨੀ ਰਾਜਾਂ ਨੂੰ ਮੱਛੀ ਪਾਲਣ ਨਿਵੇਸ਼ ਅਤੇ ਨਿਰਯਾਤ ਵਿਧੀਆਂ ਨਾਲ ਜੋੜਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।
ਇਸ ਸੰਮੇਲਨ ਦੌਰਾਨ "ਮੱਧ ਪ੍ਰਦੇਸ਼ ਮੱਛੀ ਪਾਲਣ ਨਿਵੇਸ਼ ਅਤੇ ਨਿਰਯਾਤ ਦਿਸ਼ਾ-ਨਿਰਦੇਸ਼, 2026" ਵੀ ਜਾਰੀ ਕੀਤੇ ਜਾਣਗੇ । ਕੇਂਦਰ ਸਰਕਾਰ ਨੇ ਮੱਧ ਪ੍ਰਦੇਸ਼ ਨੂੰ ਇੱਕ ਜਲ ਭੰਡਾਰ ਮੱਛੀ ਪਾਲਣ ਕਲੱਸਟਰ ਵਜੋਂ ਅਧਿਸੂਚਿਤ ਕੀਤਾ ਹੈ। ਇਸ ਨੀਤੀ ਦਾ ਉਦੇਸ਼ ਮੱਛੀ ਪਾਲਣ ਮੁੱਲ ਲੜੀ ਦੇ ਮੁੱਖ ਖੇਤਰਾਂ ਵਿੱਚ ਨਿਵੇਸ਼ ਨੂੰ ਸੁਵਿਧਾਜਨਕ ਬਣਾਉਣਾ ਹੈ, ਜਿਸ ਵਿੱਚ ਮੱਛੀ ਬੀਜ ਉਤਪਾਦਨ ਕੇਂਦਰ, ਮੱਛੀ ਬੀਜ ਅਤੇ ਫੀਡ, ਜਲ ਭੰਡਾਰ ਅਤੇ ਕੇਜ ਮੱਛੀ ਪਾਲਣ, ਜਲ ਸਿਹਤ ਪ੍ਰਬੰਧਨ, ਪ੍ਰੋਸੈੱਸਿੰਗ, ਕੋਲਡ ਚੇਨ ਬੁਨਿਆਦੀ ਢਾਂਚਾ, ਲੌਜਿਸਟਿਕਸ, ਮੁੱਲ ਜੋੜ ਅਤੇ ਬਜ਼ਾਰ ਵਿਕਾਸ ਸ਼ਾਮਲ ਹਨ।
ਇਸ ਸਮਾਗਮ ਵਿੱਚ ਅੰਦਰੂਨੀ ਰਾਜਾਂ ਦੀ ਨਿਰਯਾਤ ਸੰਭਾਵਨਾ 'ਤੇ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਦਾ ਵਿਮੋਚਨ ਅਤੇ ਏਕੀਕ੍ਰਿਤ ਕੇਜ ਕਲਚਰ ਇਕਾਈਆਂ ਦਾ ਵਰਚੁਅਲ ਉਦਘਾਟਨ ਵੀ ਕੀਤਾ ਜਾਵੇਗਾ। ਇਸ ਮੌਕੇ 'ਤੇ, ਸ਼੍ਰੀ ਰਾਜੀਵ ਰੰਜਨ ਸਿੰਘ, ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ, ਅਤੇ ਪੰਚਾਇਤੀ ਰਾਜ ਮੰਤਰੀ, ਮੱਧ ਪ੍ਰਦੇਸ਼ ਵਿੱਚ ਜਲ ਭੰਡਾਰਾਂ ਅਤੇ ਅੰਮ੍ਰਿਤ ਸਰੋਵਰਾਂ ਦੇ ਏਕੀਕ੍ਰਿਤ ਵਿਕਾਸ ਲਈ ਪ੍ਰਸ਼ਾਸਕੀ ਪ੍ਰਵਾਨਗੀ ਪੱਤਰ ਸੌਂਪਣਗੇ। ਇਨ੍ਹਾਂ ਪਹਿਲਕਦਮੀਆਂ ਤੋਂ ਅੰਦਰੂਨੀ ਮੱਛੀ ਪਾਲਣ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ, ਜਲ ਸਰੋਤਾਂ ਦੀ ਉਤਪਾਦਕ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਉੱਦਮ ਵਿਕਾਸ ਨੂੰ ਗਤੀ ਮਿਲਣ ਦੀ ਉਮੀਦ ਹੈ।
ਭਾਰਤ ਦੇ ਵਿਸਤਾਰਿਤ ਹੁੰਦੇ ਮੱਛੀ ਪਾਲਣ ਖੇਤਰ ਅਤੇ ਖੁਰਾਕ ਸੁਰੱਖਿਆ, ਰੋਜ਼ੀ-ਰੋਟੀ ਅਤੇ ਨਿਰਯਾਤ ਕਮਾਈ ਵਿੱਚ ਇਸ ਦੇ ਵਧਦੇ ਯੋਗਦਾਨ ਦੇ ਸੰਦਰਭ ਵਿੱਚ ਇਹ ਸੰਮੇਲਨ ਵਿਸ਼ੇਸ਼ ਮਹੱਤਵ ਰੱਖਦਾ ਹੈ। ਭਾਰਤ ਦਾ ਕੁੱਲ ਮੱਛੀ ਉਤਪਾਦਨ 2024-25 ਵਿੱਚ 197.75 ਲੱਖ ਟਨ ਤੱਕ ਪਹੁੰਚਣ ਦਾ ਅਨੁਮਾਨ ਹੈ, ਜਿਸ ਵਿੱਚੋਂ 151.60 ਲੱਖ ਟਨ ਅੰਦਰੂਨੀ ਮੱਛੀ ਪਾਲਣ ਤੋਂ ਆਉਂਦਾ ਹੈ। ਇਹ ਦੇਸ਼ ਦੇ ਕੁੱਲ ਮੱਛੀ ਪਾਲਣ ਉਤਪਾਦਨ ਦਾ ਲਗਭਗ ਤਿੰਨ-ਚੌਥਾਈ ਹਿੱਸਾ ਹੈ। ਭਾਰਤ ਦੇ ਸਮੁੰਦਰੀ ਭੋਜਨ ਨਿਰਯਾਤ 2025-26 ਵਿੱਚ 73,890 ਕਰੋੜ ਰੁਪਏ ਰਿਹਾ । ਇਹ ਅੰਕੜੇ ਅੰਦਰੂਨੀ ਮੱਛੀ ਪਾਲਣ ਦੀ ਸੰਭਾਵਨਾ ਦਾ ਪੂਰੀ ਤਰ੍ਹਾਂ ਲਾਭ ਉਠਾਉਣ ਲਈ ਬੁਨਿਆਦੀ ਢਾਂਚੇ, ਪ੍ਰੋਸੈੱਸਿੰਗ ਸਮਰੱਥਾਵਾਂ ਅਤੇ ਬਜ਼ਾਰ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹਨ।
ਲਗਭਗ 4.50 ਲੱਖ ਹੈਕਟੇਅਰ ਜਲ ਖੇਤਰ ਦੇ ਨਾਲ, ਮੱਧ ਪ੍ਰਦੇਸ਼ ਵਿੱਚ ਅੰਦਰੂਨੀ ਮੱਛੀ ਪਾਲਣ ਦੇ ਵਿਕਾਸ ਲਈ ਅਥਾਹ ਸੰਭਾਵਨਾਵਾਂ ਹਨ। ਇਸ ਸੰਮੇਲਨ ਦਾ ਉਦੇਸ਼ ਰਾਜ ਅਤੇ ਹੋਰ ਅੰਦਰੂਨੀ ਰਾਜਾਂ ਦੇ ਉਤਪਾਦਨ ਅਧਾਰ ਨੂੰ ਨਿਵੇਸ਼, ਪ੍ਰੋਸੈੱਸਿੰਗ, ਮੁੱਲ ਵਾਧਾ, ਅਤੇ ਘਰੇਲੂ ਅਤੇ ਨਿਰਯਾਤ ਬਜ਼ਾਰਾਂ ਨਾਲ ਜੋੜਨਾ ਹੈ।
ਇਸ ਸੰਮੇਲਨ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ; ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ, ਡੇਅਰੀ ਅਤੇ ਪੰਚਾਇਤੀ ਰਾਜ ਮੰਤਰੀ, ਸ਼੍ਰੀ ਰਾਜੀਵ ਰੰਜਨ ਸਿੰਘ ਉਰਫ਼ ਲੱਲਨ ਸਿੰਘ; ਮੱਛੀ ਪਾਲਣ, ਪਸ਼ੂ ਪਾਲਣ, ਡੇਅਰੀ ਅਤੇ ਪੰਚਾਇਤੀ ਰਾਜ ਰਾਜ ਮੰਤਰੀ, ਪ੍ਰੋਫੈਸਰ ਐਸ.ਪੀ. ਸਿੰਘ ਬਘੇਲ; ਅਤੇ ਸ਼੍ਰੀ ਨਾਰਾਇਣ ਸਿੰਘ ਪਵਾਰ ਮੱਧ ਪ੍ਰਦੇਸ਼ ਸਰਕਾਰ ਦੇ ਮੱਛੀ ਪਾਲਣ ਭਲਾਈ ਅਤੇ ਮੱਛੀ ਪਾਲਣ ਵਿਕਾਸ ਵਿਭਾਗ ਤੋਂ ਸ਼ਾਮਲ ਹੋਣਗੇ।
ਹਿੱਤਧਾਰਕਾਂ ਦੇ ਨਾਲ ਸੰਵਾਦ ਅਤੇ ਨਿਵੇਸ਼ ਅਤੇ ਬਜ਼ਾਰ ਵਿਕਾਸ 'ਤੇ ਵਿਚਾਰ-ਵਟਾਂਦਰੇ ਰਾਹੀਂ, ਸੰਮੇਲਨ ਦਾ ਉਦੇਸ਼ ਅੰਦਰੂਨੀ ਮੱਛੀ ਪਾਲਣ ਦੀ ਮੁੱਲ ਲੜੀ ਨੂੰ ਵਧੇਰੇ ਪ੍ਰਤੀਯੋਗੀ ਅਤੇ ਬਜ਼ਾਰ-ਮੁਖੀ ਬਣਾਉਣਾ, ਉੱਦਮੀਆਂ ਅਤੇ ਨਿਰਯਾਤਕਾਂ ਲਈ ਮੌਕਿਆਂ ਦਾ ਵਿਸਥਾਰ ਕਰਨਾ, ਅਤੇ ਮਛੇਰਿਆਂ ਅਤੇ ਮੱਛੀ ਪਾਲਕਾਂ ਲਈ ਰੋਜ਼ੀ-ਰੋਟੀ ਅਤੇ ਆਮਦਨ ਦੇ ਮੌਕਿਆਂ ਨੂੰ ਮਜ਼ਬੂਤ ਕਰਨਾ ਹੈ ।
************
ਜੇਪੀ/ਏਕੇ